November 10, 2011 admin

ਪੰਜਾਬੀ ਸੂਬਾ ਸਥਾਪਨਾ ਦਿਵਸ ਨੂੰ ਲੋਕ ਉਤਸਵ ਦਾ ਰੂਪ ਦੇਣ ਦੀ ਲੋੜ

                   ਪੰਜਾਬ ਦੀ ਭੂਗੋਲਿਕ ਸਥਿਤੀ ਅਜੇਹੀ ਹੈ ਕਿ ਵਰਅਤੇ ਪੰਜਾਬੀਆਂ ਨੂੰ ਕਦੇ ਚੈਨ ਨਸੀਬ ਨਹੀਂ ਹੋਇਆ । ਇਸੇ ਕਰਕੇ ਆਖਿਆ ਜਾਂਦਾ ਹੈ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ । ਪੰਜਾਬ ਦੀ ਧਰਤੀ ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦੇ ਉਨ੍ਹਾਂ ਕੁਝ ਕੁ ਕੇਂਦਰਾਂ ਵਿਚੋਂ ਹੈ ਜਿਥੇ ਮਨੁੱਖੀ ਸਭਿਅਤਾ ਨੇ ਜਨਮ ਲਿਆ । ਇਥੇ ਹੀ ਭਾਰਤ ਦੇ ਸਭ ਤੋਂ ਪਵਿੱਤਰ ਚਾਰੇ ਗ੍ਰੰਥਾਂ ਦੀ ਰਚਨਾ ਹੋਈ । ਇਥੋਂ ਦੇ ਦਰਿਆਵਾਂ ਦੀ ਜਰਖੇਜ਼ ਧਰਤੀ ਨੇ ਹਮੇਸ਼ਾ ਦੂਜਿਆਂ ਨੂੰ ਆਪਣੇ ਵੱਲ ਖਿਚਿਆ ਤੇ ਪੰਜਾਬੀਆਂ ਨੂੰ ਨਿੱਤ ਨਵੀਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ । ਇਨ੍ਹਾਂ ਪ੍ਰਸਥਿਤੀਆਂ ਨੇ ਹੀ ਪੰਜਾਬੀਆਂ ਨੂੰ ਸੰਸਾਰ ਦੇ ਵਧੀਆ ਜੁਆਨ ਅਤੇ ਕਿਸਾਨ ਬਣਾਇਆ । ਸਮੇਂ ਦੀਆਂ ਹਕੂਮਤਾਂ ਅਤੇ ਇਤਿਹਾਸ ਨੇ ਕਦੇ ਵੀ ਪੰਜਾਬੀਆਂ ਨਾਲ ਇਨਸਾਫ਼ ਨਹੀਂ ਕੀਤਾ । ਉਨ੍ਹਾਂ ਨੂੰ ਆਪਣੇ ਹੱਕੀ ਹੱਕਾਂ ਨੂੰ ਪ੍ਰਾਪਤ ਕਰਨ ਲਈ ਵੀ ਸਖ਼ਤ ਘਾਲਣਾ ਘਾਲਣੀਆਂ ਪਈਆਂ । ਵੀਹਵੀਂ ਸਦੀ ਵਿੱਚ ਹੀ ਪੰਜਾਬ ਦੀ ਚਾਰ ਵਾਰ ਵੰਡ ਹੋਈ। ਹਰੇਕ ਵੇਰ ਕੁਝ ਦੇਣ ਦੀ ਥਾਂ ਇਸ ਨੂੰ ਲੁਟਿਆ ਹੀ ਗਿਆ । ਭਾਰਤ ਦੀ ਰਾਜਧਾਨੀ ਬਣਾਉਣ ਲਈ ੧੯੧੧ ਵਿਚ ਪੰਜਾਬ ਦਾ ਦਿਲ ਦਿੱਲੀ ਇਸ ਕੋਲੋਂ ਖੋਹ ਲਈ ਗਈ । ਇਸ ਦਾ ਇਕ ਖੂਬਸੂਰਤ ਹਿੱਸਾ ਪਿਸ਼ਾਵਰ ੧੯੧੯ ਵਿੱਚ ਪੰਜਾਬ ਨਾਲੋਂ ਅੱਡ ਕਰ ਦਿੱਤਾ ਗਿਆ । ਅਜ਼ਾਦੀ ਮਿਲਣ ਸਮੇਂ ੧੯੪੭ ਵਿੱਚ ਤਾਂ ਪੰਜਾਬ ਨਾਲ ਸਭ ਤੋਂ ਵਧ ਧੱਕਾ ਕੀਤਾ ਗਿਆ ਇਸ ਦੇ ਦੋ ਟੁਕੜੇ ਕਰ ਦਿੱਤੇ ਗਏ ਅਤੇ ਵੱਡਾ ਹਿੱਸਾ ਦੇਸ਼ ਤੋਂ ਹੀ ਬਾਹਰ ਕਰ ਦਿੱਤਾ । ਕੇਵਲ ਪੰਜਾਬ ਦੇ ਟੁਕੜੇ ਹੀ ਨਹੀਂ ਹੋਏ ਸਗੋਂ ਜਿਹੜਾ ਸੰਤਾਪ ਪੰਜਾਬ ਤੇ ਪੰਜਾਬੀਆਂ ਨੇ ਭੁਗਤਿਆ ਸ਼ਾਇਦ ਸੰਸਾਰ ਵਿੱਚ ਪਹਿਲਾਂ ਕਿਸੇ ਥਾਂ ਵੀ ਅਜੇਹਾ ਕਹਿਰ ਨਹੀਂ ਸੀ ਵਾਪਰਿਆ । ਜਦੋਂ ਸਾਰਾ ਦੇਸ਼ ਅਜ਼ਾਦੀ ਦੇ ਜਸ਼ਨ ਮਨ੍ਹਾ ਰਿਹਾ ਸੀ ਤਾਂ ਪੰਜਾਬ ਵਿਚ ਖੂਨ ਦੀਆਂ ਨਦੀਆਂ ਵਗ ਰਹੀਆਂ ਸਨ । ਹਜ਼ਾਰਾ ਔਰਤਾਂ ਦੀ ਪੱਤ ਲੁਟੀ ਜਾ ਰਹੀ ਸੀ ਤੇ ਲੱਖਾਂ ਲੋਕ ਆਪਣਾ ਘਰ ਬਾਰ ਛੱਡ ਇਧਰੋਂ ਉਧਰ ਤੇ ਉਧਰੋਂ ਇਧਰ ਆ ਰਹੇ ਸਨ ।

                  ਇਤਨੀ ਵੱਡੀ ਕੁਰਬਾਨੀ ਦੇਣ ਪਿਛੋਂ ਵੀ ਪੰਜਾਬ ਨੂੰ ਉਸ ਦੇ ਹੱਕੀ ਹਕੂਕ ਪ੍ਰਾਪਤ ਨਾ ਹੋਏ । ਇਥੋਂ ਦੀ ਮਾਂ ਬੋਲੀ ਪੰਜਾਬੀ ਨੂੰ ਰਾਜ ਭਾਸ਼ਾ ਨਾ ਬਣਾਇਆ ਗਿਆ । ਮਜਬੂਰ ਹੋਕੇ ਪੰਜਾਬੀਆਂ ਨੂੰ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਹੇਠ ਅੰਦੋਲਨ ਸ਼ੁਰੂ ਕਰਨਾ ਪਿਆ । ਉਦੋਂ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸਚਰ ਸਨ । ਉਨ੍ਹਾਂ ਇਸ ਅੰਦੋਲਨ ਉਤੇ ਪਾਬੰਦੀ ਲਗਾ ਦਿੱਤੀ । ਇਥੋਂ ਤੀਕ ਕਿ ਪੁਲਿਸ ਦਰਬਾਰ ਸਾਹਿਬ ਵਿਖੇ ਦਾਖਲ ਹੋਈ । ਇਸ ਗਲਤੀ ਲਈ ਮੁਖ ਮੰਤਰੀ ਨੂੰ ਮੁਆਫੀ ਮੰਗਣੀ ਪਈ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਈ । ਅੰਦੋਲਨ ਉਤੇ ਪਾਬੰਦੀ ਹਟਾ ਦਿੱਤੀ ਗਈ। ਸਰਕਾਰ ਨੇ ਪਹਿਲੀ ਨਵੰਬਰ ੧੯੫੬ ਨੂੰ ਪੈਪਸੂ ਪੰਜਾਬ ਵਿਚ ਰਲਾ ਦਿੱਤਾ । ਕਾਂਗਰਸ ਨੇ ਆਪਣਾ ਇਜਲਾਸ ਅੰਮ੍ਰਿਤਸਰ ਵਿਖੇ ਕੀਤਾ । ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਸੈਸ਼ਨ ਉਥੇ ਹੀ ਕੀਤਾ । ਅਕਾਲੀਆਂ ਦੇ ਸੈਸ਼ਨ ਵਿੱਚ ਹਾਜ਼ਰੀ ਕਾਂਗਰਸ ਨਾਲੋਂ ਕਿੱਤੇ ਵੱਧ ਸੀ । ਕਾਂਗਰਸ ਜਾਂ ਆਖੋ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਨਾ ਪਿਆ । ਪੰਜਾਬ ਨੂੰ ਰੀਜ਼ਨਲ ਫ਼ਾਰਮੂਲਾ ਅਧੀਨ ਹਿੰਦੀ ਤੇ ਪੰਜਾਬੀ ਖਿੱਤੇ ਵਿੱਚ ਵੰਡਿਆ ਗਿਆ । ਇਹ ਵੀ ਫ਼ੈਸਲਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਰਾਜਸੀ ਗਤੀਵਿਧੀਆਂ ਤੋਂ ਸੰਕੋਚ ਕਰੇਗਾ । ਇਸੇ ਫ਼ੈਸਲੇ ਅਧੀਨ ੧੯੫੭ ਵਿਚ ਹੋਈਆਂ ਚੋਣਾਂ ਅਕਾਲੀ ਦਲ ਨੇ ਕਾਂਗਰਸ ਨਾਲ ਰਲ ਕੇ ਕਾਂਗਰਸ ਦੇ ਚੋਣ ਨਿਸ਼ਾਨ ਉੱਤੇ ਲੜੀਆਂ । ਸ਼੍ਰੋਮਣੀ ਅਕਾਲੀ ਦਲ ਦੇ ੨੪ ਉਮੀਦਵਾਰ ਸਫ਼ਲ ਹੋਏ । ਕੁਝ ਅਕਾਲੀ ਵਿਧਾਇਕ ਵਜ਼ੀਰ ਵੀ ਬਣਾਏ ਗਏ । ਕੁਝ ਸਮੇਂ ਪਿਛੋਂ ਮਾਸਟਰ ਤਾਰਾ ਸਿੰਘ ਹੋਰਾਂ ਨੂੰ ਮਹਿਸੂਸ ਹੋਇਆ ਕਿ ਕਾਂਗਰਸ ਉਨ੍ਹਾਂ ਨਾਲ ਵਾਹਦੇ ਪੂਰੇ ਨਹੀਂ ਕਰ ਰਹੀ ਤੇ ਉਨ੍ਹਾਂ ਕਾਂਗਰਸ ਨਾਲੋਂ ਰਾਜਸੀ ਭਾਈਵਾਲੀ ਤੋੜ ਲਈ । ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੁੜ ਅੰਦੋਲਨ ਸ਼ੁਰੂ ਹੋ ਗਿਆ । ਅੰਮ੍ਰਿਤਸਰ ਵਿਖੇ ਇਕ ਵਿਸ਼ਾਲ ਕੈਨਵੈਨਸ਼ਨ ਕੀਤੀ ਗਈ ਜਿਸ ਵਿਚ ਦੇਸ਼ ਭਰ ਵਿਚੋਂ ਆਗੂ ਪੁੱਜੇ । ਗ੍ਰਿਫਤਾਰੀਆਂ ਦੇਣ ਲਈ ਜੱਥੇ ਜਾਣੇ ਸ਼ੁਰੂ ਹੋਏ । ਇਸ ਅੰਦੋਲਨ ਦੌਰਾਨ ੫੦ ਹਜ਼ਾਰ ਤੋਂ ਵੱਧ ਅਕਾਲੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ । ਮਾਸਟਰ ਤਾਰਾ ਸਿੰਘ ਵੀ ਗ੍ਰਿਫਤਾਰ ਹੋਏ ਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਸੰਤ ਫ਼ਤਿਹ ਸਿੰਘ ਮੋਰਚੇ ਦੇ ਡਿਕਟੇਟਰ ਬਣੇ । ਸਰਦਾਰ ਪ੍ਰਤਾਪ ਸਿੰਘ ਕੈਰੋਂ ਉਦੋਂ ਮੁੱਖ ਮੰਤਰੀ ਸਨ । ਉਨ੍ਹਾਂ ਇਸ ਅੰਦੋਲਨ ਨੂੰ ਰੋਕਣ ਲਈ ਜ਼ੁਰਮਾਨੇ ਅਤੇ ਕੈਦ ਦਾ ਸਹਾਰਾ ਲਿਆ । ਉਨ੍ਹਾਂ ਦਾ ਮੰਨਣਾ ਸੀ ਕਿਸਾਨ ਜੁਰਮਾਨੇ ਤੋਂ ਅਤੇ ਦੁਕਾਨਦਾਰ ਕੈਦ ਤੋਂ ਡਰਦਾ ਹੈ। ਸਰਦਾਰ ਕੁਲਦੀਪ ਸਿੰਘ ਵਿਰਕ ਨੂੰ ਕੇਸਾਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਜੱਜ ਨਿਯੁਕਤ ਕੀਤਾ ਗਿਆ । ਉਦੋਂ ਨੌਜਵਾਨ ਅਕਾਲੀ ਆਗੂ ਜੱਥੇਦਾਰ ਜਗਦੇਵ ਸਿੰਘ ਜੱਸੋਵਾਲ ਦੇ ਜੱਥੇ ਨੂੰ ਪਹਿਲੀ ਸਜਾ ਸੁਣਾਈ ਗਈ । ਜੱਸੋਵਾਲ ਨੂੰ ਦੋ ਸਾਲ ਕੈਦ ਅਤੇ ੧੧੦੦੦/- ਜੁਰਮਾਨਾ ਹੋਇਆ । ਸੂਬੇ ਵਿਚ ਮੁੜ ਚੋਣਾਂ ੧੯੬੨ ਵਿਚ ਹੋਈਆਂ ਜਿਨ੍ਹਾਂ ਵਿਚ ਫਿਰ ਕਾਂਗਰਸ ਸਰਕਾਰ ਬਣੀ । ਮੋਰਚੇ ਨੂੰ ਹੋਰ ਤੇਜ਼ ਕਰਨ ਲਈ ਮਾਸਟਰ ਤਾਰਾ ਸਿੰਘ ਹੋਰੀਂ ਭੁੱਖ ਹੜਤਾਲ ਉੱਤੇ ਬੈਠੇ । ਪਰ ਸਰਕਾਰ ਵੱਲੋਂ ਮੰਗਾਂ ਮੰਨਣ ਬਾਰੇ ਵਿਚਾਰ ਦੇ ਭਰੋਸੇ ਉਤੇ ਉਨ੍ਹਾਂ ਹੜਤਾਲ ਛੱਡ ਦਿੱਤੀ । ਮਾਸਟਰ ਜੀ ਦੇ ਭੁੱਖ ਹੜਤਾਲ ਛੱਡਣ ਨਾਲ ਸੰਤ ਫ਼ਤਿਹ ਸਿੰਘ ਸਿੱਖਾਂ ਦੇ ਲੀਡਰ ਦੇ ਰੂਪ ਵਿੱਚ ਅੱਗੇ ਆਏ । ਸੰਤ ਜੀ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ੧੯੬੫ ਵਿੱਚ ਮਰਨ ਵਰਤ ਰੱਖਿਆ । ਆਪਣੇ ਸਾਥੀਆਂ ਸਮੇਤ ਆਤਮਦਾਹ ਕਰਨ ਲਈ ਸ੍ਰੀ ਅਕਾਲ ਤਖਤ ਉੱਤੇ ਕੁੰਡ ਵੀ ਬਣਾਏ ਗਏ । ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਉਦੋਂ ਪ੍ਰਧਾਨ ਮੰਤਰੀ ਸਨ ਉਨ੍ਹਾਂ ਨੇ ਪੰਜਾਬੀ ਸੂਬੇ ਦੀ ਮੰਗ ਸਵੀਕਾਰ ਕਰ ਲਈ ਤੇ ਸ: ਹੁਕਮ ਸਿੰਘ ਸਪੀਕਰ ਲੋਕ ਸਭਾ ਦੀ ਪ੍ਰਧਾਨਗੀ ਹੇਠ ਇਸ ਬਾਰੇ ਵਿਸਥਾਰ ਵਿਚ ਕਾਰਵਾਈ ਕਰਨ ਲਈ ਕਮੇਟੀ ਬਣਾਈ ਗਈ। ਇੰਝ ਬਹੁਤ ਸਾਰੀਆਂ ਕੁਰਬਾਨੀਆਂ ਦੇਣ ਪਿਛੋਂ ਇਕ ਨਵੰਬਰ ੧੯੬੬ ਭਾਸ਼ਾ ਦੇ ਆਧਾਰ ਉੱਤੇ ਪੰਜਾਬੀ ਸੂਬਾ ਹੋਂਦ ਵਿੱਚ ਆਇਆ । ਇਕ ਵੇਰ ਫਿਰ ਪੰਜਾਬ ਵੰਡਿਆ ਗਿਆ । ਇਕ ਨਵਾਂ ਰਾਜ ਹਰਿਆਣਾ ਬਣ ਗਿਆ ਤੇ ਪਹਾੜੀ ਇਲਾਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਗਏ । ਸੂਬੇ ਦੀ ਵੰਡ ਕਰਦੇ ਸਮੇਂ ਪਿੰਡ ਨੂੰ ਯੂਨਿਟ ਮੰਨਣ ਦੀ ਥਾਂ ਤਹਿਸੀਲ ਨੂੰ ਯੂਨਿਟ ਮੰਨਿਆ ਗਿਆ, ਜਿਸ ਨਾਲ ਪੰਜਾਬੀ ਬੋਲਦੇ ਕਈ ਇਲਾਕੇ ਬਾਹਰ ਰਹਿ ਗਏ । ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿਣ ਦਾ ਇਕ ਹੋਰ ਕਾਰਨ ੧੯੬੧ ਵਿਚ ਹੋਈ ਮਰਦਮਸ਼ੁਮਾਰੀ ਸਮੇਂ ਜਨਸੰਘ ਵੱਲੋਂ ਹਿੰਦੂ ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਲਈ ਉਕਸਾਇਆ ਜਾਣਾ ਸੀ । ਪੰਜਾਬ ਦੀ ਰਾਜਧਾਨੀ ਚੰਗੀਗੜ੍ਹ ਵੀ ਪੰਜਾਬ ਦੇ ਹਿੱਸੇ ਨਾ ਆਈ । ਇਸ ਨੂੰ ਯੂ.ਟੀ. ਬਣਾ ਕੇ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ। ਬੋਲੀ ਦੇ ਅਧਾਰ ਉੱਤੇ ਸੂਬਾ ਬਣਨ ਉਪਰੰਤ ਵੀ ਪੰਜਾਬੀ ਬੋਲੀ ਨੂੰ ਸਰਕਾਰੇ ਦਰਬਾਰੇ ਉਸ ਦਾ ਬਣਦਾ ਮਾਣ ਨਹੀਂ ਮਿਲ ਸਕਿਆ । ਪਹਿਲੀ ਨਵੰਬਰ ਦਾ ਦਿਨ ਇਕ ਲੋਕ ਤਿਉਹਾਰ ਦੇ ਰੂਪ ਵਿਚ ਮਨਾਉਣਾ ਚਾਹੀਦਾ ਸੀ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਹੋ ਸਕਦੀ, ਪਰ ਅਜਿਹਾ ਨਹੀਂ ਕੀਤਾ ਗਿਆ । ਹਜ਼ਾਰਾਂ ਅੰਦੋਲਨਕਾਰੀਆਂ ਦੀ ਕੁਰਬਾਨੀ ਅਤੇ ਸੰਤ ਫ਼ਤਿਹ ਸਿੰਘ ਦੀ ਅਗਵਾਈ ਨੂੰ ਅਣਗੋਲਿਆ ਕੀਤਾ ਗਿਆ ਹੈ ।
                       ਜੱਥੇਦਾਰ ਜਗਦੇਵ ਸਿੰਘ ਜੱਸੋਵਾਲ ਜਿਸ ਨੇ ਆਪਣਾ ਰਾਜਸੀ ਸਫ਼ਰ ਪੰਜਾਬੀ ਸੂਬੇ ਦੇ ਅੰਦੋਲਨ ਨਾਲ ਸ਼ੂਰੂ ਕੀਤਾ, ਮੁੜ ਮੁੱਖ ਮੰਤਰੀ ਗੁਰਨਾਮ ਸਿੰਘ ਦੇ ਨਾਲ ਰਹੇ, ਚੋਣ ਲੜ ਕੇ ਪੰਜਾਬ ਵਿਧਾਨ ਸਭਾ ਵਿਚ ਵੀ ਗਏ ਉਨ੍ਹਾਂ ਹੁਣ ਇਹ ਬੀੜਾ ਚੁਕਿਆ ਹੈ ਪੰਜਾਬ ਦੇ ਔਖੇ ਦਿਨਾਂ ਵਿੱਚ ਜਦੋਂ ਪੰਜਾਬੀ ਸਭਿਆਚਾਰ ਦਮ ਤੋੜ ਰਿਹਾ ਸੀ ਤਾਂ ਉਦੋਂ ਵੀ ਉਨ੍ਹਾਂ ਰਾਜਸੀ ਖੇਤਰ ਵਿੱਚੋਂ ਸੰਨਿਆਸ ਲੈਕੇ ਪੰਜਾਬੀ ਸਭਿਆਚਾਰ ਦੇ ਰਖਵਾਲੇ ਬਣ ਇਸ ਦੀ ਰਖਵਾਲੀ ਕੀਤੀ । ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਆਖਿਆ ਜਾਂਦਾ ਹੈ । ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਸੰਭਾਲਣ ਦਾ ਬੀੜਾ ਚੁੱਕਿਆ ਹੈ । ਪੰਜਾਬ ਦੇ ਪਹਿਲੇ ਅਣਗੋਲੇ ਬਾਦਸ਼ਾਹ ਤੇ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਰਹਿੰਦ ਫ਼ਤਿਹ ਵਾਲੀ ਥਾਂ ਚਪੱੜਚਿੜੀ ਨੂੰ ਉਨ੍ਹਾਂ ਕ੍ਰਿਸ਼ਨ ਕੁਮਾਰ ਬਾਵਾ, ਸ: ਜਸਮੇਲ ਸਿੰਘ ਧਾਲੀਵਾਲ, ਸੰਤ ਬਾਬਾ ਗੁਰਮੇਲ ਸਿੰਘ ਨਾਨਕਸਰ ਤੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਮੁੜ ਸੁਰਜੀਤ ਕੀਤਾ । ਬਾਬਾ ਜੀ ਨੂੰ ਲੋਕ ਨਾਇਕ ਸਥਾਪਿਤ ਕਰਨ ਵਿਚ ਜੱਸੋਵਾਲ ਦੀ ਅਹਿਮ ਭੂਮਿਕਾ ਹੈ। ਇਸੇ ਤਰ੍ਹਾਂ ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੂੰ ਭੁੱਲ ਚੁੱਕੇ ਪੰਜਾਬੀਆਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ । ਜਿਸ ਥਾਂ (ਬਸੀਆਂ ਦੀ ਕੋਠੀ ਜ਼ਿਲ੍ਹਾ ਲੁਧਿਆਣਾ) ਮਹਾਰਾਜੇ ਨੇ ਪੰਜਾਬ ਵਿਚ ਅੰਗਰੇਜ਼ ਦੇ ਕੈਦੀ ਦੇ ਰੂਪ ਆਖਰੀ ਰਾਤ ਬਿਤਾਈ ਸੀ ਉਥੇ ਵੱਡੀ ਪੱਧਰ ਉੱਤੇ ਲੋਕ ਉਤਸਵ ਕੀਤਾ ਗਿਆ। ਹੁਣ ਉਨ੍ਹਾਂ ਪੰਜਾਬੀਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਲਈ ਪੰਜਾਬੀ ਸੂਬਾ ਦਿਨ ਲੋਕ ਮੇਲੇ ਦੇ ਰੂਪ ਵਿੱਚ ਮਨਾਉਣ ਦਾ ਉਪਰਾਲਾ ਕੀਤਾ ਹੈ । ਇਸ ਮੇਲੇ ਵਿੱਚ ਜਿਥੇ ਪੰਜਾਬੀ ਸਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਉਥੇ ਪੰਜਾਬੀ ਸੂਬੇ ਦੇ ਲੋਕ ਨਾਇਕ ਸੰਤ ਫ਼ਤਿਹ ਸਿੰਘ ਹੋਰਾਂ ਨੂੰ ਮਰਨ ਉਪਰੰਤ ‘ਪੰਜਾਬ ਰਤਨ’ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ । ਇਹ ਸਨਮਾਨ ਉਨ੍ਹਾਂ ਦੇ ਛੋਟੇ ਭਰਾ ਸ: ਮੁਖਤਿਆਰ ਸਿੰਘ ਪ੍ਰਾਪਤ ਕਰਨਗੇ । ਇਹ ਆਮ ਆਖਿਆ ਜਾਂਦਾ ਹੈ ਕਿ ਪੰਜਾਬੀ ਇਤਿਹਾਸ ਸਿਰਜ ਤਾਂ ਸਕਦੇ ਹਨ ਪਰ ਉਸ ਨੂੰ ਸੰਭਾਲਦੇ ਨਹੀਂ ਹਨ। ਇਸ ਘਾਟ ਨੂੰ ਪੂਰਾ ਕਰਨ ਲਈ ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਵਿਰਾਸਤ ਭਵਨ ਉਸਾਰਿਆ ਗਿਆ ਹੈ। ਇਸੇ ਲੜੀ ਅਧੀਨ ਉਨ੍ਹਾਂ ਵੱਲੋਂ ਵਿਸ਼ਵ ਪੰਜਾਬੀ ਵਿਰਾਸਤ ਫਾਊਂਡੇਸ਼ਨ ਰਾਹੀਂ ੪੫ਵਾਂ ਪੰਜਾਬੀ ਸੂਬਾ ਦਿਵਸ ਗੈਰ ਸਿਆਸੀ ਰੂਪ ਵਿੱਚ ਇਤਿਹਾਸਕ ਲੋਕ-ਉਤਸਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ । ਇਹ ਲੋਕ ਉਤਸਵ ਸਰਹੰਦ ਫਤਿਹ ਦੇ ਨਾਇਕ ਅਤੇ ਪਹਿਲੇ ਸਿੱਖ ਰਾਜ ਦੇ ਪਹਿਲੇ ਡਿਪਟੀ ਗਵਰਨਰ ਸ਼ਹੀਦ ਬਾਬਾ ਆਲੀ ਸਿੰਘ ਅਤੇ ਬਾਬਾ ਮਾਲੀ ਸਿੰਘ ਹੋਰਾਂ ਦੇ ਜੱਦੀ ਪਿੰਡ ਸਿੰਘਾਂ ਦੀ ਸਲੌਦੀ (ਖੰਨਾ-ਸਮਰਾਲਾ ਰੋਡ) ਜ਼ਿਲ੍ਹਾ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ । ਇਸ ਮੌਕੇ ਕੀਰਤਨ ਦਰਬਾਰ, ਕਵੀਸ਼ਰੀ, ਗਤਕਾ ਪਾਰਟੀਆਂ ਦੇ ਕਰਤੱਵ, ਢਾਡੀਆਂ ਦੀਆਂ ਵਾਰਾਂ, ਲੋਕ ਕਲਾਵਾਂ, ਇਤਿਹਾਸਕ ਸ਼ਸਤਰਾਂ-ਵਸਤਾਂ, ਪੁਸਤਕਾਂ, ਪੁਰਾਤਨ ਖੇਤੀ ਸੰਦਾਂ, ਆਦਿ ਦੀਆਂ ਪ੍ਰਦਰਸ਼ਨੀਆਂ ਹੋਣਗੀਆਂ । ਇਸ ਮੌਕੇ ਪੰਜਾਬ ਦੇ ਨਾਮਵਰ ਬੁੱਧੀਜੀਵੀ, ਵਿਦਵਾਨ, ਸਾਹਿਤਕ ਤੇ ਰਾਜਨੀਤਕ ਖੇਤਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਭਾਗ ਲੈਣਗੀਆਂ । ਇਸੇ ਮੇਲੇ ਵਿਚ ਪੰਜਾਬੀ ਸੂਬੇ ਦੀ ਸਥਾਪਨਾ ਦੇ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਅਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਲੋਕ ਨਾਇਕਾਂ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ । ਇਹ ਮਤਾ ਵੀ ਪਾਸ ਕੀਤਾ ਜਾਵੇਗਾ ਕਿ ਅਗਲੇ ਸਾਲ ਹੋਣ ਵਾਲੀ ਜਨਗਣਨਾ ਦੇ ਅਧਾਰ ਉੱਤੇ ਪੰਜਾਬੀ ਬੋਲਦੇ ਇਲਾਕੇ ਅਤੇ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਵਾਪਸ ਦਿੱਤੀ ਜਾਵੇ । ਪੰਜਾਬ ਦਾ ਵਿਰਸਾ ਤੇ ਵਿਰਾਸਤ ਮਹਾਨ ਹੈ। ਆਵੋ ਰਲ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸੰਭਾਲੀਏ, ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜੀਏ ਅਤੇ ਇਸ ਉਤੇ ਮਾਣ ਕਰੀਏ । ਇਸ ਲੋਕ ਉਤਸਵ ਦੀ ਸਰਪ੍ਰਸਤੀ ਬਾਬਾ ਬੰਦਾ ਸਿੰਘ ਬਹਾਦਰ ਦੇ ਉਤਰਾਅਧਿਕਾਰੀ ਅਤੇ ਗੱਦੀ ਨਸ਼ੀਨ ਬਾਬਾ ਜਤਿੰਦਰਪਾਲ ਸਿੰਘ ਸੋਢੀ ਕਰ ਰਹੇ ਹਨ।

ਡਾ. ਰਣਜੀਤ ਸਿੰਘ

ਸ: ਜਗਦੇਵ ਸਿੰਘ ਜੱਸੋਵਾਲ

ਸੰਤ ਬਾਬਾ ਫਤਿਹ ਸਿੰਘ

Translate »