November 5, 2011 admin

ਸ਼ਿਲਪ ਮੇਲੇ ਆਪਸੀ ਭਾਈਚਾਰਕ ਸਾਂਝ ਤੇ ਰਾਸ਼ਟਰੀ ਏਕਤਾ ਮਜਬੂਤ ਕਰਨ ਵਿੱਚ ਸਹਾਈ ਹੁੰਦੇ ਹਨ-ਲਾਲਵਾ

* ਕਰਾਫਟ ਮੇਲੇ ਬਣਿਆਂ ਪਟਿਆਲਵੀਆਂ ਦੀ ਖਿੱਚ ਦਾ ਕੇਂਦਰ
*ਲੋਕਾਂ ਨੇ ਜਮ ਕੇ ਕੀਤੀ ਖਰੀਦਦਾਰੀ ਅਤੇ ਵੱਖ-ਵੱਖ ਰਾਜਾਂ ਦੇ ਪਕਵਾਨਾਂ ਦਾ ਆਨੰਦ ਲਿਆ

ਪਟਿਆਲਾ –  ਕਰਾਫਟ ਮੇਲੇ ਦੌਰਾਨ ਵਿਸ਼ੇਸ਼ ਤੌਰ ‘ਤੇ ਪੁੱਜੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਸ੍ਰ: ਮਹਿੰਦਰ ਸਿੰਘ ਲਾਲਵਾ ਨੇ ਕਿਹਾ ਕਿ ਅਜਿਹੇ ਮੇਲੇ ਆਪਸੀ ਭਾਈਚਾਰਕ ਸਾਂਝ ਤੇ ਰਾਸ਼ਟਰੀ ਏਕਤਾ ਮਜਬੂਤ ਕਰਨ ਵਿੱਚ ਤਾਂ ਸਹਾਈ ਹੁੰਦੇ ਹੀ ਹਨ ਇਸ ਦੇ ਨਾਲ ਹੀ ਇਹਨਾਂ ਮੇਲਿਆਂ ਰਾਹੀਂ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰ ਤੇ ਕਲਾਕਾਰ ਆਪੋ-ਆਪਣੇ ਰਾਜ ਦੇ ਸਭਿਆਚਾਰਕ ਵਿਰਸੇ ਬਾਰੇ ਦੂਸਰੇ ਰਾਜਾਂ ਦੇ ਲੋਕਾਂ ਨੂੰ ਜਾਣੂ ਕਰਵਾਉਂਦੇ ਹਨ । ਸ੍ਰ: ਲਾਲਵਾ ਨੇ ਕਿਹਾ ਕਿ ਇਹਨਾਂ ਮੇਲਿਆਂ ਨਾਲ ਵੱਖ-ਵੱਖ ਰਾਜਾਂ ਦੇ ਸਭਿਆਚਾਰ ਦਾ ਅਦਾਨ ਪ੍ਰਦਾਨ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਰਾਫਟ ਮੇਲਾ ਵੇਖਣ ਆਏ ਲੋਕਾਂ ਦੇ ਉਤਸ਼ਾਹ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਇਹ ਮੇਲਾ ਆਪਣੇ ਉਦੇਸ਼ ਵਿੱਚ ਸਫਲ ਰਿਹਾ ਹੈ। ਇਸ ਮੌਕੇ ਸ੍ਰ: ਲਾਲਵਾ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਬਹੁਤ ਹੀ ਰੀਝ ਨਾਲ ਵੇਖਿਆ ਅਤੇ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਆਪੋ-ਆਪਣੇ ਰਾਜ ਦੇ ਸਭਿਆਚਾਰ ਨੂੰ ਜੁੜੇ ਗੀਤਾਂ ਨੂੰ ਸੁਣ ਕੇ ਉਹਨਾਂ ਦੀ ਸ਼ਲਾਘਾ ਕੀਤੇ। ਇਸ ਮੌਕੇ ਸ੍ਰ: ਲਾਲਵਾ ਨੇ ਰਾਜਸਥਾਨ ਦੇ ਮਸ਼ਹੂਰ ਖਾਣੇ ਦਾ ਵੀ ਲੁਤਫ ਲਿਆ ।  ਕਰਾਫਟ ਮੇਲਾ ਜਿਵੇਂ-ਜਿਵੇਂ ਆਪਣੇ ਜੋਬਨ ‘ਤੇ ਪੁੱਜ ਰਿਹਾ ਹੈ ਉਵੇਂ-ਉਵੇਂ ਪਟਿਆਲਾ ਦੇ ਲੋਕਾਂ ਵਿੱਚ ਵੀ ਇਸ ਪ੍ਰਤੀ ਦਿਲਚਸਪੀ ਵੱਧਦੀ ਜਾ ਰਹੀ ਹੈ ਅਤੇ ਲੋਕ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜ ਕੇ ਜਿਥੇ ਇਸ ਕਰਾਫਟ ਮੇਲੇ ਦਾ ਆਨੰਦ ਉਠਾ ਰਹੇ ਹਨ ਉਥੇ ਹੀ ਜੰਮ ਕੇ ਖਰੀਦਦਾਰੀ ਵੀ ਕਰ ਰਹੇ ਹਨ।
         ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਨਿਨਦਿੱਤਾ ਮਿੱਤਰਾ ਨੇ ਦੱਸਿਆ ਕਿ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਬੰਧਾਂ ਹੇਠ ਚੱਲ ਰਹੇ ਇਸ ਕਰਾਫਟ ਮੇਲੇ ਵਿੱਚ ਚ ਦੇਸ਼ ਦੇ 21 ਰਾਜਾਂ ਦੇ 400 ਸ਼ਿਲਪਕਾਰ ਅਤੇ 100 ਕਲਾਕਾਰ ਭਾਗ ਲੈ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸ ਕਰਾਫਟ  ਮੇਲੇ ਵਿੱਚ ਸ਼ਿਲਪਕਾਰਾਂ ਵੱਲੋਂ ਤਿਆਰ ਕੀਤੀਆਂ ਵਸਤੂਆਂ, ਹੈਂਡਲੂਮ ਦਾ ਸਮਾਨ, ਕਠਪੁਤਲੀ ਸ਼ੋਅ, ਲਾਈਵ ਸ਼ੋਅ ਅਤੇ ਵੱਖ-ਵੱਖ ਤਰ੍ਹਾਂ ਦੇ ਝੂਲੇ ਆਦਿ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ।
         ਇਸ ਮੇਲੇ ਵਿੱਚ ਉਤਰਾਖੰਡ ਦੇ ਕਲਾਕਾਰਾਂ ਨੇ ਕ੍ਰਿਸ਼ੀ ਨਾਚ, ਰਾਜਸਥਾਨ ਦੇ ਕਲਾਕਾਰਾਂ ਨੇ ਚਕਰੀ ਨਾਚ, ਪੰਜਾਬ ਪੁਲਿਸ ਦੇ ਸਭਿਆਚਾਰਕ ਗਰੁੱਪ ਵੱਲੋਂ ਝੂਮਰ ਨਾਚ ਅਤੇ ਪੰਜਾਬ ਗੀਤ, ਹਿਮਾਚਲ ਪ੍ਰਦੇਸ਼ ਦੇ ਕਲਾਕਾਰਾਂ ਨੇ ਦੀਪਕ ਨ੍ਰਿਤ, ਸਿਰਮੋਈ ਤੇ ਨਾਟੀ ਨ੍ਰਿਤ, ਹਰਿਆਣਾ ਦੇ ਕਲਾਕਾਰਾਂ ਨੇ ਫਾਗ ਨ੍ਰਿਤ, ਯੂ.ਪੀ. ਮਥਰਾ ਦੇ ਕਲਾਕਾਰਾਂ ਨੇ ਬਰਸਾਨਾਂ ਦੀ ਹੋਲੀ ਅਤੇ ਲਠ ਮਾਰ ਹੋਲੀ ਨ੍ਰਿਤ ਪੇਸ਼ ਕਰਕੇ ਠੰਢ ਭਰੀ ਰਾਤ ਵਿੱਚ ਵੀ ਲੋਕਾਂ ਨੂੰ ਬੈਠਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਸ਼੍ਰੀ ਹਰਿੰਦਰ ਸਿੰਘ ਸਰਾ, ਨਾਇਬ ਤਹਿਸੀਲਦਾਰ ਪਾਤੜਾਂ ਸ਼੍ਰੀ ਜੀ.ਐਸ.ਮਿਚਰਾ, ਪੰਜਾਬ ਪੁਲਿਸ ਸਭਿਆਚਾਰਕ ਵਿੰਗ ਦੇ  ਡਿਪਟੀ ਡਾਇਰੈਕਟਰ ਸ਼੍ਰੀ ਐਸ.ਆਰ.ਸ਼ਰਮਾ, ਬੀ.ਡੀ.ਓ. ਪਾਤੜਾਂ ਸ੍ਰ: ਕਮਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰੀ ਅਤੇ ਪਤਵੰਤੇ ਵੀ ਹਾਜ਼ਰ ਸਨ। ਇਸ ਮੇਲੇ ਵਿੱਚ ਖਾਣ ਪੀਣ ਦੀਆਂ ਚੀਜਾਂ ਵਿੱਚ ਰਾਜਸਥਾਨੀ ਥਾਲੀ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਈ ਅਤੇ ਜਿਆਦਾਤਰ ਲੋਕ ਇਹੋ ਥਾਲੀ ਖਾਂਦੇ ਵੇਖੇ ਗਏ

Translate »