November 10, 2011 admin

ਲਾਹੇਵੰਦ ਖੇਤੀ ਲਈ ਵਿਗਿਆਨਕ ਸੋਚ ਅਪਣਾਓ

ਮੁਖਤਾਰ ਸਿੰਘ ਗਿੱਲ
ਨਿਰਦੇਸ਼ਕ, ਪਸਾਰ ਸਿੱਖਿਆ

ਪੰਜਾਬ ਦਾ ਕਿਸਾਨ ਆਰਥਿਕ ਮੰਦੀ ਦੇ ਦੌਰ ਚੋਂ ਲੰਘ ਰਿਹਾ ਹੈ । ਖੇਤੀ ਪੈਦਾਵਾਰ ਅਤੇ ਕਿਸਾਨ ਦੀ ਆਮਦਨ ਨਿਘਾਰ ਵੱਲ ਹਨ । ਪਿਛਲੇ ਪੰਜ ਸਾਲ ਤੋਂ ਫ਼ਸਲੀ ਪੈਦਾਵਾਰ ਵਿੱਚ ਖੜੋਤ ਆ ਰਹੀ ਹੈ, ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਇਲਾਵਾ ਮੌਸਮੀ ਬਦਲਾਅ ਦਾ ਖੇਤੀਬਾੜੀ ਤੇ ਮਾੜਾ ਅਸਰ ਪੈ ਰਿਹਾ ਹੈ। ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਜਿਵੇਂ ਕਿ ਬੀਜ, ਖਾਦ, ਕੀੜੇਮਾਰ ਦਵਾਈਆਂ ਅਤੇ ਖੇਤੀ ਮਸ਼ੀਨਰੀ ਮਹਿੰਗੀਆਂ ਹੋ ਰਹੀਆਂ ਹਨ । ਨਤੀਜੇ ਵਜੋਂ ਅੱਜ ਦੀ ਖੇਤੀ ਲਾਹੇਵੰਦ ਨਹੀਂ ਰਹੀ, ਕਿਸਾਨਾਂ ਨੂੰ ਕਰਜ਼ੇ ਦਾ ਸਹਾਰਾ ਲੈਣਾ ਪੈ ਰਿਹਾ ਹੈ । ਬੈਕਾਂ ਤੋਂ ਇਲਾਵਾ ਆੜ੍ਹਤੀਆਂ ਅਤੇ ਸਹਿਕਾਰੀ ਅਦਾਰਿਆਂ ਤੋਂ ਕਰਜ਼ੇ ਲਏ ਜਾ ਰਹੇ ਹਨ । ਕਰਜ਼ੇ ਦਾ ਬੋਝ ਵੱਧਣ ਨਾਲ ਮਾਨਸਿਕ ਅਤੇ ਸਮਾਜਕ ਤਣਾਅ ਵਧ ਰਿਹਾ ਹੈ ਅਤੇ ਕਈ ਇਲਾਕਿਆਂ ਵਿਚ ਕਸ਼ੀਦਗੀ ਦੀ ਹੱਦ ਇਥੋਂ ਤੱਕ ਵਧ ਗਈ ਹੈ ਕਿ ਕਿਸਾਨ ਖੁਦਕੁਸ਼ੀਆਂ ਦੇ ਰਸਤੇ ਵੱਲ ਵਧ ਰਹੇ ਹਨ ।
ਖੇਤੀ ਮਾਹਰਾਂ ਵੱਲੋਂ ਖੇਤੀ ਨੂੰ ਲਾਹੇਵੰਦ ਬਨਾਉਣ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ । ਖੇਤੀ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਦੀ ਸੁਚੱਜੀ ਵਰਤੋਂ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਯੋਗ ਤਕਨੀਕਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ । ਕਿਸਾਨਾਂ ਨੂੰ ਸਰਬਪੱਖੀ ਖ਼ੁਰਾਕੀ ਤੱਤਾਂ ਦਾ ਪ੍ਰਬੰਧ ਅਤੇ ਸਰਬਪੱਖੀ ਕੀਟ ਪ੍ਰਬੰਧ ਵਰਗੀਆਂ ਵਿਧੀਆਂ ਅਪਨਾਉਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ । ਖੇਤੀ ਰਸਾਇਣਾਂ ਦੀ ਵਰਤੋਂ ਘਟਾਉਣ ਅਤੇ ਜੈਵਿਕ ਪਦਾਰਥਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ । ਖੇਤੀ ਰਹਿੰਦ ਖੂੰਹਦ ਦੀ ਸੁਚੱਜੀ ਵਰਤੋਂ ਲਈ ਵਿਗਿਆਨਕ ਵਿਧੀਆਂ ਤੇ ਖੋਜ ਦੇ ਕਾਰਜ ਹੋ ਰਹੇ ਹਨ । ਰਹਿੰਦ ਖੂੰਹਦ ਨੂੰ ਮੁੜ ਖੇਤਾਂ ਵਿੱਚ ਪਾਉਣ ਲਈ ਯੋਗ ਵਿਧੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ । ਅਜੋਕੀ ਖੇਤੀ ਦੇ ਦਰਪੇਸ਼ ਸਮੱਸਿਆਵਾਂ ਜਿੰਨਾਂ ਵਿੱਚ ਊਰਜਾ, ਬਾਲਣ, ਚਾਰੇ ਅਤੇ ਰੋਜ਼ਗਾਰ ਵਰਗੇ ਮੁੱਦੇ ਸ਼ਾਮਲ  ਹਨ, ਨੂੰ ਖੋਜ ਦੇ ਵਿਸ਼ੇ ਬਣਾਇਆ ਜਾ ਰਿਹਾ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿੱਤਾ ਮੁੱਖੀ ਸਿਖਲਾਈ ਪ੍ਰੋਗਰਾਮ ਚਲਾ ਕੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਵਿਗਿਆਨਕ ਖੇਤੀ ਦੀਆਂ ਲੀਹਾਂ ਤੇ ਤੋਰਨ ਦੇ ਯਤਨ ਕੀਤੇ ਜਾ ਰਹੇ ਹਨ । ਖਾਦਾਂ ਦੀ ਵਧੇਰੇ ਵਰਤੋਂ ਨੂੰ ਰੋਕਣ ਲਈ ਹਰਾ ਪੱਤਾ ਚਾਰਟ ਰਾਹੀਂ ਝੋਨੇ ਵਿੱਚ ਪੱਚੀ ਕਿਲੋ ਨਾਈਟ੍ਰੋਜਨ ਪ੍ਰਤੀ ਹੈਕਟੇਅਰ ਦੀ ਬਚਤ ਹੋ ਸਕਦੀ ਹੈ ਅਤੇ ਇਸ ਵਿਧੀ ਰਾਹੀਂ ਹੋਰਨਾਂ ਫ਼ਸਲਾਂ ਜਿਵੇਂ ਮੱਕੀ ਵਿੱਚ ਵੀ ਖਾਦਾਂ ਦੀ ਸਹੀ ਵਰਤੋਂ ਦੇ ਉਪਰਾਲੇ ਕੀਤੇ ਜਾ ਸਕਦੇ ਹਨ । ਨਰਮੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ (2 ਪ੍ਰਤੀਸ਼ਤ) ਦੇ ਹਫ਼ਤਾ ਵਾਰ ਛਿੜਕਾਅ ਰਾਹੀਂ ਉਤਪਾਦਕਤਾ ਵਧ ਸਕਦੀ ਹੈ । ਵੱਖ-ਵੱਖ ਫ਼ਸਲਾਂ ਲਈ ਖਾਦਾਂ ਦੀ ਵਰਤੋਂ ਬਾਰੇ ਸਿਫਾਰਸ਼ਾਂ ਕੀਤੀਆਂ ਗਈਆਂ ਹਨ ।
