November 5, 2011 admin

ਭਾਰਤ ਨੇ ਨੇਪਾਲ ਨੂੰ 67-21 ਨਾਲ ਹਰਾਇਆ

*  ਭਾਰਤ ਵੱਲੋਂ ਤਿੰਨ ਰੇਡਰਾਂ ਸੁਖਬੀਰ, ਦੁੱਲਾ ਤੇ ਸੰਦੀਪ ਦਿੜ੍ਹਬਾ ਨੇ ਬਟੋਰੇ 9-9 ਅੰਕ
* ਨੇਪਾਲ ਦੇ ਰੇਡਰ ਕਿਰਨ ਮਹਾਰਾਜਨ ਨੇ 9 ਅੰਕ ਲੈ ਕੇ ਭਾਰਤੀ ਜਾਫ ਲਾਈਨ ਨੂੰ ਕੀਤਾ ਪ੍ਰੇਸ਼ਾਨ

ਢੁੱਡੀਕੇ (ਮੋਗਾ), 5 ਨਵੰਬਰ –    ਦੇਸ਼ਾਂ ਭਗਤਾਂ ਤੇ ਗ਼ਦਰੀ ਬਾਬਿਆਂ ਦੀ ਧਰਤੀ ਪਿੰਡ ਢੁੱਡੀਕੇ ਦੇ ਸਰਕਾਰੀ ਕਾਲਜ ਦੇ ਦੇਸ਼ ਭਗਤ ਸਟੇਡੀਅਮ ਵਿਖੇ ਅੱਜ ਪੂਲ ‘ਏ’ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਨੇਪਾਲ ਨੂੰ 67-21 ਨੂੰ ਹਰਾ ਕੇ ਆਪਣਾ ਜੇਤੂ ਦਬਦਬਾ ਕਾਇਮ ਰੱਖਦਿਆਂ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਜਿਉਂ ਹੀ ਭਾਰਤ ਤੇ ਨੇਪਾਲ ਦੀਆਂ ਟੀਮਾਂ ਨਾਲ ਜਾਣ-ਪਛਾਣ ਕਰ ਕੇ ਮੈਚ ਦਾ ਉਦਘਾਟਨ ਕੀਤਾ ਤਾਂ ਢੁੱਡੀਕੇ ਪੂਰੇ ਦੇਸ਼ ਦਾ ਪਹਿਲਾ ਪਿੰਡ ਬਣ ਗਿਆ ਜਿੱਥੇ ਕਿਸੇ ਵੀ ਖੇਡ ਦੇ ਵਿਸ਼ਵ ਕੱਪ ਟੂਰਨਾਮੈਂਟ ਦਾ ਮੈਚ ਹੋ ਰਿਹਾ ਹੋਵੇ।
       ਭਾਰਤ ਤੇ ਨੇਪਾਲ ਵਿਚਾਲੇ ਮੈਚ ਇਕਪਾਸੜ ਰਿਹਾ। ਭਾਰਤ ਦੇ ਰੇਡਰਾਂ ਨੇ ਲਗਾਤਾਰ ਅੰਕ ਬਟੋਰੇ। ਅੱਧੇ ਸਮੇਂ ਤੱਕ ਭਾਰਤੀ ਟੀਮ 32-10 ਨਾਲ ਅੱਗੇ ਸੀ ਅਤੇ ਸਮਾਪਤੀ ‘ਤੇ ਭਾਰਤ ਨੇ 67-21 ਨਾਲ ਮੁਕਾਬਲਾ ਜਿੱਤ ਲਿਆ। ਭਾਰਤ ਵੱਲੋਂ ਤਿੰਨ ਰੇਡਰਾਂ ਕਪਤਾਨ ਸੁਖਬੀਰ ਸਿੰਘ ਸਰਾਵਾਂ, ਹਰਦਵਿੰਦਰ ਸਿੰਘ ਦੁੱਲਾ ਸੁਰਖਪੁਰੀਆ ਤੇ ਸੰਦੀਪ ਦਿੜ੍ਹਬਾ ਨੇ 9-9 ਅੰਕ ਬਟੋਰੇ। ਭਾਰਤ ਦੀ ਜਾਫ ਲਾਈਨ ਵਿੱਚੋਂ ਸਿਕੰਦਰ ਕਾਂਝਲੀ ਤੇ ਏਕਮ ਹਠੂਰ ਨੇ 6-6 ਜੱਫੇ ਲਾਏ। ਨੇਪਾਲ ਦੇ ਰੇਡਰ ਕਿਰਨ ਮਹਾਰਾਜਨ ਨੇ ਭਾਰਤੀ ਜਾਫੀਆਂ ਨੇ ਬਹੁਤ ਪ੍ਰੇਸ਼ਾਨ ਕੀਤਾ ਅਤੇ 12 ਰੇਡਾਂ ਪਾਉਂਦਿਆਂ 9 ਅੰਕ ਬਟੋਰੇ। ਭਾਰਤੀ ਜਾਫੀ ਸਿਰਫ ਤਿੰਨ ਮੌਕਿਆਂ ‘ਤੇ ਕਿਰਨ ਨੂੰ ਡੱਕਣ ਵਿੱਚ ਸਫਲ ਰਹੇ।

Translate »