ਡਿਟਰਾਇਟ ਏਅਰਪੋਰਟ ਆਪਣੇ ਦੋਸਤ ਨੂੰ ਲਾਹ ਚੁੱਕਣ ਪਿਛੋਂ ਵਾਪਸ ਜਾਣ ਲੱਗਿਆਂ ਬਰਫ਼ ਮੇਰੇ ਅੱਗੇ ਹੀ ਪੈ ਗਈ ।
ਮੇਰੀ ਬਦਕਿਸਮਤੀ ਦੇਖੋ ਢੀਠ ਚੀਜ਼ਾਂ ਲੋਕਾਂ ਦੇ ਪਿੱਛੇ ਪੈਂਦੀਆਂ ਹਨ, ਮੇਰੇ ਅੱਗੇ ਹੀ ਟੁੱਟ ਪੈਂਦੀਆਂ ਹਨ । ਤਾਬੜਤੋੜ
ਹਮਲਿਆਂ ਨਾਲ ਬਰਫ਼ ਮੈਨੂੰ ਏਥੇ ਹੀ ਦਫਨਾ ਦੇਣਾ ਚਾਹੁੰਦੀ ਸੀ । ਸਾਰਾ 60 ਮੀਲ ਤੇ ਵਾਕਿਆ ਮੇਰਾ ਸ਼ਹਿਰ ਭੁੜਕ ਕੇ
ਦੂਜੇ ਧਰੁਵ ਤੇ ਪਹੁੰਚ ਗਿਆ ਲਗਦਾ ਸੀ। ਮੌਸਮ ਦੇ ਅਜੇਹੇ ਕਹਿਰ ਵਿਚ ਨਾ ਕਾਰ ਮੈਨੂੰ ਕੋਈ ਧਰਵਾਸ ਦਿੰਦੀ ਸੀ ਨਾ ਮੈਂ ਉਸਨੂੰ ਕੋਈ
ਹੱਲਾਸ਼ੇਰੀ। ਦਰਅਸਲ ਅਸੀਂ ਇਕ ਦੂਜੇ ਤੋਂ ਡਰੇ ਹੋਏ ਸਾਂ। ਅਜੇ ਸਾਲ ਖੰਡ ਤਾਂ ਹੋਇਆ ਸੀ ਇਸ ਦੇਸ਼ ਵਿੱਚ ਫਸੇ ਵਸੇ ਨੂੰ,
ਅਜੇ ਤਾਂ ਰੋਡਾਂ ਦੀਆਂ ਲੇਨਾਂ, ਕਾਰਾਂ ਦੀਆਂ ਕਤਾਰਾਂ ਤੇ ਸੜਕਾਂ ਦੇ ਚਿਹਨ-ਚੱਕਰਾਂ ਵਿੱਚ ਹੀ ਸਿਰ ਚਕਰਾ ਜਾਂਦਾ ਸੀ ਕਿ ਆਹ ਬਰਫ਼ਾਂ, ਸਿਰ
ਮਨਾਉਂਦਿਆਂ ਓਲੇ ਪੈਣ ਵਾਲੀ ਗੱਲ ਹੋ ਗਈ ਸੀ।
ਕਾਰ ਦੀਆਂ ਲਾਈਟਾਂ ਬਰਫ਼ ਤੇ ਹਨੇਰੇ ਦੀ ਘਾਣੀ ਵਿਚੀਂ ਲੰਘਣ ਦੀ ਅਸਫ਼ਲ ਕੋਸਿ਼ਸ਼ ਕਰ ਰਹੀਆਂ ਸਨ । ਸਾਹਮਣੇ ਮਰ ਕੇ ਦੋ ਕਦਮ ਦੀ ਵਿਥ
ਤਕ ਹੀ ਦਿਖਾਈ ਦਿੰਦਾ ਸੀ ਤੇ ਪੀਲੀਆਂ ਲਾਈਨਾਂ ਦੀ ਹੋਂਦ ਬਰਫ਼ ਵਿੱਚ ਖੁਰ ਚੁੱਕੀ ਸੀ।
ਟਰੈਫਿ਼ਕ ਆਪਹੁਦਰੀ ਹੋਈ ਪਈ ਸੀ। ਕਾਰ ਤੇਜ਼ ਕਰਾਂ ਤਾਂ ਫਿਸਲਣ ਦਾ ਡਰ, ਹੌਲੀ ਚਲਾਵਾਂ ਤਾਂ ਕਿਹੜੇ ਵੇਲੇ ਪਹੁੰਚਾਂਗਾ ।
ਅਜੇਹੀ ਸਥਿਤੀ ਮੈਨੂੰਂ ਆਪਣਾ ਆਪ ਕੋਸਣ ਲਈ ਖੂਬ ਉਕਸਾਉਂਦੀ ਹੈ: ਮੌਸਮ ਦਾ
ਚੈਨਲ ਦੇਖ ਕੇ ਕਿਉਂ ਨਹੀਂ ਚੱਲਿਆ। ਜਾਂ ਥੋੜਾ ਪਹਿਲਾਂ ਚੱਲ ਪੈਂਦਾ। ਅਖੇ ਦੋਸਤ ਨਾਲ ਹੋਰ ਗੱਲਾਂ ਕਰ ਲਵਾਂ। ਲੈ ਲਾ ਦੋਸਤ ਦੇ ਸਵਾਦੇ !
