ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ, ਰਜਿਸਟਰਾਰ, ਡਾ. ਇੰਦਰਜੀਤ ਸਿੰਘ ਅਤੇ ਦਰਜਨ ਤੋਂ ਵੱਧ ਪੰਜਾਬੀ ਦੇ ਉੱਘੇ ਸਾਹਿਤਕਾਰਾਂ ਨੇ ਪੰਜਾਬ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਲਈ ਗਠਤ ਕੀਤੇ ਰਾਜ ਸਲਾਹਕਾਰ ਬੋਰਡ ਵਲੋਂ ਪ੍ਰੋ. ਹਰਿਭਜਨ ਸਿੰਘ ਭਾਟੀਆ ਨੂੰ ਸ਼ਪੰਜਾਬੀ ਆਲੋਚਕ ਪੁਰਸਕਾਰ-2010 ਨਾਲ ਸਨਮਾਨਿਤ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ ਹੈ ਅਤੇ ਡਾ. ਭਾਟੀਆ ਨੂੰ ਵਧਾਈ ਦਿੱਤੀ ਹੈ।
ਡਾ. ਹਰਿਭਜਨ ਸਿੰਘ ਭਾਟੀਆ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਸੀਨੀਅਰ ਅਧਿਆਪਕ ਹਨ ਅਤੇ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਪੰਜਾਬੀ ਅਧਿਐਨ ਸਕੂਲ ਦੇ ਉਹ ਪਹਿਲੇ ਅਧਿਆਪਕ ਹਨ ਜਿੰਨ੍ਹਾਂ ਨੂੰ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ ਹੈ। ਉਹਨਾਂ ਨੇ ਪੰਜਾਬੀ ਆਲੋਚਨਾ ਨੂੰ ਮੈਟਾ-ਆਲੋਚਨਾ (ਆਲੋਚਨਾ ਦੀ ਆਲੋਚਨਾ) ਨਾਂ ਦਾ ਨਵਾਂ ਅਧਿਐਨ ਖੇਤਰ ਪ੍ਰਦਾਨ ਕੀਤਾ ਹੈ।
ਇਹ ਸਨਮਾਨ ਉਹਨਾਂ ਨੂੰ ਸ੍ਰਪੁਰਸਕਾਰਾਂ ਦੀ ਵੰਡ ਲਈ ਰਾਜ ਸਰਕਾਰ ਵਲੋਂ ਭਾਸ਼ਾ ਵਿਭਾਗ ਦੇ ਪ੍ਰਬੰਧ ਹੇਠ ਕਰਵਾਏ ਜਾਣ ਵਾਲੇ ਸਾਲਾਨਾ ਸਨਮਾਨ ਸਮਾਗਮ ਮੌਕੇ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ ਢਾਈ ਲੱਖ ਰੁਪੈ ਨਕਦ ਰਾਸ਼ੀ ਤੋਂ ਇਲਾਵਾ ਮੈਡਲ, ਪਲੇਕ ਅਤੇ ਸ਼ਾਲ ਸ਼ਾਮਲ ਹੈ।
ਪੰਜਾਬੀ ਅਧਿਐਨ ਸਕੂਲ ਦੇ ਮੁਖੀ, ਪ੍ਰੋ. ਪਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਡਾ. ਭਾਟੀਆ ਦਾ ਸਨਮਾਨ ਇਕ ਤਰ੍ਹਾਂ ਨਾਲ ਪੰਜਾਬੀ ਅਧਿਐਨ ਸਕੂਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੁਆਰਾ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਮਾਨਤਾ ਪ੍ਰਦਾਨ ਕਰਨ ਦੇ ਤੁੱਲ ਹੈ। ਉਹਨਾਂ ਦੇ 33 ਸਾਲ ਦੇ ਅਕਾਦਮਿਕ ਸਫਰ ਦੌਰਾਨ ਇਸ ਖੇਤਰ ਵਿਚ ਹੁਣ ਤਕ 19 ਕਿਤਾਬਾਂ ਅਤੇ 120 ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਮੌਲਾ ਬਖਸ਼ ਕੁਸ਼ਤਾ: ਜੀਵਨ ਤੇ ਰਚਨਾ, ਪੰਜਾਬੀ ਆਲੋਚਨਾ:ਸਿਧਾਂਤ ਤੇ ਵਿਹਾਰ, ਪੰਜਾਬੀ ਗਲਪ: ਸੰਵਾਦ ਤੇ ਸਮੀਖਿਆ, ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ ਅਤੇ ਚਿੰਤਨ-ਪੁਨਰ ਚਿੰਤਨ ਆਦਿ ਉਹਨਾਂ ਦੀਆਂ ਚਰਚਿਤ ਮੌਲਿਕ ਪੁਸਤਕਾਂ ਹਨ।