November 10, 2011 admin

ਸੈੱਲ ਫੋਨ ਤੇ ਥਾਪੀ

ਅੱਜ ਕ੍ਹਲ ਹਰ ਜਣਾ ਖਣਾ ਸੈੱਲ ਫੋਨ ਚੁੱਕੀ ਫਿਰਦਾ ਹੈ ਪਰ ਜਿਨਾਂ ਸਮਿਆਂ ਵਿੱਚ ਵੀਹਵੀਂ  ਸਦੀ ਦਮ ਤੋੜ ਰਹੀ  ਸੀ, ਇਹ ਅਜੇ ਉਚ ਵਰਗ ਤੋਂ ਮਧ ਵਰਗ ਵੱਲ ਸਰਕਣਾ ਸ਼ੁਰੂ ਹੀ ਹੋਇਆ ਸੀ। ਇਸ ਵਰਗ ਦੀਆਂ ਸੁਆਣੀਆਂ ਘਰਵਾਲਿਆਂ ਅੱਗੇ ਬਸੂੰਗਰਨ ਲੱਗ ਪਈਆਂ, "ਸੈੱਲ ਫੋਨ ਲੈ ਕੇ ਦਿਓ ਨਹੀਂ ਤਾਂ ਸਾਲ ਭਰ ਪਿਉਕੇ ਨਹੀਂ ਜਾਵਾਂਗੀ।" ਇਹ ਤਾਂ ਬਹੁਤ ਵੱਡੀ ਧਮਕੀ ਸੀ ਤੇ ਇਸ ਦਾ ਇਛਤ ਪਰਿਣਾਮ ਵੱਟ ਤੇ ਪਿਆ ਸੀ। ਸਾਡੀ ਵਾਕਿਫ਼ਕਾਰਾ ਜਗਜੋਤ ਕੌਰ ‘ਤੇ ਇਹ ਭੂਤ ਸਵਾਰ ਹੋਇਆ ਤਾਂ ਉਸਦੇ ਪਤੀ ਹਰਕੀਰਤ ਸਿੰਘ ਕੋਲ ਕੋਈ ਹੋਰ ਚਾਰਾ ਨਹੀਂ  ਸੀ। ਉਸਦਾ ਭਾਣਾ ਮੰਨਣ ਵਿਚ ਵਿਸ਼ਵਾਸ ਹੈ। ਸੋ ਜੋ ਹੋਣਾ ਸੀ ਹੋਇਆ।   ਸੈੱਲ ਫੋਨ ਦੀਆਂ ਸ਼ਾਨਾਂ ਹੀ ਹੋਰ ਹਨ। ਕੰਨ ਨੂੰ ਠੀਕ ਐਂਗਲ ਤੇ ਲਾਇਆ ਹੋਵੇ ਤਾਂ ਉਂਗਲਾਂ ਦੀਆਂ ਅੰਗੂਠੀਆਂ, ਬਾਹਵਾਂ ਦੀਆਂ ਵੰਗਾਂ, ਕੰਨਾਂ ਦੇ ਬੁੰਿਦਆਂ ਤੇ ਨੱਕ ਦੇ ਕੋਕੇ ਦਾ ਇਕ-ਵਾਰਗੀ ਸਮੱਗਰ ਪ੍ਰਦਰਸ਼ਨ ਹੋ ਜਾਂਦਾ ਹੈ; ਡਿਗਣ ਡਿਗਣ ਕਰਦਾ ਦਰਸ਼ਕ ਆਖਰ ਖਤਾਨ ਚ ਜਾ ਪੈਂਦਾ ਹੈ; ਨੋਟਾਂ ਤੋਂ ਬਿਨਾਂ ਵੀ ਪਰਸ ਭਾਰਾ ਭਾਰਾ ਲਗਦਾ ਹੈ ਤੇ ਤਨਹਾਈ ਨਾਮ ਦੀ ਚੀਜ਼ ਦਾ ਨਾਮੋਂ-ਨਿਸ਼ਾਨ ਨਹੀਂ ਰਹਿੰਦਾ । ਸਾਡੀ ਜਗਜੋਤ ਕੌਰਾ  ਨੇ 7 ਮਹਾਂਦੀਪਾਂ ਵਿਚ ਵਸੀਆਂ ਉਜੜੀਆਂ ਆਪਣੀਆਂ 360 ਸਹੇਲੀਆ ਨੂੰ ਇਸ ਸੈੱਲ ਫੋਨ ਦਾ ਨੰਬਰ ਲਿਖਵਾ ਦਿੱਤਾ।

ਉਹ ਤਾਰ ਵਾਲੇ ਫੋਨ ਤੋਂ ਬੋਰ ਹੋ ਚੁਕੀ ਸੀ ਜੋ  ਕੀਲੇ ਬੱਝੇ ਕੱਟੇ ਵਾਂਗ ਸੀ। ਇਹ ਕੀ ਹੋਇਆ ਮੰਜੇ ਕੁ ਦੀ ਵਿੱਥ ਤੋਂ ਪਰੇ ਬੰਦਾ ਇਸ ਨੂੰ ਲਿਜਾ ਹੀ ਨਹੀਂ ਸਕਦਾ। ਇਸਦੇ ਟਾਕਰੇ ਇਸ ਲੰਡੇ ਫੋਨ ਨੂੰ ਤਾਂ ਭਾਵੇਂ ਅਸਮਾਨ ਤੇ ਚੁਕ ਲਿਜਾਵੋ। ਉਸਨੇ ਮੰਜੇ ਦੇ ਹੇਠਾਂ, ਰਜਾਈ ਦੇ ਅੰਦਰ, ਪੌੜੀਆਂ ਦੇ ਗੱਭੇ, ਗੁਸਲਖਾਨੇ ਤੇ ਸੰਢਾਸ ਦੇ ਅੱਧ-ਵਿਚਕਾਰ, ਤੇ ਵਿਹੜੇ ਵਿੱਚ ਉਗੇ ਸਫ਼ੈਦੇ ਦੇ ਉਤੇ, ਗੱਲ ਕੀ ਘਰ ਦੇ ਹਰ ਖਲ ਖੁੰਜੇ, ਉਤੇ ਭੁੰਨੇ ਵੜ ਚੜ੍ਹ ਕੇ ਆਪਣੀਆਂ ਸਹੇਲੀਆਂ ਦਾ ਮਗ਼ਜ਼ ਖਾਧਾ ਤੇ ਆਪਣਾ ਖੁਆਇਆ। ਫਿਰ ਘਰੋਂ ਬਾਹਰੀ ਦੁਨੀਆ : ਖੜਾ ਰਿਕਸ਼ਾ, ਚਲਦੀ ਬੱਸ, ਚ੍ਹੜਦਾ ਉਤਰਦਾ ਲਿਫ਼ਟ, ਦੁਕਾਨ, ਬੀਆਬਾਨ, ਕਬਰਿਸਤਾਨ ਚ ਜਾਕੇ ਇਸਨੂੰ ਅਜ਼ਮਾਇਆ । ਏਥੋਂ ਤਕ ਕਿ ਅਨੰਦ ਕਾਰਜ, ਸਤਸੰਗ, ਕਿੱਟੀ ਪਾਰਟੀ ਤੇ ਮੌਨ ਸਭਾ ਵਿੱਚ ਵੀ ਇਸਦਾ ਪਰੀਖਣ ਕੀਤਾ। ਉਹ ਪੁਲਾੜ ਵਿਚ ਉਡ ਸਕਦੀ ਹੁੰਦੀ ਤਾਂ ਇਸਦੀ ਅਜ਼ਮਾਇਸ਼ ਨੂੰ ਹੋਰ ਵਿਸਤਾਰ ਮਿਲ ਜਾਣਾ ਸੀ। ਉਹ ਇਸਦੀ ਉਪਯੋਗਤਾ ਤੋਂ ਅਸ਼ ਅਸ਼ ਕਰ ਉਠੀ। ਉਸਦੇ ਪੈਰ ਜ਼ਮੀਨ ਤੇ ਨਾ ਲਗਦੇ। ਸਾਰਾ ਸੰਸਾਰ ਉਸਦੀ ਮੁਠੀ ਵਿੱਚ ਆ ਗਿਆ ਸੀ। ਫੋਨ ਤੋਂ ਵਿਹਲ ਨਾ ਮਿਲਣ ਕਾਰਨ ਉਸਨੇ ਇਕ ਮਾਈ ਰੱਖ ਲਈ ਕੱਪੜੇ ਧੋਣ ਲਈ। ਮਾਈ-ਵਰਗ ਅਜੇ ਤਕ ਸੈੱਲ ਫੋਨ ਤੋਂ ਵਿਰਵਾ ਹੀ ਸੀ। ਇਸ ਵਰਗ ਤਕ ਅਪੜਨ ਲਈ ਇਸ ਜੰਤਰ ਨੇ 21ਵੀਂ ਸਦੀ ਦੀ ਉਡੀਕ ਕੀਤੀ।
 