ਚਾਰੇ ਤਰਫ਼ ਮੰਦ ਤੋਂ ਮੰਦ ਹੋ ਰਹੀ ਟਰੈਫਿਕ ਦੀ ਰਫ਼ਤਾਰ ਖੜੋਤ ਵਿਚ ਜਾਣ ਲੱਗੀ ਸੀ । ਫੁੱਲ ਸਪੀਡ
ਤੇ ਚਾਮ-ਚੜਿਕਾਂ ਜਿਹੇ ਚੱਲਦੇ ਵਾਈਪਰਾਂ ਦੀ ਖਟ ਖਟ ਮੈਨੂੰ ਕਿਸੇ ਦੁਖਾਂਤ ਦਾ ਆਭਾਸ ਕਰਾ ਰਹੀ ਸੀ। ਸ਼ਾਇਦ ਅੱਗੇ ਕੋਈ ਐਕਸੀਡੈਂਟ ਹੋ
ਗਿਆ ਹੈ। ਸ਼ਾਮ ਦੇ ਸਾਢੇ ਅੱਠ ਵੱਜ ਚੁੱਕੇ ਸਨ ਤੇ ਹਨੇਰ ਸਾਈਂ ਦਾ ਹਨੇਰਾ ਵੀ ਮੇਰੇ ਅੱਗੇ ਪਸਰਨ ਲੱਗਾ ਸੀ । ਕਾਰ ਨੂੰ ਤੱਦੀਆਂ ਕਰਨ ਦਾ
ਖੂਬ ਮੌਕਾ ਮਿਲਿਆ। ਜੇ ਕਿਤੇ ਗਲਤੀ ਨਾਲ ਬਰੇਕ ਲਾ ਬੈਠਦਾ ਤਾ ਇਸ ਨੇ ਘੁੰਮ ਜਾਣ ਦਾ ਕੌਤਕ ਦਿਖਾਉਣ ਲੱਗਣਾ ਸੀ। ਕਾਰ ਹੈ ਵੀ ਪੁਰਾਣੀ
ਟੁੱਟੜ ਜਹੀ ਸੀ। ਨਵੀਂ ਜੋਗੇ ਅਜੇ ਹੋਏ ਕਿੱਥੇ ਸਾਂ। ‘ਨੈ ਵੀ ਡੂੰਘੀ, ਤੁਲਾ ਪੁਰਾਣਾ’ ਵਾਲੀ ਗੱਲ ਹੋਈ ਪਈ ਸੀ। ਅਜੇ ਤਾ ਸਾਲੀ
ਅੰਗਰੇਜ਼ੀ ਵੀ ਅੜਿੱਕੇ ਨਹੀਂ ਸੀ ਆਈ, ਕੋਈ ਬਿਪਤਾ ਪੈ ਗਈ ਤਾਂ ਕਿਹੜੀ ਮਾਂ ਨੂੰ ਮਾਸੀ ਕਹਾਂਗਾ।
ਏਸੇ ਸੰਤਾਪ ਵਿਚ ਘੁ਼ਲਦਿਆਂ ਖਿਆਲ ਆਇਆ ਕੀ ਲੈਣਾ ਮਾਂ ਮਾਸੀ ਤੋਂਂ, ਆਪਣੀ ਭੂਆ ਜੁ ਹੈ ਤੇ ਉਸਦਾ ਸ਼ਹਿਰ ਏਧਰ ਨੇੜੇ ਹੀ ਹੈ ਕਿਤੇ।
ਭੂਆ ਦਾ ਚੇਤਾ ਆਉਂਦਿਆਂ ਨਾਨਕ ਸਿੰਘ ਦੀ ਭੂਆ ਚੇਤੇ ਆ ਗਈ, ਮਨ ਦੇ ਜਾਣੋਂ ਸਾਰੇ ਕਲੇਸ਼ ਕੱਟੇ ਗਏ, ਤਨ ਚੌੜਾ ਹੋ ਗਿਆ, ਗੱਡੀ ਕਹੇ ਵਿਚ
ਆ ਗਈ ਤੇ ਮੂੰਹ ਵਿੱਚ ਗੁਣਗੁਣਾਹਟ। ਥੋੜਾ ਅੱਗੇ ਜਾ ਕੇ ਐਗਜਿ਼ਟ ਦਾ ਨੰਬਰ ਪੜਿ੍ਹਆ ਤ ੇਹਿਸਾਬ ਲਾਇਆ ਗੱਲ ਬਣ ਗਈ ਹੈ। ਬੱਸ ਇਕ ਦੋ
ਐਗਜਿ਼ਟ ਦੀ ਹੀ ਵਾਟ ਹੈ ਤੇ ਭੂਆ ਦਾ ਸ਼ਹਿਰ ਵੱਟ ਤੇ ਪਿਆ। ਬਰਫ਼ ਤੇ ਹਨੇਰੇ ਦਾ ਖੌਫ਼ ਔਹ ਗਿਆ ਔਹ ਗਿਆ ਹੋ ਗਿਆ।
ਲੱਕ ਟੁਣੂੰ ਟੁਣੂੰ ਅਜੇ ਥੋੜੀ ਦੂਰ ਹੀ ਚੱਲਿਆ ਸੀ ਕਿ ਮੈਨੂੰ ਆਲਾ ਦੁਆਲਾ ਓਪਰਾ ਓਪਰਾ ਲੱਗਣ ਲੱਗਾ। ਵਿਲਾਸੇ
