November 5, 2011 admin

ਪੰਜਾਬ ਫਾਰਮਰ ਕਮਿਸ਼ਨ ਵੱਲੋਂ ਰਾਜ ਅੰਦਰ ਨੈਟ ਹਾਊਸ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਨੈਟ ਹਾਊਸਾਂ ਦਾ ਜਾਇਜ਼ਾ ਲੈਣ ਉਪਰੰਤ ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 5 ਨਵੰਬਰ –  ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਬਜੀਆਂ ਅਤੇ ਫ਼ਲਾਂ ਦੀ ਕੁਆਲਟੀ ਵਿੱਚ ਸੁਧਾਰ ਤੇ ਉਤਪਾਦਨ ਵਿੱਚ ਵਾਧਾ ਕਰਨ ਲਈ 900 ਨੈਟ ਹਾਊਸ ਲਗਾਏ ਗਏ ਹਨ ਜਿਨ੍ਹਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ 150 ਨੈਟ ਹਾਊਸ ਹਨ। ਇਹ ਜਾਣਕਾਰੀ ਸ੍ਰ; ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਪਿੰਡ ਅੱਜੋਵਾਲ, ਮਿਰਜਾਪੁਰ ਅਤੇ ਬੁਲੋਵਾਲ  ਵਿਖੇ ਨੈਟ ਹਾਊਸਾਂ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ।
  ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਪੰਜਾਬ ਫਾਰਮਰ ਕਮਿਸ਼ਨ ਵੱਲੋਂ ਰਾਜ ਅੰਦਰ ਨੈਟ ਹਾਊਸ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ 50 ਹਜ਼ਾਰ ਰੁਪਏ ਪ੍ਰਤੀ ਕਨਾਲ ਨੈਟ ਹਾਊਸ ਖੇਤੀ ਲਈ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੈਟ ਹਾਊਸ ਖੇਤੀ ਕਰਨ ਵਾਲਾ ਕਿਸਾਨ ਆਪਣੀ ਜਮੀਨ ਵਿੱਚ 4 ਕਨਾਲ ਤੱਕ ਨੈਟ ਹਾਊਸ ਲਗਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਮਿਰਜਾਪੁਰ, ਬੁਲੋਵਾਲ, ਲਾਂਬੜਾ, ਅਜੋਵਾਲ, ਮਾਹਿਲਪੁਰ, ਗੜ੍ਹਸ਼ਕਰ, ਮੋਹਕਮਗੜ੍ਹ, ਬੁੱਢੀ ਪਿੰਡ, ਖਾਨਪੁਰ ਅਤੇ ਥਿਆੜਾ ਆਦਿ ਸਮੇਤ ਕਈ ਪਿੰਡਾਂ ਵਿੱਚ ਸਬਜੀਆਂ ਤੇ ਫ਼ਲਾਂ ਦੀ ਕਾਸ਼ਤ ਲਈ ਨੈਟ ਹਾਉਸ ਲਗਾਏ ਗਏ ਹਨ ਜਿਨ੍ਹਾਂ ਵਿੱਚ ਸ਼ਿਮਲਾ ਮਿਰਚ, ਟਮਾਟਰ, ਸੀਡ ਲੈਸ ਖੀਰਾ, ਫਰਾਂਸਬੀਨ, ਗੋਭੀ, ਅਗੇਤ-ਪਛੇਤੀ ਪਾਲਕ, ਧਨੀਆ ਅਤੇ 12 ਮਹੀਨੇ ਲਗਾਈਆਂ ਜਾਣ ਵਾਲੀਆਂ ਸਬਜੀਆਂ ਉਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨੈਟ ਹਾਊਸ ਖੇਤੀ ਨਾਲ ਜਿਥੇ ਸਬਜੀਆਂ, ਫ਼ਲਾਂ ਦੀ ਕੁਆਲਟੀ ਵਿੱਚ ਸੁਧਾਰ ਹੁੰਦਾ ਹੈ, ਉਥੇ ਉਤਪਾਦਨ ਵਿੱਚ ਵੀ ਕਾਫੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੈਟ ਹਾਊਸਾਂ ਵਿੱਚ ਸਟਾਬਰੀ ਵੀ ਲਗਾ ਸਕਦੇ ਹਨ ਜਿਸ ਨਾਲ ਕਾਫ਼ੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦਾ ਪੌਣ ਪਾਣੀ, ਸਬਜੀਆਂ ਅਤੇ ਫ਼ਲਾਂ ਅਤੇ ਹੋਰ ਬਾਗਬਾਨੀ ਲਈ ਢੁਕਵਾਂ ਹੈ ।
