ਸਿੱਖ ਜਗਤ ਵਲੋਂ ਬੀਤੇ ਵਰ੍ਹਿਆਂ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਦਰਜਨਾਂ ਸ਼ਤਾਬਦੀਆਂ ਮੰਨਾਈਆਂ ਗਈਆਂ ਹਨ। ਇਨ੍ਹਾਂ ਸ਼ਤਾਬਦੀਆਂ ਨੂੰ ਮੰਨਾਉਣ ਦੇ ਸਮੇਂ ਸਿੱਖਾਂ ਦੀਆਂ ਕਹਿੰਦੀਆਂ-ਕਹਾਉਂਦੀਆਂ ਸਭ ਤੋਂ ਵੱਡੀਆਂ ਧਾਰਮਕ ਜਤੇਬੰਦੀਆਂ ਵਲੋਂ ਅਨੇਕਾਂ ਪ੍ਰਭਾਵਸ਼ਾਲੀ ਪ੍ਰੋਗਰਾਮ ਉਲੀਕੇ ਜਾਂਦੇ ਰਹੇ ਹਨ। ਜਦੋਂ ਇਨ੍ਹਾਂ ਉਲੀਕੇ ਗਏ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਂਦਾ ਰਿਹਾ ਤਾਂ ਉਸ ਸਮੇਂ ਸਿੱਖੀ ਵਿੱਚ ਆ ਰਹੇ ਨਿਘਾਰ ਤੋਂ ਚਿੰਤਿਤ ਸਿੱਖਾਂ ਵਿੱਚ ਇਕ ਆਸ ਦੀ ਕਿਰਨ ਚਮਕ ਉਠਦੀ ਰਹੀ ਹੈ ਕਿ ਆਖਿਰ ਸਿੱਖੀ ਪ੍ਰਤੀ ਸਮਰਪਿਤ ਜਥੇਬੰਦੀਆਂ ਦੇ ਮੁੱਖੀ ਸਿੱਖੀ ਵਿਰਸੇ ਦੀ ਸੰਭਾਲ ਪ੍ਰਤੀ ਚੇਤੰਨ ਹੋ ਹੀ ਗਏ ਹਨ।
ਅਜਿਹੇ ਹੀ ਐਲਾਨੇ ਗਏ ਪ੍ਰੋਗਰਾਮਾਂ ਦੀ ਵੰਨਗੀ ਦੇ ਕੇ ਹੀ ਅਗਲੀ ਗਲ ਕੀਤੀ ਜਾ ਸਕਦੀ ਹੈ। ਕੁਝ ਵਰ੍ਹੇ ਪਹਿਲਾਂ ਦੀ ਗਲ ਹੈ ਕਿ ਸਿੱਖ ਜਗਤ ਵਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੰਜਵੀਂ ਅਵਤਾਰ ਸ਼ਤਾਬਦੀ ਅਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਚੌਥੀ ਸ਼ਤਾਬਦੀ ਮੰਨਾਈ ਜਾਣੀ ਸੀ। ਇਨ੍ਹਾਂ ਮੌਕਿਆਂ ਤੇ ਸਿੱਖਾਂ ਦੀ ਇਕ ਸਰਵੁਚ ਧਾਰਮਕ ਜਥੇਬੰਦੀ ਦੇ ਮੁੱਖੀਆਂ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ, ਜਿਵੈਨ ਕਿ-
(ੳ) ਸਿੱਖੀ ਪ੍ਰਤੀ ਸਮਰਪਿਤ ਪੰਜ ਸੌ ਸਿੱਖਾਂ ਦਾ ਇਕ ਅਜਿਹਾ ਜਥਾ ਤਿਆਰ ਕੀਤਾ ਜਾਇਗਾ, ਜਿਸਦੇ ਵੱਖ-ਵੱਖ ਵਿੰਗ ਪਿੰਡ-ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਗੇ। (ਅ) ਸਾਰੇ ਖਾਲਸਾਂ ਸਕੂਲਾਂ ਅਤੇ ਕਾਲਜਾਂ ਵਿੱਚ ਗੁਰਮਤਿ ਕੇਂਦਰ ਸਥਾਪਤ ਕੀਤੇ ਜਣਗੇ, ਜੋ ਵਿਦਿਆਰਥੀਆਂ ਨੂੰ ਸਿੱਖੀ ਵਿਰਸੇ ਦੇ ਨਾਲ ਜੋੜਨ ਦੀ ਜ਼ਿਮੇਂਦਾਰੀ ਨਿਭਾਉਣਗੇ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਸਿੱਖੀ ਵਿਰਸੇ ਤੋਂ ਜਾਣੂ ਕਰਵਾ, ਉਸਦੇ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣਗੇ। (ੲ) ਦਸ ਹਜ਼ਾਰ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਦਾ ਧਾਰਨੀ ਬਣਾਇਆ ਜਾਇਗਾ, ਜੋ ਦੂਸਰੇ ਸਿੱਖ ਨੌਜਵਾਨਾਂ ਦੇ ਲਈ ਮਾਡਲ ਹੋਣਗੇ। (ਸ) ਇਨ੍ਹਾਂ ਸਕੂਲਾਂ-ਕਾਲਜਾਂ ਦੇ ਟੀਚਰਾਂ ਦੇ ਪੰਦ੍ਰਾਂਹ-ਪੰਦ੍ਰਾਂਹ-ਦਿਨਾਂ ਟ੍ਰੇਨਿੰਗ ਕੈਂਪ ਲਾਏ ਜਾਣਗੇ, ਜੋ ਭਵਿਖ ਵਿੱਚ ਵਿਦਿਆਰਥੀਆਂ ਨੂੂੰ ਸਿੱਖੀ ਵਿਰਸੇ ਤੋਂ ਜਾਣੂ ਕਰਵਾਉਣ ਦੀ ਜ਼ਿਮੇਂਦਾਰੀ ਨਿਭਾਉਣਗੇ। (ਹ) ਸਿੱਖ ਇਤਿਹਾਸ ਨਾਲ ਸਬੰਧਤ ਸੀਰੀਅਲ ਅਤੇ ਫਿਲਮਾਂ ਤਿਆਰ ਕਰਵਾਈਆਂ ਜਾਣਗੀਆਂ। (ਕ) ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵ-ਵਿਆਪੀ ਸਰਬਸਾਂਝੀਵਾਲਤਾ ਦਾ ਸੰਦੇਸ਼ ਘਰ-ਘਰ ਪਹੁੰਚਾਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ, ਹਰ ਮਹੀਨੇ ਦੀ ਪੰਜ ਤਾਰੀਖ ਨੂੰ ਅਨੰਦਪੁਰ ਸਾਹਿਬ, ਪਰਿਵਾਰ ਵਿਛੋੜਾ, ਫਤਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਵਿੱਖੇ ਸਮਾਗਮਾਂ ਦਾ ਆਯੋਜਨ ਕੀਤਾ ਜਾਇਆ ਕਰੇਗਾ। (ਖ) ਇਹ ਮਹਿਸੂਸ ਕਰਦਿਆਂ ਕਿ ਅਜੇ ਤਕ ਆਪਣਾ ਪ੍ਰਚਾਰ ਆਪਣਿਆਂ ਤਕ ਹੀ ਹੋ ਰਿਹਾ ਹੈ, ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਨ੍ਹਾਂ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਤੇ ਵੀ ਸਮਾਗਮ ਕਰਕੇ ਉਨ੍ਹਾਂ ਦੇ ਪੈਰੋਕਾਰਾਂ ਤਕ ੱਿਸਖੀ ਦਾ ਸਰਬਸਾਂਝੀਵਾਲਤਾ ਪੁਰ ਅਧਾਰਤ ਸੰਦੇਸ਼ ਪਹੁੰਚਾਇਆ ਜਾਇਗਾ, ਆਦਿ। (ਗ) ਇਸ ਸਾਰੇ ਪ੍ਰੋਗਰਾਮ ਨਾਲ ਸਬੰਧਿਤ ਸਾਰੇ ਸਮਾਗਮਾਂ ਦਾ ਵਾਤਾਵਰਣ ਸਿੱਖੀ ਵਾਲ ਰਖਿਆ ਜਾਇਗਾ।
ਇਨ੍ਹਾਂ ਐਲਾਨੇ ਗਏ ਪ੍ਰੋਗਰਾਮਾਂ ਤੋਂ ਇਲਾਵਾ ਵੱਖ-ਵੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਅਤੇ ਸਿੱਖ ਮੁੱਖੀਆਂ ਵਲੋਂ ਆਏ ਸੁਝਾਵਾਂ ਨੂੰ ਮੁੱਖ ਰਖਦਿਆਂ ਬੱਚੀਆਂ ਲਈ ਮਾਤਾ ਖੀਵੀ ਜੀ ਅਤੇ ਮਾਤਾ ਗੁਜਰੀ ਜੀ ਦੇ ਨਾਂ ਤੇ ਉੱਚ-ਪਧਰੀ ਵਿਦਿਆਕ ਅਤੇ ਤਕਨੀਕੀ ਸੰਸਥਾਵਾਂ ਅਤੇ ਸਾਹਿਬਜ਼ਾਦਿਆਂ ਦੇ ਨਾਂ ’ਤੇ ਛੋਟੇ ਬੱਿਚਆਂ ਲਈ ਜੂਨੀਅਰ ਸਕੂਲਾਂ ਦੀ ਸਥਾਪਨਾ ਕੀਤੇ ਜਾਣ ਦਾ ਵੀ ਫੈਸਲਾ ਕੀਤਾ ਗਿਆ। ਧਰਮ ਪ੍ਰਚਾਰ ਲਈ ਬਹੁਭਾਸ਼ੀ ਵਿਦਵਾਨਾਂ ਦੀਆਂ ਸੇਵਾਵਾਂ ਲੈਣ ਅਤੇ ਸ੍ਰ ਗੁਰੂ ਗ੍ਰੰਥ ਸਾਹਿਬ ਦੇ ਚਰਨੀਂ ਲਗੇ ਸ਼ਰਧਾਲੂਆਂ ਨੂੰ ਬਾਣੀ ਦੇ ਭਾਵ-ਅਰਥ ਸਮਝਾਉਣ ਦੇ ਜਤਨ ਅਰੰਭ ਕਰਨ ਦਾ ਵੀ ਐਲਾਨ ਕੀਤਾ ਗਿਆ। ਇਨ੍ਹਾਂ ਪ੍ਰੋਗਰਾਮਾਂ ਨੂੰ ਦੋ ਹਿਸਿਆਂ ਵਿੱਚ ਵੰਡਿਆ ਗਿਆ। ਇਕ ਹਿਸੇ ਵਿੱਚ ਥੋੜੇ ਸਮੇਂ ਦੇ ਅਤੇ ਦੂਜੇ ਹਿਸੇ ਵਿੱਚ ਲੰਮੇਂ ਸਮੇਂ ਦੇ ਪ੍ਰੋਗਰਾਮਾਂ ਨੂੰ ਰਖਿਆ ਗਿਆ।
ਇਸੇ ਤਰ੍ਹਾਂ ਇਕ ਹੋਰ ਸਿੱਖ ਧਾਰਮਕ ਜਥੇਬੰਦੀ ਦੇ ਮੁੱਖੀਆਂ ਵਲੋਂ ਆਪਣੇ ਪੱਧਰ ਤੇ ਉਲੀਕੇ ਗਏ ਹੇਠ ਦਿਤੇ ਪ੍ਰੋਗਰਾਮਾਂ ਨੂੰ ਸਰੰਜਾਮ ਦੇਣ ਦਾ ਫੈਸਲਾ ਕੀਤਾ ਗਿਆ:
(ੳ) ਇਕ ਹਾਈ-ਟੈੱਕ ਅਜਾਇਬ ਘਰ ਅਤੇ ਇਕ ਇੰਨਫਾਰਮੇਸ਼ਨ ਸੈਂਟਰ ਕਾਇਮ ਕੀਤਾ ਜਾਇਗਾ। (ਅ) ਸਿੱਖ ਧਰਮ ਦੇ ਸਬੰਧ ਵਿੱਚ ਪੰਜ-ਪੰਜ, ਦਸ-ਦਸ, ਕਿਤਾਬਾਂ ਦੇ ਸੈੱਟ ਸਾਂਸਦਾਂ, ਵਿਧਾਇਕਾਂ, ਜੱਜਾਂ, ਦੂਤਾਵਾਸਾਂ, ਸੋਸਾਇਟੀਆਂ, ਜਥੇਬੰਦੀਆਂ, ਮੀਡੀਆ ਅਤੇ ਉੱਚ ਦਰਜੇ ਦੇ ਅਫ਼ਸਰਾਂ ਤਕ ਪਹੁੰਚਾਏ ਜਾਣਗੇ। (ੲ) ਸਕੂਲਾਂ, ਕਾਲਜਾਂ, ਅਤੇ ਹੋਰ ਲਾਇਬ੍ਰੇਰੀਆਂ ਨੂੰ ਸਿੱਖ ਧਰਮ ਸਬੰਧੀ ਕਿਤਾਬਾਂ ਭੇਜੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਇਹ ਪੇਸ਼ਕਸ਼ ਵੀ ਕੀਤੀ ਜਾਇਗੀ ਕਿ ਜੇ ਉਹ ਚਾਹੁਣ ਤਾਂ ਸਿੱਖ ਧਰਮ ਦੀ ਜਾਣਕਾਰੀ ਦੇਣ ਵਾਸਤੇ ਵਿਦਵਾਨ ਵੀ ਭੇਜੇ ਜਾ ਸਕਦੇ ਹਨ। (ਸ) ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਸਿੱਖ ਧਰਮ ਰੀਸਰਚ ਸੈਂਟਰ ਕਇਮ ਕੀਤਾ ਜਾਇਗਾ। (ਹ) ਵੱਡੇ ਅਫਸਰਾਂ, ਸਿਆਸੀ ਅਤੇ ਧਾਰਮਕ ਆਗੂਆਂ ਅਤੇ ਮੀਡੀਆ ਦੇ ਨਾਲ ਸਬੰਧ ਕਾਇਮ ਕੀਤਾ ਜਾਇਗਾ। ਇਸਦੇ ਨਾਲ ਹੀ ਇਕ ਐੱਫ ਐੱਮ ਰੇਡੀਓ ਸਟੇਸ਼ਨ ਅਤੇ ਟੀ ਵੀ ਚੈਨਲ ਕਾਇਮ ਕੀਤਾ ਜਾਇਗਾ। (ਕ) ਦੁਸਹਿਰੇ ਦੀਆਂ ਛੁਟੀਆਂ ਵਿੱਚ ਇਕ ਕੇਂਦਰੀ ਗੁਰਮਤਿ ਕੈਂਪ ਲਾਇਆ ਜਾਇਗਾ। (ਖ) ਸਕੂਲਾਂ ਅਤੇ ਕਾਲਜਾਂ ਦੇ ਟੀਚਰਾਂ ਵਾਸਤੇ ਇਕ ਰੀਫਰੈਸ਼ਰ ਕੋਰਸ ਤੇ ਕੈਂਪ ਲਾਇਆ ਜਾਇਗਾ। (ਗ) ਦੁਰਲਭ ਕਿਤਾਬਾਂ ਅਤੇ ਖਰੜਿਆਂ ਨੂੰ ਐਡਿਟ ਕਰਕੇ ਛਾਪਿਆ ਜਾਇਗਾ। (ਘ) ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਬਾਰੇ ਇਕ ਸੌ-ਕੁ ਸਫ਼ੇ ਦੀ ਕਿਤਾਬ ਤਿਆਰ ਕਰਕੇ ਵੱਖ-ਵੱਖ ਭਾਸ਼ਾਵਾਂ ਵਿੱਚ ਛਾਪੀ ਜਾਇਗੀ। (ਚ) ਵੱਖ-ਵੱਖ ਖੇਤ੍ਰਾਂ ਵਿੱਚ ਮੁਹਾਰਤ ਹਾਸਲ ਕਰਨ ਵਾਲੀਆਂ ਸਿੱਖ ਸ਼ਖਸੀਅਤਾਂ, ਜਿਵੇਂ ਕਿ ਪਤ੍ਰਕਾਰ, ਡਾਕਟਰ, ਅਫਸਰ (ਆਈ ਏ ਐੱਸ, ਆਈ ਪੀ ਐੱਸ, ਆਈ ਐੱਫ ਐੱਸ ਅਤੇ ਹੋਰ), ਜੱਜ, ਵਕੀਲ, ਇੱਜੀਨੀਅਰ, ਟੀਚਰ ਤੇ ਪ੍ਰੋਫੈਸਰ, ਲੇਖਕ, ਖਿਡਾਰੀ, ਵਿਦੇਸ਼ੀ ਸਿੱਖ, ਵਪਾਰੀ ਅਤੇ ਮਿਸ਼ਨਰੀ ਆਦਿ ਦਾ ਰਜਿਸਟਰ ਤਿਆਰ ਕੀਤਾ ਜਾਇਗਾ। (ਛ) ‘ਗੁਰੂ ਮਾਨਿਓ ਗ੍ਰੰਥ’ ਵਿਸ਼ੇ ਨਾਲ ਸਬੰਧਤ, ਦੀਵਾਨ, ਸੈਮੀਨਾਰ ਆਦਿ ਵੱਖ-ਵੱਖ ਥਾਵਾਂ ਤੇ ਕੀਤੇ ਜਾਣਗੇ, ਆਦਿ ਪ੍ਰੋਗਰਾਮ ਉਲੀਕੇ ਗਏ। ਇਹ ਗਲ ਇਥੇ ਵਰਨਣਯੋਗ ਹੈ ਕਿ ਅਜਿਹੇ ਵਾਇਦਿਆਂ ਭਰੇ ਐਲਾਨ ਹਰ ਇਤਿਹਾਸਕ ਸ਼ਤਾਬਦੀ ਨੂੰ ਮੰਨਾਉਦਿਆਂ ਹੋਇਆਂ ਕੀਤੇ ਜਾਂਦੇ ਚਲੇ ਆ ਰਹੇ ਹਨ।
