November 10, 2011 admin

ਕੌੜਾ ਘੁੱਟ

   ਦੇਸ਼ ਦੀ ਆਰਥਕਤਾ ਮਾਰੋ ਮਾਰ ਕਰ ਰਹੀ ਹੇ। ਤਾਂ ਹੀ ਉਸ ਦਿਨ ਕੰਪਨੀ
ਦੇ ਹਿਊਮਨ ਰਿਸੋਰਸ ਮੈਨੇਜਰ ਨੇ ਮੁਲਾਜ਼ਮਾਂ ਦੀ ਮੀਟਿੰਗ ਵਿਚ ਨਵਾਂ ਫੁਰਮਾਨ
ਜਾਰੀ ਕਰ ਦਿਤਾ, "ਜਿਵੇਂ ਦੇਸ਼ ਦੇ ਹਾਲਾਤ ਹਨ, ਸਾਡੀ ਕੰਪਨੀ ਚ ਬਣਦੇ
ਮਾਲ ਦੀ ਮੰਗ ਘਟ ਰਹੀ ਹੈ। ਅਸੀਂ ਹੁਣ ਤੁਹਾਨੂੰ ਹਫ਼ਤੇ ਚ ਪੰਜ ਦਿਨ ਕੰਮ
ਨਹੀਂ ਦੇ ਸਕਦੇ। ਸੋ ਅਗਲੇ ਸੋਮਵਾਰ ਤੋਂ ਸਿਰਫ਼ ਚਾਰ ਦਿਨ ਹੀ ਲੱਗਿਆ
ਕਰਨਗੇ।ਉਸਦੀ ਵੀ ਗਰੰਟੀ ਨਹੀਂ। ਤੁਹਾਨੂੰ ਸਾਰਿਆਂ ਨੂੰ ਸਾਰੇ ਕੰਮ ਸਿਖਣੇ
ਪੈਣਗੇ। ਰੈਸਟ ਰੂਮ ਤੇ ਲੰਚ ਰੂਮ ਵਾਰੀ ਸਿਰ ਸਾਰੇ  ਸਾਫ ਕਰਨਗੇ।ਸਾਬਣ,
ਨੈਪਕਿਨ ਤੇ ਗਰਮ ਪਾਣੀ  ਹੁਣ ਅਸੀਂ ਤੁਹਾਨੂੰ ਮੁਹੱਈਆ ਨਹੀਂ ਕਰ ਸਕਾਂਗੇ।
ਕੋਈ ਕਿਸੇ ਤਰ੍ਹਾਂ ਦੀ ਗਲਤੀ, ਕੁਤਾਹੀ ਜਾਂ ਗੁਸਤਾਖ਼ੀ ਕਰੇਗਾ ਤਾਂ ਆਪਣਾ
ਪੜ੍ਹਿਆ ਵਿਚਾਰ ਲਵੇ।ਹੁਣ ਕਿਸੇ ਨੇ ਕੋਈ ਸਵਾਲ ਪੁੱਛਣਾ ਹੈ ਤਾਂ ਪੁੱਛ ਲਵੇ
ਨਹੀਂ ਤਾਂ ਮੀਟਿੰਗ ਬਰਖ਼ਾਸਤ!" ਕੋਈ ਸਵਾਲ ਪæੁਛਣ ਦੀ ਗੁਸਤਾਖ਼ੀ ਕਿਵੇਂ
ਕਰ ਸਕਦਾ ਸੀ! ਓਵਰ ਟਾਈਮ ਤਾਂ ਕਦੋਂ ਦਾ ਬੰਦ ਹੋ ਚੁਕਾ ਸੀ, ਹੁਣ ਪੂਰਾ
ਟਾਈਮ ਵੀ ਨਹੀਂ ਲਗੇਗਾ, ਨਿਮੋਝੂਣੇ ਸਭ ਆਪਣੇ ਲੰਚ ਬਾਕਸ ਸਾਂਭਦੇ
