ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਪੰਜਾਬੀ ਵਿਰੋਧੀ ਚਿਹਰੇ ਨੂੰ ਵੇਖਦਿਆਂ ਉਸ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਪੰਜਾਬੀ ਮੰਚ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਪੰਜਾਬੀ ਪ੍ਰੇਮੀਆਂ ਨੂੰ ਵੀ ਇੱਕ ਮੁੱਠ ਹੋਣ ਦਾ ਸਦਾ ਦਿੱਤਾ।
ਅੱਜ ਇੱਥੇ ਪੰਜਾਬੀ ਮੰਚ ਦੀ ਅਗਵਾਈ ਹੇਠ ਵੱਖ ਵੱਖ ਸਾਹਿੱਤਕ ਅਤੇ ਸਮਾਜਕ ਸਭਿਆਚਾਰਕ ਜਥੇਬੰਦੀਆਂ ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਮੰਚ ਦੇ ਮੁੱਖ ਬੁਲਾਰੇ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਗੁਰ ੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਇਸ ਚਾਂਸਲਰ ਅਜੈਬ ਸਿੰਘ ਬਰਾੜ ਪੰਜਾਬੀ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ , ਉਹਨਾਂ ਕਿਹਾ ਕਿ ਹੁਣ ਅੰਡਰ ਗਰੈਜੂਏਟ ਕਲਾਸਾਂ ਵਿੱਚੋਂ ਪੰਜਾਬੀ ਨੂੰ ਖਤਮ ਕਰਨ ਦੀਆਂ ਤਿਆਰੀਆਂ ਨਾਲ ਉਸ ਨੇ ਦੂਸਰੀ ਵਾਰ ਪੰਜਾਬੀ ਭਾਸ਼ਾ , ਸਾਹਿੱਤ ਅਤੇ ਸਭਿਆਚਾਰ ਉੱਪਰ ਵਾਰ ਕੀਤਾ ਹੈ। ਜੋ ਕਿ ਨਾ ਕਾਬਲੇ ਬਰਦਾਸ਼ਤ ਹੈ। ਉਹਨਾਂ ਕਿਹਾ ਕਿ ਵੀ. ਸੀ. ਦੇ ਉਕਤ ਪੰਜਾਬੀ ਵਿਰੋਧੀ ਨਕਾਰਾਤਮਿਕ ਵਤੀਰੇ ਨਾਲ ਉਸ ਦਾ ਪੰਜਾਬੀ ਵਿਰੋਧੀ ਚਿਹਰਾ ਬੇਨਕਾਬ ਹੋ ਚੁੱਕਿਆ ਹੈ ਉੱਥੇ ਪੰਜਾਬੀ ਪ੍ਰੇਮੀਆਂ ਵਿੱਚ ਵਿਆਪਕ ਰੋਸ ਫੈਲ ਗਿਆ ਹੈ। ਉਹਨਾਂ ਕਿਹਾ ਕਿ ਉਕਤ ਯੂਨੀਵਰਸਿਟੀ ਦੀ ਸਥਾਪਨਾ ਦਾ ਮਨੋਰਥ ਪੰਜਾਬੀ ਭਾਸ਼ਾ ਸਾਹਿੱਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨਾ ਹੈ। ਪਰ ਮੌਜੂਦਾ ਵੀ ਸੀ ਅਜੈਬ ਸਿੰਘ ਬਰਾੜ ਵੱਲੋਂ ਪੰਜਾਬੀ ਵਿਰੋਧੀ ਸਾਜ਼ਿਸ਼ ਨੇ ਨਾ ਕੇਵਲ ਯੂਨੀਵਰਸਿਟੀ ਦੇ ਸਥਾਪਨਾ ਦੇ ਸਰੋਕਾਰਾਂ ਨੂੰ ਹੀ ਸਟ ਮਾਰੀ ਹੈ ਸਗੋਂ ਪੰਜਾਬੀ ਪ੍ਰੇਮੀਆਂ ਦੇ ਮਨਾਂ ਨੂੰ ਵੀ ਗਹਿਰੀ ਠੇਸ ਪਹੁੰਚਾਈ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵੀ ਸੀ ਨੇ ਪੰਜਾਬੀ ਵਿਰੋਧੀ ਨੀਤੀਆਂ ਨਾ ਤਿਆਗੀਆਂ ਤਾਂ ਮੰਚ ਪੰਜਾਬ ਹੀ ਨਹੀਂ ਸਗੋਂ ਦੁਨਿਆ ਦੇ ਸਮੂਹ ਪੰਜਾਬੀ ਪ੍ਰੇਮੀਆਂ ਤੇ ਜਥੇਬੰਦੀਆਂ ਨੂੰ ਨਾਲ ਲੈ ਕੇ ਉਕਤ ਵੀ ਸੀ ਵਿਰੁੱਧ ਮੁਹਾਜ਼ ਖੜ੍ਹਾ ਕਰਕੇ ਜ਼ੋਰਦਾਰ ਮੁਜ਼ਾਹਰਾ ਕਰੇਗਾ। ਉਹਨਾਂ ਵੀ ਸੀ ਵੱਲੋਂ ਬਣਾਈ ਗਈ 22 ਮੈਂਬਰੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸੀ ਵੱਲੋਂ ਪੰਜਾਬੀ ਵਿਰੋਧੀ ਲਈ ਜਾ ਰਹੇ ਫੈਸਲੇ ਦੀ ਹਿਮਾਇਤ ਨਾ ਕਰਕੇ ਸੱਚੇ ਪੰਜਾਬੀ ਹੋਣ ਦਾ ਸਬੂਤ ਦੇਣ। ਬੁਲਾਰੇ ਨੇ ਇਹ ਵੀ ਕਿਹਾ ਕਿ ਪੰਜਾਬੀ ਵਿਰੋਧੀ ਸਾਜ਼ਿਸ਼ਾਂ ਵਿੱਚ ਲਿਪਟ ਵੀ. ਸੀ. ਦਾ ਸਾਥ ਦੇ ਰਹੇ ਪਿੰ੍ਰਸੀਪਲਾਂ ਦੀ ਉਹ ਸਖ਼ਤ ਨਿੰਦਾ ਕਰਦੇ ਹਨ ਅਤੇ ਛੇਤੀ ਹੀ ਉਹਨਾਂ ਦੇ ਚਿਹਰੇ ਵੀ ਬੇ ਨਕਾਬ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਪੰਜਾਬੀ ਪ੍ਰੇਮੀਆਂ ਵੱਲੋਂ ਸੰਸਾਰ ਪੱਧਰ ‘ਤੇ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਵੀ ਪੰਜਾਬੀ ਨੂੰ ਹਰ ਪੱਧਰ ‘ਤੇ ਲਾਗੂ ਕਰਕੇ ਇਸ ਦਾ ਮਾਣ ਵਧਾਇਆ ਜਾ ਰਿਹਾ ਹੈ ਉੱਥੇ ਯੂਨੀਵਰਸਿਟੀ ਵਿੱਚ ਅੱਜ ਵੀ ਪੰਜਾਬੀ ਨੂੰ ਨੁਕਰੇ ਲਾ ਕੇ ਦਫ਼ਤਰੀ ਭਾਸ਼ਾ ਅੰਗਰੇਜ਼ੀ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਉਹਨਾਂ ਇਹ ਵੀ ਸਵਾਲ ਕੀਤਾ ਕਿ ਵੀ ਸੀ ਇਹ ਵੀ ਦਸੇ ਕਿ ਉਸ ਦੀ ਅਗਵਾਈ ਵਿੱਚ ਯੂਨੀਵਰਸਿਟੀ ਨੇ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਕੀ ਕੀਤਾ ਹੈ। ਅਖੀਰ ਵਿੱਚ ਪੰਜਾਬੀ ਪ੍ਰੇਮੀਆਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵੀ ਸੀ ਅਜੈਬ ਸਿੰਘ ਬਰਾੜ ਦੀਆਂ ਪੰਜਾਬੀ ਵਿਰੋਧੀ ਗਤੀਵਿਧੀਆਂ ਨੂੰ ਵੇਖਦਿਆਂ ਇਸ ਨੂੰ ਤੁਰੰਤ ਅਹੁਦੇ ਤੋਂ ਬਰਖ਼ਾਸਤ ਕਰਕੇ ਯੂਨੀਵਰਸਿਟੀ ਦੇ ਆਸ਼ੇ ਮੁਤਾਬਿਕ ਪੰਜਾਬੀ ਹਿਤੈਸ਼ੀ ਵੀ ਸੀ ਲਗਾਇਆ ਜਾਵੇ। ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤਲਵਿੰਦਰ ਸਿੰਘ , ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ, ਜਨਵਾਦੀ ਲੇਖਕ ਸੰਘ ਦੇ ਜਨਰਲ ਸਕੱਤਰ ਸ੍ਰੀ ਦੇਵ ਦਰਦ, ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਨਾਟਕ ਕਾਰ ਕੇਵਲ ਧਾਲੀਵਾਲ , ਆਲਮੀ ਪੰਜਾਬੀ ਵਿਕਾਸ ਫੌਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ , ਸ਼੍ਰੋਮਣੀ ਕਵੀ ਤੇ ਅੱਖਰ ਦੇ ਸੰਪਾਦਕ ਪਰਮਿੰਦਰ ਜੀਤ , ਪੰਜਾਬ ਸਾਹਿੱਤ ਸਭਾ ਦੇ ਮੁਖੀ ਧਰਵਿੰਦਰ ਔਲਖ, ਪੰਜਾਬੀ ਮੰਚ ਦੇ ਜਨਰਲ ਸਕੱਤਰ ਰੂਪਇੰਦਰ ਸਿੰਘ ਅਤੇ ਸ਼ਿਸਪਾਲ ਸਿੰਘ ਮੀਰਾਂਕੋਟ, ਕਾਮਰੇਡ ਗੁਰਦੇਵ ਸਿੰਘ ਸ਼ਾਹ , ਕਰਨਪਾਲ ਸਿੰਘ ਢਿੱਲੋਂ, ਸੁਮੀਤ ਸਿੰਘ ਭੁੱਲਰ, ਸਤਨਾਮ ਸਿੰਘ ਗਿੱਲ, ਸੁਖਵਿੰਦਰ ਸਿੰਘ ਗੁਰਜਿੰਦਰ ਮਾਹਲ ਤਰਕਸ਼ੀਲ, ਰਮਿੰਦਰ ਸਿੰਘ ਰੰਮੀ, ਨਿਸ਼ਾਨ ਸਿੰਘ ਮੰਡਿਆਲਾ ਆਦਿ ਮੰਚ ਦੇ ਬੁਲਾਰੇ ਪ੍ਰੋਂ ਸਰਚਾਂਦ ਸਿੰਘ ਨਾਲ ਮੌਜੂਦ ਸਨ।