November 3, 2011 admin

ਬਠਿੰਡਾ ਵਾਸੀਆਂ ਦੇ ਦਿਲਾਂ ਵਿੱਚ ਅਮਿੱਟ ਛਾਪ ਛੱਡ ਗਿਆ ਵਿਸ਼ਵ ਕੱਪ ਦਾ ਆਗਾਜ਼

ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਉਦਘਾਟਨੀ ਸਮਾਰੋਹ ਦੀਆਂ ਝਲਕੀਆਂ
ਬਠਿੰਡਾ – ਬਠਿੰਡਾ ਦੇ ਨਵੇਂ ਬਣੇ ਮਲਟੀਪਰਪਜ਼ ਸਪਰੋਟਸ ਸਟੇਡੀਅਮ ਵਿਖੇ ਬਾਲੀਵੁੱਡ ਦੀ ਚਮਕ ਦਮਕ, ਪੰਜਾਬੀ ਗਾਇਕਾਂ ਦੀ ਧਮਾਲ ਅਤੇ ਚਕਾਚੌਂਧ ਕਰਨ ਦੇਣ ਵਾਲੇ ਗਜ਼ਬ ਦੇ ਲੇਜ਼ਰ ਸ਼ੋਅ ਨਾਲ ਧੂਮ ਧੜੱਕੇ ਨਾਲ ਸ਼ੁਰੂ ਹੋਏ ਵਿਸ਼ਵ ਕੱਪ ਕਬੱਡੀ ਦੇ ਸ਼ਾਨਦਾਰ ਆਗਾਜ਼ ਨੂੰ ਬਠਿੰਡਾ ਵਾਸੀ ਦਹਾਕਿਆਂ ਬੱਧੀ ਯਾਦ ਰੱਖਣਗੇ।
       ਬਠਿੰਡਾ ਸਮੇਤ ਸਮੁੱਚੇ ਮਾਲਵਾ ਪੱਟੀ ਦੇ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਸ਼ਾਨਦਾਰ ਸਮਾਗਮ ਪਹਿਲੀ ਵਾਰ ਦੇਖਿਆ। ਲੋਕਾਂ ਦੀ ਜ਼ੁਬਾਨ ‘ਤੇ ਇਹੋ ਗੱਲ ਸੀ ਕਿ ਦਿੱਲੀ ਰਾਸ਼ਟਰਮੰਡਲ ਖੇਡਾਂ ਨੂੰ ਮਾਤ ਪਾਉਣ ਵਾਲਾ ਉਦਘਾਟਨੀ ਸਮਾਰੋਹ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਖੇਤਰ ਵਿੱਚ ਪਹਿਲੀ ਵਾਰ ਫਲੱਡ ਲਾਈਟਾਂ ਵਾਲਾ ਸਟੇਡੀਅਮ ਬਣਿਆ ਅਤੇ ਪਹਿਲੇ ਹੀ ਸਮਾਗਮ ਨੇ ਅਮਿੱਟ ਛਾਪ ਛੱਡ ਦਿੱਤੀ। ਬਾਲੀਵੁੱਡ ਦੇ ਕਿੰਗ ਖਾਨ ਵਜੋਂ ਮਸ਼ਹੂਰ ਸ਼ਾਹਰੁਖ ਖਾਨ ਨੇ ਪਹਿਲੀ ਵਾਰ ਪੰਜਾਬ ਦੀ ਧਰਤੀ ‘ਤੇ ਆਪਣਾ ਪ੍ਰੋਗਰਾਮ ਦਿੱਤਾ।
