November 10, 2011 admin

ਅਕਾਲੀ ਦਲ (ਬਾਦਲ) ਭਾਜਪਾ ਦੇ ਬਦਲ ਦੀ ਤਲਾਸ਼ ਵਿੱਚ?

ਜਸਵੰਤ ਸਿੰਘ ‘ਅਜੀਤ’

ਅਜਕਲ ਮੀਡੀਆ ਵਿੱਚ ਇਸ ਗਲ ਦੀ ਚਰਚਾ ਬੜੇ ਜ਼ੋਰ-ਸ਼ੋਰ ਨਾਲ ਚਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ| ਸੁਖਬੀਰ ਸਿੰਘ ਬਾਦਲ, ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ, ਦਲ ਦੇ ਏਜੰਡੇ ਦੀ ਕੀਮਤ ਤੇ ਆਪਣਾ ਏਜੰਡਾ ਲਾਗੂ ਕਰਵਾਉਣ ਦੇ ਪਾਏ ਜਾਂਦੇ ਚਲੇ ਆ ਰਹੇ ਦਬਾਉ ਤੋਂ ਬਹੁਤ ਦੁਖੀ ਹਨ। ਇਸ ਕਾਰਣ ਉਹ ਚਾਹੁੰਦੇ ਹਨ ਕਿ ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਭਾਜਪਾ ਦਾ ਕੋਈ ਚੰਗਾ ਬਦਲ ਤਲਾਸ਼ ਲਿਆ ਜਾਏ। ਇਸ ਉਦੇਸ਼ ਨੂੰ ਮੁੱਖ ਰਖ, ਉਹ ਕਾਂਗ੍ਰਸ-ਵਿਰੋਧੀ, ਗ਼ੈਰ-ਭਾਜਪਾ ਪਾਰਟੀਆਂ, ਵਿਸ਼ੇਸ਼ ਕਰ ਬਸਪਾ ਤੇ ਖੱਬੇ ਪੱਖੀਆਂ ਦੇ ਨਾਲ ਗਠਜੋੜ ਕਰਨ ਦੀਆਂ ਸੰਭਾਨਾਵਾਂ ਤਲਾਸ਼ਣ ਵਿੱਚ ਰੁਝੇ ਹੋਏ ਹਨ। ਪੰਜਾਬ ਦੇ ਰਾਜਸੀ ਹਲਕਿਆਂ ਵਿੱਚ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਅਤੇ ਵੱਖਵਾਦੀ ਵਿਚਾਰਧਾਰਾ ਦੇ ਧਾਰਨੀ ਰਹੇ, ਸ| ਗੁਰਦੀਪ ਸਿੰਘ ਬਰਾੜ ਨੂੰ ਪੰਜਾਬ ਪ੍ਰਦੇਸ਼ ਸੇਹਤ ਕਾਰਪੋਰੇਸ਼ਨ ਦਾ ਉਪ-ਚੇਅਰਮੈਨ ਨਿਯੁਕਤ ਕੀਤੇ ਜਾਣ ਨੂੰ ਵੀ ਇਸੇ ਸੰਦਰਭ ਵਿੱਚ ਮੰਨਿਆ ਜਾ ਰਿਹਾ ਹੈ। ਦਸਿਆ ਜਾਂਦਾ ਹੈ ਕਿ ਸ| ਸੁਖਬੀਰ ਸਿੰਘ ਬਾਦਲ, ਸ| ਗੁਰਦੀਪ ਸਿੰਘ ਬਰਾੜ ਨੂੰ ਬਸਪਾ ਅਤੇ ਖੱਬੇ ਪੱਖੀ ਪਾਰਟੀਆਂ ਨਾਲ ਗਠਜੋੜ ਸਬੰਧੀ ਗਲਬਾਤ ਕਰਨ ਵਿੱਚ, ਵਿਚੋਲੇ ਵਜੋਂ ਵਰਤਣਾ ਚਾਹੁੰਦੇ ਹਨ। ਇਸਦਾ ਕਾਰਣ ਇਹ ਹੈ ਕਿ ਸ| ਬਰਾੜ ਬੀਤੇ ਸਮੇਂ ਵਿੱਚ ਵੱਖਵਾਦੀ ਧੜਿਆਂ ਦੀ ਗ਼ੈਰ-ਕਾਂਗ੍ਰਸੀ ਸਰਕਾਰਾਂ ਦੇ ਮੁਖੀਆਂ ਦੇ ਨਾਲ ਗਲਬਾਤ ਕਰਵਾਉਣ ਵਿੱਚ ਇੱਕ ਸਫਲ ਵਿਚੋਲੇ ਸਾਬਤ ਹੁੰਦੇ ਰਹੇ ਹਨ। ਇਸ ਕਰਕੇ ਸ| ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਹੈ ਕਿ ਕਾਂਗ੍ਰਸ-ਵਿਰੋਧੀ ਤੇ ਗ਼ੈਰ-ਭਾਜਪਾ ਪਾਰਟੀਆਂ ਦੇ ਨਾਲ ਗਲਬਾਤ ਵਿੱਚ ਉਹ ਲਾਹੇਵੰਦੇ ਸਾਬਤ ਹੋ ਸਕਦੇ ਹਨ।ਦਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਆਗੂਆਂ ਦੇ ਵਿਸ਼ਵਾਸ ਵਿੱਚ ਤ੍ਰੇੜਾਂ ਪੈਣ ਦਾ ਕਾਰਣ ਕੇਵਲ ਭਾਜਪਾ ਮੁੱਖੀਆਂ ਵਲੋਂ ਅਕਾਲੀ ਦਲ ਦੇ ਏਜੰਡੇ ਦੀ ਕੀਮਤ ਤੇ ਆਪਣੇ ਏਜੰਡਾ ਨੂੰ ਲਾਗੂ ਕਰਵਾਉਣ ਲਈ ਦਬਾਉ ਬਣਾਇਆ ਜਾਣਾ ਹੀ ਨਹੀਂ ਹੈ, ਸਗੋਂ ਇਸਦੇ ਕੁਝ ਹੋਰ ਕਾਰਣ ਵੀ ਹਨ, ਜਿਨ੍ਹਾਂ ਵਿੱਚੋਂ ਇਕ ਮੱੁਖ ਕਾਰਣ ਅਕਾਲੀ ਦਲ ਦੇ ਮੁੱਖੀਆਂ ਵਲੋਂ ਭਾਜਪਾ ਦੇ ਸ਼ਹਿਰੀ ਵੋਟ-ਬੈਂਕ ਵਿੱਚ ਅਤੇ ਭਾਜਪਾ ਦੇ ਮੁੱਖੀਆਂ ਵਲੋਂ ਅਕਾਲੀ ਦਲ ਦੇ ਪੇਂਡੂ ਵੋਟ-ਬੈਂਕ ਵਿੱਚ ਸੰਨ੍ਹ ਲਾਉਣ ਦੇ ਲਈ ਘੁਸਪੈਠ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੌਸ਼ਿਸ਼ਾਂ ਹਨ। ਰਾਜਸੀ ਹਲਕਿਆਂ ਵਲੋਂ ਇਹ ਵੀ ਮੰਨਿਆ ਜਾਂਦਾ ਹੈ ਕਿ ਪੰਚਾਇਤ ਅਤੇ ਲੋਕਲ-ਬਾਡੀਜ਼ ਦੀਆਂ ਹੋਈਆਂ ਚੋਣਾਂ ਵਿੱਚ ਭਾਜਪਾ ਦੇ ਵਰਕਰਾਂ ਦੇ ਨਾਲ ਅਕਾਲੀ ਦਲ ਦੇ ਵਰਕਰਾਂ ਨੇ ਜੋ ਬਾੱਬ ਕੀਤੀ, ਉਸਦੀ ਕਸਕ ਅਜੇ ਤਕ ਭਾਜਪਾ ਦੇ ਵਰਕਰਾਂ ਅਤੇ ਮੁੱਖੀਆਂ ਵਿੱਚ ਬਣੀ ਹੋਈ ਹੈ। ਭਾਜਪਾ ਕੇਡਰ ਵਿੱਚ ਇਸ ਗਲ ਦੀ ਵੀ ਨਾਰਾਜ਼ਗੀ ਦਸੀ ਜਾ ਰਹੀ ਹੈ ਕਿ ਸ| ਗੁਰਦੀਪ ਸਿੰਘ ਬਰਾੜ ਨੂੰ ਸੇਹਤ ਕਾਰਪੋਰੇਸ਼ਨ ਦਾ ਉਪ-ਚੇਅਰਮੈਨ ਨਿਯੁਕਤ ਕੀਤੇ ਜਾਣ ਦੇ ਸਬੰਧ ਵਿੱਚ ਸ| ਸੁਖਬੀਰ ਸਿੰਘ ਬਾਦਲ ਨੇ ਸੇਹਤ ਵਿਭਾਗ ਦੀ ਇੰਚਾਰਜ ਮੰਤਰੀ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੂੰ ਵਿਸ਼ਵਾਸ ਵਿੱਚ ਲੈਣਾ ਤਾਂ ਦੂਰ ਰਿਹਾ, ਉਨ੍ਹਾਂ ਦੇ ਨਾਲ ਵਿਚਾਰ-ਵਟਾਂਦਰਾ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।