November 10, 2011 admin

ਕੀ ਇਤਿਹਾਸ ਕੇਵਲ ਸਿੱਖਾਂ ਪੁਰ ਹੋਏ ਜ਼ੁਲਮਾਂ ਬਾਰੇ ਹੀ ਪੁਛੇਗਾ?

-ਜਸਵੰਤ ਸਿੰਘ ‘ਅਜੀਤ’
ਕੁਝ ਸਮਾਂ ਹੋਇਆ, ਸ਼ਾਇਦ ਜੂਨ ਦੇ ਪਹਿਲੇ ਹਫ਼ਤੇ ਦੀ ਗਲ ਹੈ, ਉਨ੍ਹਾਂ ਦਿਨਾਂ ਵਿੱਚ ਚੁਰਾਸੀ ਵਿੱਚ ਵਾਪਰੇ ਘਲੂਘਾਰਿਆਂ ਦੇ ਸਬੰਧ ਵਿੱਚ ਛੱਪੇ ਮਜ਼ਮੂਨ ਵਿੱਚ ਪ੍ਰਗਟ ਕੀਤੇ ਗਏ ਵਿਚਾਰਾਂ ਦੇ ਨਾਲ ਸਹਿਮਤੀ ਪ੍ਰਗਟ ਕਰਦਿਆਂ, ਇਕ ਸਜਣ ਵਲੋਂ ਮੇਲ ਭੇਜਿਆ ਗਿਆ ਸੀ , ਜਿਸ ਵਿੱਚ ਉਨ੍ਹਾਂ ਕੁਝ ਸੁਆਲ ਉਠਾਏ ਸਨ। ਸਮੇਂ-ਸਮੇਂ ਲਗਾਤਾਰ ਉਠਦੇ ਚਲੇ ਆਏ ਮਸਲਿਆਂ ਬਾਰੇ ਲ਼ਿਖਦਿਆਂ, ਉਨ੍ਹਾਂ ਵਲੋਂ ਉਠਾਏ ਗਏ ਸੁਅਲਾਂ ਦੇ ਜੁਆਬ ਸਮੇਂ ਸਿਰ ਨਹੀਂ ਦਿਤੇ ਜਾ ਸਕੇ, ਜਿਨ੍ਹਾਂ ਦਾ ਅਫਸੋਸ ਹੈ।
ਉਨ੍ਹਾਂ ਜੋ ਸੁਆਲ ਉਠਾਏ, ਉਨ੍ਹਾਂ ਦੇ ਹੀ ਸ਼ਬਦਾਂ ਵਿੱਚ ਇਹ ਸਨ : ਜ਼ੁਲਮ ਦੀ ਪ੍ਰੀਭਾਸ਼ਾ ਕੀ ਹੈ? ਕੀ ਜ਼ੁਲਮ ਕੇਵਲ ਸਿੱਖਾਂ ਤੇ ਹੀ ਹੋਏ, ਜੇ ਨਹੀਂ ਤਾਂ ਜਿਨ੍ਹਾਂ ਤੇ ਹੋਏ, ਕੀ ਉਨ੍ਹਾਂ ਦੇ ਲਈ ਖਾਲਿਸਤਾਨੀ ਬੁਰਛਾਗਰਦੀ ਵੀ ਜ਼ਿਮੇਂਦਾਰ ਨਹੀਂ, ਜਿਨ੍ਹਾਂ ਕਰਕੇ ਅਸਾਂ ਤੀਹ ਹਜ਼ਾਰ ਬੇਗੁਨਾਹ ਲੋਕ ਗਵਾ ਲਏ? ਕੀ ਸਾਨੂੰ ਇਤਿਹਾਸ ਕੇਵਲ ਦਿੱਲੀ ਦੰਗਿਆਂ ਬਾਰੇ ਹੀ ਪੁਛੇਗਾ, ਜਾਂ ਬੇਗੁਨਾਹਵਾਂ ਬਾਰੇ ਵੀ, ਚਾਹੇ ਉਹ ਸਰਕਾਰੀ ਜਬਰ ਕਰਕੇ ਹੋਏ ਜਾਂ ਖਾਲਿਸਤਾਨੀਆਂ ਨੇ ਕੀਤੇ? ਹਜ਼ਾਰਾਂ ਸਾਲਾਂ ਤੋਂ ਦਲਿਤਾਂ ਤੇ ਹੋ ਰਹੇ ਜ਼ੁਲਮ ਕੀ ਜ਼ੁਲਮ ਨਹੀਂ? ਜਿਨ੍ਹਾਂ ਬਾਰੇ ਤੁਹਾਡੇ ਵਰਗੇ ਬੁਧੀਜੀਵੀ ਨੇ ਮਸਲਾ ਸ਼ਾਇਦ ਹੀ ਚੁਕਿਆ ਹੋਵੇ? ਮਰ ਰਹੀ ਕਿਰਸਾਨੀ ਜਾਂ ਮਜ਼ਦੂਰੀ, ਕੀ ਇਹ ਜ਼ੁਲਮ ਨਹੀਂ? ਤੁਹਾਨੂੰ ਕੇਵਲ ਸਿੱਖਾਂ ਤੇ ਹੋਏ ਜ਼ੁਲਮ ਹੀ ਵਿਖਾਈ ਦਿੰਦੇ ਹਨ?
ਇਸ ਵਿੱਚ ਕੋਈ ਸ਼ਕ ਨਹੀਂ, ਕਿ ਉਨ੍ਹਾਂ ਦੇ ਇਹ ਸੁਆਲ ਜ਼ਰੂਰ ਉਨ੍ਹਾਂ ਦੇ ਦਿਲ ਦੀਆਂ ਡੂੰਘਿਆਈਆਂ ਵਿੱਚ ਦੱਬੇ ਦਰਦ ਵਿਚੋਂ ਹੀ ਉਭਰੇ ਹੋਣਗੇ।
ਜਿਥੋਂ ਤਕ ਜ਼ੁਲਮ ਦੀ ਪ੍ਰੀਭਾਸ਼ਾ ਦੀ ਗਲ ਹੈ, ਉਹ ਇਹ ਹੈ ਕਿ ਹੱਕ ਤੇ ਇਨਸਾਫ ਦੇ ਲਈ ਉਠਣ ਵਾਲੀ ਹਰ ਆਵਾਜ਼, ਭਾਵੇਂ ਉਹ ਪਰਿਵਾਰ ਦੇ ਮੁੱਖੀਆ ਦੇ ਵਿਰੁੱਧ, ਘਰ ਦੇ ਹੀ ਕਿਸੇ ਜੀਅ ਵਲੋਂ ਉਠਾਈ ਜਾ ਰਹੀ ਹੋਵੇ ਜਾਂ ਸਮੇਂ ਦੀ ਸੱਤਾ ਦੇ ਵਿਰੁਧ ਜਾਂ ਫਿਰ ਕਿਸੇ ਫਿਰਕੇ ਦੇ ਲੋਕਾਂ ਵਲੋਂ ਆਪਣੇ ਮੁੱਖੀਆ ਦੇ ਵਿਰੁੱਧ, ਨੂੰ ਦਬਾਉਣਾ ਜ਼ੁਲਮ ਹੈ। ਜਿਥੋਂ ਤਕ ਜ਼ੁਲਮ ਕੇਵਲ ਸਿੱਖਾਂ ਤੇ ਹੀ ਹੋਣ ਦਾ ਸੁਆਲ ਹੈ, ਉਸ ਬਾਰੇ ਸਿੱਖ ਇਤਿਹਾਸ ਨੂੰ ਗੰਭੀਰਤਾ ਦੇ ਨਾਲ ਘੋਖਣ ਅਤੇ ਸਮਝਣ ਦੀ ਲੋੜ ਹੈ।
ਇਤਿਹਾਸ ਗੁਆਹ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੇਂ ਦੀ ਸੱਤਾ ਵਲੋਂ ਆਮ ਲੋਕਾਂ ਦੇ ਵਿਰੁੱਧ ਅਤੇ ਸਮਾਜ ਦੇ ਠੇਕੇਦਾਰਾਂ ਵਲੋਂ ਸਮਾਜ ਵਿੱਚ ਊਚ-ਨੀਚ ਵੰਡੀਆਂ ਪਾ ਕੇ ਆਪਣੀ ਸਰਵੁਚਤਾ ਸਥਾਪਤ ਕਰ, ਸਮਾਜ ਦੇ ਇਕ ਮਹਤਵ-ਪੂਰਣ ਅੰਗ ਨੂੰ ਦੁਰਕਾਰੇ ਜਾਣ ਦੀ ਅਪਨਾਈ ਗਈ ਹੋਈ ਸੋਚ ਦੇ ਵਿਰੁੱਧ, ਜੋ ਸੰਘਰਸ਼ ਅਰੰਭਿਆ ਸੀ, ਉਸ ਸੰਘਰਸ਼ ਵਿੱਚੋਂ ਹੀ ਸਿੱਖੀ ਹੋਂਦ ਵਿੱਚ ਆਈ ਸੀ। ਗੁਰੂ ਸਾਹਿਬ ਨੇ ‘ਮੈਂ ਨੀਚਾਂ ਤੋਂ ਵੀ ਨੀਚ ਹਾਂ’ ਦਾ ਹੋਕਾ ਦਿੰਦਿਆਂ ਕਿਹਾ ਕਿ ਮੇਰੀ ਵਡਿਆਂ ਦੇ ਨਾਲ ਕੋਈ ਰੀਸ ਨਹੀਂ। ਜਿਥੇ ਨੀਚਾਂ ਦੀ ਸੰਭਾਲ ਹੁੰਦੀ ਹੈ, ਉਥੇ ਹੀ ਅਕਾਲ ਪੁਰਖ ਦੀਆਂ ਬਖਸ਼ਸ਼ਾਂ ਦੀ ਵਰਖਾ ਹੁੰਦੀ ਹੈ।
ਇਤਿਹਾਸ ਇਸ ਗਲ ਦਾ ਵੀ ਗੁਆਹ ਹੈ ਕਿ ਗੁਰੂ ਸਾਹਿਬਾਨ ਨੇ ਸਮਾਜ ਵਿੱਚੋਂ ਊਚ-ਨੀਚ ਦੇ ਭੇਦ-ਭਾਵ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਹੀ ਪੰਗਤ (ਲੰਗਰ) ਅਤੇ ਸੰਗਤ ਦੀ ਪਰੰਪਰਾ ਅਰੰਭੀ ਸੀ। ਇਤਿਹਾਸ ਇਹ ਗੁਆਹੀ ਵੀ ਭਰਦਾ ਹੈ ਕਿ ਹਿੰਦੁਸਤਾਨ ਦੇ ਸ਼ਹਿਨਸ਼ਾਹ ਅਕਬਰ ਬਾਦਸ਼ਾਹ ਤਕ ਨੂੰ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਸਾਰਿਆਂ ਦੇ ਬਰਾਬਰ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੇ ਪਵਿਤ੍ਰ ਗ੍ਰੰਥ, ਆਦਿ ਗ੍ਰੰਥ ਸਾਹਿਬ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੀ ਸੰਪਾਦਨਾ ਕਰਦਿਆਂ, ਦੇਸ ਦੀਆਂ ਸਾਰੀਆਂ ਜਾਤੀਆਂ, ਭਾਵੇਂ ਉਹ ਉਚੀਆਂ ਮੰਨੀਆਂ ਜਾਂਦੀਆਂ ਸਨ ਜਾਂ ਨੀਵੀਆਂ, ਦੇ ਭਗਤਾਂ ਨੂੰ ਆਪਣੇ ਬਰਾਬਰ ਬਿਠਾ ਕੇ ਸਨਮਾਨਤ ਕੀਤਾ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸਿੱਖਾਂ, ਨੇ ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁੱਧ ਅੰਤਹੀਨ ਸੰਘਰਸ਼ ਕੀਤਾ ਅਤੇ ਕੁਰਬਾਨੀਆਂ ਵੀ ਦਿਤੀਆਂ। ਸ੍ਰੀ ਗੁਰੂ ਗਬਿੰਦ ਸਿੰਘ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਲਪਨਾ ਦੇ, ਖਾਲਸੇ ਦੀ ਸਿਰਜਨਾ ਨੂੰ ਸੰਪੂਰਨ ਕਰ, ਬਰਾਬਰਤਾ ਅਤੇ ਸਮਾਨਤਾ ਦਾ ਵਾਤਾਵਰਣ ਸਿਰਜਿਆ।