ਸ਼ਾਹਰੁਖ ਵੱਲੋਂ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਅਤੇ ਪੰਜਾਬੀਆਂ ਦੀ ਕੀਤੀ ਵਡਿਆਈ ਨੇ ਬਠਿੰਡਾ ਵਾਸੀਆਂ ਦਾ ਦਿਲ ਜਿੱਤ ਲਿਆ। ਉਦਘਾਟਨੀ ਸਮਾਰੋਹ ਦੇ ਥੀਮ ਗੀਤ ‘ਜੀ ਆਇਆ ਨੂੰ’ ਅਤੇ ਲੇਜ਼ਰ ਸ਼ੋਅ ਦੀ ਸਿਕਸ-ਏ-ਸਾਇਡ ਪੇਸ਼ਕਾਰੀ ਅਤੇ ਸੁਖਵਿੰਦਰ, ਮਿਸ ਪੂਜਾ, ਅਮਰਿੰਦਰ ਗਿੱਲ ਤੇ ਨਛੱਤਰ ਗਿੱਲ ਦੀ ਗਾਇਕੀ ਨੇ ਵਿਸ਼ਵ ਕੱਪ ਦੇ ਆਗਾਜ਼ ਨੂੰ ਯਾਦਗਾਰੀ ਬਣਾ ਦਿੱਤਾ ਹੈ।
ਦਰਸ਼ਕਾਂ ਨੇ ਰੱਖਿਆ ਸਾਰੇ ਮੁਲਕਾਂ ਦਾ ਮਾਣ:
ਅਕਸਰ ਖੇਡ ਮੁਕਾਬਲਿਆਂ ਵਿੱਚ ਦਰਸ਼ਕ ਮੇਜ਼ਬਾਨ ਮੁਲਕ ਦੇ ਖਿਡਾਰੀਆਂ ਨੂੰ ਹੀ ਦਾਦ ਦਿੰਦੇ ਹਨ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਪਰ ਬਠਿੰਡਾ ਵਾਸੀਆਂ ਨੇ ਉਦਘਾਟਨੀ ਸਮਾਰੋਹ ਵਿੱਚ ਆਪਣੀ ਮਹਿਮਾਨਨਿਵਾਜ਼ੀ ਨਾਲ ਸਭ ਮੁਲਕਾਂ ਦੇ ਖਿਡਾਰੀਆਂ ਨੂੰ ਕੀਲ ਲਿਆ। ਮਾਰਚ ਪਾਸਟ ਵਿੱਚ ਜਦੋਂ ਸਾਰੇ ਮੁਲਕਾਂ ਦੇ ਖਿਡਾਰੀ ਮੈਦਾਨ ਵਿੱਚ ਆ ਰਹੇ ਸਨ ਤਾਂ ਦਰਸ਼ਕਾਂ ਨੇ ਖੂਬ ਤਾੜੀਆਂ ਮਾਰੀਆਂ। ਹਾਲਾਂਕਿ ਭਾਰਤ ਤੇ ਪਾਕਿਸਤਾਨ ਦੋਵੇਂ ਟੀਮਾਂ ਨੂੰ ਉਤਸ਼ਾਹ ਸੀ ਪਰ ਦੂਜੇ ਮੁਲਕਾਂ ਦੇ ਖਿਡਾਰੀਆਂ ਨੂੰ ਵੀ ਦਰਸ਼ਕਾਂ ਨੇ ਖੂਬ ਹੱਲਾਸ਼ੇਰੀ ਦਿੱਤੀ।
ਵੱਡੇ ਜਿਗਰੇ ਵਾਲਾ ਬਾਦਸ਼ਾਹ:
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਉਦਘਾਟਨੀ ਸਮਾਰੋਹ ਵਿੱਚ ਵੱਡਾ ਜਿਗਰਾ ਦਿਖਾਉਂਦਿਆ ਪੰਜਾਬੀਆਂ ਅਤੇ ਕਬੱਡੀ ਦੀ ਰੱਜ ਕੇ ਤਾਰੀਫ ਕੀਤੀ। ਸ਼ਾਹਰੁਖ ਨੇ ਕਿਹਾ ਕਿ ਪੰਜਾਬੀਆਂ ਦੇ ਭੰਗੜੇ ਅੱਗੇ ਉਸ ਦਾ ਡਾਂਸ ਕੁਝ ਵੀ ਨਹੀਂ ਹੈ ਪਰ ਫਿਰ ਵੀ ਉਹ ਲੋਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰੇਗਾ। ਸ਼ਾਹਰੁਖ ਨੇ ਸਟੇਜ ਦੇ ਹਰ ਪਾਸੇ ਵੱਲ ਮੂੰਹ ਕਰ ਕੇ ਪੇਸ਼ਕਾਰੀ ਕਰ ਕੇ ਸਟੇਡੀਅਮ ਵਿੱਚ ਬੈਠੀ ਆਮ ਜਨਤਾ ਨੂੰ ਪੂਰਾ ਮਾਣ ਦਿੱਤਾ।
ਖਲੀ ਬਣਿਆ ਖਿੱਚ ਦਾ ਕੇਂਦਰ:
ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਵਿੱਚ ਪਹਿਲਵਾਨ ਦਲੀਪ ਸਿੰਘ ਉਰਫ ਗਰੇਟ ਖਲੀ ਖਿੱਚ ਦਾ ਕੇਂਦਰ ਬਣਿਆ ਰਿਹਾ। ਖਲੀ ਨੇ ਮਾਲਵਾ ਪੱਟੀ ਵਿੱਚ ਮਸ਼ਹੂਰ ਵਾਹਨ ਖੁੱਲੀ ਜੀਪ ‘ਤੇ ਬੈਠ ਕੇ ਗੇੜੇ ਲਾਏ। ਖਲੀ ਮੈਦਾਨ ਦੇ ਜਿਸ ਪਾਸੇ ਵੀ ਜਾਂਦਾ ਦਰਸ਼ਕਾਂ ਨੇ ਉਸ ਨੂੰ ਖੂਬ ਦਾਦ ਦਿੱਤੀ। ਖਲੀ ਨੇ ਵੀ ਦਰਸ਼ਕਾਂ ਦਾ ਪੂਰਾ ਮਾਣ ਰੱਖਦਿਆਂ ਲਗਾਤਾਰ ਬਾਹਾਂ ਫਲਾਅ ਕੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਦੀ ਕਹਾਣੀ, ਖਿਡਾਰੀਆਂ ਦੀ ਜ਼ੁਬਾਨੀ
ਬਠਿੰਡਾ – ਵਿਸ਼ਵ ਕੱਪ ਕਬੱਡੀ ਦੇ ਉਦਘਾਟਨੀ ਸਮਾਰੋਹ ਨੂੰ ਜਿੱਥੇ ਦਰਸ਼ਕਾਂ ਨੂੰ ਮੰਤਰ ਮੁੰਗਧ ਕੀਤਾ ਉਥੇ ਖਿਡਾਰੀਆਂ ‘ਤੇ ਵੀ ਆਪਣਾ ਜਾਦੂ ਬਿਖੇਰਿਆ। ਉਦਘਾਟਨੀ ਸਮਾਰੋਹ ਦਾ ਜਾਦੂ ਖਿਡਾਰੀਆਂ ਦੇ ਸਿਰ ਚੜ੍ਹ ਬੋਲਿਆ। ਪੇਸ਼ ਹਨ ਵੱਖ-ਵੱਖ ਖਿਡਾਰੀਆਂ ਦੇ ਉਦਘਾਟਨੀ ਸਮਾਰੋਹ ਦੇ ਵਿਚਾਰ:
ਸੁਖਬੀਰ ਸਿੰਘ ਸਰਾਵਾਂ (ਭਾਰਤ) : ਭਾਰਤੀ ਕਬੱਡੀ ਟੀਮ ਦੇ ਕਪਤਾਨ ਸੁਖਬੀਰ ਸਿੰਘ ਸਰਾਵਾਂ ਦਾ ਕਹਿਣਾ ਸੀ ਕਿ ਅਜਿਹਾ ਉਦਘਾਟਨੀ ਸਮਾਰੋਹ ਕਿਸੇ ਵੀ ਖੇਡ ਦੇ ਟੂਰਨਾਮੈਂਟ ਵਿੱਚ ਨਹੀਂ ਦੇਖਿਆ। ਅਜਿਹੇ ਧੂਮ ਧੜੱਕੇ ਵਾਲੇ ਉਦਘਾਟਨੀ ਸਮਾਰੋਹ ਨਾਲ ਖਿਡਾਰੀਆਂ ਵਿੱਚ ਵੀ ਜੋਸ਼ ਭਰ ਆਇਆ ਅਤੇ ਹੁਣ ਸਾਨੂੰ ਆਉਂਦੇ ਮੈਚਾਂ ਵਿੱਚ ਹੌਸਲਾ ਮਿਲੇਗਾ।