ਮਨ ਨੂੰ ਭੂਆ ਦੇ ਨਿਘ ਚੋਂ ਕਢਿਆ ਤੇ ਆਲੇ ਦੁਆਲੇ ਨਾਲ ਜੋੜਿਆ: ਮੈਂ ਚਾਂਭਲਿਆ ਹੋਰ ਹੀ ਰਸਤੇ ਤੇ ਔਝੜਿਆ ਫਿਰ ਰਿਹਾ ਸਾਂ।
ਮਨ ਤੇ ਕਾਰ ਫਿਰ ਡੋਲਣ ਲੱਗੇ। ਕੇਹਾ ਦੇਸ ਹੈ ਇਹ, ਕਾਰ ਵੀ ਏਥੇ ਚੱਲ ਸੋ ਚੱਲ ਰੱਖਣੀ ਪੈਂਦੀ ਹੈ ਤੇ ਮੇਰੇ
ਕੋਲ ਤਾਂ ਕੋਈ ਸੱੈਲ ਫੋਨ ਵੀ ਨਹੀਂ ਸੀ। ਜਿੱਧਰ ਮੂੰਹ ਅਇਆ ਕਾਰ ਦੱਬੀ ਜਾ ਰਿਹਾ ਸਾਂ ਕਿ ਮੈਨੂੰ ਇਕ ਗੈਸ ਸਟੇਸ਼ਨ ਦਿਖਾਈ ਦਿੱਤਾ ਜਾਣੋ
ਰੌਸ਼ਨੀ ਦੀ ਇਕ ਕਿਰਨ। ਮੈਂ ਕਾਰ ਮੋੜੀ ਤੇ ਭਾਈ ਤੋਂ ਰਸਤਾ ਪੁੱਛਿਆ।
ਉਸਦੇ ਸਮਝਾਏ ਮੁਤਾਬਕ ਮੈਂ ਰਫ਼ਤਾ ਰਫ਼ਤਾ ਅਗੇ ਵਧਦਾ ਗਿਆ। ਬਰਫ਼ਾਂ ਦੀ ਮਾਰੋ ਮਾਰ ਦੌਰਾਨ ਪੇਟ ਵਿੱਚ ਚੂਹੇ ਵੀ ਕੁੱਦਣ ਲੱਗ ਪਏ। ਮੇਰੇ
ਦਿਮਾਗ ਵਿੱਚ ਫਿਰ ਨਾਨਕ ਸਿੰਘ ਦੀ ਭੂਆ ਫਿਰ ਗਈ ਜਿਸਨੇ ਕੁਵੇਲੇ ਆਏ ਆਪਣੇ ਭਤੀਜੇ ਨੂੰ ਚੱਕੀ ਦੇ ਪੁੜ ਜਿੱਡੇ
ਪਰੌਂਠੈ ਤੇ ਸੇਂਵੀਆਂ ਦੀ ਥਾਲੀ ਵਿਚ ਸ਼ੱਕਰ ਦੀ ਮੁੱਠ ਤੇ ਪੰਘਰੇ ਹੋਏ ਘਿਉ ਦਾ ਕੌਲ ਪਾ ਕੇ ਉਸ ਅਗੇ ਪਰੋਸਿਆ ਸੀ। ਅਜੇਹੀ ਤਰ-ਬਤਰ
ਖਾਤਰਦਾਰੀ ਦਾ ਤਸੱਵਰ ਆਉਂਦਿਆਂ ਮੇਰੇ ਪੇਟ ਦੇ ਚੂਹੇ ਨੱਚਣਾ ਛੱਡਕੇ ਮੇਰੀਆਂ ਆਂਦਰਾਂ ਖਾਣ ਲੱਗੇ। ਮੂੰਹ ਵਿੱਚ ਆਈਆਂ ਪਾਣੀ ਦੀਆਂ ਲਾਲਾਂ ਮੈਂ
ਜੈਕਟ ਦੀ ਬਾਂਹ ਨਾਲ ਪੂੰਝੀਆਂ। ਸ਼ਹਿਰੀ ਨਾਨਕ ਸਿੰਘ ਦਾ ਪਤਾ ਨਹੀਂ ਭੂਆ ਦੀ ਸੇਵਾ ਤੋਂ ਕਿਉਂ ਨੱਕ ਮੁੜ ਗਿਆ ਸੀ। ਪਹੁੰਚਾਂ ਸਹੀ ਮੈਂ ਇਕ
ਵਾਰੀ ਭੂਆ ਦੇ ਘਰ।
ਔਝੜਦਾ ਖੌਝੜਦਾ ਚਾਅ ਨਾਲ ਭਰਿਆ ਮੈਂ ਸੋਤੇ ਪਏ ਭੂਆ ਦੇ ਘਰ ਪਹੁੰਚ ਗਿਆ। ਘੰਟੀ ਖੜਕਾਈ,
ਦੋ ਤਿੰਨ ਮਿੰਟ ਵੇਟ ਕੀਤਾ, ਕੋਈ ਨਾ ਪ੍ਰਗਟ ਹੋਇਆ। ਸੁਤੇ ਪਿਆਂ ਨੂੰ ਨਾ ਸੁਣਿਆ ਹੋਵੇਗਾ, ਇਕ ਵਾਰੀ ਹੋਰ ਘੰਟੀ
ਨੂੰ ਹੱਥ ਪਾਇਆ ਪਰ ਫਿਰ ਸੁੰਨ ਮਸਾਣ। ਦਿਮਾਗ ਨੂੰ ਸਮਾਂ ਦਿੱਤਾ, ਬੋਲਿਆ, ਕੋਈ ਘਰ ਵੀ ਹੋਵੇਗਾ ?
