ਫਤਹਿਗੜ੍ਹ ਸਾਹਿਬ – ਪੰਜਾਬ ਸਰਕਾਰ ਵੱਲੋਂ ਈ-ਗਵਰਨੈਂਸ ਪ੍ਰੋਜੈਕਟ ਅਧੀਨ ਹਲਕੇ ਵਾਹਨਾਂ ਦੀ ਨਵੀਂ ਰਜਿਸਟ੍ਰੇਸ਼ਨ ਆਨ ਲਾਈਨ ਕਰਨ ਨਾਲ ਅਤੇ ਡਰਾਈਵਿੰਗ ਲਾਈਸੰਸ ਸਮਾਰਟ ਕਾਰਡਾਂ ਤੇ ਜਾਰੀ ਕਰਨ ਨਾਲ ਜਿੱਥੇ ਆਮ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ, ਖੱਜਲ ਖੁਆਰੀ ਘਟੇਗੀ ਉੱਥੇ ਟਰਾਂਸਪੋਰਟ ਵਿਭਾਗ ਦੇ ਕੰਮ ਵਿੱਚ ਪਾਰਦਰਸ਼ਤਾ ਵੱਧਣ ਨਾਲ ਕੰਮ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਇਸ ਪੋਜੈਕਟ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਲਈ ਸੁਪਰੀਮ ਮੋਟਰਜ, ਜੀ. ਟੀ. ਰੋਡ ਮੰਡੀ ਗੋਬਿੰਦਗੜ੍ਹ ਵਿਖੇ ਆਥੋਰਾਈਜਡ ਡੀਲਰਾਂ ਰਾਹੀਂ ਆਨ ਲਾਈਨ ਨਵੀਂ ਰਜਿਸ਼ਟਰੇਸ਼ਨ ਦੇ ਸਰਟੀਫਿਕੇਟ ਜਾਰੀ ਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕਰਨ ਸਮੇਂ ਕੀਤਾ । ਉਨ੍ਹਾਂ ਦੱਸਿਆ ਕਿ ਹੁਣ ਗੱਡੀ ਦੇ ਮਾਲਕਾਂ ਨੂੰ ਜਿਲ੍ਹਾ ਟਰਾਂਸਪੋਰਟ ਦਫਤਰਾਂ ਵਿੱਚ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ ਨਵੇਂ ਖਰੀਦੇ ਵਾਹਨਾਂ ਨੂੰ ਡੀਲਰਾਂ ਵੱਲੋਂ ਹੀ ਪੀ.ਬੀ. 23 ਐਲ ਨਵੀਂ ਸੀਰੀਜ ਵਿੱਚ ਰਜਿਸਟਰੇਸ਼ਨ ਸਰਟੀਫਿਕੇਟ ਮੌਕੇ ਤੇ ਹੀ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਟਰਾਂਸਪੋਰਟ ਦਫਤਰ ਵਿਖੇ ਨਵੀਂ ਰਜਿਸ਼ਟਰੇਸ਼ਨ ਦੇ ਸਰਟੀਫਿਕੇਟ ਅਤੇ ਨਵੇਂ ਡਰਾਈਵਿੰਗ ਲਾਈਸੰਸ ਸਮਾਰਟ ਕਾਰਡਾਂ ਤੇ ਜਾਰੀ ਕੀਤੇ ਜਾਣਗੇ। ਸ੍ਰੀ ਮਹਾਜਨ ਨੇ ਦੱਸਿਆ ਕਿ ਹੁਣ ਟਰਾਂਸਪੋਰਟ ਗੱਡੀਆਂ ਦੇ ਮੋਟਰ ਵਹੀਕਲ ਟੈਕਸ ਵੀ ਆਨ ਲਾਈਨ ਭਰੇ ਜਾ ਸਕਣਗੇ। ਜਿਸ ਵਿਅਕਤੀ ਨੇ ਨਵੀਂ ਟਰਾਂਸਪੋਰਟ ਗੱਡੀ ਖਰੀਦਣੀ ਹੈ, ਉਹ ਆਪਣੀ ਗੱਡੀ ਦਾ ਟੈਕਸ ਆਨ ਲਾਈਨ ਭਰ ਕੇ ਜ਼ਿਲ੍ਹਾ ਟਰਾਂਸਪੋਰਟ ਦਫਤਰ ਤੋਂ ਗੱਡੀ ਦੀ ਨਵੀਂ ਰਜਿਸ਼ਟਰੇਸ਼ਨ ਦੀ ਕਾਪੀ ਪ੍ਰਾਪਤ ਕਰ ਸਕਦਾ ਹੈ । ਉਨ੍ਹਾਂ ਦੱਸਿਆ ਕਿ ਜਿਸ ਪੁਰਾਣੀ ਗੱਡੀ ਦਾ ਪਹਿਲਾਂ ਮੁਕੰਮਲ ਟੈਕਸ ਭਰਿਆ ਹੋਇਆ ਹੈ ,ਉਸ ਪੁਰਾਣੀ ਟਰਾਂਸਪੋਰਟ ਗੱਡੀ ਦਾ ਮੋਟਰ ਵਹੀਕਲ ਟੈਕਸ ਵੀ ਆਨ ਲਾਈਨ ਜਮ੍ਹਾਂ ਹੋ ਸਕਦਾ ਹੈ। ਇਸ ਮੌਕੇ ਕਾਰਜਕਾਰੀ ਜ਼ਿਲ੍ਹਾ ਟਰਾਂਸਪੋਰਟ ਅਫਸਰ ਸ੍ਰੀ ਪ੍ਰੇਮ ਸਿੰਘ ਸੈਣੀ ਨੇ ਜ਼ਿਲ੍ਹਾ ਟਰਾਂਸਪੋਰਟ ਦਫਤਰ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਨਵੀਆਂ ਗੱਡੀਆਂ ਦੇ ਮਾਲਕਾਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।