November 10, 2011 admin

ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੀਆਂ ਨਕਾਰਾਤਮਕ ਨੀਤੀਆਂ?

-ਜਸਵਂਤ ਸਿੰਘ ‘ਅਜੀਤ’
ਹੈਰਾਨੀ ਦੀ ਗਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇਕ ਪਾਸੇ ਤਾਂ ਸਿੱਖਾਂ ਦੀ ਪ੍ਰਤੀਨਿਧ ਜਥੇਬੰਦੀ ਹੋਣ ਦਾ ਦਾਅਵਾ ਕਰਦਿਆਂ ਇਹ ਕਿਹਾ ਜਾਂਦਾ ਹੈ ਕਿ ਇਹ ਸ਼ਹੀਦਾਂ ਦੀ ਉਹ ਜਥੇਬੰਦੀ ਹੈ, ਜਿਸਦੀ ਅਗਵਾਈ ਕਰਨ ਦਾ ਮਾਣ ਸਿੱਖਾਂ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ, ਪੰਥ ਰਤਨ ਮਾਸਟਰ ਤਾਰਾ ਸਿੰਘ ਅਤੇ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਵਰਗੀਆਂ ਸ਼ਖਸੀਅਤਾਂ ਨੂੰ ਮਿਲਿਆ ਅਤੇ ਜਿਸਦੀ ਵਿਰਾਸਤ ਬੀਤੇ ਅੱਸੀ-ਨੱਬੇ ਵਰ੍ਹਿਆਂ ਦਾ ਸੁਨਹਿਰੀ ਅੱਖਰਾਂ ਦੇ ਨਾਲ ਚਿਤਰਿਆ ਇਤਿਹਾਸ ਹੈ, ਅਤੇ ਦੂਜੇ ਪਾਸੇ ਉਸੇ ਦੀ ਦਿੱਲੀ ਇਕਾਈ ਦੇ ਮੁੱਖੀ, ਜੋ ਦਿੱਲੀ ਦੇ ਸਿੱਖਾਂ ਦਾ ਭਰੋਸਾ ਗੁਆਉਣ ਤੋਂ ਬਾਅਦ, ਆਪਣੇ ਅਤੇ ਆਪਣੇ ਦਲ ਦੇ ਪ੍ਰਤੀ ਉਨ੍ਹਾਂ ਦਾ ਭਰੋਸਾ ਬਹਾਲ ਕਰਨ ਲਈ ਕੋਈ ਸਕਾਰਾਤਮਕ ਨੀਤੀ ਅਪਨਾ ਕੇ ਚਲਣ ਦੀ ਬਜਾਏ ਬੀਤੇ ਲਗਭਗ ਅੱਠ-ਨੌਂ ਵਰ੍ਹਿਆਂ ਤੋਂ ਲਗਾਤਾਰ ਨਕਾਰਾਤਮਕ ਨੀਤੀ ਅਪਨਾ ਕੇ ਚਲਦਿਆਂ ਹੋਇਆਂ, ਉਨ੍ਹਾਂ ਨੂੰ ਆਪਣੇ ਨਾਲੋਂ ਹੋਰ ਦੂਰ ਧਕਦੇ ਚਲੇ ਆ ਰਹੇ ਹਨ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਵਲੋਂ ਕੀਤੇ ਜਾ ਰਹੇ, ਉਨ੍ਹਾਂ ਕੰਮਾਂ ਦਾ ਵਿਰੋਧ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ, ਜੋ ਪੰਥਕ ਹਿਤਾਂ ਨਾਲ ਸਬੰਧਤ ਹੁੰਦੇ ਹਨ ਅਤੇ ਜਿਨ੍ਹਾਂ ਦੀ ਆਮ ਸਿੱਖਾਂ ਵਲੋਂ ਹੀ ਨਹੀਂ, ਸਗੋਂ ਗ਼ੈਰ-ਸਿੱਖਾਂ ਵਲੋਂ ਵੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਕਈ ਵਾਰ ਤਾਂ ਉਹ ਉਨ੍ਹਾਂ ਕੰਮਾਂ ਦਾ ਵਿਰੋਧ ਕਰਨ ਤਕ ਵੀ ਚਲੇ ਜਾਂਦੇ ਹਨ, ਜਿਨ੍ਹਾਂ ਦੇ ਨਾਲ ਦੇਸ਼ ਵਾਸੀਆਂ ਵਿੱਚ ਹੀ ਨਹੀਂ, ਸਗੋਂ ਸੰਸਾਰ ਭਰ ਵਿੱਚ ਸਮੁੱਚੇ ਸਿੱਖ ਪੰਥ ਦਾ ਮਾਣ ਤੇ ਸਤਿਕਾਰ ਵਧਦਾ ਹੈ। ਉਨ੍ਹਾਂ ਅੰਤ੍ਰਰਾਸ਼ਟਰੀ ਨਗਰ ਕੀਰਤਨ ਤੋਂ ਲੈ ਕੇ ਬੰਗਲਾ ਸਾਹਿਬ ਦੇ ਸੁੰਦਰੀਕਰਣ ਤਕ ਦਾ ਵਿਰੋਧ ਕੀਤਾ, ਜਦ ਕਿ ਹਰ ਕੋਈ ਜਾਣਦਾ ਹੈ ਕਿ ਇਨ੍ਹਾਂ ਕੰਮਾਂ ਨੂੰ ਸੰਸਾਰ ਭਰ ਦੇ ਸਿੱਖਾਂ ਅਤੇ ਗ਼ੈਰ-ਸਿੱਖਾਂ ਪਾਸੋਂ ਪ੍ਰਸ਼ੰਸਾ ਪ੍ਰਾਪਤ ਹੋਈ ਹੈ। ਪਿਛਲੇ ਲੰਮੇਂ ਸਮੇਂ ਤੋਂ ਉਨ੍ਹਾਂ ਨੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਸਥਾਪਤ ਹੋ, ਮਾਨਵ-ਸੇਵਾ ਨੂੰ ਸਮਰਪਤ ਹੋਣ ਵਾਲੇ ਹਸਪਤਾਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਜਿਸ ਹਸਪਤਾਲ ਨੇ ਕਈ ਵਰ੍ਹੇ ਪਹਿਲਾਂ ਹੋਂਦ ਵਿੱਚ ਆ ਕੇ, ਮਾਨਵ-ਸੇਵਾ ਵਿੱਚ ਯੋਗਦਾਨ ਪਾਉਣਾ ਸ਼ੁਰੂ ਕਰ ਦੇਣਾ ਸੀ, ਉਹ ਇਨ੍ਹਾਂ ਵਲੋਂ ਪਾਈਆਂ ਜਾ ਰਹੀਆਂ ਰੁਕਾਵਟਾਂ ਦੇ ਕਾਰਣ ਲਗਾਤਾਰ ਪਛੜਦਾ ਜਾ ਰਿਹਾ ਹੈ। ਜਿਸਤੇ ਭਾਵੇਂ ਉਹ ਬਗਲਾਂ ਵਜਾ ਅਤੇ ਖੁਸ਼ੀ ਮੰਨਾ ਸਕਦੇ ਹਨ, ਪਰ ਉਹ ਇਹ ਸਮਝਣ ਦੇ ਲਈ ਤਿਆਰ ਨਹੀਂ ਕਿ ਉਨ੍ਹਾਂ ਦੀ ਇਹ ਸੋਚ ਨਾ ਤਾਂ ਉਨ੍ਹਾਂ ਦੇ ਆਪਣੇ ਹਿਤ ਵਿੱਚ ਹੈ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਦੇ ਹਿਤ ਵਿੱਚ। ਉਹ ਇਹ ਵੀ ਸਮਝਣ ਦੇ ਲਈ ਤਿਆਰ ਨਹੀਂ ਕਿ ਅੱਜ ਭਾਵੇਂ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਸੱਤਾ ਕਾਇਮ ਹੈ ਅਤੇ ਉਸਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਨ, ਕਲ੍ਹ ਨੂੰ ਉਨ੍ਹਾਂ ਦੇ ਦਲ ਦੀ ਸੱਤਾ ਕਾਇਮ ਹੋ ਸਕਦੀ ਹੈ ਅਤੇ ਉਸਦਾ ਆਪਣਾ ਕੋਈ ਮੁੱਖੀ ਕਮੇਟੀ ਦਾ ਪ੍ਰਧਾਨ ਬਣ ਸਕਦਾ ਹੈ। ਗੁਰਦੁਆਰਾ ਕਮੇਟੀ ਦੇ ਅਧੀਨ ਅੱਜ ਜੋ ਕੰਮ ਹੋ ਰਹੇ ਹਨ, ਉਹ ਸ. ਸਰਨਾ ਦੇ ਨਿਜੀ ਜਾਂ ਉਨ੍ਹਾਂ ਦੀ ਪਾਰਟੀ ਦੇ ਨਹੀਂ ਹਨ ਅਤੇ ਨਾ ਹੀ ਇਨ੍ਹਾਂ ਕੰਮਾਂ ਵਿੱਚ ਰੁਕਾਵਟ ਪੈਦਾ ਹੋਣ ਦੇ ਨਾਲ ਉਨ੍ਹਾਂ ਦਾ ਕੋਈ ਨੁਕਸਾਨ ਹੋਣ ਵਾਲਾ ਹੈ। ਜੇ ਕੋਈ ਨੁਕਸਾਨ ਹੋਵੇਗਾ ਤਾਂ ਉਹ ਸਮੁੱਚੇ ਸਿੱਖ ਪੰਥ ਦਾ ਹੀ ਹੋਵੇਗਾ।       