ਬੱਸ ਫਿਰ ਆਪੇ ਨੂੰ ਕੋਸਣ ਦਾ ਦੌਰਾ, ਫਿਰ ਸੈੱਲ-ਫੋਨ ਨਾ ਹੋਣ ਦਾ ਝੋਰਾ। ਬੁਖਲਾਹਟ ਵਿਚ ਤੀਜੀ ਵਾਰ ਮੈਂ ਫਿਰ ਘੰਟੀ ਖੜਕਾਈ
ਤਾਂ ਝਬਦੇ ਦਰਵਾਜ਼ਾ ਖੁਲ੍ਹਣ ਦੀ ਆਵਾਜ਼ ਆਈ। ਭੂਆ ਮੇਰੇ ਸਾਹਮਣੇ ਖੜੀ ਸੀ, ਸਾਹਾਂ ਵਿਚ ਆਏ ਸਾਹ ਨੇ
ਜ਼ਬਾਨ ਫੜੀ,"ਸਾ ਸਿਰੀ ਕਾਲ"
"ਲਗਦਾ ਸਾ ਸਿਰੀ ਕਾਲ ਦਾ, ਇਹ ਕੋਈ ਟਾਈਮ ਹੈ ਆਉਣ ਦਾ, ਸੁੱਤੇ ਪਏ ਸੀ ਅਰਾਮ ਨਾਲ।" ਇਹ ਸਕੀ ਭੂਆ ਦੀ ਹੀ ਆਵਾਜ਼ ਸੀ ।
ਪਰ ਸੋਚਿਆ ਕੁਵੇਲੇ ਆਇਆਂ, ਘਬਰਾ ਗਈ ਹੋਵੇਗੀ ਕਿ ਕੋਈ ਬੁਰੀ ਖਬਰ ਹੈ।
"ਏਅਰਪੋਰਟ ਗਿਆ ਸੀ, ਬਰਫ਼ ਵਿਚ ਘਿਰ ਗਿਆਂ, ਸੋਚਿਆ ਭੂਆ ਕੋਲ ਹੈ, ਕਾਹਨੂੰ ਔਖੇ ਹੋਣਾ।" ਮੈਂ
ਆਪਣੀ ਮਜਬੂਰੀ ਤੇ ਕੁਝ ਕੁਝ ਭੂਆ ਨਾਲ ਮੋਹ ਦੇ ਭਾਵ ਪਰਗਟ ਕੀਤੇ। ਪਰ ਘਰ ਦੇ ਭਾਗ ਨਜ਼ਰ ਆਉਣ ਲੱਗੇ ਸਨ ।
ਖੈਰ, ਭੂਆ ਨੇ ਮੈਨੂੰ ਅੰਦਰ ਲੰਘਣ ਦਿੱਤਾ ਤੇ ਖਾੜ ਕਰਦਾ ਬੂਹਾ ਲਗਾਉਂਦਿਆਂ ਬੁੜਬੜਾਈ,
"ਕੋਈ ਵੇਲਾ ਹੁੰਦਾ ਆਉਣ ਦਾ, ਇਹ ਥੋੜੀ ਜਦੋਂ ਮਰਜ਼ੀ ਤੁਰ ਪਓ। ਬਰਫ਼ ਵਾਲੇ ਬੂਟ ਤੇ ਜੈਕਟ ਝਾੜ ਕੇ ਹੈਥੇ ਕਲੋਜਿ਼ਟ ਚ ਲਾਹ ਦੇ,
ਕਾਲੀਨ ਖਰਾਬ ਕਰਦਾ ਫਿਰੇਂਗਾ।"
ਉਸਦੇ ਆਰਾਮ ਵਿੱਚ ਵਿਘਨ ਪਿਆ ਹੋਵੇਗਾ, ਮੈਂ ਚੁੱਪ ਕਰਕੇ ਜੈਕਟ ਤੇ ਬੂਟ ਉਤਾਰੇ ਤੇ ਸੋਫੇ `ਤੇ ਆਪਣੇ ਆਪ ਨੂੰ ਸੁੱਟ ਲਿਆ।
ਕੁਝ ਚਿਰ ਚੁੱਪ ਛਾਈ ਰਹੀ। ਭੂਆ ਉਵੇਂ ਹੀ ਖੜੀ ਸੀ ਮੂੰਹ ਬਣਾਈ, ਭਤੀਜ-ਮੋਹ ਜਾਂ ਪਰਾਹੁਣਚਾਰੀ ਦਾ ਕੋਈ ਸੰਕੇਤ ਨਹੀ ਸੀ। ਮੈਂਨੂੰ
ਪੇਟ ਦੇ ਚੂਹਿਆਂ ਦੀ ਫਿਰ ਥੋੜੀ ਹਲਚਲ ਮਹਿਸੂਸ ਹੋਈ। ਆਖਰ ਉਨਾਂ੍ਹ ਮੇਰੇ ਮੰੂਹੋਂ ਇਹ ਲਫ਼ਜ਼ ਕਢਵਾ ਹੀ ਦਿੱਤੇ,
"ਭੂਆ ਮੈਨੂੰ ਥੋੜੀ ਭੁਖ ਲੱਗੀ ਹੈ।"
"ਹੂੰ ਭੁਖ ਲੱਗੀ ਹੈ, ਐਸ ਵੇਲੇ, ਰਾਹ ਚੋਂ ਮੜਾ ਮੈਕਡੌਨਲਡ ਖਾ ਲੈਣਾ ਸੀ। ਹੁਣ ਮੈਂ ਤੈਨੂੰ ਕੀ ਦੇਵਾਂ ਐਸ ਵੇਲੇ ?"
