November 5, 2011 admin

7 ਨਵੰਬਰ ਨੂੰ 6 ਅੰਤਰਰਾਸ਼ਟਰੀ ਕਬੱਡੀ ਟੀਮਾਂ ਦਰਮਿਆਨ ਕਰਵਾਏ ਜਾ ਰਹੇ ਤਿੰਨ ਮੈਚਾਂ ਲਈ ਖੇਡ ਸਟੇਡੀਅਮ ਸਟੇਡੀਅਮ ਦਾ ਦੌਰਾ ਕੀਤਾ

ਤਰਨਤਾਰਨ, 5 ਨਵੰਬਰ – ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ 7 ਨਵੰਬਰ ਨੂੰ 6 ਅੰਤਰਰਾਸ਼ਟਰੀ ਕਬੱਡੀ ਟੀਮਾਂ ਦਰਮਿਆਨ ਕਰਵਾਏ ਜਾ ਰਹੇ ਤਿੰਨ ਮੈਚਾਂ ਲਈ ਖੇਡ ਸਟੇਡੀਅਮ ਦੀ ਤਿਆਰੀ ਅਤੇ ਹੋਰ ਪ੍ਰਬੰਧਾਂ ਨੂੰ ਹਰ ਪੱਖੋਂ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੇ ਗਏ ਕਾਰਜ਼ਾਂ ਦਾ ਨਿਰੀਖਣ ਕਰਨ ਵਾਸਤੇ ਸ. ਰਣਜੀਤ ਸਿੰਘ ਬ੍ਰਹਮਪੁਰਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਪੰਜਾਬ ਨੇ ਸਟੇਡੀਅਮ ਦਾ ਦੌਰਾ ਕੀਤਾ ਅਤੇ ਵੱਡੀ ਗਿਣਤੀ ਵਿਚ ਜ਼ਿਲ੍ਹੇ ਭਰ ਤੋਂ ਆ ਰਹੇ ਕਬੱਡੀ ਖੇਡ ਪ੍ਰੇਮੀਆਂ ਅਤੇ ਖਾਸ ਵਿਅਕਤੀਆਂ ਦੀ ਸੁਵਿਧਾ ਲਈ ਹਰ ਸਹੂਲਤ ਪ੍ਰਦਾਨ ਕਰਨ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਕੋਈ ਵੀ ਕਸਰ ਬਾਕੀ ਨਾ ਛੱਡਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹ ਇਲਾਕੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਜਿੱਥੇ ਪੰਜਾਬ ਵਿਚ ਜ਼ਿਲ੍ਹਾ ਪੱਧਰ ‘ਤੇ ਕੌਮਾਂਤਰੀ ਮੁਕਾਬਲੇ ਕਰਵਾਏ ਜਾ ਰਹੇ ਹਨ, ਉੱਥੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਚੋਹਲਾ ਸਾਹਿਬ ਦੀ ਪਵਿੱਤਰ ਧਰਤੀ ਦੀ ਚੋਣ ਕਰਕੇ ਲੋਕਾਂ ਦਾ ਮਾਨ ਵਧਾਇਆ ਹੈ ਅਤੇ ਸ. ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਪੰਜਾਬ ਇਨ੍ਹਾਂ ਮੈਚਾਂ ਸਮੇਂ ਮੁੱਖ ਮਹਿਮਾਨ ਵਜ਼ੋਂ ਸ਼ਿਰਕਤ ਕਰ ਰਹੇ ਹਨ।