 ਰੱਬ ਦੀ ਕੀ ਕਰਨੀ ਹੋਈ ਕਿ ਮਾਈ ਦੋ ਕੁ ਦਿਨ ਕੰਮ ਕਰਕੇ ਮੁੜ ਨਾ ਬਹੁੜੀ। ਅਜੇ ਤਾਂ ਜਗਜੋਤ ਕੌਰ ਦਾ ਸੈੱਲ ਫੋਨ ਦਾ ਚਾਅ ਨਹੀਂ ਸੀ ਲੱਥਾ, ਗੱਡਾ ਮੈਲੇ ਕੱਪੜਿਆਂ ਦਾ ਜਮਾਂ ਹੋ ਗਿਆ। ਉਹ ਪਰੇਸ਼ਾਨ ਹੋ ਗਈ। ਉਸ ਨੇ ਆਪਣੀ ਪਰੇਸ਼ਾਨੀ ਪਤੀ ਨਾਲ ਸਾਂਝੀ ਕੀਤੀ।  ਉਸਨੇ ਦੱਸਿਆ ਕਿ ਮਾਈ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਹੈ ਕਿ ਕੱਪੜੇ ਧੋਂਦੀ ਧੋਂਦੀ ਵਿੱਚੇ ਛੱਡਕੇ ਭਜ ਗਈ ਹੈ। ਏਡੀ ਗੁਸਤਾਖ ਨਿਕਲੀ ਕਿ ਨਾ ਅਜੇ ਤਕ ਮੁੜਕੇ ਆਈ ਨਾ ਕੋਈ ਪਤਾ ਸਤਾ ਦਿਤਾ। "ਹੁਣ ਜ਼ਮਾਨਾ ਬਦਲ ਗਿਆ ਹੈ। ਇਹ ਮਾਈ, ਨੌਕਰ ਚਾਕਰ ਟਿਕਾਊੁ ਮਾਲ ਨਹੀਂ ਰਿਹਾ। ਇਨ੍ਹਾਂ ਨੂੰ ਪੁਚਕਾਰ ਕੇ ਰਖਣਾ ਚਾਹੀਦਾ ਹੈ।" ਪਤੀ ਨੇ ਟਿੱਪਣੀ ਕੀਤੀ। ਹਰਕੀਰਤ ਸਿੰਘ ਦੇ ਦੋਸਤ ਮਹਿੰਦਰ ਸਿੰਘ ਦੇ ਘਰ ਵੀ ਏਹੀ ਮਾਈ ਲੱਗੀ ਹੋਈ ਸੀ । ਅਸਲ ਵਿੱਚ ਮਹਿੰਦਰ ਸਿੰਘ ਨੇ ਹੀ ਉਸ ਨੂੰ ਜਗਜੋਤ ਕੌਰ ਦੇ ਘਰ ਰਖਵਾਇਆ ਸੀ। ਸਲਾਹ ਬਣੀ ਕਿ ਫੋਨ ਖੜਕਾ ਕੇ ਉਸੇ ਤੋਂ ਪੁੱਛਿਆ ਜਾਵੇ।