ਉਸ ਦੀਆਂ ਅੱਖਾਂ ਲਾਲ ਸਨ, ਸ਼ਾਇਦ ਨੀਂਦ ਨਾਲ, ਸ਼ਾਇਦ ਗੁੱਸੇ ਨਾਲ।
"ਕੋਈ ਰੋਟੀ ਰਾਟੀ ਬਚੀ ਨਹੀ ਪਈਂ, ਮੈਂ ਥੋੜੀ ਖਾਕੇ ਸੌਂ ਜਾਊਂ, ਏਨੀ ਬਰਫ਼ਬਾਰੀ ਵਿਚ ਮੈਂ ਮੈਕਡੌਨਲਡ ਕਿੱਥੋਂ ਲਭਦਾ।" ਮੈਂ
ਆਵਾਜ਼ ਨੂੰ ਥੋੜੇ ਤਰਲੇ ਦੀ ਚੱਸ ਦਿਤੀ ।
"ਵਾਧੂ ਰੋਟੀਆ ਅਸੀਂ ਨਹੀਂ ਬਣਾਉਂਦੇੈ, ਇਹ ਅਮਰੀਕਾ ਹੈ, ਏਥੇ ਫਾਲਤੂ ਕੰਮ ਕਰਨ ਦਾ ਟਾਈਮ ਨਹੀ ।" ਅਮਰੀਕਾ ਦੇ ਤੌਰ ਤਰੀਕਿਆ
ਬਾਰੇ ਮੇਰੇ ਤੇ ਲੈਕਚਰਬਾਜ਼ੀ ਦੀ ਝੜੀ ਲੱਗ ਗਈ ।
ਪਰ ਮੇਰੇ ਚੂਹੇ ਮੇਰੇ ਤੇ ਹਾਵੀ ਸਨ, "ਜੇ ਆਟਾ ਗੁੰਨਿ੍ਹਆ ਪਿਆ ਹੈ ਤਾਂ ਮੈਂ ਆਪ ਪਕਾ ਲੈਂਨਾਂ ।"
"ਵੱਡਾ ਆਇਆ ਆਪੇ ਪਕਾਉਣ ਵਾਲਾ, ਕਿਚਨ ਵਿਚ ਤਾਂ ਮੈਂ ਤੇਰੇ ਫੁਫੜ ਨੂੰ ਵੀ ਨਹੀਂ ਵੜਨ ਦਿੰਦੀ, ਆਦਮੀ ਗਾਹ ਪਾ ਛਡਦੇ ਹਨ।" ਸਾਫ਼ ਸੀ
ਕਿ ਉਸਦਾ ਮੈਨੂੰ ਭੁਖਿਆਂ ਸੁਲਾਉਣ ਦਾ ਇਰਾਦਾ ਸੀ ਪਰ ਆਪਣੀ ਵੀ ਢੀਠਤਾ ਵਿਚ ਕੁਝ ਦਮ ਸੀ,
"ਚੱਲ ਥੋੜਾ ਸੀਰੀਅਲ ਹੀ ਦੇ ਦੇਹ।"
"ਸੀਰੀਅਲ ਤਾਂ ਕਈਆਂ ਦਿਨਾਂ ਦਾ ਮੁਕਿਆ ਪਿਆ, ਨਾਲੇ ਤੇਰਾ ਫੁੱਫੜ ਨਹੀਂ ਬਾਹਲਾ ਪਸੰਦ ਕਰਦਾ।" ਉਸਨੇ ਸਬੂਤ ਵਜੋਂ ਸੀਰੀਅਲ ਦਾ ਖਾਲੀ
ਡੱਬਾ ਖੜਕਾਇਆ ।
"ਚੱਲ ਬਰੈੱਡ ਆਮਲੇਟ ਬਣਾ ਦੇ।" ਹੁਣ ਚੜੀ ਲੱਥੀ ਦਾ ਫਰਕ ਮੁੱਕ ਚੁੱਕਾ ਸੀ, ਖਾਲੀ ਢਿਡ ਦਾ ਸਵਾਲ ਸੀ।
"ਆਂਡੇ ਤਾਂ ਡਾਕਟਰਾਂ ਮਨਾਂ੍ਹ ਕੀਤੇ ਹੋਏ ਹਨ, ਇਨਾਂ੍ਹ ਦਾ ਕੁਲੈਸਟਰੌਲ ਬਹੁਤ ਹਾਈ ਹੋ ਚੁੱਕਾ ਹੈ, ਹਾਂ ਜੈਮ ਪਿਆ ਹੈ ਪਰ ਬਰੈੱਡ ਨਹੀਂ ਹੈ ।"
ਰਾਹ ਨਿਕਲ ਆਇਆ ਸੀ, ਮੈਨੂੰ ਲੱਗਾ ਮੇਰੀ ਥੋੜੀ ਜਹੀ ਰਹਿ ਜਾਵੇਗੀ। ਹੌਸਲੇ ਚ ਮੈਂ ਗੱਲ ਅੱਗੇ ਵਧਾਈ,