ਗੁਰਲਾਲ ਘਨੌਰ (ਭਾਰਤ) : ਭਾਰਤੀ ਟੀਮ ਦੇ ਪ੍ਰਮੁੱਖ ਧਾਵੀ ਗੁਰਲਾਲ ਘਨੌਰ ਨੇ ਕਿਹਾ ਕਿ ਕਬੱਡੀ ਖਿਡਾਰੀਆਂ ਲਈ ਬਠਿੰਡਾ ਵਿਖੇ ਉਦਘਾਟਨੀ ਸਮਾਰੋਹ ਦੀ ਰਾਤ ਕਿਸੇ ਜੰਨਤ ਤੋਂ ਘੱਟ ਨਹੀਂ ਸੀ। ਕਬੱਡੀ ਖਿਡਾਰੀਆਂ ਨੂੰ ਇੰਨਾ ਮਾਣ ਸਨਮਾਨ ਕਿਸੇ ਵੇਲੇ ਸੋਚਿਤਆ ਵੀ ਨਹੀਂ ਸੀ। ਕਬੱਡੀ ਨਾਲ ਬਾਲੀਵੁੱਡ ਕਲਾਕਾਰਾਂ ਦਾ ਜੁੜਨਾ ਖਿਡਾਰੀਆਂ ਲਈ ਸ਼ੁਭ ਸ਼ਗਨ ਹੈ।
ਕਿੰਦਾ ਬਿਹਾਰੀਪੁਰੀਆ (ਕੈਨੇਡਾ): ਕੈਨੇਡਾ ਟੀਮ ਦੇ ਧਾਵੀ ਕਿੰਦਾ ਬਿਹਾਰੀਪੁਰੀਆ ਨੇ ਕਬੱਡੀ ਵਿਸ਼ਵ ਕੱਪ ਦੇ ਸ਼ਾਨਦਾਰ ਆਗਾਜ਼ ਦੀ ਤਾਰੀਫ ਕਰਦਿਆਂ ਕਿਹਾ ਕਿ ਅਜਿਹੀ ਧੂਮ ਧੜੱਕੇ ਵਾਲੇ ਉਦਘਾਟਨ ਸਮਾਰੋਹ ਨਾਲ ਖਿਡਾਰੀਆਂ ਦੀ ਵੀ ਜ਼ਿੰਮੇਵਾਰੀ ਵੱਧ ਗਈ ਹੈ ਕਿ ਉਹ ਵੀ ਖਿਡਾਰੀਆਂ ਨੂੰ ਦਿਲ ਖਿੱਚਵੀਂ ਖੇਡ ਦਿਖਾਉਣ।
ਜੰਜੂਆ (ਪਾਕਿਸਤਾਨ) : ਪਾਕਿਸਤਾਨ ਦੇ ਕਬੱਡੀ ਖਿਡਾਰੀ ਜੰਜੂਆ ਨੇ ਕਿਹਾ ਕਿ ਉਦਘਾਟਨੀ ਸਮਾਰੋਹ ਨਾਲ ਕਬੱਡੀ ਖਿਡਾਰੀਆਂ ਦਾ ਇਹ ਗਿਲਾ ਖਤਮ ਹੋ ਗਿਆ ਕਿ ਕਬੱਡੀ ਖੇਡ ਨੂੰ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਾਲਾ ਉਦਘਾਟਨੀ ਸਮਾਰੋਹ ਨਸੀਬ ਨਹੀਂ ਹੁੰਦਾ। ਜੰਜੂਆ ਨੇ ਬਠਿੰਡਾ ਵਾਸੀਆਂ ਦੀ ਪ੍ਰਾਹਣਚਾਰੀ ਦੇ ਸੋਹਲੇ ਗਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਲਾਹੌਰ, ਮੁਲਤਾਨ, ਪੇਸ਼ਾਵਰ ਜਾਂ ਰਾਵਲਪਿੰਡੀ ਵਿਖੇ ਖੇਡਣ ਆ ਰਹੇ ਹੋਣ।