ਮਹਿੰਦਰ ਸਿੰਘ ਨਾਲ ਗੱਲ ਕਰਨ ਲਈ ਹਰਕੀਰਤ ਸਿੰਘ ਨੇ ਜਗਜੋਤ ਕੌਰ ਤੋਂ ਹਥਲੇ ਫੋਨ ਦੀ ਮੰਗ ਕੀਤੀ ਤਾਂ ਉਹ ਹੱਥ ਪਿਛੇ ਨੂੰ ਖਿੱਚਣ ਲੱਗੀ। ਇਸਤੋਂ ਕੁਝ ਘੜੀਆਂ ਵੀ ਵੱਖ ਹੋਣ ਨਾਲ ਉਹ ਦੁਨੀਆ ਤੋਂ ਕੱਟੀ ਜਾ ਸਕਦੀ ਸੀ। ਸੈੱਲ ਫੋਨ ਹੁਣ ਉਸਦਾ ਦੂਜਾ ਮੂੰਹ ਤੇ ਪਹਿਲੀ ਜ਼ਬਾਨ ਸੀ । ਨੇੜੇ ਤੇੜੇ ਦੇ ਕਿਸੇ ਫੋਨਹੀਣ ਬੰਦੇ ਲਈ ਉਹ ਹੁਣ ਜੀਭ ਨੂੰ ਕਸ਼ਟ ਨਹੀਂ ਸੀ ਦੇਂਦੀ। ਉਸਦੀ ਗੱਲਬਾਤ ਦੂਰਵਰਤੀ ਲੋਕਾਂ ਨਾਲ ਸੀ। ਉਹ ਹੁਣ ਗਲੋਬਲ ਪਧਰ ਤੇ ਵਿਚਰਦੀ ਸੀ। ਸੈੱਲ ਫੋਨ ਤੋਂ ਬਿਨਾਂ  ਉਸਦੇ ਹੱਥਾਂ ਦੇ ਤੋਤੇ ਉੜ ਜਾਣੇ ਸਨ, ਮੂੰਹ ਅੱਡਿਆ ਰਹਿ ਜਾਣਾ ਸੀ ਤੇ ਕੰਨ ਸੁੰਨੇ ਹੋ ਜਾਣੇ ਸਨ। "ਤੁਸੀ ਔਹ ਕਾਲਾ ਫੋਨ ਚੱਕ ਲਵੋ ਜੀ, ਇਹ ਤਾਂ ਹੁਣ ਮੇਰੇ ਹੱਥ ਪਿਆ ਹੋਇਆ ਹੈ"। ਪਤੀ ਦੇਵ ਸਮਝ ਗਏ ਕਿ ਤ੍ਰੀਮਤ ਹੁਣ ਹਵਾਵਾਂ ਵਿੱਚ ਆ ਗਈ ਹੈ ਤੇ ਇਸਦੀ ਕੁਝ ਫੂਕ ਕੱਢਣ ਦਾ ਇਹ ਢੁਕਵਾਂ ਸਮਾਂ ਹੈ,"ਚੰਗਾ, ਮੈਂ ਜ਼ਰਾ ਬੰਬਈ ਚੱਲਿਆਂ, ਬਿਜ਼ਨੈਸ ਦੇ ਕੰਮ ਲਈ, ਹਫਤਾ ਕੁ ਲੱਗ ਜਾਵੇਗਾ।" ਜਗਜੋਤ ਕੌਰ ਫੌਰਨ ਪਤੀ ਦਾ ਮੂਡ ਤਾੜ ਗਈ।

ਉਸਨੂੰ ਪਤੀ ਦੀ ਮਹਤੱਤਾ ਅਤੇ ਫ਼ਾਇਦੇਮੰਦੀ ਦਾ ਤੀਬਰ ਅਹਿਸਾਸ ਸੀ। ਉਹ ਕਚੂਚ ਤਾਂ ਹੋਈ ਪਰ ਹਥਿਆਰ ਸੁੱਟਣੇ ਪਏ, "ਤੁਸੀਂ ਤਾਂ ਗੁੱਸਾ ਹੀ ਕਰ ਗਏ, ਆਹ ਚੁਕੋ" ਮੋਢੇ ਸਿਕੋੜ ਕੇ ਉਹ ਖਾਲੀ ਹੋਏ ਹੱਥ ਮਲਣ ਲੱਗ ਪਈ। ਉਸ ਨੂੰ ਆਪਣੀ ਆਤਮਾ ਖੁੱਸੀ ਖੁੱਸੀ ਲੱਗੀ ਤੇ ਦੇਹ ਨੂੰ ਤੋੜੋਖੋਈ ਮਹਿਸੂਸ ਹੋਈ। ਪਤੀ ਮਹਿੰਦਰ ਸਿੰਘ ਨਾਲ ਗੱਲਬਾਤ ਵਿੱਚ ਰੁਝਾ ਤਾਂ ਉਹ ਅਵਾਕ ਫੋਨ ਵੱਲ  ਝਾਕਦੀ ਰਹੀ। ਦੋਹਾਂ ਵਿਚਕਾਰ ਵਾਰਤਾਲਾਪ ਇਸ ਪ੍ਰਕਾਰ ਹੋਈ:

ਹਰਕੀਰਤ ਸਿੰਘ: ਹੈਲੋ, ਮਹਿੰਦਰ ਸਿੰਘ ਕੀ ਹਾਲ ਬਣਾ ਰੱਖਿਆ ਹੈ?
 