ਜੇ ਇਨ੍ਹਾਂ ਸਾਰੇ ਵਾਇਦਆਂ ਦੀ ਘੋਖ ਕੀਤੀ ਜਾਏ ਤਾਂ ਇਹ ਸਮਝਣਾ ਮੁਸ਼ਕਿਲ ਨਹੀਂ, ਕਿ ਇਨ੍ਹਾਂ ਵਾਇਦਿਆਂ ਅਧੀਨ ਉਲੀਕੇ ਗਏ ਸਾਰੇ ਪ੍ਰੋਗਰਾਮ ਅਜਿਹੇ ਹਨ, ਜੇ ਇਨ੍ਹਾਂ ਪੁਰ ਇਮਾਨਦਾਰੀ ਨਾਲ ਅਮਲ ਹੋਵੇ ਤਾਂ ਸਿੱਖ ਇਤਿਹਾਸ ਵਿੱਚ ਕ੍ਰਾਂਤੀ ਦਾ ਇਕ ਨਵਾਂ ਯੁਗ ਅਰੰਭ ਹੋ ਸਕਦਾ ਹੈ ਅਤੇ ਇਹ ਪ੍ਰੋਗਰਾਮ ਸਿੱਖੀ ਦੀ ਸੰਭਾਲ ਵਿੱਚ ਮਹਤੱਵ-ਪੂਰਣ ਭੂਮਿਕਾ ਅਦਾ ਕਰ ਸਕਦੇ ਹਨ।
ਪ੍ਰੰਤੂ ਹੁੰਦਾ ਕੀ ਰਿਹਾ ਹੈ? ਸਮੇਂ ਦੇ ਬੀਤਣ ਨਾਲ ਹੀ ਇਨ੍ਹਾਂ ਐਲਾਨਾਂ ਅਧੀਨ ਕੀਤੇ ਗਏ ਵਾਇਦਿਆਂ ਨੂੰ ਵੀ, ਚੋਣ-ਵਾਇਦਿਆਂ ਵਾਂਗ ਹੀ ਭੁਲਾ ਕੇ ਠੰਡੇ ਬਸਤੇ ਵਿੱਚ ਪਾ ਦਿਤਾ ਜਾਂਦਾ ਰਿਹਾ ਹੈ। ਫਿਰ ਜਿਵੇਂ ਮੁੜ ਚੋਣਾਂ ਦਾ ਮੌਸਮ ਆਉਣ ਤੇ ਰਾਜਸੀ ਜਥੇਬੰਦੀਆਂ ਅਤੇ ਉਮੀਦਵਾਰਾਂ ਵਲੋਂ ਠੰਡੇ ਬਸਤੇ ਵਿੱਚ ਪਾਈ ਗਈ ਹੋਈ, ਪਿਛਲੇ ਵਾਇਦਿਆਂ ਦੀ ਪਿਟਾਰੀ ਨੂੰ ਕਢ, ਖੋਲ੍ਹ, ਝਾੜ-ਪੂੰਝ ਅਤੇ ਸੰਵਾਰ ਕੇ, ਨਵੇਂ ਰੂਪ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿਤਾ ਜਾਂਦਾ ਹੈ, ਬਿਲਕੁਲ ਉਸੇ ਹੀ ਤਰ੍ਹਾਂ ਨਵੀਂ ਸ਼ਤਾਬਦੀ ਆਉਣ ਦੇ ਮੌਕੇ ਤੇ ਸਿੱਖ ਜਥੇਬੰਦੀਆਂ ਅਤੇ ਉਨ੍ਹਾਂ ਦੇ ਮੁੱਖੀਆਂ ਵਲੋਂ ਵੀ ਪਿਛਲੀਆਂ ਸ਼ਤਾਬਦੀਆਂ ਦੇ ਮੌਕੇ ਤੇ ਕੀਤੇ ਗਏ ਵਾਇਦਿਆਂ ਭਰੇ ਐਲਾਨਾਂ ਨੂੰ ਠੰਡੇ ਬਸਤੇ ਵਿੱਚੋਂ ਕਢ, ਝਾੜ-ਪੂੰਝ ਨਵੇਂ ਰੂਪ ਵਿੱਚ ਸਿੱਖਾਂ ਸਾਹਮਣੇ ਪੇਸ਼ ਕਰ ਦਿਤਾ ਜਾਂਦਾ ਚਲਿਆ ਆ ਰਿਹਾ ਹੈ। ਇਹ ਕੁਝ ਵੇਖ-ਸੁਣ ਕੇ ਉਹ ਵਿਸ਼ਵਾਸ ਨਿਰਾਸ਼ਾ ਵਿੱਚ ਬਦਲ ਜਾਂਦਾ ਰਿਹਾ ਹੈ, ਜੋ ਇਨ੍ਹਾਂ ਵਾਇਦਿਆਂ-ਭਰੇ ਐਲਾਨ ਪੜ੍ਹ-ਸੁਣ ਕੇ ਪੈਦਾ ਹੋਇਆ ਹੁੰਦਾ ਰਿਹਾ ਹੈ।
