ਨਿਜ ਸੁਆਰਥ ਅਧੀਨ, ਕਿਵੇਂ ਰਾਜਨੀਤੀ ਵਿੱਚ ਸੋਚ ਅਤੇ ਨੀਤੀ ਬਦਲ ਜਾਂਦੀ ਹੈ, ਇਸਦਾ ਇਕ ਉਦਾਹਰਣ ਇਥੇ ਦਿਤਾ ਜਾਣਾ ਗ਼ਲਤ ਨਹੀਂ ਹੋਵੇਗਾ। ਗਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਸਨ ਅਤੇ ਉਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਆਪਣੇ ਦਿੱਲੀ ਪ੍ਰਦੇਸ਼ ਦੇ ਮੁਖੀਆਂ ਰਾਹੀਂ ਦਿੱਲੀ ਦੇ ਸਿੱਖਾਂ ਦੇ ਨਾਂ ਆਦੇਸ਼ ਜਾਰੀ ਕਰਵਾਇਆ ਗਿਆ ਸੀ ਕਿ ਕਿਉਂਕਿ ਦਲ ਦੀ ਕੇਂਦਰੀ ਲੀਡਰਸ਼ਿਪ ਨੇ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ, ਇਸਲਈ, ਦਿੱਲੀ ਦੇ ਸਿੱਖਾਂ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ, ਭਾਜਪਾ ਦੇ ਉਮੀਦਵਾਰਾਂ ਦੇ ਹਕ ਵਿੱਚ ਮਤਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਇਸ ਆਦੇਸ਼ ਦੇ ਚਲਦਿਆਂ ਦਿੱਲੀ ਦੇ ਸਿਖਾਂ ਦੇ ਇਕ ਵੱਡੇ ਵਰਗ ਨੇ ਇਸ ਆਦੇਸ਼ ਨੂੰ ਤਾਨਾਸ਼ਾਹੀ ਗਰਦਾਨਦਿਆਂ ਹੋਇਆਂ, ਇਸ ਆਦੇਸ਼ ਦੇ ਵਿਰੁੱਧ ਬਗਾਵਤ ਕਰਨ ਦਾ ਫੈਸਲਾ ਕਰ ਲਿਆ।
ਇਸ ਸਥਿਤੀ ਪੁਰ ਵਿਚਾਰ ਕਰਨ ਲਈ ਦਿੱਲੀ ਦੇ ਸਿੱਖ ਪ੍ਰਤੀਨਿਧੀਆਂ ਦੀ ਇਕ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਸ ਵਿਸ਼ੇ ਪੁਰ ਖੁਲ੍ਹ ਕੇ ਵਿਚਾਰ-ਚਰਚਾ ਕੀਤੀ ਗਈ, ਕਿ ਆਖਰ ਕੀ ਕਾਰਣ ਹੈ ਕਿ ਪੰਜਾਬ ਤੋਂ ਬਾਹਰ ਦੇ ਸਿੱਖ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਲਗਾਤਾਰ ਦੂਰ ਹੁੰਦੇ ਚਲੇ ਜਾ ਰਹੇ ਹਨ? ਇਸ ਵਿਸ਼ੇ ਪੁਰ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ, ਇਕ ਰਾਜਨੈਤਿਕ ਸਿਖਿਆ-ਸ਼ਾਸਤਰੀ ਅਤੇ ਬੁਧੀਜੀਵੀ, ਜੋ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਮੁਖ ਕਿਰਪਾ-ਪਾਤ੍ਰਾਂ ਵਿੱਚੋਂ ਇਕ ਮੰਨੇ ਜਾਂਦੇ ਹਨ, ਨੇ ਕਿਹਾ ਕਿ ਇਸਦਾ ਮੁੱਖ ਕਾਰਣ ਪੰਜਾਬ ਦੀ ਅਕਾਲੀ ਲੀਡਰਸ਼ਿਪ ਦਾ ਪੰਜਾਬ ਤੋਂ ਬਾਹਰ ਦੀਆਂ ਸਿੱਖ ਸੰਸਥਾਂਵਾਂ ਅਤੇ ਉਨ੍ਹਾਂ ਦੇ ਮੁੱਖੀਆਂ ਦੇ ਨਾਲ ਬਿਨਾ ਕੋਈ ਸਲਾਹ-ਮਸ਼ਵਰਾ ਕੀਤੇ, ਅਤੇ ਉਥੋਂ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕਰਦਿਆਂ ਹੋਇਆਂ, ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ, ਜੋ ਕਿ ਸਿੱਖਾਂ ਅਤੇ ਸਿੱਖੀ ਦੀ ਵਿਰੋਧੀ ਹੈ ਦਾ ਸਾਥ ਦਿਤੇ ਜਾਣ ਦਾ ਆਦੇਸ਼ ਦਿੰਦਿਆਂ ਰਹਿਣਾ ਹੈ।
ਉਨ੍ਹਾਂ ਨੇ ਦਸਿਆ ਕਿ ਸਿੱਖ ਸਿਧਾਂਤਾਂ ਦੀਆਂ ਲੋਕਤਾਂਤ੍ਰਿਕ ਅਤੇ ਫੈਡਰਲ ਮਾਨਤਾਵਾਂ ਪੁਰ ਅਧਾਰਤ ਪੁਰਾਣੀ ਪਰੰਪਰਾ ਇਹੀ ਚਲੀ ਆਉਂਦੀ ਰਹੀ ਹੈ ਕਿ ਪੰਜਾਬੋਂ ਬਾਹਰ ਰਹਿ ਰਹੇ ਸਿੱਖਾਂ ਨੂੰ ਆਪਣੇ ਰਾਜਨੈਤਿਕ ਫੈਸਲੇ ਆਪ ਕਰਨ ਅਤੇ ਸਥਾਨਕ ਹਾਲਾਤ ਦੇ ਅਨੁਸਾਰ ਆਪਣੀ ਰਾਜਸੀ ਰਣਨੀਤੀ ਬਨਾਉਣ ਦੀ ਆਜ਼ਾਦੀ ਹੁੰਦੀ ਸੀ। ਉਨ੍ਹਾਂ ਨੇ ਇਹ ਸ਼ਿਕਵਾ ਵੀ ਕੀਤਾ ਕਿ ਬੀਤੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੇ ਪੰਜਾਬੋਂ ਬਾਹਰ ਦੇ ਸਿਖਾਂ ਨੂੰ ਵਿਸ਼ਵਾਸ ਵਿੱਚ ਲੈਣਾ ਛੱਡ ਦਿਤਾ ਹੈ ਅਤੇ ਪੰਜਾਬੋਂੇ ਬਾਹਰ ਦੇ ਸਿੱਖਾਂ ਨਾਲ ਸੰਬੰਧਤ ਫੈਸਲੇ ਕਰਦਿਆਂ ਹੋਇਆਂ, ਆਪਣੇ ਹੀ ਦਲ ਦੇ ਪ੍ਰਦੇਸ਼ ਦੇ ਮੁੱਖੀਆਂ ਤਕ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ ਜਾਂਦਾ। ਉਨ੍ਹਾਂ ਇਹ ਕਹਿਣ ਤੋਂ ਵੀ ਸੰਕੋਚ ਨਹੀਂ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੇ ਬਿਨਾਂ ਸ਼ਰਤ ਭਾਜਪਾ ਨੂੰ ਸਮਰਥਨ ਦੇਣ ਦਾ ਜੋ ਫੈਸਲਾ ਕੀਤਾ ਹੈ, ਉਸ ਨਾਲ ਅਕਾਲੀ ਦਲ ਦੀ ਸੋਚ ਅਤੇ ਕਾਰਜ-ਪ੍ਰਣਾਲੀ ਦੀ ਸਾਖ ਨੂੰ ਵੀ ਗਹਿਰਾ ਧੱਕਾ ਲਗਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹੀ ਕਾਰਣ ਹੈ ਕਿ ਬੀਤੇ ਲੰਮੇਂ ਸਮੇਂ ਤੋਂ ਪੰਜਾਬ ਦੀ ਅਕਾਲੀ ਲੀਡਰਸ਼ਿਪ ਦੀਆਂ ਅਪੀਲਾਂ ਦਾ ਪੰਜਾਬੋਂ ਬਾਹਰ ਦੇ ਸਿੱਖਾਂ ਪੁਰ ਕੋਈ ਅਸਰ ਹੁੰਦਾ ਵੇਖਣ ਨੂੰ ਨਹੀਂ ਮਿਲ ਰਿਹਾ।
ਉਨ੍ਹਾਂ ਦਸਿਆ ਕਿ ਚੰਗਾ ਰਸਤਾ ਤਾਂ ਇਹੀ ਹੋਵੇਗਾ ਕਿ ਪੰਜਾਬੋਂੇ ਬਾਹਰ ਦੇ ਸਿੱਖਾਂ ਨੂੰ ਇਹ ਆਜ਼ਾਦੀ ਦਿਤੀ ਜਾਏ ਕਿ ਉਹ ਆਪਣੇ ਸਥਾਨਕ ਰਾਜਸੀ ਫੈਸਲੇ, ਜਿਵੇਂ ਚੋਣਾਂ ਵਿੱਚ ਤੇ ਉਨ੍ਹਾਂ ਤੋਂ ਬਾਅਦ ਕਿਸ ਪਾਰਟੀ ਦਾ ਸਾਥ ਦੇਣਾ ਹੈ, ਅਤੇ ਕਿਸ ਪਾਰਟੀ ਦਾ ਵਿਰੋਧ ਕਰਨਾ ਹੈ, ਆਪ ਹੀ ਕੀਤਾ ਕਰਨ। ਪੰਜਾਬ ਦੀ ਅਕਾਲੀ ਲੀਡਰਸ਼ਿਪ ਉਨ੍ਹਾਂ ਨੂੰ ਸਵੀਕਾਰ ਕਰ, ਉਨ੍ਹਾਂ ਦਾ ਸਾਥ ਦੇਵੇ, ਭਾਵੇਂ ਉਨ੍ਹਾਂ ਦੇ ਫੈਸਲੇ ਪੰਜਾਬ ਵਿੱਚ ਚਲ ਰਹੇ ਉਨ੍ਹਾਂ ਦੇ ਗਠਜੋੜ ਦੀਆਂ ਮਾਨਤਾਵਾਂ ਦੇ ਵਿਰੁਧ ਹੀ ਕਿਉਂ ਨਾ ਹੋਣ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੂੰ ਇਹ ਗਲ ਸਵੀਕਾਰ ਨਾ ਹੋਵੇ ਤਾਂ ਉਸਨੂੰ ਇਤਨਾ ਤਾਂ ਜ਼ਰੂਰ ਕਰਨਾ ਹੀ ਚਾਹੀਦਾ ਹੈ, ਕਿ ਪੰਜਾਬੋਂ ਬਾਹਰ ਦੇ ਸਿੱਖਾਂ ਨਾਲ ਸੰਬੰਧਤ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ, ਉਹ ਉਨ੍ਹਾਂ ਦੇ ਪ੍ਰਤੀਨਿਧੀਆਂ ਦੀ ਰਾਏ ਜ਼ਰੂਰ ਲਏ, ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਅਤੇ ਸਤਿਕਾਰ ਕਰਦਿਆਂ ਹੋਇਆਂ ਹੀ ਕੋਈ ਫੈਸਲਾ ਕਰੇ।