ਪੰਚ ਮਸ਼ੀਨ ਵਲ ਤੁਰਦੇ ਬਣੇ।
     ਇਕ ਮੀਟਿੰਗ ਦੂਜੀ ਮੀਟਿੰਗ ਨੂੰ ਜਨਮ ਦਿੰਦੀ ਹੈ। ਨਵੀਂ ਮੁਸ਼ਕਿਲ
ਨਾਲ ਸਿਝਣ ਲਈ ਮੈਂ ਘਰ ਆ ਕੇ ਪਰਿਵਾਰ ਦੇ ਜੀਆਂ ਦੀ ਮੀਟਿੰਗ
ਬੁਲਾਉਂਦਾ ਹਾਂ।ਮੀਟਿੰਗ ਬੁਲਾਉਣ ਦਾ ਹੌਸਲਾ ਮੇਰੇ ਵਿਚ  ਕਿੱਥੇ, ਮੈਂ ਤਾਂ
ਉ੍ਹਨਾਂ ਨੂੰ ਟੀਵੀ ਦੇਖਦਿਆਂ ਨੂੰ ਜ਼ਰਾ ਹਲੀਮੀ ਨਾਲ ਕੰਪਨੀ ਦਾ ਫੈਸਲਾ
ਸੁਣਾਉਂਦਾ ਹਾਂ। ਪਹਿਲਾਂ ਤਾਂ ਉਹ ਜਿਵੇਂ ਹਸਦੇ ਹਨ,"ਚਲੋ ਬੁੜੇ ਦਾ
ਅਰਾਮ ਵਧਿਆ" ਫਿਰ ਜਿਵੇਂ ਰੋਂਦੇ ਹਨ,"ਅਛਾ ਹੁਣ ਫੇਰ?"
"ਹੁਣ ਫੇਰ ਕੀ, ਸਭ ਨੂੰ ਆਪਣੇ ਖਰਚੇ ਘਟਾਉਣੇ ਪੈਣਗੇ। ਬੱਝਵੇਂ ਖਰਚੇ
ਜਿਵੇਂ ਇਨਸ਼ੂਰੈਂਸਾਂ ਦੀਆਂ ਕਿਸ਼ਤਾ,ਅਪਾਰਟਮੈਂਟ ਦਾ ਰੈਂਟ, ਵਗੈਰਾ ਦਾ
ਅਸੀਂ ਕੁਝ ਨਹੀਂ ਕਰ ਸਕਦੇ। ਸੋ ਆਪਣੀ ਆਪਣੀ ਬੈਲਟ ਕੱਸਣੀ ਪਊ।"
ਫੈਸਲਾ ਹੋਇਆ ਕਿ ਗਰੋਸਰੀ ਹਰ ਹਫ਼ਤੇ ਦੀ ਬਜਾਏ ਇਕ ਹਫ਼ਤਾ ਛਡ ਕੇ
ਕੀਤੀ ਜਾਵੇਗੀ, ਸਾਂਝੀ ਰਾਈਡ ਦਾ ਪਰਬੰਧ ਕੀਤਾ ਜਾਵੇਗਾ,ਜੂਸ ਗਲਾਸ ਭਰ
ਕੇ ਪੀਣ ਦਾ ਕੀ ਫ਼ਾਇਦਾ, ਟੀਵੀ ਤੇ ਸੁਣਿਆ ਤਾਂ ਸੀ ਕਿ ਬਹੁਤਾ ਜੂਸ ਦੰਦ
ਖਰਾਬ ਕਰਦਾ ਹੈ,ਸੋ ਇਕ ਬਟਾ ਤਿੰਨ ਗਲਾਸ ਜੂਸ ਹੀ ਪੀਤਾ ਜਾਵੇ,ਸੋਡੇ ਤਾਂ ਵਾਹ
ਲਗਦੀ ਨੂੰ ਬੰਦ ਹੀ ਕਰ ਦਿੱਤੇ ਜਾਣ, ਟੀਵੀ ਦੇ ਚੈਨਲ ਵੀ ਅਧੇ ਕੀਤੇ ਜਾਣਗੇ।
ਅਸਾਂ ਮੀਆਂ ਬੀਵੀ ਨੇ ਸੈਲ ਫੋਨ ਦੀ ਬਲੀ ਦੇਣ ਦੀ ਪੇਸ਼ਕਸ਼ ਕੀਤੀ ਪਰ
ਬੱਚਿਆਂ ਨੇ ਚੱਕੀ ਦੇ ਪੁੜ ਜਿੱਡੇ ਮੈਕਡਾਨਲਡ, ਡੈਹੇਂ ਜਿੱਡੇ ਕੋਕ ਦੀਆਂ
ਬੋਤਲਾਂ ਤੇ ਹੋਰ ਜੰਕ ਫੂਡ ਘਟਾਉਣਾ ਨਾਂ ਮੰਨਿਆਂ।ਹਾਂ, ਉਹ ਖਾਲੀ ਬੋਤਲਾਂ
ਜਾ ਕੈਨਾਂ ਗਾਰਬੇਜ ਕਰਨ ਦੀ ਬਜਾਏ ਸੰਭਾਲ ਕੇ ਰੱਖਣਗੇ, ਆਖਰ ਦਸ
ਸੈਂਟ ਦੀ ਬੱਚਤ ਹੁੰਦੀ ਹੈ। ਉ੍ਹਨਾਂ  ਖੁਸ਼ੀ ਖੁਸ਼ੀ ਸਿਰਫ਼ ਦੁਧ  ਛੱਡ ਦੇਣ
ਦਾ ਇਰਾਦਾ ਜ਼ਾਹਿਰ ਕੀਤਾ। ਜਿੰਮ ਛੱਡਕੇ ਪਾਰਕ ਵਿੱਚ ਦੌੜ ਲਾਉਣ ਤੇ
ਉਹ ਵਿਚਾਰ ਕਰਨਗੇ ਤੇ ਸ਼ਾਇਦ ਗਰਮ ਪਾਣੀ ਦੀ ਬੱਚਤ ਹਿਤ ਹਫ਼ਤੇ
ਚ ਇਕ ਦਿਨ ਸ਼ਾਵਰ ਤੋਂ ਵੀ ਨਾਗਾ ਕਰ ਲੈਣ। ਇਸ ਸੰਕਟ ਸਮੇਂ ਮੈਂ ਧਰਮ
ਦਾ ਵੀ ਸਹਾਰਾ ਲਿਆ-ਹਰ ਵਾਰ ਐਤਵਾਰ ਲੰਗਰ ਤੋਂ ਪਹਿਲਾਂ ਨੇਮ ਨਾਲ
ਗੁਰਦਵਾਰਾ ਸਾਹਿਬ ਜਾਣ ਦਾ ਮਤਾ   ਮੈਂ ਪਾਸ ਕਰਵਾ ਲਿਆ। ਘਰ ਵਾਲੀ ਨੇ
ਹੱਦ ਕਰ ਦਿੱਤੀ, ਅੱਗੇ ਤੋਂ ਗੋਲਗੱਪੇ ਨਾਂ ਖਾਣ ਦਾ ਸੰਕਲਪ ਲੈ ਲਿਆ ਪਰ ਮੈਂ
ਜੁਗਤ ਨਾਲ ਆਪਣੇ ਦਾਰੂ ਸਿੱਕੇ ਦੀ ਚਰਚਾ ਅੱਗੇ ਨਾਂ ਆਉਣ ਦਿਤੀ।ਬਲਕਿ
ਮੀਟਿੰਗ ਦੀ ਸਫ਼ਲਤਾ ਦੀ ਖੁਸ਼ੀ ਵਿਚ ਮੈਂ ਜੇਬ ਵਿੱਚ ਲੁਕੋਕੇ ਲਿਆਂਦੇ ਪਊਏ
ਦਾ ਹਾੜਾ ਬਾਥ ਰੂਮ ਵਿੱਚ ਜਾਕੇ ਠੋਕ ਆਇਆ!
