ਅੰਮ੍ਰਿਤਸਰ – ਕਮਿਸਟਰੀ ਵਿੱਚ ਹੋ ਰਹੀ ਨਵੀਂ ਖੋਜ ਅਤੇ ਰੁਝਾਨ ਉਪਰ ਸਥਾਨਕ ਖਾਲਸਾ ਕਾਲਜ ਵਿਖੇ ‘ਕਮਿਸਟਰੀ ਦਿਨ’ ਦੌਰਾਨ ਇਕ-ਰੋਜ਼ਾ ਚੱਲੀ ਚਰਚਾ ਵਿੱਚ ਮਾਹਿਰਾਂ ਨੇ ਵੱਧ ਰਹੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਦੇ ਚਲੰਤ ਮੁੱਦਿਆਂ ਉਪਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਾਡੇ ਜੀਵਨ ਵਿੱਚ ਕਮਿਸਟਰੀ ਦੀ ਮਹੱਤਤਾ ਬਹੁਤ ਜਿਆਦਾ ਹੈ ਕਿਉਂਕਿ ਇਕ ਛੋਟੇ ਜਿਹੇ ਕਣ ਵਿਚ ਆਈ ਤਬਦੀਲੀ ਸੰਸਾਰ ਉਪਰ ਜੀਵਨ ਨੂੰ ਬਦਲ ਕੇ ਰੱਖ ਸਕਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਦੇ ਡੀਨ, ਡਾ. ਐਮ.ਐਸ.ਹੁੰਦਲ, ਜੋ ਕਿ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਕਿਹਾ ਕਿ ਕਮਿਸਟਰੀ ਨੂੰ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਪ੍ਰਚਲਿਤ ਕਰਨ ਦੀ ਲੋੜ ਹੈ।
ਅਮਰੀਕਾ ਦੀ ਕੈਂਟ ਸਟੇਟ ਯੂਨੀਵਰਸਿਟੀ ਤੋਂ ਆਏ ਡਾ. ਐਸ.ਐਸ. ਟੰਡਨ ਨੇ ਕਿਹਾ ਕਿ ਅੱਜ ਸੰਸਾਰ ਦੇ ਸਾਹਮਣੇ ਗਲੋਬਲ ਵਾਰਮਿੰਗ ਇੱਕ ਵੱਡੀ ਸਮੱਸਿਆ ਦੇ ਤੌਰ ‘ਤੇ ਉਭਰ ਰਿਹਾ ਹੈ। ਉਨ੍ਹਾਂ ਨੇ ਕਮਿਸਟਰੀ ਦੇ ਗਿਆਨ ਨੂੰ ਮਹੱਤਵਪੂਰਨ ‘ਓਜ਼ੋਨ ਪਰਤ’ ਨੂੰ ਸੰਭਾਲਣ ‘ਤੇ ਜ਼ੋਰ ਦਿੱਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਮਿਸਟਰੀ ਵਿਭਾਗ ਦੇ ਪ੍ਰੋਫੈਸਰ, ਡਾ. ਮਨੋਜ ਕੁਮਾਰ ਨੇ ਕਮਿਸਟਰੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਮਿਸਟਰੀ ਵਿੱਚ ਹੋਈਆਂ ਖੋਜਾਂ ਨੇ ਪੂਰੀ ਦੁਨੀਆ ਵਿੱਚ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਹੈ।
ਸਮਾਰੋਹ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ‘ਤੇ ਕਾਲਜ ਦੇ ਪ੍ਰਿੰਸੀਪਲ, ਡਾ. ਦਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਾਇੰਸ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਮਿਸਟਰੀ ਦਿਨ ਦੇ ਮੌਕੇ ‘ਤੇ ਵਧਾਈ ਦਿੰਦਿਆ ਕਿਹਾ ਕਿ ਕਮਿਸਟਰੀ ਦੇ ਗਿਆਨ ਦੀ ਠੀਕ ਵਰਤੋਂ ਸੰਸਾਰ ਵਿੱਚ ਜੀਵਨ ਨੂੰ ਸੁਖਾਲਿਆ ਬਣਾ ਸਕਦੀ ਹੈ।
ਇਸ ਮੌਕੇ ‘ਤੇ ਇਕ ਪੋਸਟਰ ਪ੍ਰਤੀਯੋਗਤਾ ਵੀ ਕਰਵਾਈ ਗਈ ਜਿਸ ਵਿੱਚ ਬੀ.ਬੀ.ਕੇ.ਡੀ.ਏ.ਵੀ. ਕਾਲਜ (ਅੰਮ੍ਰਿਤਸਰ) ਦੀਆਂ ਵਿਦਿਆਰਥਣਾ- ਰਵਿੰਦਰ ਅਤੇ ਪਵਨਦੀਪ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ- ਹਰਮਨਪ੍ਰੀਤ ਸਿੰਘ ਅਤੇ ਸਿਮਰਪ੍ਰੀਤ ਸਿੰਘ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੀ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਵਿਚ ਡੀ.ਏ.ਵੀ. ਕਾਲਜ (ਅੰਮ੍ਰਿਤਸਰ) ਦੀ ਵਿਦਿਆਰਥਣ ਆਸ਼ਿਮਾ ਮਹਿਰਾ ਨੇ ਪਹਿਲਾ ਅਤੇ ਖਾਲਸਾ ਕਾਲਜ ਦੀਆਂ ਵਿਦਿਆਰਥਣਾਂ ਸ਼ਿਵਾਨੀ ਅਰੋੜਾ ਅਤੇ ਅਮਨਪ੍ਰੀਤ ਕੌਰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆਂ। ਕੁਇਜ਼ ਮੁਕਾਬਲੇ ਵਿੱਚ ਲਾਇਲਪੁਰ ਖਾਲਸਾ ਕਾਲਜ (ਜਲੰਧਰ) ਦੇ ਵਿਦਿਆਰਥੀਆਂ- ਹਰਪ੍ਰੀਤ, ਸਪਨਾ ਅਤੇ ਜਸਕੀਰਤ ਨੇ ਪਹਿਲਾ, ਡੀ.ਏ.ਵੀ. ਕਾਲਜ (ਅੰਮ੍ਰਿਤਸਰ) ਦੇ ਵਿਦਿਆਰਥੀਆਂ- ਅਭਿਸ਼ੇਕ, ਪੂਜਾ ਅਤੇ ਮਨਜੀਤ ਨੇ ਦੂਜਾ ਅਤੇ ਬੀ.ਬੀ.ਕੇ.ਡੀ.ਏ.ਵੀ. ਕਾਲਜ ਦੇ ਗਗਨਦੀਪ, ਦੀਆ ਅਤੇ ਮਨਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ।