*ਕਿਸੇ ਵੀ ਖੇਡ ਦੇ ਵਿਸ਼ਵ ਕੱਪ ਦਾ ਪਹਿਲੀ ਵਾਰ ਕਿਸੇ ਪਿੰਡ ਵਿੱਚ ਹੋਵੇਗਾ ਮੁਕਾਬਲਾ
*ਢੁੱਡੀਕੇ ਵਿਖੇ ਭਾਰਤ ਤੇ ਨੇਪਾਲ, ਇੰਗਲੈਂਡ ਤੇ ਅਫਗਾਨਸਿਤਾਨ ਅਤੇ ਕੈਨੇਡਾ ਤੇ ਆਸਟਰੇਲੀਆ ਵਿਚਾਲੇ ਹੋਣਗੇ ਮੈਚ ਅੱਜ
ਢੁੱਡੀਕੇ (ਮੋਗਾ) – ਵਿਸ਼ਵ ਕੱਪ ਕਬੱਡੀ-2011 ਦੇ ਭਲਕੇ ਢੁੱਡੀਕੇ (ਮੋਗਾ) ਵਿਖੇ ਹੋਣ ਵਾਲੇ ਮੈਚਾਂ ਦੌਰਾਨ ਖੇਡਾਂ ਦੇ ਇਤਿਹਾਸ ਵਿੱਚ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਵੀ ਖੇਡ ਦੇ ਆਲਮੀ ਕੱਪ ਦੇ ਮੁਕਾਬਲੇ ਕਿਸੇ ਪਿੰਡ ਵਿੱਚ ਕਰਵਾਏ ਜਾਣਗੇ। ਦੇਸ਼ ਭਗਤ ਲਾਲਾ ਲਾਜਪਤ ਰਾਏ ਸਮੇਤ ਅਨੇਕਾਂ ਸੂਰਬੀਰਾਂ, ਦੇਸ਼ ਭਗਤਾਂ ਤੇ ਗ਼ਦਰੀ ਬਾਬਿਆਂ ਦੀ ਧਰਤੀ ਢੁੱਡੀਕੇ ਨਾ ਸਿਰਫ ਪੰਜਾਬ ਬਲਿਕ ਪੂਰੇ ਦੇਸ਼ ਦਾ ਪਹਿਲਾ ਪਿੰਡ ਬਣ ਜਾਵੇਗਾ ਕਿ ਜਿੱਥੇ ਕਿਸੇ ਵੀ ਖੇਡ ਦੇ ਵਿਸ਼ਵ ਕੱਪ ਦੇ ਮੈਚ ਦੇ ਮੁਕਾਬਲੇ ਹੋ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਪਿੰਡਾਂ ਦੇ ਖਿਡਾਰੀਆਂ ਨੂੰ ਖੇਡਾਂ ਨਾਲ ਜੁੜਨ ਦੇ ਸਿਲਸਿਲੇ ਵਜੋਂ ਢੁੱਡੀਕੇ ਵਿਖੇ ਮੈਚ ਕਰਵਾਉਣ ਦਾ ਫੈਸਲਾ ਕੀਤਾ ਗਿਆ। ਢੁੱਡੀਕੇ ਅਤੇ ਨੇੜਲੇ ਪਿੰਡ ਵਾਸੀਆਂ ਵਿੱਚ ਵਿਸ਼ਵ ਕੱਪ ਦੇ ਮੈਚਾਂ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਭਲਕੇ ਇਥੇ ਪੂਲ ‘ਏ’ ਦੇ ਤਿੰਨ ਮੈਚ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਭਾਰਤ ਤੇ ਨੇਪਾਲ, ਇੰਗਲੈਂਡ ਤੇ ਅਫਗਾਨਸਿਤਾਨ ਅਤੇ ਕੈਨੇਡਾ ਤੇ ਆਸਟਰੇਲੀਆ ਵਿਚਾਲੇ ਮੈਚ ਹੋਣਗੇ। ਇਹ ਮੈਚ ਦੁਪਹਿਰ 1 ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਹੋਣਗੇ।
ਫਰੀਦਕੋਟ ਵਿਖੇ ਜਰਮਨੀ ਵਿਰੁੱਧ ਧਮਾਕੇਦਾਰ ਜਿੱਤ ਤੋਂ ਬਾਅਦ ਭਾਰਤੀ ਟੀਮ ਇਥੇ ਪਹਿਲੀ ਵਾਰ ਵਿਸ਼ਵ ਕੱਪ ਦਾ ਹਿੱਸਾ ਬਣੀ ਨੇਪਾਲ ਦੀ ਟੀਮ ਵਿਰੁੱਧ ਖੇਡੇਗੀ। ਨੇਪਾਲ ਦੀ ਟੀਮ ਦੇ ਖਿਡਾਰੀ ਹਾਲੇ ਸਿਖਾਂਦਰੂ ਹਨ ਪਰ ਫਿਰ ਵੀ ਉਹ ਮੁਕਾਬਲਾ ਕਰਨ ਦੀ ਪੂਰੀ ਵਾਹ ਲਾਉਣਗੇ। ਇੰਗਲੈਂਡ ਤੇ ਅਫਗਾਨਸਿਤਾਨ ਵਿਚਾਲੇ ਦੂਜਾ ਮੈਚ ਹੋਵੇਗਾ। ਇੰਗਲੈਂਡ ਦੀ ਟੀਮ ਇਸ ਵਿਸ਼ਵ ਕੱਪ ਦਾ ਪਹਿਲਾ ਮੈਚ ਖੇਡੇਗੀ ਜਦੋਂ ਕਿ ਅਫਗਾਨਸਿਤਾਨ ਦੀ ਟੀਮ ਪਹਿਲੇ ਮੈਚ ਵਿੱਚ ਕੈਨੇਡਾ ਹੱਥੋਂ ਹਾਰ ਚੁੱਕੀ ਹੈ। ਇੰਗਲੈਂਡ ਜੇਤੂ ਸ਼ੁਰੂਆਤ ਅਤੇ ਅਫਗਾਨਸਿਤਾਨ ਪਹਿਲੀ ਜਿੱਤ ਲਈ ਉਤਾਵਲਾ ਹੈ। ਤੀਜੇ ਮੈਚ ਵਿੱਚ ਕੈਨੇਡਾ ਤੇ ਆਸਟਰੇਲੀਆ ਆਹਮੋ-ਸਾਹਮਣੇ ਹੋਣਗੇ। ਦੋਵੇਂ ਟੀਮਾਂ ਦੇ ਹੌਸਲੇ ਬੁਲੰਦ ਅਤੇ ਆਤਮ ਵਿਸ਼ਵਾਸ ਨਾਲ ਲਬਰੇਜ਼ ਹਨ ਕਿਉਂਕਿ ਦੋਵਾਂ ਹੀ ਟੀਮਾਂ ਨੇ ਆਪਣੇ ਖੇਡੇ ਪਹਿਲੇ ਮੈਚ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਇਸ ਮੈਚ ਦਾ ਨਤੀਜਾ ਇਸ ਪੂਲ ਦੀ ਸਥਿਤੀ ਬਹੁਤ ਹੱਦ ਤੱਕ ਤੈਅ ਕਰੇਗਾ। ਦੋਵਾਂ ਵਿੱਚੋਂ ਜਿਹੜੀ ਟੀਮ ਜਿੱਤੇਗੀ ਉਸ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਦਾ ਰਾਸਤਾ ਕੁਝ ਸੁਖਾਲਾ ਹੋਵੇਗਾ।