ਅੰਮ੍ਰਿਤਸਰ, 05 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇੱਥੋਂ ਜਾਰੀ ਇੱਕ ਬਿਆਨ ‘ਚ ਕਿਹਾ ਹੈ ਕਿ 10 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਗੁਰਦੁਆਰਾ ਜਨਮ-ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਜਾਣ ਵਾਲੇ ਜਥੇ ਦੇ 409 ਯਾਤਰੂਆਂ ਨੂੰ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ੇ ਤੋਂ ਇਨਕਾਰ ਅਤੇ 61 ਯਾਤਰੂਆਂ ਨੂੰ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਜਥੇ ਨਾਲ ਜਾਣ ਦੀ ਆਗਿਆ ਨਾ ਦੇਣਾ ਬਹੁਤ ਹੀ ਮੰਦਭਾਗਾ ਹੈ ਅਤੇ ਪਾਕਿ ਹਾਈ ਕਮਿਸ਼ਨ ਦੀ ਇਸ ਕਾਰਵਾਈ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।
ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ‘ਚੋਂ ਜਾਣ ਵਾਲੇ ਕੁੱਲ 3000 ਯਾਤਰੂਆਂ ‘ਚੋਂ 60% ਭਾਵ 1800 ਯਾਤਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂਂ ਭੇਜੇ ਜਾਂਦੇ ਹਨ ਪਰ ਇਸ ਵਾਰ 1600 ਯਾਤਰੂਆਂ ਦੀ ਲਿਸਟ ਸਰਕਾਰ ਨੂੰ ਭੇਜੀ ਗਈ ਸੀ, ਜਿਸ ਵਿੱਚੋਂ ਮੁਕੰਮਲ 1425 ਪਾਸਪੋਰਟ ਵੀਜ਼ਾ ਲੈਣ ਲਈ ਦਿੱਲੀ ਸਥਿਤ ਪਾਕਿ ਹਾਈ ਕਮਿਸ਼ਨ ‘ਚ ਭੇਜੇ ਸਨ। ਵੀਜ਼ੇ ਲੈਣ ਲਈ ਦਿੱਲੀ ਗਏ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਸਾਰੇ ਪਾਸਪੋਰਟ ਲੈ ਲਏ ਸਨ ਪਰ 40 ਯਾਤਰੂਆਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ 409 ਪਾਸਪੋਰਟ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ‘ਚ ਪਾਸਪੋਰਟਾਂ ਪੁਰ ਵੀਜ਼ੇ ਦੀਆਂ ਮੋਹਰਾਂ ਵੀ ਲੱਗੀਆਂ ਹੋਈਆਂ ਹਨ, ਬਗ਼ੈਰ ਦਸਤਖ਼ਤ ਕੀਤੇ ਅਤੇ ਬਿਨਾਂ ਕੋਈ ਕਾਰਨ ਦੱਸੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਵਾਪਸ ਕਰ ਦਿੱਤੇ। ਉਹਨਾਂ ਕਿਹਾ ਕਿ ਪਾਕਿ ਹਾਈ ਕਮਿਸ਼ਨ ਦੇ ਅਜਿਹੇ ਵਤੀਰੇ ਨਾਲ ਜੋ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਸ੍ਰੀ ਨਨਕਾਣਾ ਸਾਹਿਬ ਜਾਣ ਲਈ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਸਨ, ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਪਾਕਿ ਹਾਈ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਦਿਆਂ ਯਾਤਰੂਆਂ ਨੂੰ ਵੀਜ਼ੇ ਜਾਰੀ ਕਰੇ ਤਾਂ ਜੋ ਉਹ ਵੀ ਗੁਰਪੁਰਬ ਸਮੇਂ ਸ੍ਰੀ ਨਨਕਾਣਾ ਸਾਹਿਬ ਪੁੱਜ ਕੇ ਆਪਣੀ ਸ਼ਰਧਾ ਭੇਟ ਕਰ ਸਕਣ। ਉਨ੍ਹਾਂ ਭਾਰਤ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਸਰਕਾਰ ਨਾਲ ਲਿਖਾ-ਪੜ੍ਹੀ ਕਰਕੇ ਸ਼੍ਰੋਮਣੀ ਕਮੇਟੀ ਦੀ ਲਿਸਟ ‘ਚ ਸ਼ਾਮਿਲ ਯਾਤਰੂਆਂ ਦੀ ਯਾਤਰਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਿੱਖ ਸੰਗਤਾਂ ਪਾਕਿਸਤਾਨ ਸਥਿਤ ਗੁਰਧਾਮਾਂ ‘ਚ ਪ੍ਰਕਾਸ਼ ਪੁਰਬ ਮਨਾਉਣ ਤੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੀਆਂ ਨਾ ਰਹਿਣ।
ਵੀਜ਼ਾ ਨਾ ਮਿਲਣ ਵਾਲੇ ਯਾਤਰੂਆਂ ਤੋਂ ਉਨ੍ਹਾਂ ਖ਼ਿਮਾ ਯਾਚਨਾ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕੰਮ ਵਾਲੇ ਦਿਨ ਆਪਣੇ ਪਾਸਪੋਰਟ ਵਾਪਸ ਲੈ ਸਕਦੇ ਹਨ। ਹੋਰ ਕਿਸੇ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਫ਼ੋਨ ਨੰਬਰ 0183-2553957,58,59 ‘ਤੇ ਸੰਪਰਕ ਕਰ ਸਕਦੇ ਹਨ।