ਗਲ ਹਸਪਤਾਲ ਦੀ : ਇਨ੍ਹਾਂ ਦਿਨਾਂ ਵਿੱਚ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਪਤ੍ਰਕਾਰਾਂ ਦੇ ਨਾਲ ਇਕ ਮੁਲਾਕਾਤ ਦੌਰਾਨ, ਇਹ ਜਾਣਕਾਰੀ ਦਿੱਤੀ ਕਿ ਡੀ ਡੀ ਏ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਬਾਲਾ ਸਾਹਿਬ ਵਿਖੇ ਹਸਪਤਾਲ ਦੀ ਸਥਾਪਨਾ ਦੇ ਲਈ, ਜੋ ਜ਼ਮੀਨ ਅਲਾਟ ਕੀਤੀ ਗਈ ਹੋਈ ਸੀ, ਹੁਣ ਡੀ ਡੀ ਏ ਨੇ ਉਸਦੀ ਅਲਾਟਮੈਂਟ ਰੱਦ ਕਰ ਦੇਣ ਦਾ ਨੋਟਿਸ ਦੇ ਦਿਤਾ ਹੈ। ਉਨ੍ਹਾਂ ਵਲੋਂ ਦਿੱਤੀ ਗਈ ਇਸ ਜਾਣਕਾਰੀ ਦੇ ਸੰਬੰਧ ਵਿੱਚ ਜਦੋਂ ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨਾਲੇ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਇਤਨਾ ਕਹਿ ਕੇ ਹੋਰ ਕੁਝ ਕਹਿਣ ਤੋਂ ਮੰਨ੍ਹਾ ਕਰ ਦਿਤਾ ਕਿ ‘ਉਨ੍ਹਾਂ ਨੂੰ ਇਸੇ ਖੁਸ਼ਫਹਿਮੀ ਵਿੱਚ ਹੀ ਰਹਿਣ ਦਿਓ’।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਭਾਵੇਂ ਹੋਰ ਕੁਝ ਵੀ ਕਹਿਣ ਤੋਂ ਪਾਸਾ ਵੱਟ ਲਿਆ, ਪ੍ਰੰਤੂ ਜੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਦਾਅਵੇ ਨੂੰ ਸਹੀ ਮੰਨ ਵੀ ਲਿਆ ਜਾਏ, ਤਾਂ ਇਹ ਸੁਆਲ ਤਾਂ ਉਭਰ ਕੇ ਸਾਹਮਣੇ ਆਉਂਦਾ ਹੀ ਹੈ ਕਿ ਆਖਿਰ ਅਜਿਹੇ ਹਾਲਾਤ ਕਿਵੇਂ ਬਣੇ ਅਤੇ ਇਨ੍ਹਾਂ ਦੇ ਲਈ ਕੌਣ ਜਿ਼ੰਮੇਂਦਾਰ ਹੈ, ਕਿ ਕਈ ਵਰ੍ਹੇ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਸਪਤਾਲ ਦੀ ਸਥਾਪਨਾ ਦੇ ਲਈ ਅਲਾਟ ਕੀਤੀ ਗਈ ਹੋਈ ਜ਼ਮੀਨ ਦੀ ਅਲਾਟਮੈਂਟ ਰੱਦ ਕਰਨ ਲਈ ਡੀ ਡੀ ਏ ਨੂੰ ਨੋਟਿਸ ਦੇਣਾ ਪੈ ਗਿਆ?