"ਚਲੋ ਬਰੈੱਡ ਔਖਾ ਸੌਖਾ ਮੈਂ ਲੈ ਆਉਂਨਾ ।" ਮੈਂ ਤਟਫਟ ਜਾਣ ਲਈ ਉਠ ਖਲੋਇਆ। ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਮੈਂ ਭੁਖਾ ਵੀ
ਸੌਂ ਸਕਦਾ ਸੀ ਪਰ ਇਸ ਵਿੱਚ ਮੈਨੂੰ ਭੂਆ ਦਾ ਜਾਂ ਸ਼ਾਇਦ ਆਪਣਾ ਘਟਾਅ ਮਹਿਸੂਸ ਹੋਇਆ। ਸੋਚਿਆ ਤਾਂ ਸੀ ਭੂਆ ਦਾ ‘ਜੀ ਸਦਕੇ ਜੀ ਸਦਕੇ’
ਕਹਿੰਦੀ ਦਾ ਮੂੰਹ ਸੁਕੇਗਾ, ਚਾਅ ਨਾਲ ਫੁੱਫੜ ਨੂੰ ਜਗਾਏਗੀ ਤੇ ਏਨੀ ਸਰਦੀ ਕਾਰਨ ਪੈੱਗ-ਸ਼ੈੱਗ ਦੀ ਸੁਲਹ ਮਾਰੀ ਜਾਵੇਗੀ ਪਰ ਏਥੇ
ਤਾਂ ਪਾਸੇ ਹੀ ਪੁਠੇ ਪਏ ਹੋਏ ਸਨ ।
"ਜਾਹ ਫਿਰ ਛੇਤੀ ਜਾਹ, ਸੌਣਾ ਵੀ ਹੈ।" ਮੈਂ ਜੈਕਟ ਪਾ ਕੇ ਬੂਟ ਦੇ ਤਸਮੇ ਕੱਸ ਰਿਹਾ ਸੀ ਕਿ ਭੂਆ ਬੋਲੀ,
"ਜੈਮ ਤਾਂ ਘਰੇ ਹੈਗਾ ਦਰਜਨ ਆਂਡੇ ਤੇ ਗੈਲਣ ਦੁਧ ਵੀ ਫੜੀ ਆਵੀਂ। ਬਰਫ਼ ਕਰਕੇ ਅੱਜ ਮੇਰੇ ਕੋਲੋਂ ਵੀ ਸਟੋਰ ਤੇ ਨਹੀਂ ਜਾ ਹੋਇਆ, ਤੇਰੇ
ਫੁਫੜ ਲਈ ਵੀ ਸਵੇਰੇ ਬਣਾਉਣ ਲਈ ਕੁਝ ਨਹੀਂ ਹੈ।" ਮੇਰੇ ਮਨ ਚ ਆਇਆ ਭੂਆ ਹੁਣ ਤਾਂ ਕਹਿ ਰਹੀ ਸੀ ਕਿ ਫੁਫੜ ਦਾ ਕੁਲੈਸਟਰੌਲ ਹਾਈ
ਹੈ ਤੇ ਹੁਣ ਦਰਜਣ ਆਂਡੇ ਮੰਗਵਾ ਰਹੀ ਹੈ।
"ਸਾਬਣ ਤੇ ਸ਼ੈਂਪੂ ਵੀ ਲੈ ਆਵਾਂ, ਮੈਂ ਸਵੇਰੇ ਨਹਾ ਕੇ ਜਾਵਾਂਗਾ ?" ਮੈਂ ਤਾਂ ਛੁਰਲੀ ਹੀ ਛੱਡੀ ਸੀ ਪਰ ਉਹ ਛੁਰਲੀ ਨੂੰ ਗੋਲ ਮੋਲ ਕਰ ਗਈ,
" ਵੇ ਜਾਹ ਜੋ ਲਿਆਉਣਾ ਲੈ ਆ, ਛੇਤੀ ਤੁਰ, ਤੇਰਾ ਫੁਫੜ ਨਾ ਉਠ ਜਾਵੇ, ਉਨੇ ਸਵੇਰੇ ਕੰੰਮ ਤੇ ਜਾਣਾ ।"
ਭੂਆ ਹੋਰ ਲਿਸਟ ਨਾ ਦੇ ਦੇਵੇ, ਮੈਂ ਫੁਰਤੀ ਨਾਲ ਉਠ ਦੌੜਿਆ । ਨੇੜਿਓਂ ਹੀ ਇਕ ਗੈਸ ਸਟੇਸ਼ਨ ਤੋਂ ਡਿਉਢੇ ਰੇਟ ਤੇ ਮੈਂ ਸਾਰੀਆਂ ਹੀ ਚੀਜ਼ਾਂ ਫਟਾ
ਫਟ ਫੜ ਲਿਆਇਆ। ਭੂਆ ਸੋਫੇ ਤੇ ਊਂਘ ਰਹੀ ਸੀ। ਮੈਂ ਚੀਜ਼ਾਂ ਫੜਾ ਕੇ ਹੱਥ ਮੂੰਹ ਧੋਣ ਚਲੇ ਗਿਆ । ਆਇਆ ਤਾਂ ਪੁੱਛਣ ਲੱਗੀ,
"ਕਿੰਨੀ ਕੁ ਭੁਖ ਲੱਗੀ ਹੈ ?"
ਮੱਥਾ ਠਣਕਿਆ, ਅਜੇ ਦਿੱਲੀ ਦੂਰ ਹੈ," ਭੁਖ ਤਾਂ ਲੱਗੀ ਹੀ ਹੈ ਭੂਆ, ਦੁਪਹਿਰ ਦੀ ਰੋਟੀ ਖਾਧੀ ਹੈ।"
"ਮੇਰਾ ਮਤਲਬ ਸੀ ਬਰੈੱਡ ਦੇ ਦੋ ਪੀਸ ਖਾਏਂਗਾ ਕਿ ਇਕ ?"
ਭੂਆ ਦਾ ਮਤਲਬ ਮੇਰੇ ਖਾਨੇ ਚੀਰ ਗਿਆ । ਮੈਨੂੰ ਤਾਂ ਪੂਰੀ ਬਰੈੱਡ ਖਾਣ ਜਿੰਨੀ ਭੁਖ ਲੱਗੀ ਸੀ ਤੇ ਭੂਆ ਇਕ
ਜਾਂ ਦੋ ਪੀਸ ਵਿਚੋਂ ਚੋਣ ਪੁਛ ਰਹੀ ਸੀ। ਜਾਣਦਿਆਂ ਹੋਇਆਂ ਕਿ ਦੋ ਇਕ ਨਾਲੋਂ ਜਿ਼ਆਦਾ ਹੁੰਦੇ ਹਨ, ਮੈਂ ਆਪਣੀ ਢੁਕਵੀਂ ਚੋਣ ਜ਼ਾਹਰ
ਕੀਤੀ,"ਦੋ ਪੀਸ ਤਾਂ ਖਾ ਹੀ ਹੋ ਜਾਣਗੇ, ਨਾਲ ਦੁਧ ਦਾ ਗਲਾਸ ਦੇ ਦਈਂ।" ਮੇਰੀ ਟੋਨ ਵਿਚ ਨਿਰਮਾਣਤਾ ਬਰਕਰਾਰ ਸੀ।
" ਦੁੱਧ ਦਾ ਗਲਾਸ ਹੁਣ ਕੋਈ ਨਹੀਂ ਲੱਭਣਾ, ਸਵੇਰ ਦੀ ਚਾਹ ਜੋਗਾ ਰਖਕੇ ਮੈਂ ਤਾਂ ਬਾਕੀ ਦੇ ਨੂੰ ਜਾਗ ਵੀ ਲਾ ਦਿੱਤਾ ਹੈ।
ਫੁੱਫੜ ਤੇਰਾ ਸਵੇਰੇ ਸਵੇਰੇ ਦਹੀਂ ਨਾਲ ਮਿੱਸੀ ਰੋਟੀ ਖਾਂਦਾ ਹੈ।" ਹੁਣ ਕਿਸੇ ਪ੍ਰਕਾਰ ਦਾ ਰੱਖ-ਰਖਾਅ ਨਹੀਂ ਸੀ ਰਹਿ ਗਿਆ, ਨਿਪਟ ਸ਼ਕਤੀਆਂ ਦਾ ਭੇੜ ਸੀ ।
"ਚਲੋ ਫਿਰ ਦੋ ਆਂਡਿਆ ਦਾ ਆਮਲੇਟ ਬਣਾ ਦੇ" ਆਪਾਂ ਹੋਰ ਸੁਝਾ ਦਿੱਤਾ।
"ਆਮਲੇਟ ਐਸ ਵੇਲੇ ? ਤੈਨੂੰ ਮੈਂ ਜੈਮ ਲਾ ਕੇ ਬਰੈੱਡ ਦੇ ਦੋ ਪੀਸ ਦਿੰਦੀ ਹਾਂ, ਆਮਲੇਟ ਤੂੰ ਸਵੇਰੇ ਖਾਈਂ ਫੁਫੜ ਨਾਲ, ਹੁਣ ਚਾਹ ਬਣਾ ਦਿੰਦੀ ਹਾਂ।" ਮੈਂ
ਸੋਚਿਆ ਮੈਂ ਪੱਲਿਓਂ ਦਰਜਣ ਆਂਡੇ ਤੇ ਦੁਧ ਲੈ ਕੇ ਆਇਆਂ ਫਿਰ ਵੀ ਪਰਨਾਲਾ ਥਾਂ ਦੀ ਥਾਂ ਹੈ, ਲਗਦਾ ਭੂਆ ਤੇ ਗਰੀਬੀ ਛਾ ਗਈ ਹੈ,
ਸ਼ਾਇਦ ਗੈਸ ਦਾ ਖਰਚਾ ਬਚਾ ਰਹੀ ਹੈ, ਸ਼ਾਇਦ ਖੇਚਲ ਨਹੀਂ ਕਰਨਾ ਚਾਹੁੰਦੀ। ਆਪਾਂ ਸਹਿਜ ਅਵਸਥਾ ਵਿਚ ਆ ਗਏ ਤੇ ਹਥਿਆਰ ਸੁੱਟ ਦਿੱਤੇ,
"ਜਿਵੇਂ ਤੇਰੀ ਮਰਜ਼ੀ ।"
" ਅੱਛਾ ਏਹ ਦੱਸ ਚਾਹ ਮੱਗ ਵਿਚ ਪੀਵੇਂਗਾ ਕਿ ਕੱਪ ਵਿਚ ?" ਇਕ ਹੋਰ ਬੰਬ । ਅਜੇਹੀ ਚਾਇਸ ਮੈਂ ਪਹਿਲੀ ਵਾਰ ਸੁਣੀ ਸੀ
ਸੋ ਇਹ ਜਾਣਦਿਆਂ ਕਿ ਮੱਗ ਕੱਪ ਨਾਲੋਂ ਵੱਡਾ ਹੁੰਦਾ ਹੈ ਮੈਂ ਮੱਗ ਦੀ ਫਰਮਾਇਸ਼ ਕਰ ਦਿੱਤੀ ।
"ਮੱਗ ਭਰਿਆ ਪੀਵੇਂਗਾ ਕਿ ਅਧਾ ?" ਸਮਝ ਲੱਗਣ ਲੱਗੀ ਕਿ ਧਰਤੀ ਹੋਰ ਪਰੇ ਹੋਰ ਦਾ ਕੀ ਮਤਲਬ ਹੁੰਦਾ ਹੈ ।
"ਮੈਂ ਭਰਿਆ, ਭਰਿਆ, ਭਰਿਆ ਪੂਰਾ ਨੱਕ ਤੱਕ ਭਰਿਆ ਮੱਗ ਪੀਵਾਂਗਾ। ਹੋਰ ਪੁਛ ?" ਪਹਿਲੀ ਤੇ ਆਖਰੀ ਵਾਰ ਮੈਂ ਸ਼ਕਤੀ ਸੰਤੁਲਨ ਆਪਣੇ ਪੱਖ
ਵੱਲ ਮੋੜਨ ਲਈ ਹੰਭਲਾ ਮਾਰਿਆ।
ਭੂਆ ਨੇ ਹੂੰ ਹੂੰ ਫੂੰ ਫੂੰ ਕਰਦੀ ਨੇ ਦੋ ਜੈਮ ਲੱਗੇ ਪੀਸ ਤੇ ਊਣਾ ਚਾਹ ਦਾ ਮੱਗ ਮੇਰੇ ਹੱਥ ਥਮਾ ਦਿੱਤਾ। ਖਾ ਪੀ ਹਟਿਆ ਤਾਂ ਮੈਂ ਸੋਚਿਆ ਭੂਆ
ਸੌਣ ਬਾਰੇ ਵੀ ਤਿੜ ਫਿੜ ਕਰੇਗੀ, ਹੋਰ ਕਾਹਨੂੰ ਲੁਹਾਉਣੀ ਹੈ, ਸੋ ਪੇਸ਼ਕਸ਼ ਕੀਤੀ, "ਭੂਆ ਮੈਂ ਤਾਂ ਸੋਫੇ ਤੇ ਹੀ ਸੌਂ ਜਾਵਾਂਗਾ, ਨਾਲੇ ਥਕਿਆ ਪਿਆਂ।"
" ਲੈ ਸੋਫੇ ਤੇ ਕਿਉਂ, ਸੌ ਸੁਖ ਦਾ ਮੇਰਾ ਭਤੀਜਾ, ਮਸਾਂ ਤਾਂ ਲੱਝਾ, ਜਾਹ ਨਾਲ ਦੇ ਕਮਰੇ ਵਿਚ ਪੈ ਜਾਹ, ਮੈਂ ਛੇਤੀ ਛੇਤੀ ਭਾਂਡੇ ਸਮੇਟਦੀ ਹਾਂ।
ਪਾਣੀ ਦਾ ਜੱਗ ਮੈਂ ਤੇਰੇ ਸਿਰਹਾਣੇ ਰੱਖ ਦੇਵਾਂਗੀ ।"
‘ਕਿਹੜੇ ਭਾਂਡੇ, ਕਾਹਦੇ ਲਈ ਪਾਣੀ ਦਾ ਜੱਗ, ਨਸ਼ੇ ਦਾ ਤਾਂ ਘੁਟ ਵੀ ਅੰਦਰ ਨਹੀਂ ਗਿਆ ?ੇ’ਮਨ ਨੇ ਟਿੱਪਣੀ ਕੀਤੀ ।
ਬਲਜੀਤ ਬਾਸੀ