ਸ. ਬ੍ਰਹਮਪੁਰਾ ਨੇ ਇਸ ਮੌਕੇ ਕਿਹਾ ਕਿ ਕਬੱਡੀ ਸਾਡੇ ਰੋਮ-ਰੋਮ ਵਿਚ ਰਚੀ ਹੋਈ ਹੈ ਅਤੇ ਪਿਛਲੀ ਪੀੜੀ ਦਾ ਕੋਈ ਵੀ ਐਸਾ ਪੰਜਾਬੀ ਨਹੀਂ ਹੋਵੇਗਾ, ਜਿਸਨੇ ਸਾਉਣ-ਭਾਦੋ ਦੇ ਮਹੀਨਿਆਂ ਵਿਚ ਸਾਵਿਆਂ ਵਿਚ ਕਬੱਡੀ ਨਾ ਖੇਡੀ ਹੋਵੇ ਪ੍ਰੰਤੁ ਬੀਤੇ ਕੁਝ ਸਮੇਂ ਦੌਰਾਨ ਪੰਜਾਬ ਵਿਚ ਵਾਪਰੇ ਅਣਸੁਖਾਵੇਂ ਹਲਾਤਾਂ ਕਰਕੇ ਪੰਜਾਬ ਦੀ ਮਾਂ ਖੇਡ ਕਬੱਡੀ ਤੋਂ ਪੰਜਾਬ ਦੇ ਨੌਜਵਾਨਾਂ ਦਾ ਫਾਂਸਲਾ ਵੱਧ ਗਿਆ ਸੀ ਪ੍ਰੰਤੁ ਹੁਣ ਪੰਜਾਬ ਦੇ ਨੌਜਵਾਨ ਖੇਡ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਦੇ ਨੌਜਵਾਨਾਂ ਨੂੰ ਕਬੱਡੀ ਨਾਲ ਇਕ ਵਾਰ ਫਿਰ ਤੋਂ ਜੋੜਣ ਲਈ ਪਿਛਲੇ ਸਾਲ ਤੋਂ ਕੌਮਾਂਤਰੀ ਕਬੱਡੀ ਮੁਕਾਬਲੇ ਕਰਵਾਉਣੇ ਆਰੰਭ ਕੀਤੇ ਹਨ ਅਤੇ ਇਸ ਸਾਲ ਪੰਜਾਬ ਵਿਚ ਕਰਵਾਏ ਜਾ ਰਹੇ ਦੂਸਰੇ ਕੌਮਾਂਤਰੀ ਕਬੱਡੀ ਮੁਕਾਬਲਿਆਂ ਪ੍ਰਤੀ ਪੰਜਾਬ ਦੇ ਲੋਕਾਂ ਵਿਚ ਬੜਾ ਵੱਡਾ ਉਤਸ਼ਾਹ ਹੈ, ਜਿਸਦਾ ਪ੍ਰਮਾਣ ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ ਵਿਚ ਹੋਏ ਸ਼ੁਰੂਆਤੀ ਸਮਾਗਮਾਂ ਤੇ ਮੈਚਾਂ ਦੌਰਾਨ ਲੋਕਾਂ ਦਾ ਵਿਸ਼ਾਲ ਇਕੱਠ ਹੈ। ਪੰਜਾਬ ਦੇ ਨੌਜਵਾਨ ਫਿਰ ਇਕ ਵਾਰ ਮਾਂ ਖੇਡ ਕਬੱਡੀ ਨਾਲ ਜੁੜ ਰਹੇ ਹਨ ਅਤੇ ਇਸਦਾ ਸਿਹਰਾ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ, ਜਿਨ੍ਹਾਂ ਨੇ ਭਾਰਤ ਵਿਚ ਹੀ ਨਹੀਂ ਸਗੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਇਸ ਕਬੱਡੀ ਨਾਲ ਜੋੜਕੇ ਨੌਜਵਾਨਾਂ ਵਿਚ ਨਵਾਂ ਜੋਸ਼ ਪੈਦਾ ਕੀਤਾ ਹੈ।
Êਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਵਿਸ਼ਵ ਦੀਆਂ 14 ਕੌਮਾਂਤਰੀ ਕਬੱਡੀ ਟੀਮਾਂ (ਮਰਦ) ਅਤੇ 4 ਮਹਿਲਾ ਕਬੱਡੀ ਟੀਮਾਂ ਆਪਸ ਵਿਚ ਭਿੜਣਗੀਆਂ ਅਤੇ ਜਿਹੜੀ ਵੀ ਟੀਮ ਪਹਿਲੇ ਨੰਬਰ ‘ਤੇ ਆਵੇਗੀ ਉਸਨੂੰ 2 ਕਰੋੜ ਰੁਪਏ, ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 1 ਕਰੋੜ, ਤੀਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 51 ਲੱਖ ਅਤੇ ਹਰੇਕ ਭਾਗ ਲੈਣ ਵਾਲੀ ਟੀਮ ਨੂੰ 25-25 ਲੱਖ ਦੇ ਨਕਦ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਚਾਂ ਦੇ ਨਾਲ ਪੰਜਾਬ ਵਿਚ ਖੇਡ ਸੱਭਿਆਚਾਰ ਪ੍ਰਫੂਲਿਤ ਹੋ ਰਿਹਾ ਹੈ ਅਤੇ ਸਰਕਾਰ ਨੇ ਪਿਛਲੇ ਸਾਲ ਦੀ ਜੇਤੂ ਭਾਰਤੀ ਕਬੱਡੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਨਾਲ ਨਿਵਾਜ ਕੇ ਖਿਡਾਰੀਆਂ ਦਾ ਮਾਨ-ਸਨਮਾਨ ਵਧਾਇਆ ਹੈ।
ਇਸ ਸਮੇਂ ਸ. ਬ੍ਰਹਮਪੁਰਾ ਨੇ ਸ. ਸਤਵੰਤ ਸਿੰਘ ਜੌਹਲ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ, ਜੋ ਖੇਡ ਪ੍ਰਬੰਧਾਂ ਨੂੰ ਸਿਰੇ ਚਾੜਣ ਲਈ ਦਿਨ-ਰਾਤ ਇਕ ਕਰਕੇ ਸਟੇਡੀਅਮ ਨੂੰ ਨਵੀਂ ਨੁਹਾਰ ਦੇ ਰਹੇ ਹਨ ਵੱਲੋਂ ਕੀਤੇ ਜਾ ਰਹੇ ਕੰਮ ਦੀ ਭਰਪੂਰ ਪ੍ਰਸੰਸ਼ਾ ਕੀਤੀ। ਡਿਪਟੀ ਕਮਿਸ਼ਨਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੂੰ ਵਿਸ਼ਵਾਸ ਦਵਾਇਆ ਕਿ ਜ਼ਿਲ੍ਹਾ ਪ੍ਰਸਾਸ਼ਨ ਪੰਜਾਬ ਸਰਕਾਰ ਅਤੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਤੇ ਉਮੀਦਾਂ ਅਨੁਸਾਰ ਖਰਾ ਉਤਰੇਗਾ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸ. ਮਨਵਿੰਦਰ ਸਿੰਘ ਐੱਸ.ਐੱਸ.ਪੀ., ਸ. ਕੁਲਬੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ. ਮੱਖਣ ਸਿੰਘ ਐੱਸ.ਪੀ. (ਐੱਚ), ਸ. ਬਖਤਾਵਰ ਸਿੰਘ ਐੱਸ.ਡੀ.ਐੱਮ., ਸ. ਅਲਵਿੰਦਰਪਾਲ ਸਿੰਘ ਪੱਖੋਕੇ ਚੇਅਰਮੈਨ ਵੇਅਰ ਹਾਊਸ ਕਾਰਪੋਰੇਸ਼ਨ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਾਇਸ ਚੇਅਰਮੈਨ, ਜਥੇ. ਗੁਰਬਚਨ ਸਿੰਘ ਕਰਮੂੰਵਾਲਾ, ਸ. ਸਾਧੂ ਸਿੰਘ ਉੱਪਲ ਚੇਅਰਮੈਨ, ਸ. ਗੁਰਿੰਦਰ ਸਿੰਘ ਟੋਨੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸ੍ਰੀ ਸਤਪਾਲ ਸਿੰਘ ਜ਼ਿਲ੍ਹਾ ਖੇਡ ਅਫਸਰ, ਡਾ. ਸੁਖਦੇਵ ਸਿੰਘ ਸੰਧੂ ਮੁੱਖ ਖੇਤੀਬਾੜੀ ਅਫਸਰ, ਸ. ਹਰਮਿੰਦਰ ਸਿੰਘ ਐਕਸੀਅਨ ਪੰਚਾਇਤੀ ਰਾਜ, ਸ੍ਰੀਮਤੀ ਡੀ.ਕੇ. ਮਾਹੀਆ ਡੀ.ਈ.ਓ., ਸ. ਕੁਲਦੀਪ ਸਿੰਘ ਐੱਸ.ਡੀ.ਓ. ਆਦਿ ਹਾਜਰ ਸਨ।

Translate »