November 10, 2011 admin

ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਸੁਰਜੀਤ ਕਰਨ ਦੀ ਚਰਚਾ?

ਕੁਝ ਦਿਨ ਹੋਏ ਹਨ ਕਿ ਮੀਡੀਆ ਵਿੱਚ ਇਕ ਖਬਰ ਆਈ ਸੀ, ਜਿਸ ਵਿੱਚ ਦਸਿਆ ਗਿਆ ਸੀ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁਝ ਪੁਰਾਣੇ ਅਤੇ ਸੀਨੀਅਰ ਮੁੱਖੀਆਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਇਕਾਈਆਂ ਸਥਾਪਤ ਕਰਕੇ, ਸਿੱਖ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਰਾਜਨੈਤਿਕ ਅਤੇ ਧਾਰਮਕ ਪੱਖੋਂ ਲਾਮਬੰਦ ਕੀਤਾ ਜਾਏ ਅਤੇ ਇਸਤਰ੍ਹਾਂ ਨਵੀਂ ਵਿਦਿਆਰਥੀ ਲਹਿਰ ਅਰੰਭ ਕਰ ਦਿਤੀ ਜਾਏ। ਖਬਰਾਂ ਅਨੁਸਾਰ ਇਸ ਕਾਰਜ ਦੀ ਅਰੰਭਤਾ ਕਰਨ ਵਾਲੇ ਇਨ੍ਹਾਂ ਮੁੱਖੀਆਂ ਵਲੋਂ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਜੇ ਉਹ ਇਸ ਮਿਸ਼ਨ ਨੂੰ ਕਾਮਯਾਬ ਕਰਨ ਵਿੱਚ ਸਫਲ ਹੋ ਜਾਂਦੇ ਹਨ ਤਾਂ ਵੱਖ-ਵੱਖ ਧੜਿਆਂ ਵਿੱਚ ਵੰਡੀ ਹੋਈ ਫੈਡਰੇਸ਼ਨ ਇਕ ਸਾਂਝੇ ਪਲੇਟਫਾਰਮ ਤੇ ਇਕੱਠੀ ਹੋ ਜਾਇਗੀ, ਜੋ ਕਲਪਨਾ ਤੋਂ ਵੱਧ ਨਹੀਂ, ਕਿਉਂਕਿ ਅਜ ਫੈਡਰੇਸ਼ਨ ਦੇ ਜੋ ਵੱਖ-ਵੱਖ ਧੜੇ ਹੋਂਦ ਵਿੱਚ ਨਜ਼ਰ ਆ ਰਹੇ ਹਨ, ਉਹ ਕਿਸੇ ਸਿਧਾਂਤ ਤੇ ਅਧਾਰਤ ਨਹੀਂ, ਉਨ੍ਹਾਂ ਸਾਹਮਣੇ ਇਕੋ-ਇਕ ਉਦੇਸ਼ ਫੈਡਰੇਸ਼ਨ ਦੇ ਨਾਂ ਤੇ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕਣਾ ਹੈ, ਖੈਰ ਅਸੀਂ ਗਲ ਕਰ ਰਹੇ ਸੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮੁੜ ਸੁਰਜੀਤ ਕਰ, ਸਾਰੇ ਧੜਿਆਂ ਨੂੰ ਇਕ ਜੁਟ ਕਰ ਲੈਣ ਦੇ ਕੀਤੇ ਜਾ ਰਹੇ ਦਾੳਵੇ ਦੀ, ਇਹ ਦਾਅਵਾ ਕਰਨ ਵਾਲਿਆਂ ਦਾ ਵਿਸ਼ਵਾਸ ਹੈ ਕਿ ਸਾਰੇ ਧੜਿਆਂ ਦੇ ਇਕ ਜੁਟ ਹੋ ਜਾਣਗੇ ਤਾਂ, ਇਸਦੇ ਫਲ਼ਸਰੂਪ ਸਮੁਚੇ ਪੰਜਾਬ ਵਿੱਚ ਇਕ ਵਾਰ ਮੁੜ ਬਹੁਤ ਵੱਡੀ ਵਿਦਿਆਰਥੀ ਲਹਿਰ ਉੱਠ ਖੜੀ ਹੋਵੇਗੀ, ਜਿਸਦਾ ਪ੍ਰਭਾਵ ਨੇੜ-ਭਵਿੱਖ ਵਿੱਚ ਹੋਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਉਸਤੋਂ ਕੁਝ ਸਮੇਂ ਬਾਅਦ ਹੀ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਪੁਰ ਪੈ ਸਕਦਾ ਹੈ।

ਇਹ ਖਬਰ ਪੜ੍ਹਨ ਤੋਂ ਬਾਅਦ ਇਉਂ ਜਾਪਿਆ ਜਿਵੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਮੁੜ ਸੁਰਜੀਤ ਕਰਨ ਵਾਲਿਆਂ ਦੇ ਦਿਲ ਵਿੱਚ ਫੈਡਰੇਸ਼ਨ ਨੂੰ ਮੁੜ ਸੁਰਜੀਤ ਕਰਨ ਦਾ ਉਦੇਸ਼, ਉਸਦੇ ਬੁਨਿਆਦੀ ਆਦਰਸ਼ਾਂ ਅਨੁਸਾਰ, ਸਿੱਖ ਵਿਦਿਆਰਥੀਆਂ ਨੂੰ ਸਿੱਖੀ ਵਿਰਸੇ ਤੋਂ ਜਾਣੂ ਕਰਵਾ ਕੇ ਉਸ ਨਾਲ ਜੁੜਨ ਦੀ ਪ੍ਰੇਰਨਾ ਕਰਨ ਦੀ ਸੋਚ ਪੁਰ ਅਮਲ ਕਰਨ ਨਾਲੋਂ ਕਿਤੇ ਵੱਧ, ਉਸਦੀ ਨਿਜ ਸੁਆਰਥ ਲਈ ਰਾਜਸੀ ਖੇਤ੍ਰ ਵਿੱਚ ਵਰਤੋਂ ਕਰਨ ਦੀ ਭਾਵਨਾ ਉਸਲ-ਵੱਟੇ ਲੈ ਰਹੀ ਹੈ ਅਤੇ ਉਹ ਇਸਨੂੰ ਸੁਰਜੀਤ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲਾਹਾ ਲੈਣਾ ਚਾਹੁੰਦੇ ਹਨ। ਇਸ ਵਿੱਚ ਕੋਈ ਨਵੀਂ ਗਲ ਨਹੀਂ ਕਿਉਂਕਿ ਇਹੀ ਕੁਝ ਤਾਂ ਇਸ ਸਮੇਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਂ ਤੇ ਵੱਖ-ਵੱਖ ਦੁਕਾਨਾਂ ਖੋਲ੍ਹੀ ਬੈਠੇ ਉਨ੍ਹਾਂ ਦੇ ਮਾਲਕ ਕਰ ਰਹੇ ਹਨ।

ਹੈਰਾਨੀ ਦੀ ਗਲ ਤਾਂ ਇਹ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਅਤੇ ਸੀਨੀਅਰ ਮੁੱਖੀ ਹੋਣ ਦੇ ਦਾਅਵੇਦਾਰਾਂ ਨੂੰ ਇਹ ਤਕ ਨਹੀਂ ਪਤਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ ਇਸਲਈ ਨਹੀਂ ਸੀ ਕੀਤੀ ਗਈ, ਕਿ ਇਸਦੀ ਵਰਤੋਂ ਰਾਜਸੀ ਸੁਆਰਥ ਦੀ ਪੂਰਤੀ ਦੇ ਲਈ ਕੀਤੀ ਜਾਇਆ ਕਰੇਗੀ, ਸਗੋਂ ਇਸਲਈ ਕੀਤੀ ਗਈ ਸੀ ਕਿ ਸਿੱਖੀ-ਵਿਰੋਧੀ ਤੱਤਾਂ ਵਲੋਂ ਸਿੱਖ ਨੌਜਵਾਨਾਂ ਨੂੰ ਗੁਮਰਾਹ ਕਰ, ਸਿੱਖੀ ਵਿਰਸੇ ਨਾਲੋਂ ਤੋੜਨ ਦੀਆਂ ਜੋ ਸਾਜ਼ਸ਼ਾਂ ਕੀਤੀਆਂ ਜਾਣ ਲਗੀਆਂ ਹਨ, ਉਨ੍ਹਾਂ ਨੂੰ ਠਲ੍ਹ ਪਾਣ ਲਈ, ਵਿਦਿਆਰਥੀ ਜੀਵਨ ਵਿੱਚ ਹੀ ਸਿੱਖ ਬੱਚਿਆਂ ਨੂੰ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਜਾਣੂ ਕਰਵਾ, ਇਸਤਰ੍ਹਾਂ ਸਿੱਖੀ ਵਿਰਸੇ ਦੇ ਨਾਲ ਜੋੜਿਆ ਜਾਏ, ਕਿ ਵੱਡੀ ਤੋਂ ਵੱਡੀ ਸ਼ਕਤੀ ਵੀ ਉਨ੍ਹਾਂ ਨੂੰ ਆਪਣੇ ਵਿਰਸੇ ਨਾਲੋਂ ਤੋੜ ਨਾ ਸਕੇ।    