ਇਸ ਸਥਿਤੀ ਦੇ ਬਾਵਜੂਦ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਕਿ ਇਨ੍ਹਾਂ ਤ੍ਰੇੜਾਂ ਦੇ ਬਾਵਜੂਦ ਅਕਾਲੀ-ਭਾਜਪਾ ਗਠਜੋੜ ਟੁੱਟਣ ਦੀ ਕੋਈ ਸੰਭਾਵਨਾ ਹੋ ਸਕਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਇਕ-ਦੂਜੇ ਦੇ ਪੂਰਕ ਚਲੇ ਆ ਰਹੇ ਹਨ, ਦੋਹਾਂ ਪਾਰਟੀਆਂ ਦੇ ਨੇਤਾ ਇਹ ਸਮਝਦੇ ਹਨ, ਕਿ ਉਹ ਇਕ-ਦੂਜੇ ਤੋਂ ਬਿਨਾਂ ਪੰਜਾਬ ਦੀ ਸੱਤਾ ਤੇ ਪੁਜਣ ਦਾ ਸੁਪਨਾ ਵੀ ਨਹੀਂ ਪਾਲ ਸਕਦੇ। ਇਸਦਾ ਕਾਰਣ ਇਹ ਹੈ ਕਿ ਜਿਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ  ਪ੍ਰਭਾਵ ਸਿੱਖ ਵੋਟਰਾਂ ਪੁਰ ਮੰਨਿਆ ਜਾਂਦਾ ਹੈ, ਉਥੇ ਹੀ ਭਾਜਪਾ ਦਾ ਪ੍ਰਭਾਵ ਹਿੰਦੂ ਵੋਟਰਾਂ ਪੁਰ ਹੈ। ਇਸ ਕਾਰਣ ਉਹ ਕਾਂਗ੍ਰਸ ਦੀ ਧਰਮ ਨਿਰਪੇਖ ਛਵੀ ਹੋਣ ਦੇ ਕਾਰਣ, ਉਸਦੇ ਸਾਂਝੇ ਵੋਟ-ਬੈਂਕ ਦੇ ਲਈ, ਉਹ ਉਸੇ ਹਾਲਤ ਵਿੱਚ ਹੀ ਚੁਨੌਤੀ ਬਣ ਸਕਦੇ ਹਨ, ਜੇ ਉਹ ਇਕ-ਜੁੱਟ ਬਣੇ ਰਹਿਣ। ਉਨ੍ਹਾਂ ਦੇ ਇਕ-ਜੁਟ ਬਣੇ ਰਹਿਣ ਦੇ ਨਾਲ ਹੀ ਸਿੱਖ ਵੋਟਰ ਭਾਜਪਾ ਦੇ  ਉਮੀਦਵਾਰਾਂ ਦੇ ਹੱਕ ਵਿੱਚ ਅਤੇ ਭਾਜਪਾ ਦਾ ਹਿੰਦੂ ਵੋਟਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਦੇ ਹਕ ਵਿੱਚ ਭੁਗਤ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਇਸ ਗਲ ਦਾ ਵੀ ਚਾਨਣ ਹੈ ਕਿ ਜੇ ਕੇਂਦਰ ਵਿੱਚ ਕਾਂਗ੍ਰਸ-ਵਿਰੋਧੀ ਸਰਕਾਰ ਬਣਦੀ ਹੈ, ਤਾਂ ਉਸ ਵਿੱਚ ਉਹ ਉਸੇ ਹਾਲਤ ਵਿੱਚ ਹੀ ਹਿੱਸੇਦਾਰ ਬਣ ਸਕਦੇ ਹਨ, ਜੇ ਉਹ ਭਾਜਪਾ ਨਾਲ ਜੁੜੇ ਰਹਿਣ।  ਰਾਜੀਵ-ਲੌਂਗੋਵਾਲ ਸਮਝੌਤਾ : ਬਾਦਲ ਵਲੋਂ ਵਿਰੋਧ? ਇਨ੍ਹਾਂ ਦਿਨਾਂ ਵਿੱਚ ਹੀ ਰਾਜੀਵ-ਲੌਂਗੋਵਾਲ ਸਮਝੌਤੇ ਬਾਰੇ ਮੀਡੀਆ ਵਿੱਚ ਹੋ ਰਹੀ ਚਰਚਾ ਵਿੱਚ ਇਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਹੈ, ਕੇਂਦਰ ਸਰਕਾਰ ਵਲੋਂ ਅਕਾਲੀਆਂ ਦੇ ਨਾਲ ਸਮਝੌਤੇ ਦੀ ਜੋ ਤਜਵੀਜ਼ ਪੇਸ਼ ਕੀਤੀ ਗਈ ਸੀ, ਉਸ ਬਾਰੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਜ| ਗੁਰਚਰਨ ਸਿੰਘ ਟੌਹੜਾ, ਸ| ਪ੍ਰਕਾਸ਼ ਸਿੰਘ ਬਾਦਲ, ਸ| ਸੁਰਜੀਤ ਸਿੰਘ ਬਰਨਾਲਾ ਅਤੇ ਸ| ਬਲਵੰਤ ਸਿੰਘ ਆਦਿ ਨਾਲ ਵੱਖੋ-ਵੱਖਰੇ ਅਤੇ ਸਾਂਝੇ ਤੋਰ ਤੇ ਵੀ ਸਲਾਹ-ਮਸ਼ਵਰਾ ਕੀਤਾ ਸੀ। ਇਥੋਂ ਤਕ ਕਿ ਸਮਝੌਤੇ ਲਈ ਦਿੱਲੀ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ, ਇਨ੍ਹਾਂ ਸਾਰਿਆਂ, ਜਿਨ੍ਹਾਂ ਵਿੱਚ ਸ| ਪ੍ਰਕਾਸ਼ ਸਿੰਘ ਬਾਦਲ ਤੇ ਜ| ਗੁਰਚਰਨ ਸਿੰਘ ਟੌਹੜਾ ਵੀ ਸ਼ਾਮਲ ਸਨ, ਪਾਸੋਂ ਪੰਜਾਬ ਵਿੱਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਕਾਇਮ ਰਖਣ ਪ੍ਰਤੀ ਹਾਮੀ ਭਰਦਿਆਂ, ਸਮਝੌਤੇ ਪ੍ਰਤੀ ਆਪਣੀ ਸਹਿਮਤੀ ਵੀ ਮਿਲ ਗਈ ਹੋਈ ਸੀ।ਦੂਜੇ ਪਾਸੇ ਇਹ ਸੁਆਲ ਉਠਾਇਆ ਜਾ ਰਿਹਾ ਹੈ ਕਿ ਜੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਦਿੱਲੀ ਜਾਣ ਤੋਂ ਪਹਿਲਾਂ, ਰਾਜੀਵ-ਲੌਂਗੋਵਾਲ ਸਮਝੌਤੇ ਪੁਰ ਦਸਤਖਤ ਕਰਨ ਲਈ ਸ| ਪ੍ਰਕਾਸ਼ ਸਿੰਘ ਬਾਦਲ ਅਤੇ ਜ| ਗੁਰਚਰਨ ਸਿੰਘ ਟੌਹੜਾ ਆਦਿ ਪਾਸੋਂ ਸਹਿਮਤੀ ਲੈ ਲਈ ਹੋਈ ਸੀ ਤਾਂ ਫਿਰ ਸਮਝੌਤਾ ਹੋ ਜਾਣ ਤੋਂ ਬਾਅਦ, ਇਨ੍ਹਾਂ ਉਸਦਾ ਵਿਰੋਧ ਕਰਨਾ ਕਿਉਂ ਸ਼ੁਰੂ ਕਰ ਦਿਤਾ ਸੀ?ਅਕਾਲੀ ਰਾਜਨੀਤੀ ਅਤੇ ਪੰਜਾਬ ਦੀ ਰਾਜਸੀ ਉਥਲ-ਪੁਥਲ ਪੁਰ ਤਿੱਖੀ ਨਜ਼ਰ ਰਖਣ ਵਾਲੇ ਰਾਜਸੀ ਮਾਹਿਰਾਂ ਅਨੁਸਾਰ ਰਾਜੀਵ-ਲੌਂਗੋਵਾਲ ਸਮਝੌਤੇ ਬਾਰੇ ਹੋਈ ਗਲਬਾਤ ਦੌਰਾਨ, ਪੰਜਾਬ ਦੇ ਰਾਜਪਾਲ ਸ਼੍ਰੀ ਅਰਜਨ ਸਿੰਘ ਨੇ ਕੇਂਦਰ ਦੀਆਂ ਹਿਦਾਇਤਾਂ ਅਨੁਸਾਰ ਸ| ਪ੍ਰਕਾਸ਼ ਸਿੰਘ ਬਾਦਲ ਨੂੰ ਬਿਲਕੁਲ ਨਜ਼ਰ-ਅੰਦਾਜ਼ ਕਰੀ ਰਖਿਆ ਸੀ। ਇਸਦਾ ਕਾਰਣ ਇਹ ਸੀ ਕਿ ਐਮਰਜੈਂਸੀ ਲਾਏ ਜਾਣ ਸਮੇਂ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਅਕਾਲੀਆਂ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਦੀ ਪੇਸ਼ਕਸ਼ ਕਰਦਿਆਂ, ਜ| ਸੰਤੋਖ ਸਿੰਘ ਰਾਹੀਂ ਐਮਰਜੈਂਸੀ ਦਾ ਵਿਰੋਧ ਨਾ ਕਰਨ ਸਬੰਧੀ, ਜੋ ਸੁਨੇਹਾ ਅਕਾਲੀ ਆਗੂਆਂ ਤਕ ਪਹੁੰਚਾਇਆ ਗਿਆ ਸੀ, ਉਸਨੂੰ ਸਵੀਕਾਰ ਕਰਨ ਪ੍ਰਤੀ ਜ| ਟੌਹੜਾ ਨੇ ਤਾਂ ਸਹਿਮਤੀ ਪ੍ਰਗਟ ਕਰ ਦਿਤੀ ਸੀ, ਪ੍ਰੰਤੂ ਸ| ਬਾਦਲ ਨੇ ਜਨਸੰਘ (ਵਰਤਮਾਨ ਭਾਜਪਾ) ਦੇ ਨਾਲ ਆਪਣੀ ਸਾਂਝ ਕਾਇਮ ਰਖਣ ਦੇ ਉਦੇਸ਼ ਨਾਲ, ਸ਼੍ਰੀਮਤੀ ਇੰਦਰਾ ਗਾਂਧੀ ਦੀ ਪੇਸ਼ਕਸ਼ ਨੂੰ ਠੁਕਰਾ ਕੇ, ਅਕਾਲੀ ਦਲ ਪਾਸੋਂ ਐਮਰਜੈਂਸੀ ਦੇ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕਰਵਾ ਲਿਆ ਸੀ। ਕੁਝ ਸਜਣਾਂ ਵਲੋਂ, ਜੋ ਇਹ ਕਿਹਾ ਜਾ ਰਿਹਾ ਹੈ ਕਿ ਮੋਰਚਾ ਲਗਣ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਸਮਝੌਤੇ ਦੀ ਪੇਸ਼ਕਸ਼ ਕੀਤੀ ਗਈ ਸੀ, ਠੀਕ ਨਹੀਂ, ਕਿਉਂਕਿ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ, ਜ| ਟੋਹੜਾ ਦੀ ਸਹਿਮਤੀ ਮਿਲਣ ਤੇ ਹੀ ਜ| ਸੰਤੋਖ ਸਿੰਘ, ਦਲ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਨਾਲ ਲੈਕੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਕੋਠੀ ਗਏ ਸਨ ਅਤੇ ਉਥੇ ਜਾ ਕੇ ਉਨ੍ਹਾਂ ਨੇ ਅਕਾਲੀ ਦਲ ਵਲੋਂ ਉਨ੍ਹਾਂ ਦਾ ਸਮਰਥਨ ਕਰਨ ਦਾ ਐਲਾਨ ਕਰ ਚੁਕੇ ਹੋਏ ਸਨ। ਇਸੇ ਕਾਰਣ ਹੀ ਦਲ ਦੀ ਜਿਸ ਬੈਠਕ ਵਿੱਚ ਐਮਰਜੈਂਸੀ ਵਿਰੁਧ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ ਸੀ, ਉਸੇ ਵਿੱਚ ਹੀ ਜ| ਸੰਤੋਖ ਸਿੰਘ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦਾ ਸਮਰਥਨ ਕਰਨ ਦੇ ਦੋਸ਼ ਵਿੱਚ ਦਲ ਵਿਚੋਂ ਕਢਣ ਦਾ ਫੈਸਲਾ ਵੀ ਕੀਤਾ ਗਿਆ ਸੀ। ਇਥੇ ਇਹ ਗਲ ਵਰਨਣਯੌਗ ਹੈ ਕਿ ਐਮਰਜੈਂਸੀ ਲਾਏ ਜਾਣ ਤੇ ਜਿਥੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਉਥੇ ਅਕਾਲੀ ਦਲ ਦੇ ਕਿਸੇ ਵਰਕਰ ਨੂੰ ਵੀ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ, ਕਿਉਂਕਿ ਸ਼੍ਰੀਮਤੀ ਇੰਦਰਾ ਗਾਂਧੀ ਚਾਹੁੰਦੇ ਸਨ ਕਿ ਅਕਾਲੀ ਉਨ੍ਹਾਂ ਦਾ ਸਾਥ ਦੇਣ। ਇਸੇ ਕਾਰਣ ਹੀ ਉਨ੍ਹਾਂ ਅਕਾਲੀਆਂ ਨੂੰ, ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਣ ਦੀ ਪੇਸ਼ਕਸ਼ ਕੀਤੀ ਸੀ।ਸ| ਪ੍ਰਕਾਸ਼ ਸਿੰਘ ਬਾਦਲ ਵਲੋਂ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਕੇ ਐਮਰਜੈਂਸੀ ਵਿਰੁਧ ਮੋਰਚਾ ਲਾਏ ਜਾਣ ਦੇ ਦਲ ਵਲੋਂ ਫੈਸਲਾ ਕਰਵਾ ਲਏ ਜਾਣ ਦੇ ਕਾਰਣ ਹੀ, ਇਹ ਮੰਨਿਆ ਜਾ ਰਿਹਾ ਸੀ ਕਿ ਸ| ਪ੍ਰਕਾਸ਼ ਸਿੰਘ ਬਾਦਲ ਪੁਰ ਭਰੋਸਾ ਨਹੀਂ ਕੀਤਾ ਜਾ ਸਕਦਾ। ਜਿਸ ਕਾਰਣ ਨਵੇਂ ਸਮਝੌਤੇ ਦੀ ਗਲਬਾਤ ਦੇ ਮੁੱਦੇ ਤੇ ਸ| ਬਾਦਲ ਨੂੰ ਭਰੋਸੇ ਵਿੱਚ ਲੈਣਾ ਯੋਗ ਨਹੀਂ ਸੀ ਸਮਝਿਆ ਗਿਆ। ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਚੋਣਾਂ ਤੋਂ ਬਾਅਦ ਸ| ਸੁਰਜੀਤ ਸਿੰਘ ਬਰਨਾਲਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਦਾ ਫੈਸਲਾ ਵੀ ਰਾਜੀਵ-ਲੌਂਗੋਵਾਲ ਸਮਝੌਤੇ ਪੁਰ ਦਸਤਖਤ ਹੋਣ ਤੋਂ ਪਹਿਲਾਂ ਹੀ ਕਰ ਲਿਆ ਗਿਆ ਹੋਇਆ ਸੀ।ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਸ| ਬਾਦਲ ਅਤੇ ਜ| ਟੌਹੜਾ ਵਲੋਂ ‘ਰਾਜੀਵ-ਲੌਂਗੋਵਾਲ ਸਮਝੌਤੇ’ ਦਾ ਵਿਰੋਧ ਕੀਤੇ ਜਾਣ ਦਾ ਇਕ ਕਾਰਣ ਹੋਰ ਵੀ ਸੀ। ਉਹ ਇਹ ਕਿ ਭਾਵੇਂ ਅਕਾਲੀ ਲੀਡਰਸ਼ਿਪ ਚੰਡੀਗੜ੍ਹ ਤੇ ਪੰਜਾਬੋਂ ਬਾਹਰ ਰਖੇ ਗਏ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕਰਦੀ ਚਲੀ ਆ ਰਹੀ ਹੈ, ਪਰ ਸੱਚਾਈ ਇਹ ਹੈ ਕਿ ਉਹ ਇਨ੍ਹਾਂ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਵਾਉਣ ਪ੍ਰਤੀ ਕਦੀ ਵੀ ਇਮਾਨਦਾਰ ਜਾਂ ਗੰਭੀਰ ਨਹੀਂ ਰਹੀ। ਕਿਉਂਕਿ ਅਕਾਲੀ ਲੀਡਰ ਜਾਣਦੇ ਹਨ ਕਿ ਇਨ੍ਹਾਂ ਇਲਾਕਿਆਂ ਦੇ ਪੰਜਾਬ ਵਿੱਚ ਸ਼ਾਮਲ ਹੋ ਜਾਣ ਦੇ ਨਾਲ, ਪੰਜਾਬ ਦੇ ਰਾਜਨੀਤਿਕ ਸਮੀਕਰਣ ਬਿਲਕੁਲ ਬਦਲ ਜਾਣਗੇ। ਸਿੱਖ, ਜੋ ਵਰਤਮਾਨ ਪੰਜਾਬ ਵਿੱਚ ਬਹੁ-ਗਿਣਤੀ ਵਿੱਚ ਮੰਨੇ ਜਾਂਦੇ ਹਨ, ਨਵ-ਗਠਿਤ ਪੰਜਾਬ ਵਿੱਚ ਘਟ-ਗਿਣਤੀ ਵਿੱਚ ਹੋ ਜਾਣਗੇ। ਅਜਿਹਾ ਹੋਣ ਤੇ ‘ਅਕਾਲੀ-ਭਾਜਪਾ ਗਠਜੋੜ’ ਦੀ ਸਾਰਥਕਤਾ ਵੀ ‘ਭਾਜਪਾ-ਅਕਾਲੀ ਗਠਜੋੜ’ ਵਿਚ ਬਦਲ ਜਾਇਗੀ, ਜਿਸਦੇ ਫਲਸਰੂਪ ਨਵ-ਗਠਿਤ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਪੁਰ ਅਕਾਲੀਆਂ ਦਾ ਦਾਅਵਾ ਬੀਤੇ ਦੀ ਗਲ ਹੋ ਕੇ ਰਹਿ ਜਾਇਗਾ।ਇਨ੍ਹਾਂ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਾਦਲ-ਟੌਹੜਾ ਦੇ ਵਿਰੋਧ ਦੇ ਚਲਦਿਆਂ ਹੀ, ਕੇਂਦਰ ਸਰਕਾਰ ਨੂੰ ਇਸ ਸਮਝੌਤੇ ਨੂੰ ਲਾਗੂ ਕਰਨ ਤੋਂ ਪਿਛੇ ਹਟਣ ਦਾ ਬਹਾਨਾ ਮਿਲ ਗਿਆ। ਉਸਨੇ ਇਹ ਮੰਨ ਲਿਆ ਕਿ ਜੇ ਉਹ ਸਮਝੌਤੇ ਨੂੰ ਲਾਗੂ ਕਰ ਵੀ ਦਿੰਦੀ ਹੈ ਤਾਂ ਵੀ ਅਕਾਲੀ ਦਲ ਤੇ ਹਾਵੀ ਗੁਟ ਵਲੋਂ ਸਰਕਾਰ-ਵਿਰੋਧੀ ਨੀਤੀ ਅਧੀਨ, ਸਮਝੌਤੇ ਦੇ ਵਿਰੋਧ ਦੇ ਪਰਦੇ ਹੇਠ, ਉਸਦਾ ਵਿਰੋਧ ਜਾਰੀ ਰਖਿਆ ਜਾਇਗਾ।