  ਸ਼ੁਕਰਵਾਰ ਦੀ ਛੁੱਟੀ ਵਾਲਾ ਪਹਿਲਾ ਲੌਂਗ ਵੀਕ ਐਂਡ ਆਇਆ।ਮੈਂ ਬਾਥ
ਰੂਮ ਤਾਂ ਗਿਆ ਪਰ ਪਾਣੀ ਸਰੀਰ ਨੂੰ ਛੁਹਾਇਆ ਤੱਕ ਨਾਂ। ਪਤਨੀ ਨੇ ਵਾਖਰੂ
ਵਾਖਰੂ ਕਰਦੀ ਨੇ ਠੰਡੇ ਪਾਣੀ ਨਾਲ ਨਹਾ ਲਿਆ।ਬੱਚੇ ਕਾਰਾਂ ਵਿੱਚੋਂ ਹੂੰਝ ਹਾਂਝ
ਕੇ ਕੁਝ ਖਾਲੀ ਕੈਨ ਚੁਕ ਲਿਆਏ । ਮਨ ਵਿੱਚ ਲਮਕ ਰਹੀ ਬੀਮਾਰੀ ਦਾ ਦੁਖਦਾਈ
ਖਿਆਲ ਆਇਆ ਤਾਂ ਦਿਮਾਗ ਦੇ ਚਿੱਤਰਪੱਟ ਤੇ ਸਵਾਮੀ ਰਾਮਦੇਵ ਕਈ ਵਾਰੀ
ਪਰਗਟ ਹੋਏ।ਫਟਾਫੱਟ ਡਾਕਟਰ ਨਾਲ ਅਪਾਂਇੰਟਮੈਂਟ ਕੈਂਸਲ ਕਰਵਾਈ।ਇਕ
ਹੋਰ ਖਰਚਾ ਟਲਿਆ। ਤਸੱਲੀ ਹੋਈ , ਸ਼ੁਕਰਵਾਰ ਸਕਾਰਥਾ ਬੀਤਿਆ।
   ਸਨਿਚੱਰਵਾਰ ਦਾ ਦਿਨ  ਕੀ ਚ੍ਹੜਿਆ ਚਾਅ ਹੀ ਚ੍ਹੜ ਗਿਆ, ਗੁਰਦਵਾਰੇ ਬਰੇਕ
ਫ਼ਾਸਟ ਤੇ ਉਥੇ ਹੀ  ਲੰਚ। ਤੇ ਸ਼ਾਮੀਂ ਜਿਵੇਂ ਪਤਨੀ ਨੇ ਰਾਤੀਂ ਯਾਦ ਕਰਾਇਆ ਸੀ
ਸਿੱਧੂ ਸਾਹਿਬ ਦੇ ਘਰ ਜਾਣ ਦਾ ਪਰੋਗਰਾਮ ਸੈ, ਉ੍ਹਨਾਂ ਦੇ ਘਰ ਜਨਮੇ ਪੋਤੇ ਦਾ
ਸ਼ਗਨ ਦੇਣ ।ਪਰ ਮੈਂ ਕੁਝ ਫ਼ਿਕਰਮੰਦ ਸੀ। "ਕੀ ਸ਼ਗਨ ਟਾਲਿਆ ਨਹੀਂ ਜਾ ਸਕਦਾ ?
ਅੱਗੇ ਪਾਇਆ ਖਰਚਾ ਵੀ ਕਮਾਏ ਧੰਨ ਦੇ ਤੁੱਲ ਹੁੰਦਾ ਹੈ।" "ਨਹੀਂ, ਆਪਾਂ ਅੱਗੇ
ਬਹੁਤ ਲੇਟ ਹਾਂ,ਲੋਕ ਤਾਂ ਇਹ ਕੰਮ ਕਦੋਂ ਦਾ ਭੁਗਤਾ ਆਏ ਹਨ।" ਇਸਤਰੀ ਜਗਤ
ਨੂੰ ਲੋਕਾਚਾਰੀ ਦਾ ਬਹੁਤ ਫ਼ਿਕਰ ਰਹਿੰਦਾ ਹੈ! "ਚਲੋ, ਪਰ ਸ਼ਗਨ ਵਿੱਚ  ਦੇਣਾ ਕੀ
