ਬਠਿੰਡਾ, 5 ਨਵੰਬਰ – ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ (ਨਾਲਸਾ) ਨਵੀਂ ਦਿੱਲੀ ਦੇ ਚੇਅਰਮੈਨ ਜਸਟਿਸ ਅਲਤਮਸ ਕਬੀਰ, ਜੱਜ ਸੁਪਰੀਮ ਕੋਰਟ ਆਫ ਇੰਡੀਆ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਐਮ. ਐਮ. ਕੁਮਾਰ ਐਕਟਿੰਗ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈਕੋਰਟ ਅਤੇ ਮੈਡਮ ਸੰਤੋਸ਼ ਕੇ ਕੁਮਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਐਸ. ਕੇ. ਅਗਰਵਾਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਦੇਖ-ਰੇਖ ਹੇਠ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੋਖੜਾ ਵਿਖੇ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਜਿਵੇਂ ਭਰੂਣ ਹੱਤਿਆ, ਵਾਤਾਵਰਣ, ਰੁੱਖ ਲਗਾਉਣ ਸਬੰਧੀ, ਪ੍ਰਦੂਸ਼ਣ ਨੂੰ ਰੋਕਣ ਸਬੰਧੀ ਅਤੇ ਨਸ਼ਾ ਵਿਰੋਧੀ ਆਦਿ ‘ਤੇ ਪੇਂਟਿੰਗ ਕੀਤੀ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮਨੋਰਥ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਭਰੂਣ ਹੱਤਿਆ, ਵਾਤਾਵਰਣ, ਰੁੱਖ ਲਗਾਉਣ ਸਬੰਧੀ, ਪ੍ਰਦੂਸ਼ਣ ਨੂੰ ਰੋਕਣ ਸਬੰਧੀ ਜਾਣਕਾਰੀ ਦੇਣਾ ਸੀ ਤਾਂ ਕਿ ਆਉਣ ਵਾਲੇ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਇਸ ਮੌਕੇ ਪਹਿਲੇ, ਦੂਜੇ ਤੇ ਤੀਜੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਮੈਡਮ ਜਸਪਾਲ ਕੌਰ, ਸ੍ਰੀ ਬਲਜਿੰਦਰ ਸਿੰਘ ਜ਼ਿਲ੍ਹਾ ਨਾਜਰ, ਸ੍ਰੀ ਬੀ. ਡੀ. ਰਿਸ਼ੀ ਸੁਪਰਡੈਂਟ ਸੈਸ਼ਨਜ਼ ਡਵੀਜ਼ਨ, ਬਠਿੰਡਾ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੁਖਵੀਰ ਸਿੰਘ ਅਤੇ ਸ੍ਰੀ ਹਰਜੀਤ ਸਿੰਘ ਕਲਰਕ ਦਫ਼ਤਰ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੋਸ਼ਲ ਵਰਕਰ ਸ੍ਰੀਮਤੀ ਗੁਰਵਿੰਦਰ ਕੌਰ ਢਿੱਲੋਂ (ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ) ਹਾਜ਼ਰ ਸਨ।