 ਡਾ. ਨਰੇਸ਼ ਕੁਮਾਰ ਬਾਗਬਾਨੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਬਾਗਬਾਨੀ ਅਤੇ ਸਬਜੀਆਂ ਦਾ ਬਹੁਤ ਸਕੋਪ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 1370 ਹੈਕਟੇਅਰ ਰਕਬਾ ਬਾਗਬਾਨੀ ਹੇਠ ਹੈ  ਜਿਸ ਵਿੱਚੋਂ ਸਿਰਫ਼ 17810 ਮੀਟ੍ਰਿਕ ਟਨ  ਅੰਬਾਂ ਦਾ ਉਤਪਾਦਨ ਕੀਤਾ ਗਿਆ ਹੈ। ਇਸੇ ਤਰ੍ਹਾਂ ਕਿੰਨੂ ਅਤੇ ਹੋਰ ਫ਼ਲ ਫਰੂਟ ਦੀ ਵੀ ਕਾਸ਼ਤ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਾਗਬਾਨੀ ਉਪਰ 70 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਬਜੀਆਂ, ਫੁੱਲਾਂ ਅਤੇ ਫ਼ਲਾਂ ਦੀ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਜ਼ਿਲ੍ਹੇ ਅੰਦਰ ਪੋਲੀ ਹਾਉਸ ਵੀ ਲਗਾਏ ਜਾ ਰਹੇ ਹਨ ਅਤੇ ਜ਼ਿਲ੍ਹੇ ਦੇ ਪਿੰਡ ਛਾਉਣੀਕਲਾਂ ਵਿਖੇ ਮਿੱਟੀ ਅਤੇ ਸਬਜੀਆਂ, ਫ਼ਲਾਂ ਦੇ ਪੱਤਿਆਂ ਦੀ ਪਰਖ ਕਰਨ ਲਈ ਇੱਕ ਆਧੁਨਿਕ ਕਿਸਮ ਦੀ ਲੈਬਾਰਟਰੀ ਵੀ ਸਥਾਪਿਤ ਕੀਤੀ ਜਾ ਰਹੀ ਹੈ।
 ਡਾ. ਬਲਵਿੰਦਰ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਫੁੱਲਾਂ ਦੀ ਕਾਸ਼ਤ ਲਈ ਪੋਲੀ ਹਾਉਸ ਬਣਾਏ ਜਾ ਰਹੇ ਹਨ ਅਤੇ ਸਬਜੀਆਂ, ਫ਼ਲਾਂ ਦੀ ਕਾਸ਼ਤ ਲਈ ਜ਼ਿਲ੍ਹੇ ਦੇ ਕਿਸਾਨਾਂ ਨੂੰ ਨੈਟ ਹਾਉਸ ਤਕਨੋਲਜੀ ਸਬੰਧੀ ਸਿਖਲਾਈ ਦੇਣ ਲਈ ਬਾਹਰਲੇ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਅੰਦਰ ਨੈਟ ਹਾਉਸ ਖੇਤੀ ਨੂੰ ਆਧੁਨਿਕ ਤਰੀਕੇ ਨਾਲ ਉਤਸ਼ਾਹਿਤ ਕੀਤਾ ਜਾ ਸਕੇ।
 ਪੰਜਾਬ ਫਾਰਮਰ ਕਮਿਸ਼ਨ ਦੇ ਨੁਮਾਇੰਦੇ ਡਾ. ਬੂਟਾ ਸਿੰਘ ਨੇ ਦੱਸਿਆ ਕਿ ਨੈਟ ਹਾਊਸ ਰਾਹੀਂ ਸਬਜੀਆਂ, ਫ਼ਲਾਂ ਦੀ ਕਾਸ਼ਤ ਆਰਗੈਨਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਅਤੇ ਪੰਜਾਬ ਫਾਰਮਰ ਕਮਿਸ਼ਨ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਸੁਸਾਇਟੀਆਂ ਰਜਿਸਟਰਡ ਕੀਤੀਆਂ ਗਈਆਂ ਹਨ ਅਤੇ ਪੰਜਾਬ ਫਾਰਮਰ ਕਮਿਸ਼ਨ ਵੱਲੋਂ ਜਿਲ੍ਹੇ ਦੇ ਜਿਹੜੇ ਕਿਸਾਨਾਂ ਵੱਲੋਂ ਨੈਟ ਹਾਊਸ ਖੇਤੀ ਰਾਹੀਂ ਸਬਜੀਆਂ ਉਗਾਈਆਂ ਜਾਂਦੀਆਂ ਹਨ, ਉਨ੍ਹਾਂ ਦਾ ਸਿੱਧੇ ਤੌਰ ਤੇ ਮੰਡੀਕਰਨ ਕਰਨ ਲਈ ਸਪੈਸ਼ਲ ਕਿਸਮ ਦੀਆਂ ਰੇਹੜੀਆਂ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਬਜੀਆਂ ਦਾ ਉਤਪਾਦਨ ਵਧਾਉਣ ਲਈ ਡਰਿੱਪ ਸਿਸਟਮ ਵੀ ਲਗਾਇਆ ਜਾ ਸਕਦਾ ਹੈ ਜਿਸ ਉਪਰ ਭੂਮੀ ਰੱਖਿਆ ਵਿਭਾਗ ਵੱਲੋਂ ਵੀ ਸਬਸਿਡੀ ਦਿੱਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਾਗਬਾਨਾਂ ਅਤੇ ਸਬਜੀਆਂ, ਫ਼ਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਮੰਗ ਹੈ ਕਿ ਜ਼ਿਲ੍ਹੇ ਅੰਦਰ ਇੱਕ ਟਿਸ਼ੂ ਕਲਚਰ ਲੈਬ ਵੀ ਤਿਆਰ ਕੀਤੀ ਜਾਵੇ ਤਾਂ ਜੋ ਆਧੁਨਿਕ ਤੇ ਨਵੀਨ ਤਕਨੋਲਜੀ ਤਹਿਤ ਪਨੀਰੀ ਤਿਆਰ ਕੀਤੀ ਜਾ ਸਕੇ।

Translate »