ਉਨ੍ਹਾਂ ਨੇ ਇਸਦਾ ਕਾਰਣ ਇਹ ਦਸਿਆਾ ਕਿ ਪੰਜਾਬੋਂ ਬਾਹਰ ਰਹਿ ਰਹੇ ਸਿੱਖਾਂ ਦੀਆਂ ਸਥਾਨਕ ਹਾਲਾਤ ਅਨੁਸਾਰ ਆਪਣੀਆਂ ਸਮਸਿਆਵਾਂ ਅਤੇ ਰਾਜਸੀ, ਆਰਥਕ ਅਤੇ ਸਮਾਜਕ ਹਿਤ ਹੁੰਦੇ ਹਨ, ਜਿਨ੍ਹਾਂ ਦੇ ਆਧਾਰ ਤੇ ਹੀ ਉਨ੍ਹਾਂ ਨੂੰਂ ਕਿਸੇ ਪਾਰਟੀ ਦੇ ਸਮਰਥਨ ਜਾਂ ਵਿਰੋਧ ਦਾ ਫੈਸਲਾ ਕਰਨਾ ਹੁੰਦਾ ਹੈ। ਉਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਅਤੇ ਪਾਰਟੀਆਂ ਦੀ ਕਾਰਜ-ਸ਼ੈਲੀ ਤੇ ਉਨ੍ਹਾਂ ਦੇ ਘਟਗਿਣਤੀਆਂ ਪ੍ਰਤੀ ਵਿਹਾਰ ਨੂੰ ਧਿਆਨ ਵਿੱਚ ਰਖਕੇ ਹੀ ਆਪਣੀ ਰਾਜਨੀਤਕ ਰਣਨੀਤੀ ਬਣਾਉਣੀ ਹੁੰਦੀ ਹੈ। ਉਨ੍ਹਾਂ ਹੋਰ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਲੋਕ-ਇੱਛਾ ਦਾ ਸਨਮਾਨ ਕਰ ਪੰਜਾਬੋਂ ਬਾਹਰ ਦੇ ਸਿੱਖਾਂ ਨਾਲ ਸੰਬੰਧਤ ਰਾਜਨੀਤਕ ਫੈਸਲੇ ਕਰੇਗੀ ਤਾਂ ਇਸ ਨਾਲ ਉਸਦੀ ਸ਼ਕਤੀ ਅਤੇ ਸਾਖ ਵਿੱਚ ਵਾਧਾ ਹੀ ਹੋਵੇਗਾ। ਉਨ੍ਹਾਂ ਇਸਦੇ ਨਾਲ ਹੀ ਇਹ ਚਿਤਾਵਨੀ ਵੀ ਦਿਤੀ ਕਿ ਜੇ ਪੰਜਾਬੋਂ ਬਾਹਰ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕੀਤੀ ਗਈ ਤਾਂ ਅਜਿਹੀ ਸਥਿਤੀ ਆ ਸਕਦੀ ਹੈ ਕਿ ਪੰਜਾਬ ਦੀ ਲੀਡਰਸ਼ਿਪ ਜੋ ਕੁਝ ਕਹੇਗੀ, ਪੰਜਾਬੋਂ ਬਾਹਰ ਦੇ ਸਿੱਖ ਉਸਤੋਂ ਬਗਾਵਤ ਕਰ ਉਸਦੇ ਆਦੇਸ਼ਾਂ ਨੂੰ ਅਣਗੋਲਿਆਂ ਕਰਦਿਆਂ ਹੋਇਆਂ, ਉਸਦੀ ਸੋਚ ਦੇ ਵਿਰੁਧ ਆਪਣੇ ਰਾਜਸੀ ਫੈਸਲੇ ਆਪ ਕਰ ਉਸ ਨੂੰ ਚੁਨੌਤੀ ਦੇਣ ਲਗਣਗੇ।
ਇਸੇ ਮੌਕੇ ਤੇ ਇਕ ਹੋਰ ਸਿੱਖ ਆਗੂ, ਜੋ ਇਸ ਸਮੇਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਇਕ ਗੁਟ ਦੇ ਸਰਪ੍ਰਸਤ ਮੰਨੇ ਜਾਂਦੇ ਹਨ, ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜਸੀ ਸਵਾਰਥਾਂ ਨੂੰ ਮੁੱਖ ਰਖਦਿਆਂ ਸਦਾ ਹੀ ਦਿੱਲੀ ਦੇ ਸਿੱਖਾਂ ਨੂੰ ਇਸਤੇਮਾਲ ਕੀਤਾ ਹੈ। ਉਨ੍ਹਾਂ ਆਪਣੇ ਮੁੱਖ ਮੰਤ੍ਰੀ ਕਾਲ ਵਿੱਚ ਪੰਜਾਬੋਂ ਬਾਹਰ ਦੇ ਸਿੱਖਾਂ ਨੂੰ ਮਾਨ-ਸਨਮਾਨ ਦੇਣ ਦੀ ਗਲ ਕਦੀ ਵੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੋਂ ਬਾਹਰ ਦੇ ਸਿੱਖਾਂ ਦੀ ਸੁਤੰਤਰ ਹੋਂਦ ਕਾਇਮ ਹੋਣੀ ਚਾਹੀਦੀ ਹੈ ਅਤੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੂੰ ਉਨ੍ਹਾਂ ਦੀ ਸੁਤੰਤਰ ਹੋਂਦ ਨੂੰ ਮਾਨਤਾ ਦੇਣੀ ਚਾਹੀਦੀ ਹੈ। ਮਾਸਟਰ ਤਾਰਾ ਸਿੰਘ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਇਹੀ ਪਰੰਪਰਾ ਚਲਦੀ ਰਹੀ ਸੀ, ਇਸੇ ਨੂੰ ਕਾਇਮ ਰਖਿਆ ਜਾਣਾ ਚਾਹੀਦਾ ਹੈ।
ਕਿਸੇ ਸਮੇਂ ਪੰਜਾਬੋਂ ਬਾਹਰ ਦੇ ਸਿੱਖਾਂ ਪ੍ਰਤੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਵਲੋਂ ਅਪਨਾਈ ਰਖੀਆਂ ਗਈਆਂ ਸਵਾਰਥ-ਪੂਰਣ ਨੀਤੀਆਂ ਦੀ ਕੜੀ ਅਲੋਚਨਾ ਕਰਦੇ ਰਹੇ ਇਹ ਮੁੱਖੀ, ਅਜ ਜਦੋਂ ਉਸੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਗਏ ਹੋਣ ਤਾਂ ਇਹ ਸੁਆਲ ਉਠਣਾ ਸੁਭਾਵਕ ਹੀ ਹੈ ਕਿ ਕੀ ਉਨ੍ਹਾਂ ਨੇ ਆਪਣੀ ਸੋਚ ਨੂੰ ਬਦਲ ਲਿਆ ਹੈ ਜਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੇ ਉਨ੍ਹਾਂ ਦੀ ਸੋਚ ਅਨੁਸਾਰ ਆਪਣੀਆਂ ਨੀਤੀਆਂ ਨੂੰ ਢਾਲ ਲਿਆ ਹੈ?
ਸ. ਮਨਪ੍ਰੀਤ ਸਿੰਘ ਬਾਦਲ ਦਾ ਕਸੂਰ: ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣੇ ਪ੍ਰਧਾਨਗੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ. ਮਨਪ੍ਰੀਤ ਸਿੰਘ ਬਾਦਲ ਨੂੰ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿਤਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੁੱਖ ਮੰਤਰੀ ਪਦ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਆਪਣੇ ਮੰਤਰੀ-ਮੰਡਲ ਵਿੱਚੋਂ ਖਾਰਿਜ ਕਰ ਦਿਤਾ ਹੈ। ਸੀਨੀਅਰ ਅਤੇ ਜੂਨੀਅਰ ਬਾਦਲ ਵਲੋਂ ਕੀਤੀ ਗਈ ਇਸ ਕਾਰਵਾਈ ਪੁਰ ਟਿੱਪਣੀ ਕਰਦਿਆਂ ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਸ. ਮਨਪ੍ਰੀਤ ਸਿੰਘ ਬਾਦਲ ਦਾ ਕਸੂਰ ਕੇਵਲ ਇਤਨਾ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਪੰਜਾਬ ਤੇ ਪੰਜਾਬੀਆਂ ਦੇ ਲਈ ਦਰਦ ਹੈ। ਉਹ ਚਾਹੁੰਦੇ ਸਨ ਕਿ ਪੰਜਾਬ ਦੇ ਹਿਤ ਵਿੱਚ ਕੇਂਦਰ ਸਰਕਾਰ ਦੀਆਂ ਸ਼ਰਤਾਂ ਮੰਨ ਕੇ ਪੰਜਾਬ ਦੇ ਸਿਰ ਤੋਂ ਲਗਭਗ ਪੈਂਤੀ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ ਕਰਵਾ ਲਿਆ ਜਾਏ ਅਤੇ ਇਸ ਕਰਜ਼ੇ ਪੁਰ ਜੋ ਹਰ ਸਾਲ ਕਰੋੜਾਂ ਰੁਪਏ ਵਿਆਜ ਵਜੋਂ ਅਦਾ ਕੀਤੇ ਜਾ ਰਹੇ ਹਨ, ਉਹ ਬਚਾ ਕੇ ਪੰਜਾਬ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਲਈ ਵਰਤੇ ਜਾਣ।
ਜਸਟਿਸ ਸੋਢੀ ਨੇ ਕਿਹਾ ਕਿ ਕੇਂਦਰ ਵਲੋਂ ਜੋ ਸ਼ਰਤਾਂ ਰਖੀਆਂ ਗਈਆਂ ਹਨ ਉਹ ਕਿਸੇ ਵੀ ਪੱਧਰ ਤੇ ਨਾਜਾਇਜ਼ ਨਹੀਂ ਸਗੋਂ ਪੰਜਾਬ ਦੇ ਹਿਤ ਵਿੱਚ ਹੀ ਹਨ। ਉਨ੍ਹਾਂ ਦਸਿਆ ਕਿ ਕੇਂਦਰ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿਤਾ ਹੈ ਕਿ ਉਸ ਵਲੋਂ ਹਰ ਸਾਲ ਜੋ ਤਕਰੀਬਨ ਇਕੱਤੀ ਸੌ ਕਰੋੜ ਦੀ ਸਬਸਿਡੀ ਦਿਤੀ ਜਾਂਦੀ ਹੈ, ਉਸਨੂੰ ਪੰਜ ਸਾਲਾਂ ਵਿੱਚ ਘਟਾ ਕੇ ਇਕ ਹਜ਼ਾਰ ਕਰੋੜ ਤੇ ਲਿਆਂਦਾ ਜਾਏ, ਸਿੰਚਾਈ ਵਾਲੇ ਪਾਣੀ ਦੀ ਦਰ ਵਧਾਈ ਜਾਏ, ਜਾਇਦਾਦ ਟੈਕਸ ਲਾਇਆ ਜਾਏ, ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ਘਾਟੇ ਨੂੰ ਰੋਕਣ ਦੇ ਉਪਰਾਲੇ ਕੀਤੇ ਜਾਣ, ਬਿਮਾਰ ਜਨਤਕ ਇਕਾਈਆਂ ਵਿਚਲੇ ਸਰਕਾਰ ਦੇ ਹਿੱਸੇ ਵੇਚ ਦਿਤੇ ਜਾਣ, ਪੰਜਾਬ ਦੀਆਂ ਸਥਾਨਕ ਸੰਸਥਾਵਾਂ, ਪੰਜਾਬ ਬੁਨਿਆਦੀ ਵਿਕਾਸ ਫੰਡ ਅਤੇ ਦਿਹਾਤੀ ਵਿਕਾਸ ਫੰਡ ਦੀ ਵਰਤੋਂ ਦਾ ਆਡਿਟ ਕੇਂਦਰ ਤੋਂ ਕਰਵਾਇਆ ਜਾਏ, ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ ਕੀਤੇ ਜਾਣ ਦੀ ਫੀਸ ਵਸੂਲੀ ਜਾਏ, ਮੁਲਾਜ਼ਮਾਂ ਦੇ ਸਮੇਂ ਤੋਂ ਪਹਿਲਾਂ ਫੰਡ ਕਢਵਾਏ ਜਾਣ ਤੇ ਰੋਕ ਲਾਈ ਜਾਏ, ਸਰਕਾਰੀ ਏਜੰਸੀਆਂ ਵਲੋਂ ਕੀਤੀ ਜਾਂਦੀ ਵਸੂਲੀ ਸਰਕਾਰ ਦੇ ਸੰਚਿਤ ਖਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾਏ ਆਦਿ। ਜਸਟਿਸ ਸੋਢੀ ਨੇ ਕਿਹਾ ਕਿ ਇਹ ਸੁਝਾਉ ਪੰਜਾਬ ਦੇ ਆਪਣੇ ਹਿਤ ਵਿੱਚ ਹਨ। ਇਨ੍ਹਾਂ ਨੂੰ ਮੰਨ ਲੈਣ ਨਾਲ ਪੰਜਾਬ ਦਾ ਵਿੱਤੀ ਘਾਟਾ ਘਟੇਗਾ ਅਤੇ ਸਰਕਾਰ ਪੰਜਾਬੀਆਂ ਪੁਰ ਵਾਧੂ ਭਾਰ ਪਾਣ ਤੋਂ ਬਚੇਗੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦੇ ਨਾਲ ਪੰਜਾਬ ਦੇ ਸਿਰ ਤੋਂ ਪੈਂਤੀ ਹਜ਼ਾਰ ਕਰੋੜ ਦਾ ਕਰਜ਼ਾ ਵੀ ਉਤਰੇਗਾ ਤੇ ਇਸ ਕਰਜ਼ੇ ਪੁਰ ਦਿਤਾ ਜਾ ਰਿਹਾ ਵਿਆਜ ਵੀ ਬਚੇਗਾ, ਜੋ ਪੰਜਾਬ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਲਈ ਇਸਤੇਮਾਲ ਹੋ ਸਕੇਗਾ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਸਮਝਦੇ ਹਨ ਕਿ ਕੇਂਦਰ ਦੀਆਂ ਇਹ ਸ਼ਰਤਾਂ ਮੰਨ ਲਏ ਜਾਣ ਦੇ ਨਾਲ, ਉਨ੍ਹਾਂ ਵਰਗੇ ਧਨਾਢਾਂ ਨੂੰ ਨੁਕਸਾਨ ਹੋ ਸਕਦਾ ਹੈ। ਜਦਕਿ ਉਨ੍ਹਾਂ ਦੀ ਸੋਚ ਇਹ ਹੈ ਕਿ ਪੰਜਾਬ ਦਾ ਗ਼ਰੀਬ ਤੇ ਮੱਧ ਵਰਗ ਭਾਵੇਂ ਪਿਸਦਾ ਰਹੇ, ਉਨ੍ਹਾਂ ਨੂੰ ਅਤੇ ਉਨ੍ਹਾਂ ਵਰਗੇ ਧਨਾਢਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।
ਪੰਜਾਬੀ ਸੂਬਾ ਮੋਰਚੇ ਦੀ ਗੋਲØਡਨ ਜੁਬਲੀ: ਸ਼ਾਇਦ ਪੰਜਾਬ ਦੀ ਰਾਜਸੱਤਾ ਦਾ ਸੁਖ ਭੋਗਣ ਵਾਲਿਆਂ ਨੂੰ ਯਾਦ ਤਕ ਨਹੀਂ ਕਿ ਜਿਸ ਪੰਜਾਬ ਦੀ ਸੱਤਾ ਦਾ ਸੁੱਖ ਉਹ ਮਾਣਦੇ ਚਲੇ ਆ ਰਹੇ ਹਨ, ਉਸ ਪੰਜਾਬ (ਪੰਜਾਬੀ ਸੂਬੇ) ਨੂੰ ਹੌਂਦ ਵਿੱਚ ਲਿਆਉਣ ਦੀ ਮੰਗ ਨੂੰ ਲੈ ਕੇ ਇਕ ਮੋਰਚਾ ਲਗਾ ਸੀ, ਜਿਸ ਵਿੱਚ ਅਨੇਕਾਂ ਸਿੱਖ ਬਜ਼ੁਰਗਾਂ, ਨੌਜਵਾਨਾਂ, ਬੀਬੀਆਂ, ਜਿਨ੍ਹਾਂ ਦੀ ਗੋਦ ਵਿੱਚ ਦੁੱਧ ਚੁੰਗਦੇ ਬੱਚੇ ਵੀ ਸਨ, ਨੇ ਪੰਥ ਦੇ ਹੁਕਮ ਦੀ ਪਾਲਣਾ ਕਰਦਿਆਂ ਜੇਲ੍ਹਾਂ ਭਰੀਆਂ ਤੇ ਅਨੇਕਾਂ ਸ਼ਹਾਦਤ ਹੋਈਆਂ, ਅਤੇ ਅਨੇਕਾਂ ਜ਼ਖਮੀ ਹੋਏ, ਇਹ ਵਰ੍ਹਾ ਉਸ ਮੋਰਚੇ ਦੀ ਗੋਲਡਨ ਜੁਬਲੀ ਦਾ ਹੈ, ਪ੍ਰੰਤੂ ਸ਼ਹੀਦਾਂ ਦੀ ਵਿਰਾਸਤ ਦੇ ਮਾਲਕ ਹੋਣ ਦੇ ਦਾਅਵੇਦਾਰ, ਪੰਜਾਬ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਉਸਦੇ ਵਿਰੋਧੀ ਅਕਾਲੀ ਦਲਾਂ ਵਿੱਚੋਂ ਕਿਸੇ ਨੇ ਵੀ ਇਸ ਮੋਰਚੇ ਦੀ ਯਾਦ ਮੰਨਾਣਾ ਤਾਂ ਦੂਰ ਰਿਹਾ, ਆਪਣੇ ‘ਰੁਝੇਵਿਆਂ’ ਵਿੱਚੋਂ ਦੋ ਮਿੰਟ ਕਢ, ਇਸ ਮੋਰਚੇ ਵਿੱਚ ਸ਼ਹੀਦ ਹੋਣ ਵਾਲਿਆਂ ਪ੍ਰਤੀ ਸ਼ਰਧਾ ਦੇ ਦੋ ਫੁਲ ਭੇਂਟ ਕਰਨ ਤਕ ਦੀ ਜ਼ਿਹਮਤ ਵੀ ਨਹੀਂ ਉਠਾਈ।
…ਅਤੇ ਅੰਤ ਵਿੱਚ: ਕੁਝ ਲੋਕੀ ਇਹ ਮੰਨ ਕੇ ਚਲਦੇ ਹਨ ਕਿ ਰਾਜਨੀਤੀ ਇਕ ਅਜਿਹਾ ਕਿੱਤਾ ਹੈ, ਜਿਸ ਵਿੱਚ ਪੱਲੇ ਪੈਸਾ ਹੋਵੇ ਤਾਂ ਬਿਨਾਂ ਜ਼ਮੀਨ ਪੁਰ ਪੈਰ ਟਿਕਾਏ, ਪੌੜੀ-ਦਰ-ਪੌੜੀ ਚੜ੍ਹ ਮੰਜਿ਼ਲ ਪੁਰ ਪਹੁੰਚਣ ਨਾਲੋਂ ਤਾਂ ਚੰਗਾ ਇਹ ਹੈ ਕਿ ਉੱਡ ਕੇ ਤੁਰੰਤ ਹੀ ਮੰਜ਼ਲ ਨੂੰ ਪਾ ਲਿਆ ਜਾਏ ਅਤੇ…। ਅਜਿਹਾ ਸੋਚ ਕੇ ਅਗੇ ਕਦਮ ਵਧਾਣ ਵਾਲੇ ਇਹ ਭੁਲ ਜਾਂਦੇ ਹਨ ਕਿ ਉਡ ਕੇ ਮੰਜ਼ਲ ਪੁਰ ਪੁਜਣ ਦੀ ਕੋਸ਼ਿਸ਼ ਕਰਨ ਵਾਲੇ ਜਲਦੀ ਹੀ ਮੂੰਹ ਦੇ ਭਾਰ ਡਿਗ ਹਡੀਆਂ-ਪਸਲੀਆਂ ਤੁੜਵਾ ਬੈਠਦੇ ਹਨ।
————000————-
-ਜਸਵਂਤ ਸਿੰਘ ‘ਅਜੀਤ’
Mobile : + 91 98 68 91 77 31
E-mail : jaswantsinghajit@gmail.com
Address : Jaswant Singh ‘Ajit’,
64-C, U&V/B, Shalimar Bagh, DELHI-110088