November 3, 2011 admin

ਅਮਰਿੰਦਰ ਵੱਲੋਂ ਯਾਤਰਾ ਦਾ ਵਿਚਾਰ ਤਿਆਗਦਿਆਂ ਰੈਲੀਆਂ ਕਰਨਾ ਉਸ ਨੂੰ ਪਿੰਡਾਂ ਤੋਂ ਚੜ੍ਹਦੀ ਖਿਝ ਦਾ ਪ੍ਰਗਟਾਵਾ: ਸੁਖਬੀਰ ਸਿੰਘ ਬਾਦਲ

*ਜਨਤਾ ਦੀ ਬੇਰੁਖੀ ਨੂੰ ਦੇਖਦਿਆਂ ਯਾਤਰਾ ਤੋਂ ਭੱਜੇ ਕਾਂਗਰਸੀ
*ਸਾਬਕਾ ਮੁੱਖ ਮੰਤਰੀ ਦੀ ਨਾਂਪੱਖੀ ਸਿਆਸਤ ਦੀ ਆਲੋਚਨਾ ਕਰਦਿਆਂ ਦਿੱਤੀ ਕੋਈ ਪ੍ਰਾਪਤੀ ਦੱਸਣ ਦੀ ਚੁਣੌਤੀ
*ਗਾਲੀ ਗਲੋਚ ਦੀ ਸਿਆਸਤ ਕਾਂਗਰਸ ਦੀ ਵੱਧ ਰਹੀ ਬੁਖਲਾਹਟ ਦੀ ਪ੍ਰਤੀਕ
*ਸਾਂਝੇ ਮੋਰਚੇ ਦੀ ਇੱਜ਼ਤ ਬਚਾਓ ਯਾਤਰਾ ਉਸ ਦੀਆਂ ਭਾਈਵਾਲੀਆਂ ਪਾਰਟੀਆਂ ਦੀ ਇੱਜ਼ਤ ਨਹੀਂ ਬਚਾ ਸਕੇਗੀ
ਫਰੀਦਕੋਟ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਕਿਹਾ  ਕਿ ਕਾਂਗਰਸ ਨੇ ਆਪਣਾ ਯਾਤਰਾ ਰੂਟ ਤਿਆਗਦਿਆਂ ਰੈਲੀਆਂ ਦੀ ਪਹੁੰਚ ਅਪਣਾ ਕੇ ਆਪਣੀ ਪਾਰਟੀ ਨੂੰ ਵੱਡੀ ਨਮੋਸ਼ੀ ਤੋਂ ਬਚਾਉਣ ਦਾ ਯਤਨ ਕੀਤਾ ਹੈ ਕਿਉਂਕਿ ਅਮਰਿੰਦਰ ਦਾ ਸਵਾਗਤ ਕਰਨ ਵਾਲਾ ਇਕ ਵੀ ਵਿਅਕਤੀ ਪੰਜਾਬ ਦੀਆਂ ਸੜਕਾਂ ‘ਤੇ ਨਹੀਂ ਆਉਣਾ ਸੀ। ਅੱਜ ਇਥੇ ਭਾਰਤ ਤੇ ਜਰਮਨੀ ਦੀਆਂ ਕਬੱਡੀ ਟੀਮਾਂ ਵਿਚਕਾਰ ਖੇਡੇ ਗਏ ਮੈਚ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਮਰਿੰਦਰ ਨੂੰ ਪਿੰਡਾਂ ਵਿੱਚ ਜਾਣ ਦੇ ਨਾਂ ਤੋਂ ਹੀ ਚਿੜ ਹੈ ਅਤੇ ਉਹ ਨਾਂ ਹੀ ਧੁੱਪ ਅਤੇ ਨਾ ਹੀ ਆਮ ਲੋਕਾਂ ਦਾ ਪਸੀਨਾ ਬਰਦਾਸ਼ਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਤੋਂ ਕੋਈ ਹੁੰਗਾਰਾ ਨਾ ਮਿਲਦਾ ਦੇਖ ਕੇ ਉਸ ਦੀ ਪਾਰਟੀ ਨੇ ਯਾਤਰਾ ਦਾ ਵਿਚਾਰ ਤਿਆਗਿਆ ਹੈ ਤਾਂ ਜੋ ਨਾਜ਼ੁਕ ਮਜਾਜ ਕਾਂਗਰਸੀ ਆਗੂਆਂ ਨੂੰ ਕਿਸੇ ਵੀ ਸੂਰਤ ਵਿੱਚ ਧੁੱਪ ਅਤੇ ਧੂੜ ਤੋਂ ਬਚਾਇਆ ਜਾ ਸਕੇ।