ਦਸਿਆ ਜਾਂਦਾ ਹੈ ਕਿ ਗੁਰਦੁਆਰਾ ਬਾਲਾ ਸਾਹਿਬ ਦੀ ਸੰਬੰਧਤ ਜ਼ਮੀਨ ਪੁਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਇਕ 200 ਬਿਸਤਰਿਆਂ ਦਾ ਹਸਪਤਾਲ ਬਣਾਏ ਜਾਣ ਦੀ ਯੋਜਨਾ ਹੈ। ਜੇ ਗੰਭੀਰਤਾ ਨਾਲ ਸੋਚਿਆ ਅਤੇ ਵਿਚਾਰਿਆ ਜਾਏ ਤਾਂ ਇਸਦੇ ਅਰੰਭਕ ਪ੍ਰੋਜੈਕਟ ਦੇ ਲਈ ਹੀ ਘਟ ਤੋਂ ਘਟ 200 ਕਰੋੜ ਰੁਪਏ ਦੀ ਲੋੜ ਹੋਵੇਗੀ ਅਤੇ ਉਸ ਤੋਂ ਬਾਅਦ ਇਸਨੂੰ ਠੀਕ ਢੰਗ ਨਾਲ ਸੇਵਾ ਵਿੱਚ ਬਣਾਈ ਰਖਣ ਦੇ ਲਈ ਵੀ ਕਰੋੜਾਂ ਰੁਪਏ ਦੇ ਸਾਲਾਨਾ ਬਜਟ ਦੀ ਲੋੜ ਹੋ ਸਕਦੀ ਹੈ। ਇਤਨਾ ਖਰਚ ਉਠਾ ਸਕਣਾ ਕਿਸੇ ਵੀ ਤਰ੍ਹਾਂ ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਸੰਭਵ ਨਹੀਂ। ਇਸਦੇ ਲਈ ਉਸਨੂੰ ਕਿਸੇ ਅਜਿਹੇ ਅਨੁਭਵੀ ਸੰਸਥਾ ਦੇ ਸਹਿਯੋਗ ਦੀ ਲੋੜ ਹੈ, ਜੋ ਇਸ ਖੇਤ੍ਰ ਦੀ ਮਾਹਿਰ ਹੋਣ ਦੇ ਨਾਲ ਹੀ, ਇਤਨਾ ਖਰਚ ਉਠਾ ਪਾਣ ਦੇ ਸਮਰਥ ਹੋਵੇ, ਜਿਸ ਨਾਲ ਇਹ ਹਸਪਤਾਲ ਸੁਚਾਰੂ ਰੂਪ ਵਿੱਚ ਕੰਮ ਕਰਦਾ ਰਹਿ ਸਕੇ। ਅਜਿਹੀ ਹੀ ਸੰਸਥਾ ਦੀ ਤਲਾਸ਼ ਕਰਨ ਲਈ, ਉਸ ਵਲੋਂ ਆਪਣੇ ਅਧੀਨ ਮੈਡੀਕਲ ਅਤੇ ਪ੍ਰਬੰਧਕੀ ਖੇਤ੍ਰ ਦੇ ਮਾਹਿਰਾਂ ਦੀ ਟੀਮ ਪੁਰ ਆਧਾਰਤ ਇਕ ਟਰੱਸਟ ਦਾ ਗਠਨ ਕੀਤਾ ਗਿਆ। ਇਸ ਟਰੱਸਟ ਵਲੋਂ ਕਿਸੇ ਮਾਨਤਾ-ਪ੍ਰਾਪਤ ਅਤੇ ਚੰਗੀ ਸਾਖ ਰਖਣ ਵਾਲੀ ਸੰਸਥਾ ਦੀ ਭਾਲ ਸ਼ੁਰੂ ਕਰ ਦਿਤੀ ਗਈ।
ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਕੁਝ ਮੁਖੀਆਂ ਨੂੰ ਇਹ ਗਲ ਗਵਾਰਾ ਨਹੀਂ ਹੋਈ। ਉਨ੍ਹਾਂ ਨੇ ਇਕ ਪਾਸੇ ਅਦਾਲਤ ਵਿੱਚ ਜਾ ਅਤੇ ਦੂਜੇ ਪਾਸੇ ਇਹ ਪ੍ਰਚਾਰ ਕਰ ਕੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬਾਲਾ ਸਾਹਿਬ ਦੇ ਹਸਪਤਾਲ ਨੂੰ ਵੇਚ ਦਿਤਾ ਹੈ, ਇਸ ਯੋਜਨਾ ਦੇ ਸਿਰੇ ਚੜ੍ਹਨ ਵਿੱਚ ਰੁਕਾਵਟਾਂ ਪੈਦਾ ਕਰਨੀਆਂ ਸ਼ੁਰੂ ਕਰ ਦਿਤੀਆਂ।
ਇਥੇ ਇਹ ਗਲ ਵਰਣਨ-ਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਐਕਟ ਵਿੱਚ ਇਹ ਪ੍ਰਾਵਧਾਨ ਕੀਤਾ ਗਿਆ ਹੋਇਆ ਹੈ ਕਿ ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਗੁਰਦੁਆਾਰਾ ਜਾਇਦਾਦ ਵਿੱਚ ਵਾਧਾ ਤਾਂ ਕਰ ਸਕਦੇ ਹਨ, ਪੰ੍ਰਂਤੂ ਉਸ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਕਰ ਸਕਦੇ, ਅਰਥਾਤ ਉਸਦੇ ਕਿਸੇ ਹਿਸੇ ਨੂੰ ਉਹ ਨਾ ਤਾਂ ਵੇਚ ਅਤੇ ਨਾ ਹੀ ਕਿਸੇ ਦੇ ਨਾਂ ਕਰ ਸਕਦੇ ਹਨ।
ਦੂਜੇ ਪਾਸੇ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਸ ਪੁਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ ਕਾਇਮ ਹੈ। ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਥੋਂ ਆਜ਼ਾਦ ਕਰਵਾ ਕੇ, ਆਪਣੇ ਹਥਾਂ ਵਿੱਚ ਲੈਣ ਦੇ ਲਈ ਸੰਘਰਸ਼ ਕਰ ਰਹੇ ਸਿੱਖਾਂ ਦੀ ਅਗਵਾਈ ਕਰ ਰਹੇ ਮੁਖੀਆਂ ਵਿੱਚੋਂ, ਇਕ ਮੁਖੀ, ਸ. ਦੀਦਾਰ ਸਿੰਘ ਨਲਵੀ ਨੇ, ਆਪਣੇ ਇਕ ਮਜ਼ਮੂਨ ਵਿੱਚ ਲਿਖਿਆ ਹੈ ਕਿ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਸਥਿਤ ਇਤਿਹਾਸਕ ਗੁਰਦੁਆਰੇ, ਮਸਤਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਹਰਿਆਣਾ ਦੇ ਸਿੱਖਾਂ ਦੇ ਹਿਤਾਂ ਨੂੰ ਧਿਆਨ ਵਿੱਚ ਰਖਦਿਆਂ, ਰਾਜ ਵਿੱਚ ਮੀਰੀ-ਪੀਰੀ ਮੈਡੀਕਲ ਕਾਲਜ ਦੀ ਸਥਾਪਨਾ ਕਰਨ ਦੇ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਮਸਤਗੜ੍ਹ ਸਾਹਿਬ ਦੀ 21 ਏਕੜ ਜ਼ਮੀਨ, ਜਿਸਦਾ ਮੁਲ ਉਸ ਸਮੇਂ ਕਰੋੜਾਂ ਰੁਪਏ ਅੰਕਿਆ ਗਿਆ ਸੀ, ਦਿਤੀ। ਹੁਣ ਜਦਕਿ ਇਹ ਕਾਲਜ ਬਣ ਕੇ ਤਿਆਰ ਹੋ ਗਿਆ ਹੈ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੇ ਅਰਬਾਂ ਰੁਪਏ ਦੇ ਮੁਲ ਦੇ ਇਸ ਕਾਲਜ ਨੂੰ, ਮੁਫ਼ਤ ਵਿੱਚ ਹੀ ਇਕ ਨਿਜੀ ਟਰੱਸਟ ਨੂੰ ਦੇਣ ਦਾ ਫੈਸਲਾ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਟਰੱਸਟ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦੇ ਕੁਝ ‘ਖਾਸ ਹੀ ਆਪਣਿਆਂ’ ਦਾ ਹੈ। ਉਨ੍ਹਾਂ ਨੇ ਆਪਣੇ ਇਸੇ ਮਜ਼ਮੂਨ ਵਿੱਚ ਇਹ ਵੀ ਦਸਿਆ ਹੈ ਕਿ ਟਰੱਸਟ ਨੂੰ ਇਹ ਕਾਲਜ ਦੇਣ ਦੇ ਸਬੰਧ ਵਿੱਚ ਹੋ ਰਹੇ ਐਗਰੀਮੈਂਟ (ਸਮਝੌਤੇ) ਦੀਆਂ ਸ਼ਰਤਾਂ ਵਿੱਚ ਟਰੱਸਟ ਨੂੰ ਇਹ ਅਧਿਕਾਰ ਵੀ ਦਿਤਾ ਜਾ ਰਿਹਾ ਹੈ ਕਿ ਲੋੜ ਪੈਣ ਤੇ ਉਹ ਇਸ ਕਾਲਜ ਨੂੰ ਗਿਰਵੀ ਰਖ ਸਕਦਾ ਹੈ ਅਤੇ ਚਾਹੇ ਤਾਂ ਵੇਚ ਵੀ ਸਕਦਾ ਹੈ। ਦਿਲਚਸਪ ਗਲ ਇਹ ਹੈ ਕਿ ਗੁਰਦੁਆਰਾ ਮਸਤਗੜ੍ਹ ਸਾਹਿਬ ਦੇ ਜਿਨ੍ਹਾਂ ਪ੍ਰਬੰਧਕਾਂ ਨੇ ਗਰਦੁਆਰਾ ਸਾਹਿਬ ਦੀ ਬਹੁ-ਮੁਲੀ ਜ਼ਮੀਨ ਕਾਲਜ ਦੀ ਸਥਾਪਨਾ ਲਈ ਦਿਤੀ ਹੈ, ਉਨ੍ਹਾਂ ਨੂੰ ਇਸ ਵਿੱਚ ਕੋਈ ਦਖਲ ਦੇਣ ਤੋਂ ਵਾਂਝਿਆਂ ਰਖਿਆ ਜਾ ਰਿਹਾ ਹੈ।
ਉਨ੍ਹਾਂ ਹੋਰ ਦਸਿਆ ਕਿ ਇਸੇ ਤਰ੍ਹਾਂ ਦੀਆਂ ਸ਼ਰਤਾਂ ਦੇ ਆਧਾਰ ਤੇ ਹੀ ਕੈਥਲ ਸਥਿਤ ਇਕ ਇਤਿਹਾਸਕ ਗੁਰਦੁਆਰੇ ਦੀ ਕਰੋੜਾਂ ਰੁਪਿਆਂ ਦੇ ਮੁਲ ਦੀ 19 ਏਕੜ ਜ਼ਮੀਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਵਲੋਂ ਕਿਸੀ ਹੋਰ ਟਰੱਸਟ ਨੂੰ ਦੇਣ ਦਾ ਫੈਸਲਾ ਕੀਤਾ ਜਾ ਰਿਹਾ ਹੈ। ਇਸ ਟਰੱਸਟ ਦੇ ਸੰਬੰਧ ਵਿੱਚ ਵੀ ਇਹੀ ਮੰਨਿਆ ਜਾ ਰਿਹਾ ਹੈ ਕਿ ਇਹ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਦੇ ‘ਆਪਣਿਆਂ’ ਦਾ ਹੀ ਹੈ।
ਦਿਲਚਸਪ ਗਲ ਤਾਂ ਇਹ ਹੈ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਜੋ ਮੁਖੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ, ਉਸ ਫੈਸਲੇ ਦਾ ਵਿਰੋਧ ਕਰਦਿਆਂ ਹੋਇਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ, ਜਿਸਦੇ ਅਨੁਸਾਰ ਨਾ ਕੇਵਲ ਹਸਪਤਾਲ ਦੀ ਜ਼ਮੀਨ ਅਤੇ ਇਮਾਰਤ ਪੁਰ ਗੁਰਦੁਆਰਾ ਕਮੇਟੀ ਦੀ ਮਲਕੀਅਤ ਸੁਰਖਿਅਤ ਰਹੇਗੀ, ਸਗੋਂ ਉਸ ਦੇ ਮੁੱਖੀਅ ਨੂੰ ਹਸਪਤਾਲ ਦੇ ਮਾਮਲਿਆਂ ਵਿੱਚ ਵੀ ਕੁਝ ਸੀਮਾ ਤਕ ਦਖਲ ਦੇਣ ਅਤੇ ਇਕ ਨਿਸ਼ਚਿਤ ਪ੍ਰਤੀਸ਼ਤ ਤਕ ਮੁਫ਼ਤ ਅਤੇ ਰਿਆਇਤੀ ਇਲਾਜ ਕਰਨ ਦੀਆਂ ਸਿਫਾਰਿਸ਼ਾਂ ਕਰਨ ਦਾ ਵੀ ਅਧਿਕਾਰ ਹੋਵੇਗਾ। ਪ੍ਰੰਤੂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਫੈਸਲੇ ਦੇ ਵਿਰੁਧ ਆਪਣਾ ਮੂੰਹ ਬੰਦ ਕਰੀ ਰਖਣ ਨੂੰ ਆਪਣੇ ‘ਸਿਧਾਂਤ’ ਦਾ ਇਕ ਹਿੱਸਾ ਮੰਨਦੇ ਹਨ, ਜਿਸਦੇ ਆਧਾਰ ਤੇ ਹਰਿਆਣਾ ਦੇ ਗਰਦੁਆਰਿਆਂ ਪਾਸੋਂ ਅਰਬਾਂ ਰੁਪਏ ਦੀ ਜ਼ਮੀਨ ਖੋਹ ਕੇ, ਟਰੱਸਟਾਂ ਨੂੰ  ਮੁਫ਼ਤ ਵਿੱਚ ਦਿਤੀ ਜਾ ਰਹੀ ਹੈ। ਸ਼ਾਇਦ ਇਸਦਾ ਕਾਰਣ ਇਹ ਹੈ ਕਿ ਉਹ ਸਮਝਦੇ ਹਨ ਕਿ ਇਹ ਟਰੱਸਟ ਵੀ ਤਾਂ ਉਸੇ ਤਰ੍ਹਾਂ ਆਪਣਿਆਂ ਦੇ ਹੀ ਹਨ, ਜਿਵੇਂ ਕਿ ਗੁਰਦੁਆਰੇ ਆਪਣੇ ਹਨ।
…ਅਤੇ ਅੰਤ ਵਿੱਚ : ਦਸਿਆ ਜਾਂਦਾ ਹੈ ਕਿ ਹੁਣ ਜਦਕਿ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਨਾ ਤਾਂ ਡੀ ਡੀ ਏ ਗੁਰਦੁਆਰਾ ਬਾਲਾ ਸਾਹਿਬ ਸਥਿਤ ਹਸਪਤਾਲ ਦੀ ਜ਼ਮੀਨ ਦੀ ਅਲਾਟਮੈਂਟ ਰੱਦ ਕਰਨ ਜਾ ਰਿਹਾ ਹੈ ਅਤੇ ਨਾ ਹੀ ਇਹ ਜ਼ਮੀਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਥਾਂ ਵਿੱਚੋਂ ਨਿਕਲ ਰਹੀ ਹੈ, ਤਾਂ ਉਨ੍ਹਾਂ ਨੇ ਸਿੱਖਾਂ ਵਿੱਚ ਇਹ ਭਰਮ ਪੈਦਾ ਕਰਨ ਦੇ ਲਈ ਕਿ ਬਾਲਾ ਸਾਹਿਬ ਦੀ ਜ਼ਮੀਨ ਸਰਕਾਰ ਦੇ ਹਥਾਂ ਵਿੱਚ ਵਾਪਸ ਜਾਣ ਤੋਂੇ ਰੋਕਣ ਦੇ ਲਈ ਉਹੀ ‘ਕੁਝ’ ਕਰ ਰਹੇ ਹਨ, ਦਿੱਲੀ ਕਮੇਟੀ ਦੇ ਮੁਖੀਆਂ ਨੂੰ ਤਾਂ ਇਸਦੀ ਚਿੰਤਾ ਤਕ ਨਹੀਂ, ਇਹ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਹਨ, ਕਿ ਉਹ ਕਿਸੀ ਵੀ ਕੀਮਤ ਤੇ ਸਰਕਾਰ ਨੂੰ ਇਹ ਜ਼ਮੀਨ ਵਾਪਸ ਨਹੀਂ ਲੈਣ ਦੇਣਗੇ, ਭਾਵੇਂ ਇਸਦੇ ਲਈ ਉਨ੍ਹਾਂ ਨੂੰ ਕੋਈ ਵੀ ‘ਕੁਰਬਾਨੀ’ ਕਿਉਂ ਨਾ ਕਰਨੀ ਪਵੇ।

Translate »