November 10, 2011 admin

ਸਾਕਾ ਸਰਹੰਦ

ਲੜਨਾ ਕੌਮ ਖ਼ਾਤਰ, ਮਰਨਾ ਕੌਮ ਖ਼ਾਤਰ, ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ ।
ਉਹ ਕੌਮ ਮਰਜੀਵੜੇ ਕਰੇ ਪੈਦਾ, ਉਹਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ ।

     ਸੰਸਾਰ ਵਿੱਚ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾਂ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ । ਜਿੰਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ । ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ ਨਾਲੋਂ ਵੱਖਰੀ ਹੈ ਕਿਉਂਕਿ ਸਿੱਖ ਕੌਮ ਕੋਲ ਕੁਰਬਾਨੀ ਭਰੇ ਉਹ ਸਾਕੇ ਹਨ, ਜਿੰਨ੍ਹਾਂ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ । ਇ੍ਹਨਾਂ ਵਿੱਚੋਂ ਹੀ ‘ਸਾਕਾ ਸਰਹੰਦ’ ਜਾਂ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਇੱਕੋ ਇੱਕ ਅਜਿਹਾ ਸਾਕਾ ਹੈ, ਜਿਸ ਵਿੱਚ ਕੇਵਲ 6 ਅਤੇ 8 ਸਾਲ ਦੀਆਂ ਉਹ ਮਹਾਨ ਆਤਮਾਵਾਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਅਣਖ਼ ਅਤੇ ਗ਼ੇੈਰਤ ਦਾ ਅਜਿਹਾ ਸਬੂਤ ਦਿੱਤਾ ਜਿਸਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦੀ । ਅੱਜ ਵੀ ਇਸ ਸਾਕੇ ਤੋਂ ਰੋਸਨੀ ਲੈ ਕੇ ਗੁਰੁੂ ਨਾਨਕ ਨਾਮ ਲੇਵਾ ਸਿੱਖ ਜਿਥੇ ਵੀ ਵੱਸਦਾ ਹੈ, ਆਪਣੇ ਧਰਮ ਲਈ, ਮਾਨਵਤਾ ਦੇ ਲਈ ਮਰ ਮਿਟਣ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ ।
                ਮੈਦਾਨ-ਏ-ਜੰਗ ਵਿੱਚ ਸਰਸਾ ਦੇ ਕੰਢੇ ਤੋਂ ਜਦੋਂ ਸਾਹਿਬੇ ਕਮਾਲ ਚੋਜੀ ਪ੍ਰੀਤਮ ਗੁਰੂੁ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ । ਇੱਥੇ ਇੱਕ ਗੱਲ ਜ਼ਰੂਰ ਨੋਟ ਕਰਨੀ ਕਿ “ ਜੇ ਗੁਰੂੁ ਪਾਤਸ਼ਾਹ ਚਾਹੁੰਦੇ ਤਾਂ ਇੱਥੇ ਵੀ ਆਪਣੇ ਪਰਿਵਾਰ ਨੂੰ ਬਚਾ ਕੇ ਨਹੀਂ ਰੱਖ ਸਕਦੇ ਸਨ ?” ਬਿਲਕੁਲ ਰੱਖ ਸਕਦੇ ਸਨ ਪਰ ਸੰਸਾਰ ਨੂੰ ਇੱਕ ਮਿਸਾਲ ਦੇਣੀ ਸੀ ਕਿ ਗੁਰੁੂ ਦਾ ਸਿੱਖ ਭਾਵੇਂ 6 ਅਤੇ 8 ਸਾਲ ਦੀ ਉਮਰ ਦਾ ਹੋਵੇ, ਭਾਵੇਂ ਉਹ ਬੁਢੜੀ ਮਾਤਾ, ਬਿਰਧ ਹੋਵੇ, ਭਾਵੇਂ ਗੁਰੂ ਕੇ ਮਹਿਲ ਹੋਣ ਜਾਂ ਗੁਰੁ ਪਾਤਸ਼ਾਹ ਆਪ ਹੋਣ ਜਾਂ ਫਿਰ ਭਾਵੇਂ ਗਿਣਤੀ ਦੇ ਭੁਖੇ-ਭਾਣੇ 40 ਸਿੰਘ ਹੋਣ ਸਿੱਖੀ ਸਿਧਾਂਤ ਵਾਸਤੇ ਜੂਝ ਕੇ ਮਰਨਾ ਪਵੇਗਾ ।
       ਜਦ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਫਿਰ ਕਦੇ ਵੀ ਮੇਲ ਨਾ ਹੋ ਸਕਿਆ । ਤਾਂ ਪਰਿਵਾਰ ਨਾਲੋਂ ਵੱਖ ਹੋਏ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਹਾਮਣ ਆਪਣੇ ਪਿੰਡ ਲੈ ਗਿਆ ਅਤੇ ਲਾਲਚ ਵੱਸ ਆ ਕੇ ਛੋਟੇ ਸਾਬਿਜ਼ਾਦਿਆਂ ਦੀ ਸੂਹ ਸਮੇਂ ਦੀ ਜ਼ਾਲਮ ਸਰਕਾਰ ਨੂੰ ਦੇ ਦਿੱਤੀ । ਜਿਸ ਦੀ ਬਦੋਲਤ ਮਾਤਾ ਗੁਜਰੀ ਜੀ ਅਤੇ ਮਾਸੂਮ ਜਿੰਦਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ । ਇਹ 21-22 ਦਸੰਬਰ ਦੀ ਠੰਡੀ ਰਾਤ ਸੀ ਜਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਅੰਦਰ ਕੈਦ ਕੀਤਾ ਗਿਆ ਸੀ ।
ਜਦੋਂ ਅਗਲੇ ਦਿਨ ਮਾਸੂਮ ਜਿੰਦਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖਾਂ ਨੇ ਸ਼ਰਾਰਤ ਨਾਲ ਕਿਲ੍ਹੇ ਦਾ ਵੱਡਾ ਦਰਵਾਜਾ ਬੰਦ ਕਰਵਾ ਦਿੱਤਾ ਅਤੇ ਛੋਟੀ ਖਿੜਕੀ ਖੋਲ੍ਹ ਦਿੱਤੀ ਤਾਂ ਕਿ ਜਦ ਛੋਟੇ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀਂ ਤਾੜੀ ਮਾਰ ਕੇ ਆਖਾਂਗੇ ਕਿ ‘ਗੁਰੂ ਦਾ ਸਿੱਖ ਝੁੱਕ ਗਿਆ ।’ ਪਰ, ਇਸਦੇ ਉਲਟ ਜਦ ਸਾਹਿਬਜ਼ਾਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਰੱਖੇ ਫਿਰ ਸੀਸ ਅਤੇ ਛਾਤੀ ਤਾਨ ਕੇ ਗੱਜ ਕੇ ਫਤਹਿ ਬੁਲਾ ਦਾ ਦਿੱਤੀ । ਕੋਲ ਖੜ੍ਹਾ ਸੁੱਚਾ ਨੰਦ ਕਹਿਣ ਲੱਗਾ, “ਓਏ ! ਇਹ ਤੁਹਾਡੇ ਗੁਰੁੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ । ਇਹ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਹੈ, ਝੁੱਕ ਕੇ ਸਲਾਮ ਕਰੋ ।” ਤਾਂ ਸਾਹਿਬਜ਼ਾਦਿਆਂ ਦਾ ਜੁਆਬ ਸੀ, “ਸਾਨੂੰ ਪਤਾ ਹੈ, ਪਰ ਇਹ ਗੁਰੁੂ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਗੱਜ ਕੇ ਫ਼ਤਹਿ ਹੀ ਬੁਲਾਉਣੀ ਹੈ।
ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਕਹਿੰਦੇ ਨੇ ਜੇਕਰ ਕਿਸੇ ਦਾ ਈਮਾਨ ਡੁਲ੍ਹਾਉਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਡੁਲ੍ਹਾਇਆ ਜਾਂਦਾ ਹੈ । ਪਹਿਲਾਂ ਕਿਸੇ ਨੂੰ ਬਹੁੱਤਾ ਪਿਆਰ ਕਰ ਲਵੋ ਤਾਂ ਉਹ ਡੋਲ੍ਹ ਜਾਂਦਾ ਹੈ । ਦੂਜਾ ਲਾਲਚ ਨਾਲ ਅਤੇ ਤੀਜਾ ਡਰਾਵਾ ਦੇ ਕੇ । ਇਹ ਤਿੰਨੇ ਤਰੀਕੇ ਗੁਰੁੂ ਕੇ ਲਾਲਾਂ ਤੇ ਵੀ ਅਜ਼ਮਾਏ ਗਏ।
ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਕਿਹਾ ਗਿਆ ਕਿ, ‘ਬੱਚਿਓ ! ਤੁਸੀਂ ਬੜੇ ਮਾਸੂਮ ਹੋ, ਨਿੱਕੀਆਂ ਜਿੰਦਾਂ ਹੋ, ਤੁਹਾਨੂੰ ਕੋਹ-ਕੋਹ ਕੇ ਮਾਰ ਦਿੱਤਾ ਜਾਵੇਗਾ, ਇਸ ਲਈ ਜਿੰਦਗੀ ਜੀਉਣ ਲਈ ਸਿੱਖੀ ਦਾ ਤਿਆਗ ਕਰ ਦਿਉ ।” ਅੱਗੋਂ ਸਾਹਿਬਜ਼ਾਦੇ ਕਹਿਣ ਲੱਗੇ :
“ਦਸਮੇਸ਼ ਪਿਤਾ ਦੇ ਬੱਚੜੇ ਹਾਂ, ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ,
ਉਤੋਂ ਮੱਖਣ ਵਰਗਾ ਮਾਹੌਲ ਨਾ ਸਮਝੀਂ, ਅੰਦਰੋਂ ਫੋਲਾਦ ਦੇ ਬਣੇ ਹੋਏ ਹਾਂ ।”
ਤਾਂ ਵਜ਼ੀਰ ਖਾਂ ਕਹਿਣ ਲੱਗਾ, “ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ” ਤਾਂ ਗੁਰੁੂ ਕੇ ਲਾਲ ਕਹਿਣ ਲੱਗੇ, “ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦਈਂ, ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ । ਅਸੀ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ ।”
ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ, ਔਹ ਵੇਖ ਲੈ ਆਰ ਦੇ ਦੰਦੇ ।”
ਤਾਂ ਅਗੋਂ ਜਵਾਬ ਸੀ, “ਮਤੀ ਦਾਸ ਦੇ ਸਿਰ ਐ ਜ਼ਾਲਮ, ਇਹ ਦੰਦੇ ਅਜ਼ਮਾ ਕੇ ਵੇਖ ਲਏ ਨੇ ।”
ਵਜ਼ੀਰ ਖਾਂ ਫਿਰ ਕਹਿਣ ਲੱਗਾ, ਸੋਚ ਫਤਹਿ ਸਿੰਘ ਸੋਚ, ਨਹੀਂ ਤਾਂ ਮੱਛੀ ਵਾਂਗੂ ਲੋਹ ਤੇ ਤਲਸਾ ।”
ਤਾਂ ਅਗੋਂ ਜਵਾਬ ਸੀ, “ਓਏ ਮੇਰੇ ਬਾਬੇ ਅਰਜਨ ਨੇ, ਇਸਤੇ ਵੀ ਅੰਗ ਤੁਲਵਾ ਕੇ ਦੇਖ ਲਏ ਨੇ ।”
ਤਾਂ ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ ਦੇਗਾਂ ਵਿੱਚ ਆਲੂਆਂ ਵਾਗ ਉਬਾਲੇ ਜਾਸੋ ।”
ਅਗੋਂ ਜਵਾਬ ਆਇਆ, “ਓਏ ਗੁਰਸਿੱਖੀ ਲਈ ਭਾਈ ਦਿਆਲੇ ਨੇ, ਕਈ ਉਬਾਲੇ ਖਾ ਕੇ ਦੇਖ ਲਏ ਨੇ।”
ਸ਼ਾਹਿਜ਼ਾਦੇ ਕਹਿਣ ਲੱਗੇ, “ਤੂੰ ਜਿੰਨਾਂ ਮਰਜੀ ਜੁਲਮ ਕਰ ਲੈ, ਪਰ ਸਾਨੂੰ ਆਪਣੀ ਈਨ ਨਹੀਂ ਮੰਨਵਾ ਸਕਦਾ, ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ ।”
ਹੁਣ ਦੂਸਰਾ ਤਰੀਕਾ ਵਰਤਿਆ ਜਾਣ ਲੱਗਾ ਅਤੇ ਵਜ਼ੀਰ ਖਾਂ ਗੁਰੁੂ ਕੇ ਲਾਲਾਂ ਨੂੰ ਲਾਲਚ ਦੇ ਕੇ ਕਹਿਣ ਲੱਗਾ, ਕਿ ਤੁਹਾਨੂੰ ਤਖ਼ਤ ਤੇ ਤਾਜ਼ ਮਿਲੇਗਾ । ਤਾਂ ਅੱਗੋਂ ਜੁਆਬ ਸੀ,
“ਜੁੱਤੀ ਦੀ ਇੱਕ ਠੋਕਰ ਨਾਲ ਤਖ਼ਤ ਤੇ ਤਾਜ਼ ਠੁਕਰਾ ਸਕਦੇ ਹਾਂ,
ਨੀਹਾਂ ਵਿੱਚ ਚਿਣਵਾ ਕੇ ਆਪਾ, ਰੋਮ-ਰੋਮ ਮੁਸਕਰਾ ਸਕਦੇ ਹਾਂ ।”
ਅੰਤ ਵਜ਼ੀਰ ਖਾਂ ਨੇ ਜਦ ਸਾਰੇ ਤਰੀਕੇ ਵਰਤ ਲਏ ਤਾਂ ਕਾਜ਼ੀ ਨਾਲ ਸਲਾਹ ਕਰਕੇ ਫ਼ਤਵਾ ਦੇ ਦਿੱਤਾ ਗਿਆ ਕਿ ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ । ਇੱਕ ਵਾਰ ਫਿਰ ਵਜ਼ੀਰ ਖਾਂ ਨੇ ਜੱਲਾਦਾਂ ਦੇ ਜ਼ਰੀਏ ਲਾਲਾਂ ਨੂੰ ਡਰਾ ਕੇ ਸਿੱਖੀ ਤਿਆਗਣ ਲਈ ਕਿਹਾ । ਜੱਲਾਦ ਕਹਿਣ ਲੱਗੇ ਬੱਚਿਉ, ਤੁਸੀਂ ਮਾਸੂਮ ਜਿੰਦਾਂ ਹੋ, ਵਜ਼ੀਰ ਖਾਂ ਦਾ ਆਖਾ ਮੰਨ ਲਉ, ਅਗੇ ਕਹਿਣ ਲੱਗੇ ਅਸੀ ਖਾਨਦਾਨੀ ਜੱਲਾਦ ਹਾਂ, ਤੁਹਾਡੇ ਵਰਗੇ ਕਈ ਮਾਰ ਛੱਡੇ ਹਨ । ਧਰਮ ਨੂੰ ਛੱਡ ਦਿਉ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ । ਸਾਜਿਬਜ਼ਾਦੇ ਜੋਸ਼ ਵਿੱਚ ਆ ਕੇ ਕਹਿਣ ਲੱਗੇ, ਤੁਸੀ ਵੀ ਸਾਡੀ ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲਵੋ, “ਜੇ ਤੁਸੀ ਖ਼ਾਨਦਾਨੀ ਜੱਲਾਦ ਹੋ ਨਾ, ਤਾਂ ਫਿਰ ਅਸੀਂ ਵੀ ਖ਼ਾਨਦਾਨੀ ਸ਼ਹੀਦ ਹਾਂ । ਤੁਸੀ ਚੁੱਪ ਕਰਕੇ ਆਪਣਾ ਕੰਮ ਕਰੀ ਜਾਵੋ ।“ ਅਤੇ ਹੱਸਦਿਆਂ-ਹੱਸਦਿਆਂ ਦੋਵੇ 6 ਅਤੇ 8 ਸਾਲ ਦੀ ਉਮਰ ਦੇ ਮਾਸੂਮ ਪਰ ਵੱਡੇ ਕਾਰਨਾਮੇ ਕਰਨ ਵਾਲੇ ਗੁਰੁੂ  ਗੋਬਿੰਦ ਸਿੰਘ ਜੀ ਦੇ ਲੱਖਤੇ ਜਿਗਰ ਸ਼ਹੀਦੀਆਂ ਪਾ ਗਏ ਪਰ ਜਾਲਮ ਸਰਕਾਰ ਅਤੇ ਸਿੱਖੀ ਦੇ ਦੁਸ਼ਮਣਾਂ ਦੀ ਗੱਲ ਨਹੀਂ ਮੰਨੀ ਅਤੇ ਉਹਨਾਂ ਦਾ ਸੁਪਨਾ ਕਦੇ ਵੀ ਪੂਰਾ ਨਾ ਹੋਣ ਦਿੱਤਾ ।
 ਪਰ ਅਤਿ ਅਫਸੋਸ ਕੌਮ ਦੇ ਵਾਰਿਸ ਐ ਨੌਜਵਾਨ ਵੀਰੋ ਅਤੇ ਭੈੇਣੋਂ ਅੱਜ ਸ਼ੀਸ਼ੇ ਅੱਗੇ ਖਲੋ ਕੇ ਆਪਣੀਆਂ ਸ਼ਕਲਾਂ ਦੇਖੋ ਕਿ ਤੁਸੀ ਵਾਕੇਈ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਵੀਰ ਅਤੇ ਭੈਣਾਂ ਅਖਵਾਉਣ ਦੇ ਹੱਕਦਾਰ ਹੋ ? ਅੱਜ ਤੁਸੀ ਆਪਣੇ ਕੇਸ-ਦ੍ਹਾੜੀਆਂ ਕਤਲ ਅਤੇ ਰੋਮਾਂ ਦੀ ਬੇਅਦਬੀ ਕਰ ਕੇ, ਅਤੇ ਨਸ਼ਿਆਂ ਦੇ ਵਿੱਚ ਗਲਤਾਨ ਕਰਕੇ ਆਪਣੇ ਅਮੀਰ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹੋ । ਇੰਨੇ ਅਮੀਰ ਵਿਰਸੇ ਦੀ ਮਾਲਿਕ ਸਿੱਖੀ ਅੱਜ ਗਰੀਬ ਕਿਉਂ ਹੁੰਦੀ ਜਾ ਰਹੀ ਹੈ ? ਜਾਗ ਨੌਜਵਾਨ ਜਾਗ ਸਾਡੇ ਸਿਰ ਤੇ ਉਹਨਾਂ ਮਹਾਨ ਸ਼ਹੀਦਾਂ ਦਾ ਕਰਜ਼ ਹੈ – “ਹਮਰੈ ਮਸਤਕਿ ਦਾਗੁ ਦਗਾਨਾ, ਹਮ ਕਰਜ ਗੁਰੁੂ ਬਹੁ ਸਾਢੇ ॥” (ਪੰਨਾ171)
ਆਜਾ ਵਾਪਿਸ ਅਤੇ ਮੁੜ ਸਾਬਤ ਸੂਰਤ ਅਤੇ ਸਿਰ ਸੋਹਣੀ ਦਸਤਾਰ ਸਜਾ ਕੇ ਸਿੱਖ ਹੋਣ ਤੇ ਮਾਣ ਕਰ । ਅਤੇ ਸਾਹਿਬਜ਼ਾਦਿਆਂ ਦੇ ਵੀਰ ਕਹਾਉਣ ਦਾ ਹੱਕ ਹਾਸਿਲ ਕਰੀਏ ।

    ਦਾਸ :
-ਇਕਵਾਕ ਸਿੰਘ ਪੱਟੀ
ਐੱਮ.ਡੀ.
ਰਤਨ ਇੰਟੀਚਿਊਟ ਆਫ ਕੰਪਿਊਟਰ ਸਟੱਡੀ
ਜੋਧ ਨਗਰ, ਸੁਲਤਾਨਵਿੰਡ ਰੋਡ,
ਅੰਮ੍ਰਿਤਸਰ । 98150-24920

Translate »