ਮਹਿੰਦਰ ਸਿੰਘ: ਹਾਲ ਬੇਹਾਲ ਹੈ, ਸਰਦਾਰਨੀ ਲਈ ਸੈੱਲ ਫੋਨ ਖਰੀਦਣ ਚੱਲੇ ਸੀ।
 
ਹਰਕੀਰਤ ਸਿੰਘ: ਇਹ ਕੰਮ ਨਾ ਹੀ ਕਰੇਂ ਤਾਂ ਚੰਗਾ ਹੈ, ਪੈਰ ਲੋਹੇ ਦੇ ਹਨ ਤਾਂ ਕਰ ਵੀ ਸਕਦਾ ਹੈਂ ਕਿਉਂਕਿ ਇਹ ਆਪਣੇ ਪੈਰੀਂ ਕੁਹਾੜਾ ਮਾਰਨ ਵਾਲ ਗੱਲ ਹੈ।
 
ਮਹਿੰਦਰ ਸਿੰਘ: ਓ ਮਾਰ ਗੋਲੀ , ਮੈਂ ਤਾ ਸੱਚ ਯਾਰ ਤੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਸੀ, ਜਕਦਾ ਹੀ ਰਹਿ ਗਿਆ।
 
ਹਰਕੀਰਤ ਸਿੰਘ: ਮੈਂ ਵੀ ਜ਼ਰੂਟੀ ਗੱਲ ਲਈ ਹੀ ਫੋਨ ਕੀਤਾ ਸੀ, ਚੱਲ ਪਹਿਲਾਂ ਤੂੰ ਕਰ ਲੈ।
 
ਮਹਿੰਦਰ ਸਿੰਘ: ਭਰਜਾਈ ਦਾ ਦੱਸ ਯਾਰ ਕੀ ਹਾਲ ਹੈ?
 
ਹਰਕੀਰਤ ਸਿੰਘ: ਬੋਲਣਵਾ ਲੱਗਾ ਹੋਇਆ, ਟਪੂਸੀਆਂ ਮਾਰਦੀ ਫਿਰਦੀ ਹੈਂ, ਕੀ ਦੱਸਾਂ ਤੈਨੂੰ।
 
ਮਹਿੰਦਰ ਸਿੰਘ: ਏਹੀ ਮੈਂ ਪੁਛਣਾ ਸੀ, ਕਦੋਂ ਕੁ ਦੀ ਲੱਗੀ ਇਹ ਬੀਮਾਰੀ ?
 
ਹਰਕੀਰਤ ਸਿੰਘ: ਜਦ ਦਾ ਆਹ ਸੈੱਲ ਫੋਨ ਲਿਆ ।
 
ਮਹਿੰਦਰ ਸਿੰਘ: ਕਿੰਨੇ ਕੁ ਦੌਰੇ ਪੈਂਦੇ ਹਨ?
 
ਹਰਕੀਰਤ ਸਿੰਘ: ਹਮੇਸ਼ਾ ਦੌਰੇ ਵਿਚ ਹੀ ਰਹਿੰਦੀ ਹੈ।
 
ਮਹਿੰਦਰ ਸਿੰਘ: ਕਿਤੇ ਦਿਖਾਇਆ ਇਸ ਨੂੰ? ਧਿਆਨ ਰੱਖ ਯਾਰ ਬੀਮਾਰੀ ਵਧ ਸਕਦੀ ਹੈ।
 
ਹਰਕੀਰਤ ਸਿੰਘ: ਸੋਚਦਾਂ ਸਲੋਤਰਖਾਨੇ ਲਿਜਾਣ ਦੀ, ਪਰ ਛੱਡ  ਤੂੰ ਹੁਣ ਦੱਸ ਉਹ ਮਾਈ ਕਿੱਥੇ ਹੈ? ਸਾਡੇ ਅਚਾਨਕ ਆਉਣੋ ਕਿਉਂ ਹਟ ਗਈ?

ਮਹਿੰਦਰ ਸਿੰਘ: ਯਾਰ ਤੂੰ ਮਖੌਲ ਸਮਝਦਾਂ ਤੈਨੂੰ ਮਾਈ ਸੁਝਦੀ ਹੈ? ਮਾਈ ਨੇ ਹੀ ਤਾਂ ਮੈਨੂੰ ਦੱਸਿਆ ਭਰਜਾਈ ਦੀ ਬੀਮਾਰੀ ਬਾਰੇ।
 
ਹਰਕੀਰਤ ਸਿੰਘ: ਸਾਡੇ ਤਾਂ ਏਧਰ ਕਪੜਿਆਂ ਦੇ ਢੇਰ ਲੱਗ ਗਏ ਹਨ ਭੇਜ ਯਾਰ ਮਾਈ ਨੂੰ ਫਟਾ ਫਟ ਨਹੀਂ ਤਾਂ ਤੀਵੀਂ ਆਪਣੀ ਨੇ ਸਿਰ ਤੇ ਚੁਕ ਲੈਣਾ ਘਰ ਤੇ ਪਿਉਕੇ ਵੀ ਨਹੀਂ ਜਾਣਾ।
 
ਮਹਿੰਦਰ ਸਿੰਘ: ਅਜੀਬ ਆਦਮੀ ਏਂ ਯਾਰ, ਏਨਾ ਨੌਨ-ਸੀਰੀਅਸ। ਘਰ ਵਾਲੀ ਬੀਮਾਰ ਪਈ ਏ ਤੇ ਤੂੰ ਮਾਈ ਮਾਈ ਦੀ ਰੱਟ ਲਾ ਰੱਖੀ ਹੈ।
 
ਹਰਕੀਰਤ ਸਿੰਘ: ਸੱਚ ਮਾਈ ਨੇ ਕੀ ਦੱਸਿਆ ਸੀ?
 
ਮਹਿੰਦਰ ਸਿੰਘ: ਏਹੀ ਕਿ ਭਰਜਾਈ ਦਾ ਦਿਮਾਗ ਕੁਝ ਹਿੱਲ ਗਿਆ ਹੈ।
 
ਹਰਕੀਰਤ ਸਿੰਘ: ਹੈਂ ਮਾਈ ਸਹੁਰੀ ਨੇ ਇਹ ਸ਼ਬਦ ਵਰਤੇ?
 
ਮਹਿੰਦਰ ਸਿੰਘ: ਹੋਰ ਕੀ ਸ਼ਬਦ ਵਰਤਦੀ? ਵੈਸੇ ਵੀ ਇਨ੍ਹਾਂ ਵਿਚਾਰੀਆਂ ਦੀ ਡਿਕਸ਼ਨਰੀ ਕਮਜ਼ੋਰ ਹੀ ਹੁੰਦੀ ਹੈ।
 
ਹਰਕੀਰਤ ਸਿੰਘ: ਹੈਂ, ਮੈਨੂੰ ਠੀਕ ਠੀਕ ਦੱਸ ਮਾਈ ਨੇ ਕੀ ਦੱਸਿਆ ਸੀ।
 
ਮਹਿੰਦਰ ਸਿੰਘ: ਉਸਨੇ ਦੱਸਿਆ ਕਿ ਉਹ ਉਸ ਦਿਨ ਤੁਹਾਡੇ ਵਿਹੜੇ ਵਿਚ ਕੱਪੜੇ ਧੋ ਰਹੀ ਸੀ।
 
ਹਰਕੀਰਤ ਸਿੰਘ: ਹਾਂ ਉਹ ਤਾਂ ਸੀ ਹੀ ।
 
ਮਹਿੰਦਰ ਸਿੰਘ: ਭਰਜਾਈ  ਵਿਹੜੇ ਵਿਚ ਕੋਸੀ ਕੋਸੀ ਧੁਪੇ ਮੰਜਾ ਡਾਹ ਕੇ ਬੈਠੀ ਕਿਤਾਬ ਪ੍ਹੜ ਰਹੀ ਸੀ । ਫਿਰ ਅਚਾਨਕ ਉਸ ਨੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ।
 
ਹਰਕੀਰਤ ਸਿੰਘ: ਫੇਰ?
 
ਮਹਿੰਦਰ ਸਿੰਘ: ਫਿਰ ਅਚਾਨਕ ਤੇਜ਼ ਤੇਜ਼ ਤੇ ਉਚੀ ਉਚੀ ਗੱਲਾਂ ਕਰਨ ਲੱਗ ਪਈ ਤੇ ਜ਼ੋਰ ਜ਼ੋਰ ਦੀ ਹੱਸਣ ਲੱਗ ਪਈ ।
 
ਹਰਕੀਰਤ ਸਿੰਘ:ਵਾਹ ਵਾਹ ਅੱਗੇ!
 
ਮਹਿੰਦਰ ਸਿੰਘ: ਅੱਗੇ ਕੀ, ਫਿਰ ਤਾਂ ਉਹ ਆਪਣੇ ਆਪ ਨਾਲ ਗੱਲਾਂ ਕਰਦੀ ਕਰਦੀ ਮੰਜੇ ਤੋਂ ਉਠਕੇ ਵਿਹੜੇ ਵਿੱਚ ਘੁੰਮਣ ਲੱਗ ਪਈ। ਫਿਰ ਦੌਰੇ ਆਈ ਨੱਸਣ ਭੱਜਣ ਲੱਗ ਪਈ, ਕਦੀ ਐਸ ਖੂੰਜੇ ਕਦੀ ਔਸ ਖੂੰਜੇ; ਸਫੈਦੇ ਚ ਲੱਗਕੇ ਡਿਗਣੋਂ ਵੀ ਮਸਾਂ ਬਚੀ।

ਹਰਕੀਰਤ ਸਿੰਘ: ਕਮਾਲ ਹੋ ਗਈ।
 
ਮਹਿੰਦਰ ਸਿੰਘ: ਮਾਈ ਡਰ ਗਈ, ਡਰਨਾ ਹੀ ਸੀ, ਉਹ ਸਮਝ ਗਈ ਬੀਬੀ ਜੀ ਸ਼ੁਦਾਈ ਹੋ ਗਏ ਹਨ ਕਿਤੇ ਉਸ ਤੇ ਹਮਲਾ ਹੀ ਨਾ ਕਰ ਦੇਣ । ਯਾਰ ਪਹਿਲਾਂ ਵੀ ਕਦੀ ਦੌਰਾ ਪਿਆ ?
 
ਹਰਕੀਰਤ ਸਿੰਘ: ਤੂੰ ਅਜੇ ਪੂਰੀ ਗੱਲ ਸੁਣਾ।
 
ਮਹਿੰਦਰ ਸਿੰਘ: ਜਿਵੇਂ ਉਸ ਨੇ ਦੱਸਿਆ ਹੈ, ਪਹਿਲਾਂ ਤਾਂ ਮਾਈ ਨੇ ਸੋਚਿਆ ਕਿ ਥਾਪੀ ਉਸ ਦੇ ਕੋਲ ਹੈ, ਲੋੜ ਵੇਲੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਸ ਨੇ ਥਾਪੀ ਘੁਟ ਕੇ ਫੜ ਲਈ ਤੇ ਉਪਰ ਨੂੰ ਖੜੀ ਕਰ ਲਈ ਪਰ ਫਿਰ ਉਸਨੇ ਸੋਚਿਆ ਕਿ ਕਿਸੇ ਵੀ ਹਾਲਤ ਵਿੱਚ ਬੀਬੀ ਜੀ ਨਾਲ ਟੱਕਰ ਲੈਣ ਵਾਲੀ ਗੱਲ ਸੋਭਦੀ ਨਹੀਂ। ਉਹ ਦਹਿਲੀ ਪਈ ਸੀ, ਉਸਨੇ ਸ਼ੂਟ ਵੱਟੀ ਤੇ ਘਰ ਨੂੰ ਦੌੜ ਆਈ।
 