ਹੈ?" ਮੇਰੇ ਲਈ ਏਹ ਸਾਰਥਕ ਸਵਾਲ ਸੀ। "31 ਡਾਲਰ" ਉਸਨੇ ਐਲਾਨ ਕੀਤਾ।
"ਬਹੁਤੇ ਹਨ।" ਮੈਂ ਹਲਕਾ ਜਿਹਾ ਉਜ਼ਰ ਕੀਤਾ। "ਨਹੀਂ ਵਾਜਬ ਹੀ ਹਨ।" ਪਰ ਮੈਂ
ਤਾੜਿਆ ਉਸਦੀ ਆਂਵਾਜ਼ ਵਿਚ ਜੋæਰ ਨਹੀਂ ਸੀ। ਮੈਂ ਹੌਸਲਾ ਫੜਿਆ,"ਇਨ੍ਹਾਂ
ਹਾਲਾਤ ਵਿੱਚ ਨਹੀਂ,ਦੇਖ ਆਪਾਂ ਕਟੌਤੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਾਂ।"
ਖ਼ੈਰ ਉਹ 21 ਡਾਲਰ ਤੇ ਟਿਕ ਗਈ ਤੇ ਮੈਂ ਮਨ ਹੀ ਮਨ ਵਿਚ ਆਪਣੇ ਆਪ ਨੂੰ
ਸ਼ਾਬਾਸ਼ ਦਿੱਤੀ।
      ਕੁਝ ਵੀ ਹੋਵੇ, ਸਿੱਧੂ ਸਾਹਿਬ ਦੇ ਘਰ ਜਾਣ ਦੇ ਖਿਆਲ ਨਾਲ ਮੇਰੇ ਅੰਦਰ
ਹੋਰ ਹੀ ਲੱਡੂ ਫੁੱਟਣ ਲੱਗੇ ਸਨ। ਸਿੱਧੂ ਸਾਹਿਬ ਪੀਣ ਪਿਆਣ ਦੇ ਮਾਮਲੇ
ਵਿਚ ਵਧੀਆ ਮਹਿਮਾਨਨਿਵਾਜ਼ ਹਨ।ਤੇ ਇਨ੍ਹਾਂ ਕਟੌਤੀ ਦੇ ਦਿਨਾਂ ਵਿਚ ਰੱਜਵੀਂ
ਮੁਫ਼ਤ ਦੀ ਸ਼ਰਾਬ। ਮੇਰੀ ਕਾਰ ਆਪ ਮੁਹਾਰੇ ਸਪੀਡ ਫੜ ਗਈ।
  ææææææææ ਪੋਤੇ ਦਾ ਮੂੰਹ ਦੇਖਿਆ ਗਿਆ, ਸ਼ਗਨ ਦਾ ਦੇਣ ਹੋਇਆ, ਚਾਹ ਪੀਤੀ
ਗਈ, ਪਕੌੜੇ, ਸਮੋਸੇ, ਲੱਡੂ ਖਾਧੇ ਗਏ, ਕੰਮ ਦੀਆਂ ਗੱਲਾਂ ਹੋਈਆਂ ਜੋ ਅਸਲ ਵਿੱਚ
ਘਟੇ ਹੋਏ ਕੰਮ ਦੀਆਂ ਗੱਲਾਂ ਸਨ।ਪਰ ਮੈਂਨੂੰ ਅਸਲ ਕੰਮ ਦੀ ਗੱਲ ਦੀ ਉਡੀਕ ਸੀ।
ਸ਼ਾਮ ਗ੍ਹੂੜੀ ਹੋ ਰਹੀ ਸੀ ਤੇ ਮਨ ਮਚਲ ਰਿਹਾ ਸੀ।ਤਦੇ ਮੇਰੇ ਕੰਨ ਸੁਣ ਰਹੇ ਸਨ,"ਹੋ ਜਾਏ
ਫਿਰ ਛਿਟ ਛਿਟ ?"