ਰਾਜੀਵ-ਲੌਂਗੋਵਾਲ ਸਮਝੌਤੇ ਤੇ ਬਵਾਲ: ਬੀਤੇ ਦਿਨੀਂ ਅੰਗ੍ਰੇਜ਼ੀ ਦੇ ਦੈਨਿਕ ‘ਹਿੰਦੁਸਤਾਨ ਟਾਈਮਸ’ ਵਿੱਚ ਰਾਜੀਵ-ਲੌਂਗੋਵਾਲ ਸਮਝੋਤੇ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ| ਪ੍ਰਕਾਸ਼ ਸਿੰਘ ਬਾਦਲ ਦਾ ਇਕ ਮਜ਼ਮੂਨ ਪ੍ਰਕਾਸ਼ਤ ਹੋਇਆ। ਜਿਸ ਵਿੱਚ ਉਨ੍ਹਾਂ ‘ਰਾਜੀਵ-ਲੌਂਗੋਵਾਲ ਸਮਝੌਤੇ’ ਦੇ ਸਬੰਧ ਵਿੱਚ ਆਪਣਾ ਪੱਖ ਵਿੱਚ ਦਲੀਲਾਂ ਪੇਸ਼ ਕਰਦਿਆਂ, ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਜਿਹੜੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦੁਆਇਆ ਜਾ ਰਿਹਾ ਹੈ, ਜਦੋਂ ਤਕ ਉਨ੍ਹਾਂ ਬਾਰੇ ਸੰਸਦ ਵਿੱਚ ਐਲਾਨ ਨਹੀਂ ਕੀਤਾ ਜਾਂਦਾ, ਤਦ ਤਕ ਕੋਈ ਵੀ ਸਮਝੌਤਾ ਨਹੀਂ ਹੋਣਾ ਚਾਹੀਦਾ। ਅਕਾਲੀਆਂ ਦੀ ਰਾਜਨੀਤੀ ਨਾਲ ਸਬੰਧਤ ਰਾਜਸੀ ਮਾਹਿਰਾਂ ਅਨੁਸਾਰ, ਜੇ ਸਮਝੌਤੇ ਨੂੰ ਨਾ ਸਵੀਕਾਰਨ ਦੀ ਸ| ਬਾਦਲ ਵਲੋਂ ਦਿਤੀ ਗਈ ਦਲੀਲ਼ ਸਵੀਕਾਰ ਕਰ ਲਈ ਜਾਏ ਤਾਂ ਸੁਆਲ ਉਠਦਾ ਹੈ ਕਿ ਜਿਨ੍ਹਾਂ ਮੰਗਾਂ ਦੇ ਮੰਨਣ ਦਾ ਐਲਾਨ ਸੰਸਦ ਵਿੱਚ ਕੀਤੇ ਜਾਣ ਦੀ ਮੰਗ ਉਨ੍ਹਾਂ ਨੇ ਰਾਜੀਵ-ਸਰਕਾਰ ਪਾਸੋਂ ਕੀਤੀ ਸੀ, ਉਹੀ ਮੰਗਾਂ ਮੰਨਣ ਦਾ ਐਲਾਨ, ਉਨ੍ਹਾਂ ਨੇ, ਉਨ੍ਹਾਂ ਸਰਕਾਰਾਂ ਪਾਸੋਂ ਕਿਉਂ ਨਹੀਂ ਕਰਵਾਇਆ, ਜਿਨ੍ਹਾਂ ਵਿੱਚ ਉਹ ਲੰਮਾਂ ਸਮਾਂ ਭਾਈਵਾਲ ਬਣਦੇ ਚਲੇ ਆਏ ਸਨ।
….ਅਤੇ ਅੰਤ ਵਿੱਚ : ਰਾਜਸੀ ਮਾਹਿਰਾਂ ਅਨੁਸਾਰ ਇਹ ਗਲ ਉਨ੍ਹਾਂ ਦੇ ਗਲੇ ਨਹੀਂ ਉਤਰ ਰਹੀ ਕਿ ਜਦ ਕਿ ਸ| ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹੀ ਸਮਝੌਤੇ ਦਾ ਵਿਰੋਧ ਕਰਦੇ ਚਲੇ ਆ ਰਹੇ ਹਨ ਤਾਂ ਫਿਰ ਉਹ ਕਿਵੇਂ ਸਮਝੌਤਾ ਲਾਗੂ ਨਾ ਕਰਨ ਦਾ ਦੋਸ਼ ਕੇਂਦਰ ਦੀ ਕਾਂਗ੍ਰਸ ਸਰਕਾਰ ਪੁਰ ਲਾਕੇ ਆਪ ਸੱਚਿਆਂ ਬਣਨ ਦਾ ਭਰਮ ਪੈਦਾ ਕਰ ਸਕਦੇ ਹਨ।
Mobile : + 91 98 68 91 77 31
E-mail : jaswantsinghajit@gmail.comAddress : Jaswant Singh ‘Ajit’,  64-C, U&V/B, Shalimar Bagh, DELHI-110088

 

Translate »