November 5, 2011 admin

ਫਾਈਨਲ ਮੁਕਾਬਲਿਆਂ ਅਤੇ ਸਮਾਪਤੀ ਸਮਾਗਮ ਲਈ ਲੁਧਿਆਣਾ ਦਾ ਗੁਰੂ ਨਾਨਕ ਸਟੇਡੀਅਮ ਤਿਆਰ

– ਮੈਦਾਨ ‘ਚ ਬੈਠਣ ਲਈ ਦੋ ਹਜ਼ਾਰ ਵਧੇਰੇ ਕੁਰਸੀਆਂ ਦਾ ਵੀ ਕੀਤਾ ਪ੍ਰਬੰਧ
– ਸਟੇਡੀਅਮ ‘ਚ ਉਗਾਈ ਘਾਹ ਦਾ ਮਿਆਰ ਕੌਮਾਂਤਰੀ ਪੱਧਰ ਦੇ ਮੈਦਾਨਾਂ ਬਰਾਬਰ

ਲੁਧਿਆਣਾ, 5 ਨਵੰਬਰ –  ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਦੂਜੇ ਵਿਸ਼ਵ ਕਬੱਡੀ ਕੱਪ ਦੇ 20 ਨਵੰਬਰ ਨੂੰ ਹੋਣ ਵਾਲੇ ਫਾਈਨਲ ਮੁਕਾਬਲਿਆਂ ਅਤੇ ਸਮਾਪਤੀ ਸਮਾਗਮ ਲਈ ਲੁਧਿਆਣਾ ਦਾ ਗੁਰੂ ਨਾਨਕ ਸਟੇਡੀਅਮ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਪੰਜਾਬ ਖੇਡ ਵਿਭਾਗ ਦੇ ਇਕ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਸਟੇਡੀਅਮ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ 20 ਨਵੰਬਰ ਨੂੰ ਮੈਦਾਨ ‘ਚ ਆਉਣ ਵਾਲੇ ਕਬੱਡੀ ਪ੍ਰੇਮੀ, ਖਿਡਾਰੀ ਅਤੇ ਪ੍ਰਬੰਧਕ ਕੌਮਾਂਤਰੀ ਪੱਧਰ ਦੀ ਸਜਾਵਟ ਅਤੇ ਹਰੇ-ਭਰੇ ਘਾਹ ‘ਤੇ ਕਬੱਡੀ ਪੈਂਦੀ ਦੇਖ ਕੇ ਅਸ਼-ਅਸ਼ ਕਰ ਉੱਠਣਗੇ।

                             ਜ਼ਿਲ੍ਹਾ ਖੇਡ ਅਫਸਰ ਸ੍ਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਵਿਸ਼ਵ ਕਬੱਡੀ ਕੱਪ ਦੇ ਏਸੇ ਮੈਦਾਨ ‘ਚ ਹੋਏ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਗਮ ਦੀ ਕਾਮਯਾਬੀ ਨੂੰ ਧਿਆਨ ‘ਚ ਰੱਖਦਿਆਂ ਇਸ ਵਾਰ ਹੋਰ ਸਖਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੈਦਾਨ ‘ਚ ਬੈਠਣ ਲਈ ਪਿਛਲੀ ਵਾਰ ਨਾਲੋਂ ਕਰੀਬ ਦੋ ਹਜ਼ਾਰ ਵਧੇਰੇ ਕੁਰਸੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤਰ੍ਹਾਂ ਮੈਦਾਨ ‘ਚ ਬੈਠਣ ਵਾਲਿਆਂ ਦੀ ਕੁੱਲ ਸਮਰੱਥਾ ਤਕਰੀਬਨ 25 ਹਜ਼ਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ 20 ਨਵੰਬਰ ਨੂੰ ਹੋਣ ਵਾਲੇ ਫਾਈਨਲ ਮੈਚਾਂ ਅਤੇ ਸਮਾਪਤੀ ਸਮਾਗਮਾਂ ਲਈ ਮੈਦਾਨ ‘ਚ ਵੈਸੇ 35 ਹਜ਼ਾਰ ਦੇ ਕਰੀਬ ਦਰਸ਼ਕ ਇਕੋ ਸਮੇਂ ਹਾਜ਼ਰ ਰਹਿ ਸਕਦੇ ਹਨ।

                             ਉੱਧਰ ਦੂਜੇ ਪਾਸੇ ਖੇਡ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਸਟੇਡੀਅਮ ਦਾ ਟਰੈਕ ਅਤੇ ਮੈਦਾਨ ‘ਚ ਉਗਾਈ ਗਈ ਘਾਹ ਦਾ ਮਿਆਰ ਕੌਮਾਂਤਰੀ ਪੱਧਰ ਦੇ ਮੈਦਾਨਾਂ ਬਰਾਬਰ ਹੈ ਅਤੇ 20 ਨਵੰਬਰ ਨੂੰ ਰਾਤ ਸਮੇਂ ਇਸ ਕੂਲੀ-ਕੂਲੀ ਘਾਹ ‘ਤੇ ਫਾਈਨਲ ਖੇਡ ਰਹੀਆਂ ਟੀਮਾਂ ਲਈ ਜਿੱਥੇ ਗੁਰੂ ਨਾਨਕ ਸਟੇਡੀਅਮ ਯਾਦਗਾਰ ਰਹੇਗਾ ਉੱਥੇ ਹੀ ਦਰਸ਼ਕ ਵੀ ਏਥੇ ਹੋਣ ਵਾਲੇ ਸਮਾਗਮਾਂ ਨੂੰ ਦੇਖ ਕੇ ਚਿਰਾਂ ਤੱਕ ਭੁਲਾ ਨਹੀਂ ਸਕਣਗੇ।ਇੱਥੇ ਯਾਦ ਕਰਵਾ ਦੇਈਏ ਕਿ ਸਮਾਪਤੀ ਸਮਾਗਮਾਂ ਦਾ ਪ੍ਰਬੰਧ ਉਸੇ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਨੇ ਨਵੀਂ ਦਿੱਲੀ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੌਰਾਨ ਉਦਘਾਟਨੀ ਅਤੇ ਸਮਾਪਤੀ ਸਮਾਗਮਾਂ ਦਾ ਪ੍ਰਬੰਧ ਕੀਤਾ ਸੀ। ਹਾਲ ਦੀ ਘੜੀ ਟਰੈਕ ਅਤੇ ਘਾਹ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਸ਼ਾਮ ਸਾਢੇ ਛੇ ਵਜੇ ਤੋਂ ਬਾਅਦ ਸਟੇਡੀਅਮ ਦੇ ਸਾਰੇ ਦਰਵਾਜੇ ਬੰਦ ਕੀਤੇ ਜਾ ਰਹੇ ਹਨ। ਸ੍ਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਸਟੇਡੀਅਮ ਨੂੰ ਕੌਮਾਂਤਰੀ ਪੱਧਰ ਦਾ ਬਣਾਈ ਰੱਖਣ ਲਈ ਮੈਦਾਨ ‘ਚ ਪ੍ਰੈਕਟਿਸ ਲਈ ਆਉਣ ਵਾਲੇ ਖਿਡਾਰੀਆਂ ਦੇ ਵੀ ਜਲਦ ਹੀ ਪਾਸ ਬਣਾਏ ਜਾ ਰਹੇ ਹਨ ਤਾਂ ਜੋ ਹਰ ਕੋਈ ਮੈਦਾਨ ‘ਚ ਦਾਖਲ ਨਾ ਹੋ ਸਕੇ।

Translate »