    ਇਹੋ ਜਿਹੇ ਮੌਕ ੇਵੈਸੇ  ਤਾਂ ਮੈਂ ਡਾਇਰੈਕਟ ਅਟੈਕ ਦੇ ਹੱਕ ਵਿਚ ਹੁੰਦਾ
ਹਾਂ। ਸ਼ਰਾਬੀਆਂ ਦੀ ਭਾਸ਼ਾ ਵਿਚ ਡਾਇਰੈਕਟ ਅਟੈਕ ਬਿਨਾਂ ਕਿਸੇ ਤਕੱਲਫ
ਜਾਂ ਚਾਹ ਪਾਣੀ ਦੀ ਸੇਵਾ ਦੇ ਸਿਧੇ ਬੋਤਲ ਦੇ ਡੱਟ ਖ੍ਹੋਲਣ ਨੂੰ ਕਹਿੰਦੇ ਹਨ।
ਪਰ ਜਨਾਨਖਾਨੇ ਨੇ ਇਹੋ ਜਿਹੇ ਮੌਕੇ ਚਾਹ ਲੱਡੂ ਜ਼ਰੂਰ ਵਾੜਨੇ ਹੁੰਦੇ ਹਨ। "ਅੱਜ
ਤਾਂ ਨਾਂਹ ਨਹੀਂ ਹੋ ਸਕਦੀ, ਸੌ ਸੁਖ ਦੇ ਪੋਤੇ ਦੀ ਖੁਸ਼ੀ ਹੈ।" ਪਿਆਕੜ
ਗੱਲ ਨੂੰ ਲਟਕਾਉਂਦੇ ਨਹੀਂ। ਸਿੱਧੂ ਸਾਹਿਬ ਪੈਗ ਬਣਾਕੇ ਲੈ ਆਏ।ਪੋਤੇ ਦੀ
ਖੁਸ਼ੀ ਵਿਚ ਜਾਮ ਟਕਰਾਏ। ਅੱਧਾ ਹਾੜਾ ਤਾਂ ਮੈਂ ਇਕੋ ਡੀਕ ਵਿਚ ਪੀ ਗਿਆ। ਅੰਦਰ
ਬਾਹਰ ਚਾਨਣਾ ਹੋਇਆ।ਫਿਰ ਆਰਥਕ ਮੰਦਵਾੜੇ ਦੀਆਂ, ਨਵੀਂ ਪੀੜ੍ਹੀ ਦੇ ਵਿਗੜਨ
ਦੀਆਂ , ਭਾਰਤ ਵਿਚ ਚੋਣਾਂ ਦੀਆਂ ਗੱਲਾਂ ਹੋਈਆਂ ਪਰ ਸਭ ਦਾ ਅੰਤ ਖੁਸ਼ਗਵਾਰ।
ਦੂਜੇ ਪੈਗ ਦੀ ਵਾਰੀ ਆਈ। ਗਲਾਸ  ਮੂੰਹ ਨੂੰ ਲਾਉਣ ਲੱਗਾ ਤਾਂ ਮੇਰਾ
ਧਿਆਨ ਸਿਧੂ ਸਾਹਿਬ ਦੇ ਗਲਾਸ ਵੱਲ ਜਾਂਦਾ ਹੈ। ਲਗਦਾ ਹੈ ਉਨ੍ਹਾਂ ਦੇ
ਪੈਗ ਦਾ ਰੰਗ ਸ਼ਰਾਬ ਵਾਲਾ ਦਿਲਕਸ਼ ਨਹੀਂ ਪੈਪਸੀ ਵਰਗਾ ਬਨਾਉਟੀ ਹੈ।
"ਤੁਸੀਂ ਡਰਿੰਕ ਨਹੀਂ ਲੈ ਰਹੇ ?" ਮੈਂ ਸ਼ੱਕ ਜ਼ਾਹਰ ਕਰਦਾ ਹਾਂ।ਸਿਧੂ ਸਾਹਿਬ
ਕੁਝ ਝੇਂਪ ਗਏ ਤੇ ਸੋਫ਼ੇ ਤੇ ਚਿਤੜ ਘੜੀਸਣ ਲੱਗ ਪਏ।"ਅਸਲ ਵਿੱਚ ਇਨ੍ਹਾਂ
ਨੇ ਅੱਜ ਕੱ੍ਹਲ ਪੀਣੀ ਛੱਡ ਦਿੱਤੀ ਹੈ।" ਪਤਨੀ ਨੇ ਸਥਿਤੀ ਸੰਭਾਲਣ ਦੀ ਕੋਸ਼ਿਸ਼
ਕੀਤੀ। ਮੇਰੇ ਲਈ ਤਾਂ ਇਹ ਹਨੇਰ ਵਾਲੀ ਗੱਲ ਸੀ । ਸਰਾਸਰ ਬੇਈਮਾਨੀ ਦਾ
ਇਜ਼ਹਾਰ। "ਸੂæਗਰ ਦੀ ਤਾਂ ਇਹ ਕਦੇ ਪਰਵਾਹ ਨਹੀਂ ਸੀ ਕਰਦੇ,ਫਿਰ ਕੀ ਹੋਇਆ?"
