ਹਰਬੀਰ ਸਿੰਘ ਭੰਵਰ
ਸ੍ਰੀ ਦਰਬਾਰ ਸਾਹਿਬ ਸੰਮੂਹ ਉਤੇ ਫੌਜੀ ਹਮਲੇ ਪਿਛੋਂ ਕੰਪਲੈਕਸ ਅੰਦਰ ਸਰਗਰਮੀਆਂ ਦੀਆਂ ‘ਸੂਹਾਂ` ਲੈਣ ਲਈ ਕਈ ‘ਗੁਪਤ` ਏਜੰਸੀਆਂ ਨੇ ਆਪਣੇ ‘ਸੈਲ` ਸਥਾਪਤ ਕੀਤੇ ਹਨ। ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਬਿਾਨ ਦੀਆਂ ਸਾਰੀਆਂ ਸਰਗਰਮੀਆਂ `ਤੇ ਹਰ ਸਮੇਂ ‘ਨਜ਼ਰ` ਰੱਖੀ ਜਾ ਰਹੀ ਹੈ।
ਇਸ ਸਮੇਂ ਕੰਪਲੈਕਸ ਅੰਦਰ ਪੰਜਾਬ ਦੀ ਸੀ·ਆਈ·ਡੀ ਅਤੇ ਕੇਂਦਰੀ ਗੁਪਤ ਏਜੰਸੀਆਂ ਆਈ·ਬੀ· ਅਤੇ ਰਾਅ ਤੋਂ ਬਿਨਾਂ ਪੰਜਾਬ ਪੁਲਿਸ, ਸੀ·ਬੀ·ਆਈ·, ਬੀ·ਐਸ·ਐਫ·, ਮਿਲਟਰੀ ਅਤੇ ਸੀ·ਆਰ·ਪੀ|ਐਫ| ਦੀਆਂ ਆਪਣੀਆਂ ਗੁਪਤ ਏਜੰਸੀਆਂ ਨੇ ਆਪਣੇ ‘ਸੈਲ` ਬਣਾਏ ਹੋਏ ਹਨ। ਅਤੇ ਆਪਣੇ ਕਈ ‘ਬੰਦਿਆਂ` ਨੂੰ ਮਾਸਿਕ ਭੱਤਾ ਵੀ ਦਿਤਾ ਜਾਂਦਾ ਹੈ। ਇਸ ਕੰਮ ਲਈ ਅਕਾਲੀ ਦਲ ਅਤੇ ਸ਼ੋ੍ਰਮਣੀ ਕਮੇਟੀ ਦੇ ਕੁ੍ਝ ਕਰਮਚਾਰੀਆਂ ਨੂੰ ਵੀ ਇਹ ਪੈਸ ਦਿੰਦੇ ਰਹਿੰਦੇ ਹਨ।
ਕਈ ਏਜੰਸੀਆਂ ਨੇ ਆਪਣੇ ਇਕ ਤੋਂ ਵੱਧ ਕਰਮਚਾਰੀ ਕੰਪਲੈਕਸ ਉਤੇ ‘ਨਜ਼ਰ` ਰੱਖਣ ਲਈ ਨਿਯੁਕਤ ਕੀਤੇ ਹੋਏ ਹਨ, ਇਕ ਸ੍ਰੀ ਦਰਬਾਰ ਸਾਹਿਬ (ਪਰਕਰਮਾ ਅਤੇ ਘੰਟਾ ਘਰ ਵਾਲੇ ਪਾਸੇ) ਲਈ ਅਤੇ ਇਕ ਜਿੱਧਰ ਦੋਨਾਂ ਅਕਾਲੀ ਦਲਾਂ ਅਤੇ ਸ਼ੋ੍ਰਮਣੀ ਕਮੇਟੀ ਦੇ ਦਫਤਰ ਅਤੇ ਦੋਨੋਂ ਸਰਾਵਾਂ (ਨਿਵਾਸ) ਹਨ। ਲਗਭਗ ਹਰ ਏਜੰਸੀ ਨੇ ਇਸ ਔਖੇ ਕੰਮ ਲਈ ਆਪਣੇ ਸਿੱਖ ਕਰਮਚਾਰੀਆਂ ਨੂੰ ਇੱਧਰ ਲਗਾਇਆ ਹੋਇਆ ਹੈ। ਇਹ ਅਕਸਰ ਨੀਲੀ ਅਤੇ ਕੇਸਰੀ ਦਸਤਾਰ ਪਹਿਣਦੇ ਹਨ, ਤਾਂ ਜੋ ਕੰਪਲੈਕਸ ਅੰਦਰ ਯਾਤਰੀਆਂ ਅਤੇ ਆਮ ਸਿੱਖਾਂ ਵਿਚ ਘੁਲ ਮਿਲ ਸਕਣ। ਗੁਪਤ ਏਜੰਸੀਆਂ ਦੇ ਇਹ ਕਰਮਚਾਰੀ ਕੰਪਲੈਕਸ ਨੂੰ ਵੰਡ ਰਹੀ ਸੜਕ ਜਾਂ ਗੇਟਾਂ ਦੇ ਬਾਹਰਲੀਆਂ ਦੁਕਾਨਾਂ `ਤੇ ਬੈਠੇ ਦਿਖਾਈ ਦਿੰਦੇ ਹਨ ਤਾਂ ਜੋ ਕੰਪਲੈਕਸ ਅੰਦਰ ਆਉਣ ਜਾਣ ਵਾਲਿਆਂ `ਤੇ ਨਜ਼ਰ ਰੱਖ ਸਕਣ। ਲੋੜ ਪੈਣ `ਤੇ ਇਹ ਇਹਨਾਂ ਹੀ ਦੁਕਾਨਦਾਰਾਂ ਦਾ ਟੈਲੀਫੋਨ ਵਰਤ ਕੇ ਆਪਣੇ ਦਫਤਰ ਨੂੰ ਪਛੇਤੀ ਤੋਂ ਪਛੇਤੀ ਸੂਚਨਾਂ ਦਸਦੇ ਰਹਿੰਦੇ ਹਨ।
ਇਹਨਾਂ ਗੁਪਤ ਏਜੰਸੀਆਂ ਦੇ ਕੁੱਝ ਕਰਮਚਾਰੀਆਂ ਨੇ ਕੁਝ ਸਥਾਨਕ ਪੱਤਰਕਾਰਾਂ ਨਾਲ ਦੋਸਤਾਨਾ ਸਬੰਧ ਰਖੇ ਹੋਏ ਹਨ। ਕਈ ਵਾਰੀ ਜਦੋਂ ਕੋਈ ਪੱਤਰਕਾਰ ਕੋਈ ਪੈ੍ਰਸ ਕਾਨਫਰੰਸ ਆਦਿ ‘ਕਵਰ` ਕਰਕੇ ਬਾਹਰ ਆਉਂਦਾ ਹੈ ਤਾਂ ਇਹ ਕਰਮਚਾਰੀ ਉਸ ਤੋਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ। ਅੰਦਰ ਦੀਆਂ ਸਰਗਰਮੀਆਂ ਬਾਰੇ ਪੁੱਛਦੇ ਹਨ। ਗੁਪਤ ਏਜੰਸੀਆਂ ਦੇ ਇਹ ਮੁਲਾਜ਼ਮ ਖੁਦ ਵੀ ਪੱਤਰਕਾਰਾਂ ਨਾਲ ਆਪਣੇ ‘ਸੋਰਸ` ਤੋਂ ਮਿਲੀ ਜਾਣਕਾਰੀ ਸਾਂਝੀ ਕਰ ਲੈਂਦੇ ਹਨ। ਸਾਰੇ ਜ਼ਿਲ੍ਹੇ ਵਿਚ ਵਾਪਰੀ ਕੋਈ ਵੀ ਘਟਨਾ ‘ਲਾਅ ਐਂਡ ਆਰਡਰ` ਬਾਰੇ ਜਾਣਕਾਰੀ ਦਿੰਦੇ ਹਨ।