ਗਲਾਂ ਚੰਗੀਆਂ ਪਰ ਅਮਲ ਆਸਾਨ ਨਹੀਂ! ਸਮੇਂ-ਸਮੇਂ ਸਿੱਖੀ ਨੂੰ ਲਗ ਰਹੀ ਢਾਹ ਅਤੇ ਸਿੱਖੀ ਦੇ ਹੋ ਰਹੇ ਨੁਕਸਾਨ ਦੇ ਬਾਰੇ ਬਹੁਤ ਚਰਚਾ ਕੀਤੀ ਜਾਂਦੀ ਰਹਿੰਦੀ ਹੈ। ਜਦੋਂ ਕਦੀ ਇਸ ਸਥਿਤੀ ਵਿਚੋਂ ਉਭਰਨ ਦੀ ਗਲ ਸ਼ੁਰੂ ਹੁੰਦੀ ਹੈ ਤਾਂ ਇਹ ਕਿਹਾ ਜਾਣ ਲਗਦਾ ਹੈ ਕਿ ਪ੍ਰਮੁਖ ਧਾਰਮਕ ਜਥੇਬੰਦੀਆਂ ਪੁਰ ਰਾਜਸੀ ਪ੍ਰਭਾਵ ਹੋਣ ਕਾਰਣ ਹੀ ਸਿੱਖੀ ਨੂੰ ਢਾਹ ਲਗ ਰਹੀ ਹੈ। ਇਸ ਕਰਕੇ ਜਦੋਂ ਤਕ ਇਨ੍ਹਾਂ ਤੋਂ ਰਾਜਸੀ ਗ਼ਲਬਾ ਖਤਮ ਨਹੀਂ ਕੀਤਾ ਜਾਂਦਾ, ਤਦ ਤਕ ਸਿੱਖੀ ਨੂੰ ਬਚਾ ਪਾਣਾ ਸੰਭਵ ਨਹੀਂ ਹੋਵੇਗਾ।
ਭਾਵੇਂ ਉਨ੍ਹਾਂ ਦਾ ਇਹ ਖਦਸ਼ਾ ਠੀਕ ਹੋ ਸਕਦਾ ਹੈ, ਪਰ ਸੁਆਲ ਇਹ ਵੀ ਉਠਦਾ ਹੈ ਕਿ ਇਸ ਸੋਚ ਦੇ ਧਾਰਨੀਆਂ ਦੀ ਆਪਣੀ ਭਾਵਨਾ ਵਿਚ ਕਿਥੋਂ ਤਕ ਇਮਾਨਦਾਰੀ ਅਤੇ ਦ੍ਰਿੜ੍ਹਤਾ ਹੋਵੇਗੀ ਕਿ ਉਹ ਬਿਨਾਂ ਕਿਸੇ ਲਾਲਸਾ ਦੇ ਸਿੱਖੀ ਨੂੰ ਬਚਾਣ ਪ੍ਰਤੀ ਸਮਰਪਿਤ ਹੋ, ਇਸ ਜ਼ਿਮੇਂਦਾਰੀ ਨੂੰ ਸੰਭਾਲ ਸਕਣ? ਸਭ ਤੋਂ ਪਹਿਲੀ ਵਿਚਾਰਨ ਵਾਲੀ ਗਲ ਇਹ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਧਾਰਮਕ ਜਥੇਬੰਦੀ ਨੂੰ ਰਾਜਸੀ ਪ੍ਰਭਾਵ ਤੋਂ ਮੁਕਤ ਕਰਵਾ ਲੈਣਾ ਇਤਨਾ ਆਸਾਨ ਹੈ ਜਿਤਨਾ ਕਿ ਇਸ ਸਬੰਧੀ ਗਲਾਂ ਕਰ ਲੈਣਾ? ਫਿਰ ਇਸ ਗਲ ਦੀ ਕੀ ਗਰੰਟੀ ਹੈ ਕਿ ਆਉਣ ਵਾਲੇ ਨਵੇਂ ਸੱਤਾਧਾਰੀ ਇਨ੍ਹਾਂ ਅਸਥਾਨਾਂ ਨੂੰ ਰਾਜਨੀਤੀ ਤੋਂ ਮੁਕਤ ਰਖਣਗੇ ਥੇ ਇਨ੍ਹਾਂ ਦੀ ਵਰਤੋਂ ਨਿਜ-ਸੁਆਰਥ ਦੇ ਲਈ ਨਹੀਂ ਕਰਨਗੇ? ਸਿੱਖਾਂ ਦੀਆਂ ਧਾਰਮਕ ਜਥੇਬੰਦੀਆਂ ਵਿਚ ਲੋਕਤੰਤਰ ਕਾਇਮ ਹੈ ਅਤੇ ਲੋਕਤੰਤਰ ਦੇ ਦ੍ਰਿਸ਼ਟੀਕੋਣ ਤੋਂ ਇਹ ਸਚਾਈ ਸਵੀਕਾਰ ਕਰਨੀ ਹੀ ਹੋਵੇਗੀ ਕਿ ਲੋਕਤੰਤਰ ਵਿੱਚ ਨਮੇਸ਼ਾਂ ਸਿੱਖੀ-ਵਿਰੋਧੀ ਸ਼ਕਤੀਆਂ ਦਾ ਪਲੜਾ ਭਾਰੀ ਹੋਵੇਗਾ। ਇਸਦਾ ਕਾਰਣ ਇਹ ਹੈ ਕਿ ਉਹ ਸਾਰੀਆਂ ਸ਼ਕਤੀਆਂ, ਜੋ ਸਿੱਖੀ ਪ੍ਰਤੀ ਸਮਰਪਿਤ ਹੋਣ ਦੀਆਂ ਦਾਅਵੇਦਾਰ ਜਥੇਬੰਦੀਆਂ ਦੇ ਵਿਰੋਧ ਦਾ ਸ਼ਿਕਾਰ ਹੋ ਰਹੀਆਂ ਹਨ, ਉਨ੍ਹਾਂ ਦੇ ਵਿਰੁਧ ਇੱਕ-ਜੁਟ ਹੋ ਖੜੀਆਂ ਹਨ।
…ਅਤੇ ਅੰਤ ਵਿੱਚ : ਜੇ ਸਿੱਖੀ ਨੂੰ ਬਚਾਣ ਦੇ ਸੰਕਲਪ ਵਿਚ ਇਮਾਨਦਾਰੀ ਅਤੇ ਦ੍ਰਿੜ੍ਹਤਾ ਹੈ, ਤਾਂ ਪੁਰਾਤਨ ਸਿੱਖ ਇਤਿਹਾਸ ਵਲ ਝਾਤ ਮਾਰਕੇ, ਉਸਤੋਂ ਮਾਰਗ-ਦਰਸਨ ਲੈਣਾ ਅਤੇ ਆਪਣੇ ਆਪਨੂੰ ਰਾਜਸੀ ਲਾਲਸਾ ਤੋਂ ਮੁਕਤ ਕਰਨਾ ਹੋਵੇਗਾ, ਜੋ ਕਿ ਸਹਿਜ ਨਹੀਂ। ਇਸਲਈ ਜ਼ਰੂਰੀ ਹੈ ਕਿ ਕਿਸੇ ਪੁਰ ਟੇਕ ਰਖਣ ਦੀ ਬਜਾਏ, ਆਪ ਸਿਰੜੀ ਬਣਿਆ ਜਾਏ। ਜਦੋਂ ਤਕ ਆਪ ਸੁਆਰਥ-ਮੁਕਤ ਨਹੀਂ ਹੋਇਆ ਜਾਇਗਾ, ਤਦ ਤਕ ਦੂਜਿਆਂ ਦਾ ਵਿਸ਼ਵਾਸ ਜਿਤ ਕੇ ਉਨ੍ਹਾਂ ਨੂੰ ਆਪਣੇ ਨਾਲ ਚਲਾਣਾ ਸੰਭਵ ਨਹੀਂ ਹੋ ਸਕੇਗਾ। ਇਹ ਗਲ ਪੱਲੇ ਬੰਨ੍ਹ ਕੇ ਹੀ ਅਗੇ ਵਧਿਆ ਜਾ ਸਕੇਗਾ।000
-ਜਸਵੰਤ ਸਿੰਘ ‘ਅਜੀਤ’
Phone + 91 98 68 91 77 31
jaswantsinghajit@gmail.com
Address : Jaswant Singh ‘Ajit’, 64-C, U&V/B, Shalimar Bagh, DELHI-110088