November 10, 2011 admin

“ਗੁਰਬਾਣੀ ਪੜ੍ਹਨ, ਗਾਉਣ, ਵਿਚਾਰਨ ਅਤੇ ਧਾਰਨ ਲਈ ਹੈ ਨਾਂ ਕਿ ਮੱਥੇ ਟੇਕਣ, ਭਾੜੇ ਦੇ ਪਾਠ-ਕਥਾ-ਕੀਰਤਨ ਕਰਾਕੇ ਦਿਲ ਪ੍ਰਚਾਵਾ ਕਰਨ ਲਈ”

ਅਵਤਾਰ ਸਿੰਘ ਮਿਸ਼ਨਰੀ

(5104325827)

singhstudent@gmail.com
ਸਤਿਗੁਰ ਨੋ ਸਭ ਕੋ ਦੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ (594) ਗੁਰਬਾਣੀ ਸਰਬ ਪੱਖੀ ਗਿਆਨ ਹੈ ਜੋ ਭਗਤਾਂ, ਸਿੱਖ ਗੁਰੂਆਂ ਅਤੇ ਗੁਰਮੁਖਾਂ ਦੁਆਰਾ ਉਚਾਰਣ ਕੀਤਾ, ਕਾਗਜ਼ ਤੇ ਲਿਖਿਆ, ਕਮਾਇਆ ਅਤੇ ਸੰਸਾਰ ਵਿੱਚ ਪ੍ਰਚਾਰਨ ਕੀਤਾ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਪ੍ਰਚਾਰ ਫੇਰੀਆਂ ਵੇਲੇ ਆਤਮ ਗਿਆਨੀ ਭਗਤਾਂ ਦੀ ਬਾਣੀ ਇਕੱਤਰ ਕਰਕੇ ਆਪਣੀ ਉਸ ਪੋਥੀ ਵਿੱਚ ਅੰਕਤ ਕਰ ਲਈ ਜੋ ਉਹ ਹਰ ਵੇਲੇ ਨਾਲ ਰੱਖਦੇ ਸਨ। ਜਿਸ ਬਾਰੇ ਗੁਰਮਤਿ ਦੇ ਆਲਮ ਵਿਦਵਾਨ ਭਾਈ ਗੁਰਦਾਸ ਜੀ ਨੇ ਵੀ ਵਾਰਾਂ ਵਿੱਚ ਜ਼ਿਕਰ ਕੀਤਾ ਹੈ-ਆਸਾ ਹਥਿ ਕਿਤਾਬ ਕਛਿ ਕੂਜ਼ਾ ਬਾਂਗ ਮੁਸੱਲਾਧਾਰੀ॥(ਭਾæਗੁ) ਫਿਰ ਸਿਲਸਲੇਵਾਰ ਇਹ ਪਵਿੱਤਰ ਬਾਣੀ ਦਾ ਖਜ਼ਾਨਾਂ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਜੀ ਤੱਕ ਪਹੁੰਚਿਆ। ਗੁਰੂ ਅਰਜਨ ਸਾਹਿਬ ਜੀ ਨੇ ਭਗਤਾਂ, ਗੁਰਸਿੱਖਾਂ ਅਤੇ ਪਹਿਲੇ ਚਾਰ ਗੁਰੂਆਂ ਦੀ ਰੱਬੀ ਕਲਾਮ ਬਾਣੀ ਨੂੰ ਆਪਣੀ ਰਚੀ ਬਾਣੀ ਸਮੇਤ ਇੱਕ ਜਿਲਦ ਵਿੱਚ ਸਿਲਸਿਲੇਵਾਰ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਆਪ, 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖਾਂ ਦੀ ਬਾਣੀ ਨੂੰ ਅੰਕਤ ਕੀਤਾ ਅਤੇ ਗੁਰੂ ਤੇਗ਼ ਬਹਾਦਰ ਦੀ ਰਚਨਾਂ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਿਗਰਾਨੀ ਵਿੱਚ ਭਾਈ ਮਨੀ ਸਿੰਘ ਜੀ ਤੋਂ ਉਸੇ ਗ੍ਰੰਥ ਵਿੱਚ ਅੰਕਤ ਕਰਵਾ ਕੇ ਸੰਪੂਰਨ ਕੀਤਾ। ਹਜ਼ੂਰ ਸਾਹਿਬ ਵਿਖੇ 1708 ਈæ ਨੂੰ ਦੇਹਧਾਰੀ ਗੁਰੂ ਦੀ ਪ੍ਰਥਾ ਖਤਮ ਕਰਕੇ ਸ਼ਬਦ ਗੁਰੂ ਦੀ ਪ੍ਰਥਾ ਨੂੰ ਸਦਾ ਲਈ ਮਾਨਤਾ ਦਿੰਦੇ ਹੋਏ ਸਮੁੱਚੇ ਪੰਥ ਨੂੰ ਸੰਬੋਧਨ ਹੁੰਦੇ ਹੋਏ ਹੁਕਮ ਕੀਤਾ ਕਿ-ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ॥ ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥

ਦੀਵਾ ਬਲੈ ਅੰਧੇਰਾ ਜਾਇ॥ (791) ਗਿਆਨ ਦਾ ਦੀਵਾ ਜਗਨ ਨਾਲ ਹੀ ਅਗਿਆਨਤਾ ਦਾ ਅੰਧੇਰਾ ਦੂਰ ਹੁੰਦਾ ਹੈ। ਗੁਰਬਾਣੀ ਗਿਆਨ ਦਾ ਦੀਵਾ ਹੈ ਜਿਵੇਂ ਦੀਵਾ ਘਿਓ, ਤੇਲ, ਬੱਤੀ ਅਤੇ ਅੱਗ ਤੋਂ ਬਿਨਾਂ ਨਹੀਂ ਜਲਦਾ ਇਵੇਂ ਹੀ ਗੁਰਗਾਣੀ ਦੇ ਗਿਆਨ ਲਈ ਵੀ ਗੁਰਮੁਖੀ ਅੱਖਰ, ਲਗਾਂ ਮਾਤ੍ਰਾਂ, ਵਿਆਕਰਣ, ਸ਼ੁੱਧ ਉਚਾਰਣ ਅਤੇ ਅਰਥ ਵਿਚਾਰ ਦੀ ਅਤਿਅੰਤ ਲੋੜ ਹੈ। ਆਓ ਹੁਣ ਆਪਾਂ ਇਸ ਰੱਬੀ ਗਿਆਨ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਸੋਚੀਏ ਕਿ ਕੀ ਗੁਰੂਆਂ ਭਗਤਾਂ ਨੇ ਵੀ ਪਹਿਲੇ ਧਰਮਾਂ ਦੇ ਚੱਲ ਰਹੇ ਕਰਮਕਾਂਡਾਂ ਨੂੰ ਮਾਨਤਾ ਦਿੱਤੀ ਸੀ? ਭਲਿਓ ਨਹੀਂ! ਸਗੋਂ ਫੁਰਮਾਇਆ ਸੀ-ਪੜ੍ਹਿਐਂ ਨਾਹੀਂ ਭੇਦੁ ਬੁਝਿਐਂ ਪਾਵਣਾ (148) ਪਹਿਲੇ ਤਾਂ ਗ੍ਰੰਥਾਂ ਨੂੰ ਔਖੀਆਂ ਬੋਲੀਆਂ ਵਿੱਚ ਜਿਵੇਂ ਅਰਬੀ ਅਤੇ ਸੰਸਕ੍ਰਿਤ ਆਦਿਕ ਵਿੱਚ ਚਲਾਕ ਮੌਲਾਣਿਆਂ ਅਤੇ ਬ੍ਰਾਹਮਣਾਂ ਨੇ ਇਸ ਕਰਕੇ ਲਿਖਿਆ ਸੀ ਕਿ ਆਮ ਜਨਤਾ ਇਸ ਨੂੰ ਪੜ੍ਹ ਨਾਂ ਸੱਕੇ ਸਗੋਂ ਇਸ ਲਈ ਸਾਡੇ ਤੇ ਹੀ ਡਿਪੈਂਡ ਰਹੇ ਜਿਸ ਸਦਕਾ ਸਾਡਾ ਹਲਵਾ ਮੰਡਾ ਵਧੀਆ ਚਲਦਾ ਰਹੇ। ਇਸ ਕਰਕੇ ਉਨ੍ਹਾਂ ਨੇ ਪਾਠਾਂ, ਮੰਤ੍ਰਾਂ-ਜੰਤ੍ਰਾਂ ਅਤੇ ਸੰਪਟ ਪਾਠਾਂ ਆਦਿਕ ਦੀਆਂ ਕਈ ਵਿਧੀਆਂ ਚਲਾ ਦਿੱਤੀਆਂ। ਸ਼ਬਦਾਂ ਦੇ ਮੰਤ੍ਰ ਜੰਤ੍ਰ ਬਣਾ ਕੇ ਪੜ੍ਹਨੇ ਸ਼ੁਰੂ ਕਰ ਦਿੱਤੇ। ਪੁੰਨ-ਪਾਪ, ਵਰ-ਸਰਾਪ, ਨਰਕ-ਸਵਰਗ, ਚੰਗੇ-ਮੰਦੇ ਦਿਨ ਦਿਹਾਰ ਅਤੇ ਤਿਉਹਾਰ ਆਦਿਕ ਅਖੌਤੀ ਕਰਮਕਾਂਡ ਪ੍ਰਚੱਲਤ ਕਰ ਦਿੱਤੇ। ਇਉਂ ਧਰਮ ਦੇ ਨਾਂ ਤੇ ਅਖੌਤੀ ਧਰਮ ਆਗੂ ਅਤੇ ਇੰਨਸਾਫ ਦੇ ਨਾਂ ਤੇ ਰਾਜਸੀ ਆਗੂ ਰਾਜੇ ਆਦਿਕ ਜਨਤਾ ਨੂੰ ਦੋਹੀਂ ਹੱਥੀਂ ਲੁੱਟਣ ਲੱਗ ਪਏ ਅਤੇ ਅੱਜ ਤੱਕ ਲੁੱਟੀ ਜਾ ਰਹੇ ਹਨ। ਕੁਝ ਕੁ ਉੱਤਮ ਸ਼੍ਰੇਣੀਆਂ ਦੇ ਲੋਗ ਹੀ ਵਿਦਿਆ ਪ੍ਰਾਪਤ ਕਰ ਸਕਦੇ ਸਨ, ਬਾਕੀਆਂ ਨੂੰ ਇਹ ਅਧਿਕਾਰ ਨਹੀਂ ਸੀ। ਇਸ ਕਰਕੇ ਆਂਮ ਪਰਜਾ ਗਿਆਨ ਵਿਹੂਣੀ ਹੀ ਰਹਿੰਦੀ ਸੀ। ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਵੀ ਜਿਕਰ ਕੀਤਾ ਹੈ-ਪਰਜਾ ਅੰਧੀ ਗਿਆਨ ਬਿਨææ॥ ਫਿਰ ਸਮਾਂ ਆਇਆ ਰੱਬੀ ਗਿਆਨ ਦੇ ਧਾਰਨੀ ਭਗਤਾਂ ਅਤੇ ਗੁਰੂਆਂ ਨੇ ਉਪ੍ਰੋਕਤ ਬੇਇਸਾਫੀ ਵਿਰੁੱਧ ਜੋਰਦਾਰ ਅਵਾਜ਼ ਉਠਾਈ ਅਤੇ ਜਨਤਾ ਨੂੰ ਰੱਬੀ ਗਿਆਨ ਦੁਆਰਾ ਜਾਗ੍ਰਿਤ ਕੀਤਾ। ਜਿਸ ਕਰਕੇ ਵਕਤੀਆ ਅਖੌਤੀ ਧਰਮੀ ਅਤੇ ਰਾਜਸੀ ਆਗੂ ਭਗਤਾਂ ਅਤੇ ਗੁਰੂਆਂ ਦੇ ਵਿਰੁੱਧ ਹੋ ਗਏ। ਭਗਤਾਂ ਅਤੇ ਗੁਰੂਆਂ ਨੂੰ ਬੰਦੀ ਬਣਾ ਕੇ ਸਖਤ ਸਜਾਵਾਂ ਤੇ ਤਸੀਹੇ ਵੀ ਦਿੱਤੇ ਪਰ ਗੁਰੂਆਂ ਭਗਤਾਂ ਦੇ ਸੱਚੇ-ਸੁੱਚੇ ਪ੍ਰਚਾਰ ਰਾਹੀਂ ਜਨਤਾ ਜਾਗ ਚੁੱਕੀ ਸੀ ਇਸ ਕਰਕੇ ਉਸ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਵੀ ਭਗਤਾਂ ਅਤੇ ਗੁਰੂਆਂ ਦਾ ਸਾਥ ਦਿੱਤਾ। ਅਖੌਤੀ ਧਰਮ ਆਗੂਆਂ ਦੀ ਧਰਮ ਗੁਲਾਮੀ ਤੋਂ ਅਜ਼ਾਦ ਹੋਣ ਲਈ ਗੁਰੂਆਂ ਨੇ ਵਿਦਿਆ ਦੇ ਢੁੱਕਵੇਂ ਸਾਧਨ ਖੋਜ ਕੇ ਵਿਦਿਆਲੇ ਸ਼ੁਰੂ ਕਰ ਦਿੱਤੇ, ਜਿੱਥੇ ਹਰੇਕ ਵਰਗ ਦੇ ਲੋਕ ਪੜ੍ਹ ਕੇ ਗਿਆਨ ਪ੍ਰਾਪਤ ਕਰ ਸਕਦੇ ਸਨ। ਲੋਕ ਆਪ ਧਰਮ ਗ੍ਰੰਥਾਂ ਨੂੰ ਪੜ੍ਹਨ, ਵਿਚਾਰਨ ਅਤੇ ਧਾਰਨ ਲੱਗ ਪਏ, ਜਿਸ ਸਦਕਾ ਪੂਰੇ ਹਿੰਦੋਸਤਾਨ ਅਤੇ ਲਾਗਲੇ ਇਲਾਕਿਆਂ ਵਿੱਚ ਗੁਰੂਆਂ ਭਗਤਾਂ ਦੀ ਜੈ ਜੈ ਕਾਰ ਦਾ ਡੰਕਾ ਵੱਜਣ ਲੱਗ ਪਿਆ। ਫਿਰ ਗੁਰੂਆਂ ਭਗਤਾਂ ਦੇ ਸਰੀਰਕ ਤੌਰ ਤੇ ਸੰਸਾਰ ਤੋਂ ਕੂਚ ਕਰ ਜਾਣ ਬਾਅਦ ਅਖੋਤੀ ਧਰਮ ਆਗੂ ਅਤੇ ਰਾਜੇ ਮਿਲ ਕੇ ਸਿੱਖ ਧਰਮ ਨੂੰ ਖਤਮ ਕਰਨ ਦੇ ਭਾਰੀ ਯਤਨ ਕਰਨ ਲੱਗ ਪਏ, ਸਿੱਟੇ ਵਜ਼ੋ ਗੁਰੂ ਹਰਿ ਗੋਬਿੰਦ, ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ ਅਤੇ ਮਹਾਂਰਾਜਾ ਰਣਜੀਤ ਸਿੰਘ ਨਾਲ ਨਸਲਕੁਸ਼ੀ ਦੀਆਂ ਜੰਗਾਂ ਹੋਈਆਂ। ਇਸ ਕਰਕੇ ਅਕੀਦਤਮੰਦ ਸਿੰਘ ਸਿੰਘਣੀਆਂ ਨੂੰ ਭਾਵੇਂ ਜੰਗਲਾਂ ਬੇਲਿਆਂ ਵਿੱਚ ਰਹਿਣਾ ਪਿਆ ਪਰ ਉਨ੍ਹਾਂ ਦੇ ਸ਼ਬਦ ਗੁਰੂ ਗੁਰਬਾਣੀ ਦਾ ਲੜ ਨਾਂ ਛੱਡਿਆ। ਗੁਰਬਾਣੀ ਨੂੰ ਆਪ ਪੜ੍ਹਿਆ, ਵਿਚਾਰਿਆ, ਧਾਰਿਆ ਅਤੇ ਸਿਖਿਆ ਅਨੁਸਾਰ ਅਮਲੀ ਜੀਵਨ ਜੀਵਿਆ।