ਗੁਰਦਾਸਪੁਰ ਵਿੱਚ ਅੱਜ ਸਜੇਗਾ ਵਿਸ਼ਵ ਕੱਪ ਕਬੱਡੀ ਦਾ ਅਖਾੜਾ
ਨਵੇਂ ਬਣੇ ਫਲੱਡ ਲਾਈਟਾਂ ਵਾਲੇ ਸਟੇਡੀਅਮ ਵਿੱਚ ਹੋਣਗੇ ਰਾਤ ਵੇਲੇ ‘ਪੂਲ’ ਬੀ ਦੇ ਤਿੰਨ ਮੈਚ
ਗੁਰਦਾਸਪੁਰ – ਗੁਰਦਾਸਪੁਰ ਦੇ ਨਵੇਂ ਬਣੇ ਫਲੱਡ ਲਾਈਟਾਂ ਵਾਲੇ ਸਪੋਰਟਸ ਸਟੇਡੀਅਮ ਵਿਖੇ ਭਲਕੇ 3 ਨਵੰਬਰ ਨੂੰ ਪੂਲ ‘ਬੀ’ ਦੇ ਮੈਚਾਂ ਆਗਾਜ਼ ਹੋਵੇਗਾ। ਗੁਰਦਾਸਪੁਰ ਵਾਸੀ ਪਹਿਲੀ ਵਾਰ ਦੂਧੀਆ ਲਾਈਟਾਂ ਵਿੱਚ ਰਾਤ ਵੇਲੇ ਕਬੱਡੀ ਮੈਚਾਂ ਦਾ ਆਨੰਦ ਮਾਣਗੇ। ਗੁਰਦਾਸਪੁਰ ਵਿਖੇ ਸ਼ਾਮ ਸਾਢੇ ਪੰਜ ਵਜੇ ਤੋਂ ਰਾਤ ਦਸ ਵਜੇ ਤੱਕ ਮੈਚ ਹੋਣਗੇ।
ਗੁਰਦਾਸਪੁਰ ਵਿਖੇ ਪਹਿਲੀ ਵਾਰ ਨਾਰਵੇ ਅਤੇ ਅਫਗਾਨਸਿਤਾਨ ਮੁਲਕਾਂ ਦੀ ਕਬੱਡੀ ਵਿਸ਼ਵ ਕੱਪ ਵਿੱਚ ਸ਼ੁਰੂਆਤ ਹੋਵੇਗੀ। ਗੁਰਦਾਸਪੁਰ ਵਿਖੇ ਪਹਿਲਾ ਮੈਚ ਨਾਰਵੇ ਤੇ ਸਪੇਨ, ਦੂਜਾ ਮੈਚ ਇਟਲੀ ਤੇ ਅਫਗਾਨਸਿਤਾਨ ਅਤੇ ਤੀਜਾ ਅਤੇ ਆਖਰੀ ਮੈਚ ਪਾਕਿਸਤਾਨ ਤੇ ਅਮਰੀਕਾ ਵਿਚਾਲੇ ਹੋਵੇਗਾ। ਪਾਕਿਸਤਾਨ ਦੀ ਟੀਮ ਪਹਿਲੇ ਵਿਸ਼ਵ ਕੱਪ ਵਿੱਚ ਉਪ ਜੇਤੂ ਰਹੀ ਸੀ ਅਤੇ ਇਸ ਵਾਰ ਉਹ ਵਿਸ਼ਵ ਕੱਪ ਜਿੱਤਣ ਦੇ ਇਰਾਦੇ ਨਾਲ ਪੁੱਜੀ ਹੈ। ਅਮਰੀਕਾ ਤੇ ਸਪੇਨ ਦੀ ਟੀਮ ਨੇ ਪਿਛਲੀ ਵਾਰ ਬਹੁਤ ਚੰਗੀ ਖੇਡ ਦਿਖਾਈ ਸੀ ਪਰ ਉਹ ਸੈਮੀ ਫਾਈਨਲ ਵਿੱਚ ਪਹੁੰਚਣ ਤੋਂ ਖੁੰਝ ਗਈਆਂ ਸਨ ਪਰ ਇਸ ਵਾਰ ਉਹ ਆਖਰੀ ਚਾਰਾਂ ਵਿੱਚ ਪਹੁੰਚਣ ਦੇ ਇਰਾਦੇ ਨਾਲ ਆਈਆਂ ਹਨ।

Translate »