ਫ਼ਸਲਾਂ ਦੀਆਂ ਬੀਮਾਰੀਆਂ ਨੂੰ ਰੋਕਣ ਲਈ ਬੀਜ ਸੋਧ ਕਰਨਾ ਕਿਸਾਨ ਭੁੱਲ ਰਹੇ ਹਨ ਇਸ ਬਾਰੇ ਯਾਗਰੂਕਤਾ ਵਧਾਈ ਜਾ ਰਹੀ ਹੈ । ਬਾਸਮਤੀ, ਝੋਨਾ, ਮੱਕੀ ਅਤੇ ਸਬਜ਼ੀਆਂ ਦੇ ਬੀਜਾਂ ਨੂੰ ਸੋਧਣ ਲਈ ਯੂਨੀਵਰਸਿਟੀ ਵੱਲੋਂ ਬਹੁਤ ਸਾਰੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ । ਥੋੜੀ ਮਾਤਰਾ ਵਿੱਚ ਦਵਾਈ ਲਾਕੇ ਬੀਜ ਸੋਧ ਰਾਹੀਂ ਭਿਆਨਕ ਬੀਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ । ਕਿਸਾਨਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਕੁਝ ਸਮੇਂ ਬਾਅਦ ਬੀਜ ਬਦਲ ਲਿਆ ਜਾਵੇ । ਪਾਣੀ ਖੇਤੀ ਦੀ ਜਾਨ ਹੈ, ਪਿਛਲੇ ਸਾਲਾਂ ਵਿੱਚ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਉਤਰਨ ਨਾਲ ਭਿਆਨਕ ਸਥਿਤੀ ਬਣੀ ਹੈ ਜਿਸ ਨੂੰ ਹੱਲ ਕਰਨ ਲਈ ਵਿਗਿਆਨੀਆਂ ਅਤੇ ਸਰਕਾਰ ਵੱਲੋ ਠੋਸ ਉਪਰਾਲੇ ਕੀਤੇ ਗਏ ਹਨ । ਝੋਨੇ ਦੀ ਅਗੇਤੀ ਬੀਜਾਈ ਨੂੰ ਰੋਕਣ ਨਾਲ ਪਾਣੀ ਦੀ ਸਮੱਸਿਆ ਨੂੰ ਠੱਲ ਪਈ ਹੈ । ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ਸਲਾਂ ਲਈ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਤਕਨੀਕਾਂ ਦਾ ਵਿਕਾਸ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਕਿਸਾਨਾਂ ਨੇ ਭਰਵਾਂ ਹੁੰਗਾਰਾਂ ਦਿੱਤਾ ਹੈ । ਪਾਣੀ ਦੀ ਸਹੀ ਸੰਭਾਲ ਸਾਡੀ ਸਮਾਜਕ ਅਤੇ ਨੈਤਿਕ ਜਿੰਮੇਵਾਰੀ ਹੈ ਕਿਉਂਕਿ ਅਸੀਂ ਜੇ ਹੁਣ ਹਰਕਤ ਵਿੱਚ ਨਾ ਆਏ ਤਾਂ ਭਵਿੱਖ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।
ਪੰਜਾਬ ਵਿੱਚ ਤਕਰੀਬਨ ਬਾਰਾਂ ਲੱਖ ਪਰਿਵਾਰ ਕਿਸਾਨੀ ਕਰਦੇ ਹਨ ਜਿਨ੍ਹਾਂ ਵਿੱਚ ਬਹੁਤਾਤ ਛੋਟੇ ਕਿਸਾਨਾਂ ਦੀ ਹੈ । ਛੋਟੇ ਖੇਤਾਂ ਦੀਆਂ ਆਪਣੀਆਂ ਸਮਸਿਆਵਾਂ ਹਨ ਕਿਉਂਕਿ ਉਹਨਾਂ ਵੱਲੋਂ ਮਸ਼ੀਨੀ ਵਿਧੀਆਂ ਅਪਨਾਉਣਾ ਕਠਿਨ ਹੁੰਦਾ ਹੈ । ਛੋਟੇ ਕਿਸਾਨਾਂ ਲਈ ਯੂਨੀਵਰਸਿਟੀ ਵੱਲੋਂ ਅਨੇਕਾਂ ਤਰ੍ਹਾਂ ਦੇ ਵਿਕਲਪ ਸੁਝਾਏ ਗਏ ਹਨ ਜਿਨ੍ਹਾਂ ਵਿੱਚ ਨੈਂਟ ਹਾਊਸ ਤਕਨੀਕ, ਪੋਲੀਥੀਨ ਸੁਰੰਗ ਦੀ ਖੇਤੀ, ਬੀਜ ਉਤਪਾਦਨ, ਫੁੱਲਾਂ ਦੀ ਕਾਸ਼ਤ ਅਤੇ ਨਰਸਰੀ ਉਤਪਾਦਨ ਤੋਂ ਇਲਾਵਾ ਖੇਤੀ ਸਹਾਇਕ ਧੰਦੇ ਜਿਵੇਂ ਕਿ ਖੁੰਭਾ ਦੀ ਕਾਸ਼ਤ, ਮਧੂ-ਮੱਖੀ ਪਾਲਣ ਅਤੇ ਮੁਰਗੀ ਪਾਲਣ ਆਦਿ ਮਹੱਤਵਪੂਰਨ ਹਨ। ਕਿਸਾਨ ਯੂਨੀਵਰਸਿਟੀ ਮਾਹਰਾਂ ਨਾਲ ਰਾਬਤਾ ਕਾਇਮ ਕਰਕੇ ਸਿਖਲਾਈ ਅਤੇ ਅਗਵਾਈ ਲੈ ਸਕਦੇ ਹਨ । ਇਸ ਤੋਂ ਇਾਲਵਾ ਤੁੜਾਈ ਤੋਂ ਬਾਅਦ ਖੇਤੀ ਉਤਪਾਦਨ ਦੀ ਸਾਂਭ-ਸੰਭਾਲ ਅਤੇ ਭੰਡਾਰਣ ਵੇਲੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ । ਇਸ ਬਾਰੇ ਕਿਸਾਨਾਂ ਨੂੰ ਸਮੇਂ-ਸਮੇਂ ਤੇ ਸਿਖਲਾਈ ਦਿੱਤੀ ਜਾਂਦੀ ਹੈ ।
ਪੰਜਾਬ ਦੀ 41.74 ਲੱਖ ਹੈਕਟੇਅਰ ਕਾਸ਼ਤ ਹੇਠ ਭੂਮੀ ਉੱਤੇ 4.50 ਲੱਖ ਟਰੈਕਟਰ ਕੰਮ ਕਰ ਰਹੇ ਹਨ । ਇਨ੍ਹਾਂ ਵਿੱਚੋਂ ਵਧੇਰੇ 35 ਹਾਰਸ ਪਾਵਰ ਦੇ ਹਨ । ਅਜੋਕੇ ਮਸ਼ੀਨੀ ਅਤੇ ਤਕਨੀਕੀ ਯੁਗ ਵਿੱਚ ਦੂਜੀ ਪੀੜੀ ਦੀਆਂ ਮਸ਼ੀਨਾਂ ਜਿਨ੍ਹਾਂ ਵਿੱਚ ਹੈਪੀ ਸੀਡਰ, ਕੰਪਿਊਟਰ ਕਰਾਹਾ, ਗੰਨਾ ਲਗਾਉਣ ਵਾਲੀ ਮਸ਼ੀਨ ਆਦਿ ਮਸ਼ੀਨਾਂ ਨੂੰ 50 ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਇਆ ਜਾਂਦਾ ਹੈ । ਇਹ ਵੱਡ ਅਕਾਰੀ ਮਸ਼ੀਨਾਂ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ ਇਨ੍ਹਾਂ ਲਈ ਕਿਰਾਏ ਤੇ ਇਹਨਾਂ ਮਸ਼ੀਨਾ ਦੀ ਵਰਤੋਂ ਬਾਰੇ ਸਲਾਹ ਦਿੱਤੀ ਜਾਂਦੀ ਹੈ । ਰਾਜ ਸਰਕਾਰ ਵੱਲੋਂ ਵੀ ਸਹਿਕਾਰੀ ਸੁਸਾਇਟੀਆਂ ਨੂੰ ਅਜਿਹੀਆਂ ਮਸ਼ੀਨੀ ਉਪਲਬਧ ਕਰਵਾਉਣ ਲਈ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਤੇ ਕਿਰਸਾਨੀ ਦੀ ਹਾਲਤ ਬਿਹਤਰ ਕਰਨ ਲਈ ਲਗਾਤਾਰ ਉਪਰਾਲੇ ਜਾਰੀ ਹਨ। ਸਮੇਂ ਸਿਰ ਕਾਰਵਾਈ ਕਰਕੇ ਕਿਸਾਨਾਂ ਦੀ ਮੱਦਦ ਕੀਤੀ ਜਾਂਦੀ ਹੈ । ਹਾਲ ਹੀ ਵਿੱਚ ਵਧੇਰੇ ਬਾਰਸ਼ਾਂ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਵਾਲੀ ਸਥਿਤੀ ਬਣ ਗਈ ਸੀ । ਕਿਸਾਨ ਨੂੰ ਇਸ ਕੁਦਰਤੀ ਆਫ਼ਤ ਤੋਂ ਬਚਾਉਣ ਲਈ ਯੂਨੀਵਰਸਿਟੀ ਵਲੋਂ ਇੱਕ ਤਤਕਾਲੀ ਯੋਜਨਾ ਬਣਾਕੇ ਦਿੱਤੀ ਗਈ । ਇਸ ਨੂੰ ਅਖ਼ਬਾਰਾਂ, ਰਸਾਲਿਆਂ, ਰੇਡੀਓ, ਟੀ.ਵੀ., ਰਾਹੀਂ ਪ੍ਰਸਾਰਤ ਕੀਤਾ ਗਿਆ । ਯੂਨੀਵਰਸਿਟੀ ਵੱਲੋਂ ਖੇਤੀ ਸਾਹਿਤ ਰਾਹੀਂ ਨਵੀਆਂ ਖੋਜਾਂ ਅਤੇ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਂਦਾ ਹੈ ।
ਮੇਰੀ ਕਿਸਾਨ ਭਰਾਵਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਯੂਨੀਵਰਸਿਟੀ ਵਲੋਂ ਪ੍ਰਕਾਸ਼ਤ ਖੇਤੀ ਸਾਹਿਤ ਨੂੰ ਖਰੀਦਣ, ਪੜ੍ਹਨ ਤੇ ਪਿੰਡਾਂ ਵਿਚ ਲਾਇਬਰੇਰੀਆਂ ਸਥਾਪਤ ਕਰਨ । ਇਸ ਨਾਲ ਉਹਨਾਂ ਨੂੰ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਵਿੱਚ ਮੱਦਦ ਮਿਲੇਗੀ । ਜਿਵੇਂ ਕਿ ਕਿਸਾਨ ਭਰਾ ਜਾਣਦੇ ਹੀ ਹਨ ਕਿ ਸਤੰਬਰ ਦੇ ਮਹੀਨੇ ਯੂਨੀਵਰਸਿਟੀ ਵਲੋਂ ਰਾਜ ਭਰ ਵਿੱਚ ਪੰਜ ਕਿਸਾਨ ਮੇਲੇ ਅਯੋਜਤ ਕੀਤੇ ਜਾ ਰਹੇ ਹਨ। ਇਹ ਕਿਸਾਨ ਮੇਲੇ ਬੱਲੋਵਾਲ ਸੌਂਖੜੀ (7 ਸਤੰਬਰ), ਰੌਣੀ-ਪਟਿਆਲਾ (10 ਸਤੰਬਰ) ਪੀ.ਏ.ਯੂ. ਲੁਧਿਆਣਾ (14-15 ਸਤੰਬਰ), ਗੁਰਦਾਸਪੁਰ (21 ਸਤੰਬਰ) ਅਤੇ ਬਠਿੰਡਾ (24 ਸਤੰਬਰ) ਵਿਖੇ ਲਗਾਏ ਜਾ ਰਹੇ ਹਨ। ਕਿਸਾਨ ਭਰਾ ਇਹਨਾਂ ਮੇਲਿਆਂ ਵਿੱਚ ਆਕੇ ਭਰਪੂਰ ਗਿਆਨ ਲੈ ਸਕਦੇ ਹਨ ਅਤੇ ਨਵੀਆਂ ਤਕਨੀਕਾਂ, ਫ਼ਸਲੀ ਪਰਦਰਸ਼ਨੀਆਂ, ਖੇਤੀ ਦੇ ਸੰਦਾਂ ਅਤੇ ਮਸ਼ੀਨਰੀ ਦੀਆਂ ਨੁਮਇਸ਼ਾ ਵੇਖਣ ਤੋਂ ਇਲਾਵਾ ਖੇਤੀ ਵਿਗਿਆਨੀਆਂ ਨਾਲ ਨੇੜਤਾ ਪੈਦਾ ਕਰ ਸਕਣਗੇ । ਆਪਣੇ ਨੇੜਲੇ ਕਿਸਾਨ ਮੇਲੇ ਵਿੱਚ ਹਾਜ਼ਰੀ ਭਰੋ ਅਤੇ ਗਿਆਨ ਹਾਸਲ ਕਰੋ । ਮੈਂ ਤੁਹਾਡੀ ਲਾਹੇਵੰਦ ਖੇਤੀ ਦੀ ਕਾਮਨਾ ਕਰਦਾ ਹਾਂ ।

 

Translate »