       ਕਾਂਗਰਸੀ ਪਾਰਟੀ ਦੀ ਤਲਵੰਡੀ ਸਾਬੋ ਰੈਲੀ ਨੂੰ ਵੱਡੀ ਅਸਫਲਤਾ ਕਰਾਰ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਵਿਕਾਸ ਦੀ ਗੱਲ ਸੁਣਨ ਲਈ ਆਉਂਦੇ ਹਨ ਨਾ ਕਿ ਗਾਲੀ ਗਲੋਚ ਸੁਣਨ ਲਈ। ਉਨ੍ਹਾਂ ਕਿਹਾ ਕਿ ਇਸ ਰੈਲੀ ਨੇ ਕਾਂਗਰਸ ਅੰਦਰ ਪਾਈ ਜਾ ਰਹੀ ਭਾਰੀ ਫੁੱਟ ਅਤੇ ਇਸ ਦੇ ਆਗੂਆਂ ਦੇ ਆਪਸੀ ਤਿੱਖੇ ਵਿਰੋਧ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਕਿਸੇ ਮੰਚ ‘ਤੇ ਇਕੱਠੀ ਨਹੀਂ ਹੋ ਸਕਦੀ ਉਸ ਨੂੰ ਸੱਤਾ ਵਿੱਚ ਆਉਣ ਦਾ ਸੁਫਨਾ ਹੀ ਭੁਲਾ ਦੇਣਾ ਚਾਹੀਦਾ ਹੈ।
       ਤਲਵੰਡੀ ਸਾਬੋ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਾਲੀ ਗਲੋਚ ਵਾਲੀ ਭਾਸ਼ਾ ਵਰਤੇ ਜਾਣ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਭਾਸ਼ਣਾਂ ਵਿੱਚ ਦਿਨੋਂ ਦਿਨ ਵੱਧ ਰਹੀ ਗਾਲਾਂ ਦੀ ਮਿਕਦਾਰ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਉਸ ਪਾਰਟੀ ਵਿੱਚ ਕਿੰਨੀ ਜ਼ਿਆਦਾ ਬੇਚੈਨੀ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਕੰਧ ‘ਤੇ ਲਿਖਿਆ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਅਗਲੇ 25 ਸਾਲਾਂ ਤੱਕ ਉਨ੍ਹਾਂ ਦੀ ਕੋਈ ਗੱਲ ਨਹੀਂ ਬਣਨੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮੁੱਢ ਤੋਂ ਹੀ ਨਾਂਹ ਪੱਖੀ ਸਿਆਸਤ ਕੀਤੀ ਹੈ ਅਤੇ ਉਸ ਕੋਲ ਆਪਣੇ ਕਾਰਜਕਾਲ ਦੌਰਾਨ ਕੀਤੇ ਆਪਣੇ ਇਕ ਵੀ ਵਿਕਾਸ ਕਾਰਜ ਦਾ ਵੇਰਵਾ ਮੰਚ ‘ਤੇ ਰੱਖਣ ਦੀ ਜੁਰੱਅਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬੇਹੱਦ ਸੂਝਵਾਨ ਹੈ ਅਤੇ ਉਹ ਕਦਾਚਿਤ ਨਹੀਂ ਚਾਹੁਣਗੇ ਕਿ ਉਹ ਅਗਲੀਆਂ ਚੋਣਾਂ ਵਿੱਚ ਵੋਟਾਂ ਪਾ ਕੇ ਅਗਲੇ ਪੰਜ ਸਾਲਾਂ ਤੱਕ ਸਿਰਫ ਗਾਲੀ ਗਲੋਚ ਦੀ ਭਾਸ਼ਾ ਸੁਣਨ ਜਾਂ ਫਿਰ ਤੇਲ ਸੋਧਕ ਕਾਰਖਾਨੇ ਅਤੇ ਥਰਮਲ ਪਲਾਂਟ ਜਿਹੇ ਵੱਕਾਰੀ ਮਹਾਂ ਪ੍ਰਾਜੈਕਟ ਬੰਦ ਕਰਵਾ ਲੈਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਆਪਣੇ ਸਾਢੇ ਚਾਰ ਸਾਲਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਲੋਕਾਂ ਤੋਂ ਫਤਵਾ ਲੈ ਕੇ ਉਨ੍ਹਾਂ ਨੂੰ ਇਸ ਗੱਲ ਦਾ ਪੂਰਨ ਭਰੋਸਾ ਹੈ ਕਿ ਪੰਜਾਬ ਦੇ ਲੋਕਾਂ ਨੇ ਬੇਮਿਸਾਲ ਵਿਕਾਸ ਪਹਿਲਕਦਮੀਆਂ ਦੇ ਸਿਰ ‘ਤੇ ਅਗਲੇ 25 ਸਾਲਾਂ ਤੱਕ ਇਸ ਲੋਕ ਪੱਖੀ ਸਰਕਾਰ ਨੂੰ ਸੱਤਾ ਵਿੱਚ ਬਣਾ ਕੇ ਰੱਖਣ ਦਾ ਫੈਸਲਾ ਕਰ ਲਿਆ ਹੈ।
ਆਪਣੇ ਅਗਲੇ ਪੰਜ ਸਾਲਾਂ ਦੇ ਵਿਕਾਸ ਏਜੰਡੇ ਜਾਂ ਆਪਣੇ ਕਾਰਜਕਾਲ ਦੀ ਕੋਈ ਇਕ ਪ੍ਰਾਪਤੀ ਗਿਣਾਉਣ ਦੀ ਚੁਣੌਤੀ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਬਦਲਾ ਲਊ ਸਿਆਸਤ ਤੋਂ ਅੱਕ ਚੁੱਕੇ ਹਨ ਅਤੇ ਉਹ ਕਾਂਗਰਸ ਆਗੂਆਂ ਵੱਲੋਂ ਡਾਂਗਾ ਚੁੱਕਣ ਜਿਹੀ ਭਾਸ਼ਾ ਹੋਰ ਨਹੀਂ ਸੁਣਨਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਚੋਣ ਰਣਨੀਤੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਛੇਤੀ ਹੀ ਸਾਂਝੇ ਤੌਰ ‘ਤੇ ਅਗਲੇ ਪੰਜ ਸਾਲਾਂ ਲਈ ਕੁਲੀਸ਼ਨ ਏਜੰਡੇ ਨੂੰ ਅੰਤਿਮ ਰੂਪ ਦੇਣਗੀਆਂ।
ਉਨ੍ਹਾਂ ਸਾਂਝੇ ਮੋਰਚੇ ਦੀ ਇੱਜ਼ਤ ਬਚਾਓ ਯਾਤਰਾ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਇਹ ਯਾਤਰਾ ਸਾਂਝੇ ਮੋਰਚੇ ਦੇ ਭਾਈਵਾਲਾਂ ਦੀ ਇੱਜ਼ਤ ਬਚਾਉਣ ਵੱਲ ਸੇਧਿਤ ਹੈ ਕਿਉਂਕਿ ਸਿਫਰ ਪਲਸ ਸਿਫਰ ਕਦੇ ਹਾਂ ਪੱਖੀ ਅੰਕ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਸ. ਬਾਦਲ ਨੇ ਵਿਸ਼ਵ ਕੱਪ ਦੇ ਮੈਚਾਂ ਦਾ ਉਦਘਾਟਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ 2016 ਦੀਆਂ ਰੀਓ ਡੀਓ ਜਨੇਰੋ ਓਲੰਪਿਕ ਖੇਡਾਂ ਵਿੱਚ ਕਬੱਡੀ ਸ਼ਾਮਲ ਕਰਵਾਉਣ ਦੇ ਨਿਸ਼ਚੇ ਨੂੰ ਦੁਹਰਾਇਆ।
ਇਸ ਮੌਕੇ ਨੈਸ਼ਨਲ ਕਬੱਡੀ ਖਿਡਾਰਨ ਜਸਪ੍ਰੀਤ ਕੌਰ ਕੰਮੇਆਣਾ ਜੋ ਕਿ ਖੇਡਦਿਆਂ ਸੱਟ ਲੱਗਣ ਕਾਰਨ ਵਹੀਲ ਚੇਅਰ ਦੀ ਮੁਥਾਜ ਹੋ ਗਈ,  ਨੂੰ ਇਕ ਲੱਖ ਰੁਪਏ ਦੀ ਵਿਸ਼ੇਸ਼ ਆਰਥਿਕ ਸਹਾਇਤਾ ਵੀ ਉਪ ਮੁੱਖ ਮੰਤਰੀ ਸ. ਬਾਦਲ ਵੱਲੋਂ ਦਿੱਤੀ ਗਈ।

Translate »