ਮਹਾਂਰਾਜੇ ਰਣਜੀਤ ਸਿੰਘ ਦੇ ਰਾਜ ਵੇਲੇ ਅਤੇ ਉਸ ਤੋਂ ਬਾਅਦ ਉਹ ਪੁਰਾਣੇ ਪਾਂਡੇ ਮਹੰਤਾਂ ਅਤੇ ਗ੍ਰੰਥੀਆਂ ਦੇ ਰੂਪ ਵਿੱਚ ਗੁਰਦੁਆਰਿਆਂ ਤੇ ਕਾਬਜ ਹੋ ਗਏ ਅਤੇ ਉਨ੍ਹਾਂ ਨੂੰ ਡੇਰਿਆਂ ਵਿੱਚ ਤਬਦੀਲ ਕਰ ਦਿੱਤਾ, ਫਿਰ ਚਿਰ ਬਾਅਦ ਭਾਵੇਂ ਸਿੰਘਾਂ ਨੇ ਸਿੰਘ ਸਭਾ ਲਹਿਰ ਦੇ ਰੂਪ ਵਿੱਚ ਇਨ੍ਹਾਂ ਮਕਾਰੀ, ਵਿਕਾਰੀ ਅਤੇ ਹੰਕਾਰੀ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾ ਲਏ ਪਰ ਡੇਰਿਆਂ ਤੋਂ ਪੜ੍ਹੇ ਗ੍ਰੰਥੀ ਫਿਰ ਵੀ ਕਾਂਗਿਆਰੀ ਵਾਂਗ ਵਿੱਚ ਰਹਿ ਗਏ। ਜਦ ਸਿੰਘ ਸਭਾ ਲਹਿਰ ਮੱਠੀ ਪਈ ਜਾਂ ਇਸ ਦਾ ਪਤਨ ਹੋਇਆ ਓਹੋ ਹੀ ਸੰਪ੍ਰਦਾਈ ਅਤੇ ਡੇਰੇਦਾਰ ਗ੍ਰੰਥੀ ਸੰਤ ਅਤੇ ਬ੍ਰਹਮ ਗਿਆਨੀ ਸੰਤ ਬਣ ਕੇ ਭਾਵ ਮਹੰਤਾਂ ਤੋਂ ਸੰਤਾਂ ਦਾ ਰੂਪ ਧਾਰਨ ਕਰਕੇ ਸਿੱਖ ਕੌਮ ਦੇ ਸਿਰਮੌਰ ਆਗੂ ਬਣ ਗਏ। ਫਿਰ ਓਹੋ ਮਹੰਤਾਂ ਵਾਲੇ ਬ੍ਰਾਹਮਣੀ ਕਰਮਕਾਂਡ ਗੁਰੂ ਘਰਾਂ ਵਿੱਚ ਕਰਨ ਲੱਗ ਪਏ। ਕਈ ਵਿਧੀ ਵਿਧਾਨ ਦੇ ਜਾਪ, ਪਾਠ ਅਤੇ ਪਾਠਾਂ ਦੀਆਂ ਲੜ੍ਹੀਆਂ ਚਲਾ ਕੇ ਕੌਮ ਨੂੰ ਲੁੱਟਣ ਲੱਗ ਪਏ। ਜਨਤਾ ਆਪ ਗੁਰਬਾਣੀ ਪੜ੍ਹਨ, ਵਿਚਾਨ ਅਤੇ ਧਾਰਨ ਨਾਲੋਂ ਪੈਸੇ ਦੇ ਕੇ ਭਾੜੇ ਦੇ ਪਾਠ ਕਰਵਾ ਕੇ ਸੁੱਖਣਾ ਪੂਰੀਆਂ ਕਰਨ ਲੱਗ ਪਈ। ਫਿਰ ਸਿੱਖ ਮਿਸ਼ਨਰੀ ਲਹਿਰ ਪੈਦਾ ਹੋਈ ਜੋ ਕਿਰਤੀਆਂ ਦੀ ਲਹਿਰ ਸੀ। ਇਸ ਦੇ ਵੀਰਾਂ ਨੇ ਪਾਰਟ ਟਾਈਮ ਕਲਾਸਾਂ ਲਗਾ ਕੇ ਪਿੰਡ ਪਿੰਡ ਅਤੇ ਸ਼ਹਿਰ ਤੱਕ ਲੋਗਾਂ ਨੂੰ ਗੁਰਬਾਣੀ ਗਿਆਨ ਦੁਆਰਾ ਜਾਗ੍ਰਿਤ ਕੀਤਾ। ਪਰ ਹੁਣ ਅਵੱਲੀ ਸਮੱਸਿਆ ਖੜੀ ਹੋ ਗਈ ਹੈ ਕਿ ਗੁਰਦੁਆਰਿਆਂ ਉੱਪਰ ਮਾਇਆਧਾਰੀ ਅਤੇ ਰਾਜਨੀਤਕ ਲੋਗਾਂ ਦਾ ਪ੍ਰਬੰਧ ਹੋ ਗਿਆ ਹੈ ਜਿਨ੍ਹਾਂ ਨੇ ਆਪ ਗੁਰਬਾਣੀ ਦਾ ਅਧਿਐਨ ਨਹੀਂ ਕੀਤਾ ਹੋਇਆ ਅਤੇ ਗੁਰੂ ਘਰਾਂ ਨੂੰ ਕਮਰਸ਼ੀਅਲ ਅੱਡੇ ਅਤੇ ਰਾਜਨੀਤਕ ਅਖਾੜੇ ਬਣਾ ਦਿੱਤਾ ਹੈ। ਸੋ ਹੁਣ ਸਾਨੂੰ ਸੰਗਤਾਂ ਨੂੰ ਇਸ ਗੁਰ ਸਿਧਾਂਤ "ਘਰਿ ਘਰਿ ਅੰਦਰਿ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ" ਤੇ ਪਹਿਰਾ ਦੇ ਕੇ ਅਪੋ ਆਪਣੇ ਘਰ ਨੂੰ ਧਰਮਸਾਲ ਬਣਾ ਲੈਣਾ ਚਾਹੀਦਾ ਹੈ ਅਤੇ ਆਪ ਗੁਰਬਾਣੀ ਪੜ੍ਹਨੀ, ਵਿਚਾਰਨੀ ਅਤੇ ਧਾਰਨੀ ਚਾਹਦੀ ਹੈ ਤਾਂ ਕਿ ਅਜੋਕੇ ਡੇਰਦਾਰ ਸੰਤਾਂ ਰੂਪੀ ਮਹੰਤਾਂ ਅਤੇ ਚਾਲਬਾਜ ਪੁਲੀਟੀਕਲ ਲੀਡਰਾਂ ਤੋਂ ਮੁਕਤ ਹੋ ਕੇ ਗੁਰਸਿੱਖੀ ਨੂੰ ਪ੍ਰਫੁਲਿਤ ਕੀਤਾ ਜਾ ਸੱਕੇ। ਇਸ ਸਬੰਧ ਵਿੱਚ ਜਿਹੜੇ ਵੀ ਪੰਥ ਦਰਦੀ ਵੀਰ ਗੁਰਬਾਣੀ ਨੂੰ ਸਿੱਖਣ-ਸਿਖਾਉਣ ਦੇ ਉੱਪਰਾਲੇ ਕਰ ਰਹੇ ਹਨ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਕੇ ਹੌਂਸਲਾ ਅਫ਼ਜਾਈ ਕਰਨੀ ਚਾਹੀਦੀ ਹੈ। ਸੋ ਗੁਰਬਾਣੀ ਪੜ੍ਹਨ, ਗਾਉਣ, ਵਿਚਾਰਨ, ਧਾਰਨ ਅਤੇ ਅਮਲ ਕਰਕੇ ਜੀਵਨ ਸਫਲ ਕਰਨ ਲਈ ਹੈ ਨਾਂ ਕਿ ਕੇਵਲ ਮੱਥੇ ਟੇਕਣ ਅਤੇ ਭਾੜੇ ਦੇ ਪਾਠ ਕੀਰਤਨ ਕਰਾ ਕੇ ਦਿਲ ਪ੍ਰਚਾਵਾ ਕਰਨ ਲਈ। ਨੋਟ-ਬੇਏਰੀਏ (ਸੈਨਹੋਜੇ, ਫਰੀਮਾਂਟ, ਯੂਨੀਅਨ ਸਿਟੀ, ਹੇਵਰਡ ਅਤੇ ਨਿਊਵਾਰਕ (ਸੈਨਫਰਾਂਸਿਸਕੋ) ਵਿਖੇ ਗੁਰਮੁਖੀ-ਪੰਜਾਬੀ ਅਤੇ ਗੁਰਬਾਣੀ ਸਿੱਖਣ ਦੇ ਚਾਹਵਾਨ ਇਸ ਨੰਬਰ 5104325827 ਜਾਂ ਈ ਮੇਲ  singhstudent@gmail.com  ਤੇ ਸਾਡੇ ਨਾਲ ਸੰਪ੍ਰਕ ਕਰ ਸਕਦੇ ਹਨ।

Translate »