ਗੁਪਤ ਏਜੰਸੀਆਂ ਦੇ ਇਨ੍ਹਾਂ ਬੰਦਿਆਂ ਦੀ ਕੰਪਲੈਕਸ ਵਿਚ ਮੌਜੂਦਗੀ ‘ਅਪਰੇਸ਼ਨ ਬਲਿਊ ਸਟਾਰ` ਤੋਂ ਪਿਛੋਂ ਦੀ ‘ਡੀਵੈਲਪਮੈਂਟ` ਹੈ। ਇਸ ਤੋਂ ਪਹਿਲਾਂ ਇਹ ਕਰਮਚਾਰੀ, ਜੋ ਆਮ ਤੌਰ ਤੇ ‘ਇੰਸਪੈਕਟਰ` ਰੈਂਕ ਤਕ ਹੁੰਦੇ ਹਨ, ਕੰਪਲੈਕਸ ਅੰਦਰ ਜਾਣਾ ਤਾਂ ਇਕ ਪਾਸ ਨੇੜੇ ਫੜਕਣ ਤੋਂ ਵੀ ਡਰਦੇ ਸਨ, ਖਾਸ ਕਰ ਇਕ ਦੋ ਵਾਰੀ ਜਦੋਂ ਸੰਤ ਭਿੰਡਰਾਂਵਾਲਿਆਂ ਦੇ ਬੰਦਿਆਂ ਵਲੋਂ ਸੀ·ਆਈ·ਡੀ ਦੇ ਕਰਮਚਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚੋਂ ਬੰਦੂਕ ਦੀ ਨੋਕ `ਤੇ ਗੁਰੂ ਨਾਨਕ ਨਿਵਾਸ ਲਿਜਾ ਕੇ ‘ਪੁ੍ਛਗਿਛ` (ਇੰਟੈਰੋਗੇਸ਼ਨ) ਕੀਤੀ ਗਈ।
ਗੁਰੂ ਨਾਨਕ ਨਿਵਾਸ ਦੇ ਪਿਛਲੇ ਪਾਸੇ ਵਾਲੀ ਗਲੀ, ਬਾਗ ਵਾਲੀ ਗਲੀ ਦੇ ‘ਗਟਰ` (ਸੀਵਰੇਜ) ਵਿਚੋਂ 16 ਅਤੇ 23 ਮਈ ਅਤੇ 2 ਸਤੰਬਰ 1983 ਨੂੰ ਇਕ ਇਕ ਲਾਸ਼ ਮਿਲਣ ਤੋਂ ਪਿਛੋਂ ਤਾਂ ਗੁਪਤ ਏਜੰਸੀਆਂ ਦੇ ਇਹ ਕਰਮਚਾਰੀ ਜਲਿ੍ਹਆਂ ਵਾਲਾ ਤੋਂ ਅਗੇ ਜਾਣ ਤੋਂ ਵੀ ਘਬਰਾਉਂਦੇ ਸਨ। ਆਮ ਖਿਆਲ ਹੈ ਕਿ ਮਾਰੇ ਗਏ ੲਹ ਵਿਅਤੀ ਪੁਲਿਸ ਜਾਂ ਕਿਸੇ ਗੁਪਤ ਏਕੰਸੀ ਦੇ `ਮਖਬਰ` ਸਨ`
ਆਪਣੇ ਬੰਦੇ ਇਥੇ ਨਿਯੁਕਤ ਕਰਨ ਅਤੇ ਕੰਪਲੈਕਸ ਅੰਦਰ ਕੁਝ ਕਰਮਚਾਰੀਆਂ ਨੂੰ ‘ਖਰੀਦਣ` ਤੋਂ ਬਿਨਾਂ ਇਹ ਏਜੰਸੀਆਂ ਵਿਸ਼ੇਸ਼ ਕਰਕੇ ਸੀ·ਆਈ·ਡੀ ਵਾਲੇ ਕੰਪਲੈਕਸ ਅੰਦਰ ਲਗੇ ਸਾਰੇ ਟੈਲੀਫੋਨਾ `ਤੇ ਹੋ ਰਹੀ ਗਲਬਾਤ ‘ਟੇਪ` ਕਰਦੇ ਹਨ ਅਤੇ ਕੰਪਲੈਕਸ ਅੰਦਰ ਜਾਣ ਵਾਲੀ ਸਾਰੀ ਡਾਕ ਵੀ ‘ਸੈਂਸਰ` ਕਰਦੇ ਹਨ।
