November 3, 2011 admin

ਲੜਕੀਆਂ ਨੂੰ ਉਚੇਰੀ ਸਿਖਿਆ ਪ੍ਰਦਾਨ ਕਰਕੇ ਹੀ ਸਮਾਜ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ-ਧਾਲੀਵਾਲ

ਬਸੀ ਪਠਾਣਾ – ਮਾਈ ਭਾਗੋ ਸਕੀਮ ਅਧੀਨ 11ਵੀਂ,12ਵੀਂ ਜਮਾਤ ਦੀਆਂ ਲੜਕੀਆਂ ਨੂੰ ਮੁਫਤ ਸਾਈਕਲ ਮੁਹੱਈਆ ਕਰਵਾਉਣ ਦੀ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਲੜਕੀਆਂ ਬਸੀ ਪਠਾਣਾਂ  ਵਿਖੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਸਤਵਿੰਦਰ ਕੌਰ ਧਾਲੀਵਾਲ  ਨੇ 228 ਸਾਈਕਲ ਵੰਡੇ । ਇਸ ਸਮੇਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਉਪਰਾਲੇ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ 11ਵੀਂ ਤੇ 12ਵੀਂ ਜਮਾਤ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਦੇ ਅਕਾਦਮਿਕ ਸਫਰ ਨੂੰ ਸੁਖਾਲਾ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ  ਦੂਰ ਦੁਰਾਡੇ ਤੋਂ ਆਉਣ ਵਾਲੀਆਂ ਲੜਕੀਆਂ ਨੂੰ ਸਕੂਲਾਂ ਵਿੱਚ ਪੁੱਜਣ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ  ਸਰਕਾਰ ਵੱਲੋਂ ਲੜਕੀਆਂ ਨੂੰ ਮੁਫ਼ਤ ਸਾਈਕਲ ਵੰਡੇ ਜਾ ਰਹੇ ਹਨ।                   ਸ੍ਰੀਮਤੀ ਧਾਲੀਵਾਲ ਨੇ ਕਿਹਾ ਕਿ ਪੜ੍ਹੀ ਲਿਖੀ ਔਰਤ ਹੀ ਸੱਭਿਅਕ ਸਮਾਜ ਦੀ ਸਿਰਜਣਾ ਵਿੱਚ ਆਧਾਰ ਬਣ ਸਕਦੀ ਹੈ। ਸਿੱਖਿਅਤ ਔਰਤ ਹੀ ਆਪਣੇ ਪਰਿਵਾਰ ਦੇ ਸਹੀ ਪਾਲਣ ਪੋਸ਼ਣ ਦੇ ਨਾਲ ਨਾਲ ਨਰੋਏ ਸਮਾਜ ਦੀ ਉਸਾਰੀ ਵਿੱਚ ਵਡਮੁੱਲਾ ਯੋਗਦਾਨ ਪਾਉਂਦੀ ਹੈ। ਉਨ੍ਹਾਂ ਆਖਿਆ ਕਿ ਅਜੋਕੇ ਯੁੱਗ ਵਿੱਚ ਔਰਤ ਵਰਗ ਹਰ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਚੰਗੀ ਪੜ੍ਹਾਈ ਤੋਂ ਬਿਨਾਂ ਔਰਤਾਂ ਰਾਸ਼ਟਰ ਨਿਰਮਾਣ ਵਿੱਚ ਉਸਾਰੂ ਸਹਿਯੋਗ ਨਹੀਂ ਦੇ ਸਕਦੀਆਂ। ਉਨ੍ਹਾਂ ਲੜਕੀਆਂ ਨੂੰ ਸੱਦਾ ਦਿੱਤਾ ਕਿ ਉਹ ਪੜ੍ਹਾਈ ਦੇ ਨਾਲ ਨਾਲ ਆਪਣੀ ਸਰੀਰਕ ਤੰਦਰੁਸਤੀ ਵੱਲ ਵੀ ਪੂਰਾ ਧਿਆਨ ਦੇਣ ਕਿਉਂਕਿ ਇੱਕ ਤੰਦਰੁਸਤ ਸਰੀਰ ਵਿੱਚ ਹੀ ਨਰੋਆ ਦਿਮਾਗ ਮਿਆਰੀ ਸਿੱਖਿਆ ਹਾਸਲ ਕਰਨ ਦੇ ਕਾਬਲ ਹੋ ਸਕਦਾ ਹੈ।
             ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰ: ਸੁਖਦੇਵ ਸਿੰਘ  ਨੇ ਦੱਸਿਆ ਕਿ ਸਾਈਕਲ ਦੀ ਸਵਾਰੀ ਸਭ ਤੋਂ ਵਧੀਆ ਸਵਾਰੀ ਹੈ ਕਿਉਂਕਿ ਇਸ ਨਾਲ ਨਾ ਕੋਈ ਪ੍ਰਦੂਸ਼ਣ ਹੁੰਦਾ ਹੈ ਸਗੋਂ  ਸਾਈਕਲ ਚਲਾਉਣ ਨਾਲ ਸਰੀਰ ਦੀ ਕਸਰਤ ਵੀ ਹੁੰਦੀ ਹੈ।   ਉਨ੍ਹਾਂ ਕਿਹਾ ਕਿ  ਮਹਾਨ ਪੁਰਸ਼ਾਂ ਵੱਲੋਂ ਦਰਸਾਏ ਪੂਰਨਿਆਂ ਤੇ ਚੱਲ ਕੇ ਹੀ   ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਤ ਕਰਦਿਆਂ ਕਿਹਾ ਕਿ ਸਾਨੂੰ ਅਕਾਦਮਿਕ ਪੜ੍ਹਾਈ  ਦੇ ਨਾਲ ਨਾਲ ਨੈਤਿਕ ਪੜ੍ਹਾਈ ਵੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਵੈਮਾਣ ਵਾਲੇ ਇਨਸਾਨ ਪੈਦਾ ਹੋ ਸਕਣ। ਇਸ ਮੌਕੇ  ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਪਰਮਜੀਤ ਕੌਰ ਚਾਹਲ,ਪ੍ਰਿੰਸੀਪਲ ਰਾਜਿੰਦਰ ਕੌਰ, ਏ.ਪੀ.ਓ. ਅਰਵਿੰਦਰਪਾਲ ਸਿੰਘ ਨਾਗਰਾ, ਸੀਨੀਅਰ ਅਕਾਲੀ ਆਗੂ ਸ: ਮਨਮੋਹਨ ਸਿੰਘ ਮੁਕਾਰੋਂਪੁਰ, ਕੌਂਸਲਰ ਰੇਨੂੰ ਸ਼ਰਮਾ, ਸ੍ਰ: ਗੁਰਮੀਤ ਸਿੰਘ ਧਾਲੀਵਾਲ ਸੀਨੀਅਰ ਅਕਾਲੀ ਆਗੂ, ਕੈਪਟਨ ਦਰਸ਼ਨ ਸਿੰਘ, ਸ੍ਰ: ਸੇਵਾ ਸਿੰਘ ਬਹਿਰਾਮਪੁਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

Translate »