ਮੈਂ ਇਤਰਾਜ਼ ਕੀਤਾ। " ਸੂਗਰ ਵਾਲੀ ਵੀ ਗੱਲ ਹੈ ਪਰ ਅਸਲ ਵਿਚ ਭਾਈ
ਸਾਹਿਬ ਤੁਹਾਨੂੰ ਪਤਾ ਹੀ ਹੈ।ਆਹ ਕੰਮ ਵਿਚ ਕੀ ਮੰਦਾ ਆਇਆ, ਸਾਡਾ
ਤਾਂ ਚੌੜ ਹੀ ਹੋ ਗਿਆ। ਸਭ ਖਰਚਿਆਂ ਤੇ ਕੱਟ ਲਾ ਰਹੇ ਹਾਂ।ਇ੍ਹਨਾਂ ਤੋਂ
ਸ਼ਰਾਬ ਦੀ ਸਹੁੰ ਪੁਆ ਲਈ ਹੈ।" ਪਤਨੀ ਨੇ ਗੱਲ ਸਾਫ਼ ਕੀਤੀ।ਪਰ ਸਿਧੂ
ਸਾਹਿਬ ਨੇ ਜਿਵੇਂ ਜ਼ਖਮਾਂ ਤੇ ਲੂਣ ਛਿੜਕਿਆ, "ਖੈਰ ਕੋਈ ਗੱਲ ਨਹੀਂ
ਯਾਰ ਤੂੰ ਪੀ ਰੱਜ ਕ , ਮੈਂ ਹੁਣ ਸਹੁੰ ਤਾਂ ਨਹੀਂ ਭੰਨ ਸਕਦਾ।" ਮੇਰਾ ਦਿਲ
ਕੰਬ ਉਠਿਆ।ਹੇ ਮੇਰਿਆ ਮਨਾਂ ਇਹ ਦਿਨ ਵੀ ਦੇਖਣੇ ਸਨ, ਤਿੜਕੇ ਹੋਏ
ਹਮ-ਪਿਆਲਿਆਂ ਦੇ ਦਿਨ। ਮੈਂ ਸਿਧੂ ਸਾਹਿਬ ਵੱਲ ਘੂਰ ਕੇ ਦੇਖਿਆ। ਉਹ ਮੈਂਨੂੰ
ਹੱਡ, ਮਾਸ ਅਤੇ ਸ਼ਰਾਬ ਦੇ ਜੀਵ ਨਹੀਂ ਬਲਕਿ ਆਰਥਕਤਾ, ਆਰਥਕਤਾ ਅਤੇ
ਆਰਥਕਤਾ ਦੇ ਪੁਤਲੇ ਲੱਗੇ।ਮੈਂ ਬਾਕੀ ਦਾ ਅੱਧਾ ਪੈਗ ਪੀਣਾ ਨਹੀਂ ਸੀ ਚਾਹੁੰਦਾ
ਪਰ ਸ਼ਰਾਬ ਦੀ ਤੌਹੀਨ ਵੀ ਬੁਰੀ ਗੱਲ ਹੈ।ਮੈਂ ਹਮੇਸ਼ਾ ਮਿੱਠੀ ਲਗਦੀ ਸ਼ਰਾਬ
ਦੇ ਕੌੜੇ ਘੁਟ ਭਰੇ, ਤੇ ਉਠ ਖੜਾ ਹੋਇਆ।ਹੁਣ ਸਿਧੂ ਸਾਹਿਬ ਦੀ ਪਤਨੀ ਦੀ
"ਤੁਸੀਂ ਤਾਂ ਪੀਓ, ਤੁਸੀਂ ਤਾਂ ਪੀਓ" ਦੀ ਦਹਾਈ ਅਸਰ ਨਹੀਂ ਸੀ ਕਰ ਸਕਦੀ।
"ਨਹੀਂ ਦਰਅਸਲ ਇਨ੍ਹਾਂ ਨੇ ਵੀ ਅੱਜ ਕ੍ਹਲ ਘਟਾਈ ਹੋਈ ਹੈ।" ਪਤਨੀ ਨਾਲ
ਪਤਨੀ ਟਕਰਾਈ। ਮੇਰੀ ਤਾਂ ਜ਼ਬਾਨ ਹੀ ਨਹੀਂ ਸੀ। ਖਸਿਆਨੀ ਹਾਸੀ ਦਰਮਿਆਨ
ਉਹ ਸਾਨੂੰ ਦਰਵਾਜ਼ੇ ਤੱਕ ਛੱਡਣ ਆ ਗਏ।

ਬਲਜੀਤ ਬਾਸੀ

Translate »