ਫੌਜੀ ਕਾਰਵਾਈ ਤੋਂ ਪਹਿਲਾਂ ਹਰਿਆਣਾ ਦੇ ਮੁਖ ਮੰਤਰੀ ਸ੍ਰੀ ਭਜਨ ਲਾਲ ਦੀ ਸੀ·ਆਈ·ਡੀ| ਦੇ ਬੰਦੇ ਵੀ ਕੰਪਲੈਕਸ ਵਿਚ ਨਿਯੁਕਤ ਕੀਤੇ ਹੋਏ ਸਨ। ਸ੍ਰੀ ਭਜਨ ਲਾਲ ਦੀ ਸਰਕਾਰ ਨੇ ਸਿੱਖਾਂ `ਤੇ ਬੜੇ ਜ਼ੁਲਮ ਕੀਤੇ ਹਨ, ਇਸ ਲਈ ਉਨ੍ਹਾਂ ਦਾ ਨਾਂ ਸੰਤ ਭਿੰਡਰਾਂਵਾਲਿਆਂ ਦੀ ‘ਹਿੱਟ ਲਿਸਟ` ਉਤੇ ਸੀ। ਹਰਿਆਣਾ ਸੀ·ਆਈ·ਡੀ| ਦੇ ਇਹ ਮੁਲਾਜ਼ਮ ਇਥੇ ਇਸ ਲਈ ਭੇਜੇ ਗਏ ਸਨ ਤਾਂ ਜੋ ਉਹ ਇਹ ਸੂਹ ਲਗਾਉਂਦੇ ਰਹਿਣ ਕਿ ਕੋਈ ‘ਦਸਤਾ` ਜਾਂ ਕਥਿਤ ਅੱਤਿਵਾਦੀ ਉਨ੍ਹਾਂ ਨੂੰ ਕਤਲ ਕਰਨ ਲਈ ਤਾਂ ਨਹੀਂ ਰਵਾਨਾ ਹੋ ਰਿਹਾ।
ਕਥਿਤ ਅਤਿਵਾਦੀਆਂ ਦੀਆਂ ਸਰਗਰਮੀਆਂ ਤੇ ਨਜ਼ਰ ਰਖਣ ਲਈ ਸਿੱਖ ਭੇਸ ਵਿਚ ਆਰ·ਐਸ·ਐਸ· ਦੇ ਚਾਰ ਪੰਜ ਵਰਕਰ ਹਮੇਸ਼ਾਂ ਅੰਦਰ ਰਹਿੰਦੇ ਹਨ। ਸੰਘ ਪਰਿਵਾਰ ਨਾਲ ਨੇੜਤਾ ਰਖਣ ਵਾਲੇ ਮੇਰੇ ਇਕ ਮਿੱਤਰ ਪੱਤਰਕਾਰ ਨੇ ਮੈਨੂੰ ਦਸਿਆ ਸੀ ਕਿ ਅਸੀਂ ਇਹਨਾਂ ਨੂੰ ਫੌਜੀ ਹਮਲੇ ਵੇਲੇ ਬਾਹਰ ਨਹੀਂ ਕੱਢ ਸਕੇ ਅਤੇ ਖਿਆਲ ਹੈ ਕਿ ਉਹ ਅੰਦਰ ਹੀ ਮਾਰੇ ਗਏ ਹਨ।
ਦਿਲਚਸਪੀ ਵਾਲੀ ਗਲ ਇਹ ਹੈ ਕਿ ਸ਼ੋ੍ਰਮਣੀ ਕਮੇਟੀ ਅਤੇ ਦੋਨਾਂ ਅਕਾਲੀ ਦਲਾਂ ਨੂੰ ਗੁਪਤ ਏਜੰਸੀਆਂ ਦੇ ਇਹਨਾਂ ਮੁਲਾਜ਼ਮਾਂ ਦੀ ਕੰਪਲੈਕਸ ਵਿਚ ਮੌਜੂਦਗੀ ਬਾਰੇ ਪੂਰਾ ਗਿਆਨ ਹੈ ਪਰ ਉਹ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਰੋਕ ਨਹੀਂ ਸਕਦੇ।(1985)
–( ਆ ਰਹੀ ਪੁਸਤਕ "ਕਾਲੇ ਦਿਨਾਂ ਦੀ ਪੱਤਰਕਾਰੀ" ਚੋਂ)
# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ, ਸੈਲ| 98762-95829