ਜਲੰਧਰ – ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਨੇ ਰਾਮਾ ਮੰਡੀ ਦੇ ਪੀਲੀਆ ਪ੍ਰਭਾਵਿਤ ਖੇਤਰ ਵਿਚ ਲਗਾਏ ਗਏ ਕੈਂਪ ਨੂੰ ਬਿਮਾਰੀ ਕੰਟਰੋਲ ਤੱਕ ਨਿਰੰਤਰ ਜਾਰੀ ਰੱਖਣ ਵਾਸਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਅੱਜ ਇਥੇ ਪੀਲੀਆ ਪ੍ਰਭਾਵਿਤ ਖੇਤਰ ਵਿਚ ਬਿਮਾਰੀ ਦੇ ਕੰਟਰੋਲ ਵਾਸਤੇ ਕੀਤੇ ਗਏ ਪ੍ਰਬੰਧਾਂ ਦੇ ਜਾਇਜ਼ੇ ਵਾਸਤੇ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਵਿਚ ਦੱਸਿਆ ਕਿ ਪ੍ਰਭਾਵਿਤ ਖੇਤਰ ਵਿਚ ਜਾ ਰਹੇ ਪਾਣੀ ਦੀ ਸਪਲਾਈ ਕੱਟਣ ਉਪਰੰਤ ਲੋਕਾਂ ਦੀ ਸਹੂਲਤ ਵਾਸਤੇ ਆਰਜ਼ੀ ਤੌਰ ਤੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਸੁਰੂ ਕਰ ਦਿੱਤੀ ਗਈ ਹੈ ਅਤੇ ਇਸ ਖੇਤਰ ਵਿਚ ਲਗਾਏ ਗਏ 6 ਡੁੰਘੇ ਟਿਊਬਵੈਲਾਂ ਤੇ ਆਟੋਮੈਟਿਕ ਕਲੋਨਾਈਜੇਸ਼ਨ ਸਿਸਟਮ ਸੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਸਫਾਈ ਦਾ ਕੰਮ ਵੀ ਸੁਰੂ ਕੀਤਾ ਗਿਆ ਹੈ ਅਤੇ ਵੱਖ ਵੱਖ ਥਾਵਾਂ ਤੋਂ ਪਾਣੀ ਦੇ ਸੈਂਪਲ ਲੈਣ ਲਈ ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੀਲੀਏ ਤੋਂ ਇਲਾਵਾ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਇਸ ਖੇਤਰ ਵਿਚ ਧੂੰਏ ਦਾ ਛਿੜਕਾਅ,ਸੀਵਰੇਜ ਦੀ ਸਫਾਈ ਆਦਿ ਸੁਰੂ ਕੀਤੀ ਗਈ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਉਬਾਲ ਕੇ ਵਰਤਣ ਅਤੇ ਅਪਣੇ ਘਰਾਂ ਦੀ ਸਫਾਈ ਵੱਖ ਵਿਸ਼ੇਸ਼ ਧਿਆਨ ਦੇਣ ਅਤੇ ਖਾਣਾ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਸਾਫ ਕਰਕੇ ਹੀ ਖਾਣ। ਉਨ੍ਹਾਂ ਕਿਹਾ ਕਿ ਪੀਲੀਏ ਦੀ ਰੋਕਥਾਮ ਵਾਸਤੇ ਤਲੀਆਂ ਚੀਜਾਂ ਤੋਂ ਪਰਹੇਜ ਕਰਨ ਅਤੇ ਠੰਡੀਆਂ ਤੇ ਮਿੱਠੀਆਂ ਚੀਜਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਬੰਧਿਤ ਖੇਤਰ ਵਿਚ ਅਪਣੀ ਡਿਊਟੀ ਨੂੰ ਜਿੰਮੇਵਾਰੀ ਨਾਲ ਕਰਨ। ਇਸ ਮੌਕੇ ਸ੍ਰੀ ਬੀ.ਐਸ.ਧਾਲੀਵਾਲ ਕਮਿਸ਼ਨਰ ਨਗਰ ਨਿਗਮ ਜਲੰਧਰ, ਸ੍ਰੀ ਐਚ.ਕੇ.ਸਿੰਗਲਾ ਸਿਵਲ ਸਰਜਨ, ਸ੍ਰੀ ਆਰ.ਐਲ.ਬਾਂਸਲ ਜ਼ਿਲ੍ਹਾ ਸਿਹਤ ਅਫਸਰ ਅਤੇ ਐਸ.ਈ.ਨਗਰ ਨਿਗਮ ਜਲੰਧਰ ਤੇ ਹੋਰ ਅਧਿਕਾਰੀ ਇਸ ਮੌਕੇ ਤੇ ਹਾਜ਼ਰ ਸਨ।