ਕਾਫ਼ੀ ਸਮਾਂ ਪਹਿਲਾਂ ਇਨ੍ਹਾਂ ਕਾਲਮਾਂ ਵਿੱਚ ਇਸ ਗਲ ਦਾ ਸੰਖੇਪ ਜਿਹਾ ਜ਼ਿਕਰ ਕੀਤਾ ਗਿਆ ਸੀ ਕਿ ਧਾਰਮਕ ਸੋਚ ਵਾਲੇ ਕੁਝ ਬਜ਼ੁਰਗਾਂ ਨੇ ਨਿਜੀ ਗਲਬਾਤ ਵਿੱਚ ਦਸਿਆ ਕਿ ਜਦੋਂ ਆਰੀਆ ਸਮਾਜ ਦੇ ਕੁਝ ਸੌੜੀ ਸੋਚ ਵਾਲੇ ਸਜਣਾਂ ਵਲੋਂ ਸਿੱਖੀ ਨੂੰ ਖੋਰਾ ਲਾਉਣ ਦੇ ਉਦੇਸ਼ ਨਾਲ, ਸਿੱਖ ਧਰਮ ਨੂੰ ਵਿਸ਼ਾਲ ਹਿੰਦੂ ਧਰਮ ਦਾ ਅੰਗ ਪ੍ਰਚਾਰਨਾ ਅਤੇ ਸਿੱਖ ਨੌਜਵਾਨਾਂ ਨੂੰ ਆਪਣੇ ਸਿੱਖੀ ਸਰੂਪ ਨੂੰ ਬੇਦਾਵਾ ਦੇਣ ਦੇ ਲਈ ਪ੍ਰੇਰਨਾ ਸ਼ੁਰੂ ਕੀਤਾ ਗਿਆ ਸੀ, ਤਾਂ ਉਸ ਸਮੇਂ ਉਨ੍ਹਾਂ ਦੇ ਪ੍ਰਚਾਰ ਦੇ ਜਵਾਬ ਵਿਚ ਕੁਝ ਸਿੱਖ ਵਿਦਵਾਨਾਂ ਵਲੋਂ ‘ਹਮ ਹਿੰਦੂ ਨਹੀਂ’ ਮੁਹਿੰਮ ਸ਼ੁਰੂ ਕਰ ਦਿਤੀ ਗਈ ਸੀ। ਇਸਦੇ ਨਾਲ ਹੀ ਸਿੱਖ ਬਚਿਆਂ ਨੂੰ ਸਿੱਖੀ ਵਿਰਸੇ ਦੇ ਨਾਲ ਜੋੜਨ ਅਤੇ ਉਸ ਨਾਲ ਦ੍ਰਿੜਤਾ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਖਾਲਸਾ ਸਕੂਲਾਂ ਦੀ ਸਥਾਪਨਾ ਕੀਤੀ ਗਈ, ਜਿਨ੍ਹਾਂ ਵਿੱਚ ਵਿਦਿਆਰਥੀਆਂ ਲਈ ਧਾਰਮਕ ਸਿੱਖਿਆ ਦਿਤੇ ਜਾਣ ਦੇ ਪ੍ਰਬੰਧ ਕਰਨ ਦੇ ਨਾਲ ਹੀ ਅਗਲੀ ਜਮਾਤ ਵਿਚ ਪਹੁੰਚਣ ਲਈ ਉਸ ਵਿਚੋਂ ਪਾਸ ਹੋਣਾ ਵੀ ਜ਼ਰੂਰੀ ਬਣਾਇਆ ਗਿਆ।

