November 5, 2011 admin

ਖੇਤੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ 2 ਦਸੰਬਰ ਨੂੰ ਵਿਦੇਸ਼ਾਂ ਵਿੱਚ ਬੈਠੇ ਪੁਰਾਣੇ ਵਿਦਿਆਰਥੀਆਂ ਵਿੱਚ ਇਕ ਦੂਜੇ ਨੂੰ ਮਿਲਣ ਦਾ ਉਤਸ਼ਾਹ-ਡਾ: ਚੀਮਾ

ਲੁਧਿਆਣਾ: 5 ਨਵੰਬਰ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਸਾਲਾਨਾ ਮਿਲਣੀ ਸੰਬੰਧੀ ਸਮਾਗਮ  2 ਦਸੰਬਰ ਨੂੰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੁਰਾਣੇ ਵਿਦਿਆਰਥੀਆਂ ਦੀ ਜਥੇਬੰਦੀ ਦੇ ਪ੍ਰਧਾਨ ਅਤੇ ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਵਿੱਚ ਅੱਜ ਖੇਤੀ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਅਤੇ ਸੀਨੀਅਰ ਅਧਿਆਪਕਾਂ ਦੀ ਇਕੱਤਰਤਾ ਵਿੱਚ ਅਹਿਮ ਫੈਸਲੇ  ਲਏ ਗਏ ਹਨ। ਇਸ ਇਕੱਤਰਤਾ ਉਪਰੰਤ ਡਾ: ਚੀਮਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਇਸ ਜਥੇਬੰਦੀ ਦੇ ਸਰਪ੍ਰਸਤ ਡਾ: ਬਲਦੇਵ ਸਿੰਘ ਢਿੱਲੋਂ ਦੀ ਸਰਪ੍ਰਸਤੀ ਵਿੱਚ ਹੋਣ ਵਾਲੇ ਇਸ ਇਕ ਰੋਜ਼ਾ ਸਮਾਗਮ ਵਿੱਚ ਦੇਸ਼ ਵਿਦੇਸ਼ ਰਹਿੰਦੇ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਇਕ ਦੂਜੇ ਨੂੰ ਮਿਲਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਸਾਡੇ ਪੁਰਾਣੇ ਸਾਥੀਆਂ ਵਿੱਚ ਇਸ ਸਮਾਗਮ ਪ੍ਰਤੀ ਭਰਪੂਰ ਉਤਸ਼ਾਹ ਹੈ ਅਤੇ ਉਹ ਇਸ ਵਿੱਚ ਸ਼ਿਰਕਤ ਕਰਨ ਲਈ ਯਤਨ ਕਰਨਗੇ। ਖਾਸ ਤੌਰ ਤੇ ਪਾਕਿਸਤਾਨ ਸਥਿਤ  ਫੈਸਲਾਬਾਦ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਲਈ ਇਹ ਚਾਵਾਂ ਭਰੀਆਂ ਘੜੀਆਂ ਹੁੰਦੀਆਂ ਹਨ। ਡਾ: ਚੀਮਾ ਨੇ ਦੱਸਿਆ ਕਿ ਇਸ ਸਮਾਗਮ ਨੂੰ ਸੁਚਾਰੂ ਢੰਗ ਨਾਲ ਸਿਰੇ ਚੜਾਉਣ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ ਉਦਘਾਟਨੀ ਸਮਾਗਮ ਉਪਰੰਤ ਕਾਵਿ ਉਚਾਰਣ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਹੋਵੇਗੀ।

 

 

Translate »