ਹਰਕੀਰਤ ਸਿੰਘ: ਹੱਦ ਹੋ ਗਈ। ਦਾਲ ਵਿਚ ਕੁਝ ਕਾਲਾ ਕਾਲਾ ਹੈ, ਤੂੰ ਮਾਈ ਨੂੰ ਛੇਤੀ ਲੈ ਕੇ ਆ। ਆਪਾਂ ਗੱਲ ਸਾਫ ਕਰਦੇ ਹਾਂ। ਇਹ ਕਹਿ ਕੇ ਉਸਨੇ ਫੋਨ ਬੰਦ ਕਰ ਦਿੱਤਾ ਤੇ ਆਪਣੀ ਪਤਨੀ ਵੱਲ ਵਗਾਹ ਕੇ ਮਾਰਿਆ। ਉਹ ਗੁੱਸੇ ਚ ਤਮਕਿਆ, "ਚੱਕੀ ਹੋਈ ਸੈੱਲ ਫੋਨਾਂ ਦੀ, ਜ਼ਰਾ ਧਰਤੀ ਤੇ ਪੈਰ ਰੱਖ, ਮਾਈ ਵਾਲਾ ਚੰਦ ਤੇਰਾ ਹੀ ਚੜ੍ਹਾਇਆ ਹੋਇਆ ਲਗਦਾ।"ਮੈਂ ਤਾਂ ਮਾਈ ਨੂੰ ਕੁਝ ਨਹੀਂ ਕਿਹਾ, ਤੁਸੀਂ ਗੁੱਸਾ ਕਰੋਗੇ, ਪਰ ਮੈਂ ਤਾਂ ਉਸ ਦਿਨ ਫੋਨ ਵਿਚ ਬੀਜ਼ੀ ਸੀ, ਮੈਂ ਤਾਂ ਮਾਈ ਵੱਲ ਝਾਕਿਆ ਵੀ ਨਹੀਂ। ਪਰ ਦੱਸੋ ਮਹਿੰਦਰ ਸਿੰਘ ਨੇ ਕੀ ਕਿਹਾ?"ਤਦ ਹਰਕੀਰਤ ਸਿੰਘ ਨੇ ਮਹਿੰਦਰ ਸਿੰਘ ਨਾਲ ਹੋਈ ਸਾਰੀ ਵਾਰਤਾਲਾਪ ਸੁਣਾ ਦਿੱਤੀ।

ਜਗਜੋਤ ਕੌਰ ਨੇ ਸੁੱਟਿਆ ਹੋਇਆ ਫੋਨ ਚੁਕਿਆ, ਉਹ ਮਸੀਂ ਡਿਗਦੀ ਡਿਗਦੀ ਬਚੀ। ਉਹ ਏਨਾ ਹੱਸੀ ਕਿ ਲਗਦਾ ਸੀ ਕਿ ਹੁਣ ਜ਼ਰੂਰ ਪਾਗਲ ਹੋ ਜਾਵੇਗੀ। ਫਿਰ ਉਸਨੇ ਦੱਸਿਆ ਕਿ ਉਸ ਦਿਨ ਅਸਲ ਵਿਚ ਥੋੜੀ ਥੋੜੀ ਠੰਡ ਸੀ । ਉਹ ਆਪਣੇ ਸ਼ਾਲ ਦੇ ਹੇਠਾਂ ਅਤੇ ਕੰਨ ਦੇ ਵਿਚਕਾਰ ਫੋਨ ਰੱਖਕੇ ਆਪਣੀਆਂ  ਸਹੇਲੀਆਂ ਨਾਲ ਗੱਲਾਂ ਕਰ ਰਹੀ ਸੀ। ਮਿਸਿਜ਼ ਮਲਹੋਤਰਾ ਫਿਨਲੈਂਡ ਤੋਂ ਏਨੇ ਦਿਲਚਸਪ ਚੁਟਕਲੇ ਸੁਣਾ ਰਹੀ ਸੀ ਕਿ ਉਹ ਹੱਸ ਹੱਸ ਦੂਹਰੀ ਹੋ ਗਈ ਤੇ ਉਨਮਾਦ ਵਿਚ ਏਧਰ ਉਧਰ ਦੌੜਨ ਲੱਗੀ। ਮਾਈ ਨੇ ਸਮਝਿਆ ਹੋਣਾ ਕਿ ਮੈਂ ਪਾਗਲ ਹੋ ਗਈ ਹਾਂ, ਉਸ ਵਿਚਾਰੀ ਨੂੰ ਅਜੇ ਕੀ ਪਤਾ ਕਿ ਸੈੱਲ ਫੋਨ ਕੀ ਸ਼ੈਅ ਹੁੰਦੀ ਹੈ। ਮੈਨੂੰ ਚੰਗੀ ਭਲੀ ਨੂੰ ਪਾਗਲ ਬਣਾ ਦਿੱਤਾ। ਆਵੇ ਸਹੀ ਮੈਂ ਥਾਪੀਆਂ ਨਾਲ ਕੁੱਟਾਂਗੀ ਉਸਨੂੰ।….. ਤੇ ਮਾਈ ਬੂਹੇ ਤੇ ਆ ਗਈ ਸੀ, ਖੜੀ ਸੀ, ਡਰੀ ਹੋਈ, ਸਹਿਮੀ ਹੋਈ। ਥਾਪੀ ਉਸਦੇ ਕੋਲ ਸੀ।

ਬਲਜੀਤ ਬਾਸੀ

Translate »