ਖ਼ਾਲਸਾ ਸਕੂਲਾਂ ਤੋਂ ਇਲਾਵਾ ਇਨ੍ਹਾਂ ਦਿਨਾਂ ਵਿੱਚ ਇਕ ਹੋਰ ਸੰਸਥਾ ਵੀ ਹੌਂਦ ਵਿੱਚ ਆ ਕੇ ਸਿੱਖ ਪਨੀਰੀ ਨੂੰ ਸੰਭਾਲਣ ਪ੍ਰਤੀ ਬਹੁਤ ਹੀ ਗੰਭੀਰਤਾ ਨਾਲ ਜੁਟ ਗਈ ਹੋਈ ਸੀ। ਉਹ ਸੀ, ‘ਸਿੱਖ ਸਟੂਡੈਂਟਸ ਫੈਡਰੇਸ਼ਨ’। ਜਿਸਦੀ ਸਥਾਪਨਾ, ਸਮੇਂ ਦੇ ਸਿੱਖੀ-ਸੋਚ ਦੇ ਧਾਰਨੀ ਸਿੱਖ ਨੌਜਵਾਨਾਂ ਵਲੋਂ ਕੀਤੀ ਗਈ ਸੀ। ਉਨ੍ਹਾਂ ਦੀ ਸੋਚ ਇਹ ਸੀ ਕਿ ਪਨੀਰੀ ਦੀ ਸੰਭਾਲ ਮੁਢ ਤੋਂ ਹੀ ਕੀਤੇ ਜਾਣ ਦੀ ਲੋੜ ਹੈ। ਜੇ ਬਚਪਨ ਵਿੱਚ ਹੀ ਬੱਚਿਆਂ ਨੂੰ ਸਿੱਖ ਧਰਮ ਅਤੇ ਉਸਦੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਕੇ, ਉਸ ਨਾਲ ਜੋੜ ਦਿਤਾ ਜਾਏ, ਤਾਂ ਉਹ ਵੱਡੇ ਹੋ ਕੇ ਸਿੱਖੀ-ਵਿਰੋਧੀ ਪ੍ਰਚਾਰ ਤੋਂ ਪ੍ਰਭਾਵਤ ਹੋਣੋਂ ਬਚੇ ਰਹਿ ਸਕਣਗੇ।

ਅਰੰਭਕ ਸਮੇਂ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀਆਂ ਨੇ ਆਪਣੀ ਜ਼ਿਮੇਂਦਾਰੀ ਨੂੰ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਅਤੇ ਇਮਾਨਦਾਰੀ ਦੇ ਨਾਲ ਨਿਭਾਇਆ। ਵਡੀਆਂ-ਛੋਟੀਆਂ ਛੁਟੀਆਂ ਦੌਰਾਨ, ਸਮੇਂ ਅਨੁਸਾਰ ਸਕੂਲਾਂ ਤੇ ਕਾਲਜਾਂ ਵਿੱਚ ਹੀ ਨਹੀਂ, ਸਗੋਂ ਸਿੱਖ ਇਤਿਹਾਸ ਨਾਲ ਸਬੰਧਤ ਗੁਰ-ਅਸਥਾਨਾਂ ਪੁਰ ਵੀ ਧਾਰਮਕ ਟ੍ਰੇਨਿੰਗ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਰਿਹਾ। ਇਨ੍ਹਾਂ ਕੈਂਪਾਂ ਵਿੱਚ ਵਿਦਿਆਰਥੀਆਂ ਨੂੰ, ਉਨ੍ਹਾਂ ਦੀ ਉਮਰ ਦੇ ਅਨੁਸਾਰ, ਸਿੱਖੀ-ਜੀਵਨ ਜੀਣ ਦੀ ਸਿਖਿਆ ਦੇਣ ਦੇ ਨਾਲ ਹੀ, ਕੁਰਬਾਨੀਆਂ ਭਰੇ ਅਮੀਰ ਸਿੱਖੀ ਵਿਰਸੇ ਦੀ ਜਾਣਕਾਰੀ ਵੀ ਦਿਤੀ ਜਾਂਦੀ ਸੀ। ਦਿਤੀ ਗਈ ਸਿਖਿਆ ਦੇ ਆਧਾਰ ਤੇ ਕੈਂਪ ਦੇ ਆਖਰੀ ਦਿਨਾਂ ਵਿਚ ਪ੍ਰੀਖਿਆ ਲਈ ਜਾਂਦੀ ਅਤੇ ਪ੍ਰੀਖਿਆ ਵਿਚ ਪ੍ਰਦਰਸ਼ਤ ਕੀਤੀ ਗਈ ਪ੍ਰਤਿਭਾ ਦੇ ਅਨੁਸਾਰ ਬਚਿਆਂ ਨੂੰ ਉਤਸਾਹਿਤ ਕਰਨ ਲਈ ਇਨਾਮ ਦੇ ਕੇ ਸਨਮਾਨਤ ਵੀ ਕੀਤਾ ਜਾਂਦਾ। ਕੈਂਪ ਵਿਚ ਸ਼ਾਮਲ ਹਰ ਬੱਚਾ ਆਪਣੇ ਨਾਲ ਜ਼ਰੂਰ ਕੋਈ ਨਾ ਕੋਈ ਅਜਿਹੀ ਯਾਦਗਾਰੀ-ਨਿਸ਼ਾਨੀ ਲੈ ਕੇ ਪਰਤਦਾ ਸੀ, ਜੋ ਉਸਦੇ ਦਿਲ ਵਿਚ ਸਦਾ ਹੀ ਕੈਂਪ ਵਿਚ ਸ਼ਾਮਲ ਹੋਣ ਅਤੇ ਉਥੇ ਪ੍ਰਾਪਤ ਕੀਤੀ ਸਿੱਖਿਆ ਦੀ ਯਾਦ ਬਣਾਈ ਰਖਦੀ।

ਜਦੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੈਂਪ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਦਿਆਰਥੀ ਆਪੋ-ਆਪਣੇ ਘਰਾਂ ਨੂੰ ਪਰਤਦੇ ਤਾਂ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਬਦਲਿਆ-ਬਦਲਿਆ ਨਜ਼ਰ ਆਉਂਦਾ ਸੀ। ਉਨ੍ਹਾਂ ਦਾ ਇਹ ਬਦਲਿਆ ਰੂਪ ਵੇਖਕੇ, ਉਨ੍ਹਾਂ ਦੇ ਮਾਪਿਆਂ ਨੂੰ ਹੈਰਨੀ-ਭਰੀ ਖ਼ੁਸ਼ੀ ਹੁੰਦੀ ਸੀ। ਜਿਸਤੋਂ ਉਤਸਾਹਿਤ ਹੋ, ਉਹ ਦੂਜਿਆਂ ਨੂੰ ਵੀ ਆਪਣੇ ਬਚਿਆਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੋੜਨ ਅਤੇ ਉਸ ਵਲੋਂ ਲਾਏ ਜਾਂਦੇ ਕੈਂਪਾਂ ਵਿੱਚ ਭੇਜਣ ਲਈ ਨਾ ਕੇਵਲ ਪ੍ਰੇਰਿਤ ਕਰਦੇ, ਸਗੋਂ ਉਨ੍ਹਾਂ ਨੂੰ ਉਤਸਾਹਿਤ ਵੀ ਕਰਦੇ ਸਨ।

ਇਨ੍ਹਾਂ ਕੈਂਪਾਂ ਦੀ ਇਕ ਵਿਸ਼ੇਸ਼ਤਾ ਇਹ ਵੀ ਸੀ ਕਿ ਇਨ੍ਹਾਂ ਵਿਚ ਆਰਥਕ ਪਖੋਂ ਕਮਜ਼ੋਰ ਪਰਿਵਾਰਾਂ ਦੇ ਬੱਚੇ ਵੀ, ਉਸੇ ੳਤਸ਼ਾਹ ਨਾਲ ਸ਼ਾਮਲ ਹੁੰਦੇ ਸਨ, ਜਿਸ ਉਤਸ਼ਾਹ ਦੇ ਨਾਲ ਸਮਰਥਾਵਾਨ ਪਰਿਵਾਰਾਂ ਦੇ ਬੱਚੇ। ਕਿਉਂਕਿ ਇਕ ਤਾਂ ਇਨ੍ਹਾਂ ਕੈਂਪਾਂ ਵਿਚ ਸ਼ਾਮਲ ਹੋਣ ਵਾਲੇ ਬਚਿਆਂ ਦੇ ਪਰਿਵਾਰਾਂ ਪੁਰ ਕਿਸੇ ਤਰ੍ਹਾਂ ਦਾ ਕੋਈ ਆਰਥਕ ਭਾਰ ਨਹੀਂ ਸੀ ਪਾਇਆ ਜਾਂਦਾ, ਦੂਜਾ ਸਾਰੇ ਬਚਿਆਂ ਦੇ ਨਾਲ ਇਕੋ-ਜਿਹਾ ਵਿਹਾਰ ਕੀਤਾ ਜਾਂਦਾ ਸੀ। ਇਸਦਾ ਨਤੀਜਾ ਇਹ ਹੁੰਦਾ ਸੀ ਕਿ ਸਾਰੇ ਬੱਚੇ ਮਿਲ-ਜੁਲ ਕੇ ਤੇ ਪਿਆਰ ਨਾਲ ਰਹਿੰਦੇ ਸਨ ਤੇ ਇਹ ਸਿਖਿਆ ਲੈ ਕੇ ਮੁੜਦੇ ਸਨ ਕਿ ਸਿੱਖੀ ਵਿਚ ਕੋਈ ਵਡਾ-ਛੋਟਾ ਨਹੀਂ ਹੈ। ਸਾਰੇ ਹੀ ਬਰਾਬਰ ਹਨ।

ਪ੍ਰੰਤੂ ਸਮਾਂ ਬਦਲਿਆ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦਿਨ-ਬ-ਦਿਨ ਵਧ ਰਹੇ ਪ੍ਰਭਾਵ ਅਤੇ ਘੇਰੇ ਕਾਰਣ ਉਸਦੀ ਹੋ ਰਹੀ ਚੜ੍ਹਤ ਵੇਖਕੇ ਉਸਦੇ ਈਮਾਨਦਾਰ ਤੇ ਸਮਰਪਿਤ ਭਾਵਨਾ ਵਾਲੇ ਕਈ ਆਗੂਆਂ ਦੀ ਨੀਯਤ ਵਿਚ ਖੋਟ ਆਉਣ ਲਗ ਪਿਆ। ਉਨ੍ਹਾਂ ਨੇ ਉਸਦੀ ਸ਼ਕਤੀ ਨੂੰ ਆਪਣੀ ਰਾਜਸੀ ਲਾਲਸਾ ਦੀ ਪੂਰਤੀ ਲਈ ਵਰਤਣ ਦੇ ਉਦੇਸ਼ ਨੂੰ ਮੁਖ ਰਖਕੇ ਹੀ ਵਿਦਿਆਰਥੀਆਂ ਦੇ ਦਿਲੋ ਦਿਮਾਗ਼ ਵਿਚ ਧਾਰਮਕ ਮਾਨਤਾਵਾਂ ਦੇ ਵਿਰਸੇ ਪ੍ਰਤੀ ਵਚਨਬਧਤਾ ਦੀ ਭਾਵਨਾ ਦ੍ਰਿੜ ਤੇ ਉਜਾਗਰ ਕਰਨ ਦੀ ਬਜਾਏ, ਰਾਜ-ਸੱਤਾ ਦੀ ਭਾਵਨਾ ਭਰ, ਉਨ੍ਹਾਂ ਨੂੰ ਸਿੱਖੀ ਪਰੰਪਰਾਵਾਂ ਦੇ ਆਦਰਸ਼ ਦੀ ਰਾਹ ਤੋਂ ਭਟਕਾਣਾ ਸ਼ੁਰੂ ਕਰ ਦਿਤਾ।

ਇਸ ਕਾਲਮ-ਲੇਖਕ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਈ ਕੈਂਪਾਂ ਵਿਚ ਸ਼ਾਮਲ ਹੋਣ ਅਤੇ ਉਨ੍ਹਾਂ ਦੇ ਸਾਰੇ ਪ੍ਰੋਗਰਾਮਾਂ ਨੂੰ ਨੇੜਿਉਂਂ ਵੇਖਣ ਤੇ ਘੋਖਣ ਦਾ ਮੌਕਾ ਮਿਲਿਆ ਹੈ। ਇਕ ਵਾਰ ਜਦੋਂ ਕੁਝ ਵਕਫ਼ਾ ਪਾ ਕੇ ਉਸਨੂੰ 1981 ਦੇ ਸ੍ਰੀ ਅੰਮ੍ਰਿਤਸਰ ਵਿਖੇ ਲਗੇ ਕੈਂਪ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਤਾਂ ਉਸ ਕੈਂਪ ਵਿਚ ਕੁਝ ਰਾਜਸੀ ਪੰਥਕ ਆਗੂਆਂ ਦੀ ਸ਼ਮੂਲੀਅਤ ਵੇਖਕੇ ਅਤੇ ਉਨ੍ਹਾਂ ਵਲੋਂ ਦਿਤੇ ਗਏ ਭਾਸ਼ਣ ਸੁਣਕੇ, ਦਿਲ ਨੂੰ ਇਕ ਧੁੜਕੂ-ਜਿਹਾ ਲਗਾ ਅਤੇ ਇਉਂ ਜਾਪਿਆ, ਜਿਵੇਂ ਇਨ੍ਹਾਂ ਰਾਜਸੀ ਆਗੂਆਂ ਨੇ ਨਿਜ ਦੇ ਰਾਜਸੀ ਸੁਆਰਥ ਦੀ ਪੂਰਤੀ  ਲਈ ਮਾਸੂਮ ਵਿਦਿਆਰਥੀਆਂ ਦੇ ਜੀਵਨ ਨਾਲ ਖਿਲਵਾੜ ਕਰਨੀ ਸ਼ੁਰੂ ਕਰ ਦਿਤੀ ਹੈ। ਜਦੋਂ ਉਸਨੇ ਆਪਣੇ ਇਸ ਧੁੜਕੂ ਦੀ ਗਲ ਕੈਂਪ ਵਿਚ ਭਾਸ਼ਣ ਕਰ, ਬਾਹਰ ਨਿਕਲੇ ਇਕ ਪੰਥਕ ਆਗੂ ਦੇ ਨਾਲ ਕੀਤੀ ਤੇ ਉਨ੍ਹਾਂ ਨੂੰ ਪੁਛਿਆ ਕਿ ਕੀ ਉਹ ਅਜਿਹਾ ਭਾਸ਼ਣ ਕਰਕੇ ਵਿਦਿਆਰਥੀਆਂ ਦੇ ਭਵਿਖ ਨਾਲ ਖਿਲਵਾੜ ਨਹੀਂ ਕਰ ਰਹੇ? ਕੀ ਉਹ ਇਹ ਨਹੀਂ ਸਮਝਦੇ ਕਿ ਇਨ੍ਹਾਂ ਬਚਿਆਂ ਵਿਚੋਂ ਕਈਆਂ ਨੇ ਸਰਕਾਰੀ ਨੌਕਰੀਆਂ ਕਰਨੀਆਂ ਹਨ? ਜੇ ਉਨ੍ਹਾਂ ਦੇ ਭਾਸ਼ਣਾਂ ਕਾਰਣ ਇਹ ਭਟਕ ਗਏ ਤਾਂ ਕੀ ਉਹ ਇਨ੍ਹਾਂ ਨੂੰ ਸੰਭਾਲ ਸਕਣਗੇ? ਇਸ ਕਾਲਮ ਲੇਖਕ ਦੇ ਇਨ੍ਹਾਂ ਸੁਆਲਾਂ ਦਾ ਕੋਈ ਸੰਤੋਸ਼ਜਨਕ ਜਵਾਬ ਦੇਣ ਦੀ ਬਜਾਏ, ਉਹ ਭੁੜਕ ਉਠੇ ਤੇ ਉਸਦੀ ਸਿੱਖੀ ਭਾਵਨਾ ਪੁਰ ਹੀ ਵਿਅੰਗ ਕਸਣ ਲਗ ਪਏ।

ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਇਸ ਕਾਲਮ ਲੇਖਕ ਦੇ ਖਦਸ਼ੇ ਸੱਚ ਸਾਬਤ ਹੋਏ। ਇਨ੍ਹਾਂ ‘ਪੰਥ-ਪ੍ਰਸਤਾਂ’ ਦੀ ਭਟਕਾਈ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੇ ਉਦੇਸ਼ ਤੋਂ ਅਜਿਹੀ ਭਟਕੀ ਕਿ ਅਜਤਕ ਸੰਭਲ ਨਹੀਂ ਪਾਈ।

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਸਬੰਧਤ ਰਿਹਾ ਹਰ ਕੋਈ ਜਾਣਦਾ ਹੈ ਕਿ ਕੋਈ ਸਮਾਂ ਸੀ, ਜਦੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਸਿੱਖੀ ਦੀ ਪਨੀਰੀ ਨੂੰ ਸੰਭਾਲਣ ਦੀ ਜ਼ਿਮੇਂਦਾਰੀ ਨਿਭਾ ਰਹੀ ਸੀ, ਉਸ ਸਮੇਂ ਬਚਿਆਂ ਦੇ ਮਾਪੇ ਆਪਣੇ ਬਚਿਆਂ ਨੂੰ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੀ ਕਰਦੇ ਸਨ, ਇਸਦੇ ਨਾਲ ਹੀ ਦੂਜਿਆਂ ਨੂੰ ਵੀ ਪ੍ਰੇਰਦੇ ਸਨ ਕਿ ਉਹ ਵੀ ਆਪਣੇ ਬਚਿਆਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਜੋੜਨ। ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਫੈਡਰੇਸ਼ਨ ਨਾਲ ਜੁੜਕੇ, ਉਨ੍ਹਾਂ ਦਾ ਬਚਾ ਸਿੱਖ ਇਤਿਹਾਸ ਤੇ ਧਰਮ ਤੋਂ ਜਾਣੂ ਹੋਵੇਗਾ ਅਤੇ ਸਿੱਖੀ ਵਿਰਸੇ ਦੇ ਨਾਲ ਦ੍ਰਿੜ੍ਹਤਾ ਨਾਲ ਅਜਿਹਾ ਜੁੜੇਗਾ ਕਿ ਕੋਈ ਵੀ ਸਿੱਖੀ-ਵਿਰੋਧੀ ਤੂਫਾਨ ਉਸਨੂੰ ਭਟਕਾ ਕੇ ਗੁਮਰਾਹ ਨਹੀਂ ਕਰ ਸਕੇਗਾ। ਪਰ ਅਕਾਲੀ ਲੀਡਰਾਂ ਨੇ ਨਿਜੀ ਰਾਜਨੈਤਿਕ ਸੁਆਰਥ ਅਧੀਨ ਉਸਦਾ ਵੀ ਅਜਿਹਾ ਰਾਜਨੀਤੀਕਰਣ ਕਰ ਦਿਤਾ, ਕਿ ਅਜ ਉਸਦੀਆਂ ਵੀ ਅਕਾਲੀ ਦਲਾਂ ਵਾਂਗ ਵਖ-ਵਖ ਨਾਵਾਂ ਦੇ ਨਾਲ ਕਈ ਪ੍ਰਾਈਵੇਟ ਲਿ| ਕੰਪਨੀਆਂ ਬਣ ਗਈਆਂ ਹੋਈਆਂ ਹਨ। ਅਜ ਉਹ ਵਿਅਕਤੀ, ਇਨ੍ਹਾਂ ਫੈਡਰੇਸ਼ਨਾਂ ਦੇ ਮੁਖੀ ਬਣੇ ਹੋਏ ਹਨ, ਜਿਨ੍ਹਾਂ ਦਾ ਨਾ ਕੇਵਲ ਵਿਦਿਆਰਥੀ ਜੀਵਨ ਨਾਲੋਂ ਨਾਤਾ ਟੁਟਿਆਂ ਵਰ੍ਹੇ ਬੀਤ ਗਏ ਹੋਏ ਹਨ, ਸਗੋਂ ਜਿਨ੍ਹਾਂ ਦੀਆਂ ਦਾੜ੍ਹੀਆਂ ਵੀ ਬਗੀਆਂ ਹੋ ਗਈਆਂ ਹੋਈਆਂ ਹਨ। ਇਨ੍ਹਾਂ ਬਗ਼ੀਆਂ ਦਾੜ੍ਹੀਆਂ ਵਾਲੇ ਢਾਈ ਟੋਟੜੂਆਂ ਨੇ ਇਕਠਿਆਂ ਹੋ ਕੇ ਆਪੋ-ਆਪਣੇ ਸੁਆਰਥ ਦੀ ਪੂਰਤੀ ਕਰਨ ਦੇ ਆਧਾਰ ਤੇ ਫੈਡਰੇਸ਼ਨ ਦੇ ਸੰਵਿਧਾਨ ਨੂੰ ਢਾਲ ਲਿਆ ਹੈ ਅਤੇ ਜਿਸਤਰ੍ਹਾਂ ਰਾਜਸੀ ਸੁਆਰਥ ਦੇ ਆਧਾਰ ਤੇ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਦੇ ਨਾਂ ਤੇ ਵਖ-ਵਖ ਦੁਕਾਨਾਂ ਕਾਇਮ ਕਰ ਲਈਆਂ ਗਈਆਂ ਹੋਈਆਂ ਹਨ, ਉਸੇ ਕਾਰਣ ਹੀ ਅਜ ਫੈਡਰੇਸ਼ਨ ਨਾਲ ਜੁੜਨ ਤੋਂ ਨਾ ਕੇਵਲ ਵਿਦਿਆਰਥੀ ਆਪ ਹੀ ਝਿਝਕਣ ਲਗੇ ਹਨ, ਸਗੋਂ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਫੈਡਰੇਸ਼ਨ ਨਾਲ ਜੁੜਨ ਲਈ ਉਤਸਾਹਿਤ ਕਰਨ ਦੀ ਬਜਾਏ, ਉਸਤੋਂ ਦੂਰ ਰਹਿਣ ਦੀ ਹੀ ਪ੍ਰੇਰਨ ਲਗੇ ਹਨ।

…ਅਤੇ ਅੰਤ ਵਿੱਚ: ਸੁਆਲ ਉਠਦਾ ਹੈ ਕੀ ਨਵੇਂ ਸਿਰੇ ਤੋਂ ਸੁਰਜੀਤ ਕੀਤੀ ਜਾ ਰਹੀ ਸਿੱਖ ਸਟੂਡੈਂਟਸ ਫੈਡਰੇਸ਼ਨ, ਜਿਸਦੇ ਏਜੰਡੇ ਵਿੱਚ ਪਹਿਲਾਂ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਹਤੱਵਪੁਰਣ ਭੂਮਿਕਾ ਅਦਾ ਕਰਨ ਦਾ ਨਿਸ਼ਾਨਾ ਮਿਥਿਆ ਜਾ ਰਿਹਾ ਹੈ, ਦੇ ਨਾਲ ਆਪਣੇ ਬੱਚੇ ਨੂੰ ਜੋੜਨ ਦੀ ਪ੍ਰੇਰਨਾ ਕਰਦਿਆਂ, ਮਾਪੇ ਅਜਿਹਾ ਭਰੋਸਾ ਕਰ ਸਕਦੇ ਹਨ ਕਿ ਉਨ੍ਹਾਂ ਦਾ ਬੱਚਾ ਇਸ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੁੜਕੇ ਸਿੱਖੀ ਵਿਰਸੇ ਦਾ ਧਾਰਨੀ ਬਣਿਆ ਰਹਿ ਸਕੇਗਾ?

Translate »