ਉਨ੍ਹਾਂ ਦੇ ਇਨ੍ਹਾਂ ਕਾਰਜਾਂ ਦਾ ਉਦੇਸ਼ ਸਮੇਂ ਦੀ ਹਕੂਮਤ ਅਤੇ ਸਮਾਜ ਦੇ ਠੇਕੇਦਾਰਾਂ ਵਲੋਂ ਜਬਰ ਤੇ ਜ਼ੁਲਮ ਦਾ ਸ਼ਿਕਾਰ ਬਣਾਏ ਜਾ ਰਹੇ ਅਤੇ ਦੱਬੇ-ਕੁਚਲੇ ਲੋਕਾਂ ਵਿੱਚ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਦੀ ਭਾਵਨਾ ਭਰ, ਉਨ੍ਹਾਂ ਨੂੰ ਆਤਮ-ਰਖਿਆ ਕਰਨ ਦੇ ਸਮਰਥ ਬਣਾਉਣਾ ਸੀ। ਗੁਰੂ ਸਾਹਿਬਾਨ ਤੋਂ ਬਾਅਦ ਸਿੱਖਾਂ ਨੇ, ਉਨ੍ਹਾਂ ਵਲੋਂ ਸੌਂਪੀ ਗਈ, ਇਸ ਜ਼ਿਮੇਂਦਾਰੀ ਨੂੰ ਦ੍ਰਿੜ੍ਹਤਾ ਦੇ ਨਾਲ ਨਿਭਾਇਆ, ਜੋ ਕਿ ਪ੍ਰਤੱਖ ਰੂਪ ਵਿੱਚ ਸਮੇਂ ਦੇ ਉਨ੍ਹਾਂ ਜ਼ਾਲਮ ਹੁਕਮਰਾਨਾਂ ਅਤੇ ਸਮਾਜ ਦੇ ਠੇਕੇਦਾਰਾਂ ਦੇ ਵਿਰੁੱਧ ਚੁਨੌਤੀ ਭਰੀ ਬਗ਼ਾਵਤ ਸੀ, ਜੋ ਜਬਰ ਤੇ ਜ਼ੁਲਮ ਦੇ ਸਹਾਰੇ ਆਪਣੀ ਸੱਤਾ ਕਾਇਮ ਕਰੀ ਰਖਣਾ ਚਾਹੁੰਦੇ ਸਨ।
ਇਤਿਹਾਸ ਇਸ ਗਲ ਦਾ ਵੀ ਗੁਆਹ ਹੈ ਕਿ ਜਦੋਂ ਸਿੱਖ, ਗੁਰੂ ਸਾਹਿਬਾਨ ਵਲੋਂ ਸੌਂਪੀ ਗਈ ਜ਼ਿਮੇਂਦਾਰੀ ਨੂੰ ਨਿਭਾਉਂਦਿਆਂ ਸੰਘਰਸ਼ ਕਰ ਰਹੇ ਸਨ, ਸਮੇਂ ਦੇ ਹੁਕਮਰਾਨਾਂ ਵਲੋਂ ਸਮਾਜ ਦੇ ਠੇਕੇਦਾਰਾਂ ਦੇ ਸਹਿਯੋਗ ਨਾਲ, ਸਿੱਖਾਂ ਦਾ ਖੁਰਾ-ਖੋਜ ਮਿਟਾਣ ਦੇ ਲਈ ਸ਼ਿਕਾਰ ਮੁਹਿੰਮਾਂ ਚਲਾਈਆਂ ਗਈਆਂ ਅਤੇ ਸਿੱਖ, ਦੇਸ਼ ਦੇ ਮਜ਼ਲੂਮਾਂ ਪੁਰ ਹੋ ਰਹੇ ਜ਼ੁਲਮ ਦੇ ਵਿਰੁੱਧ ਸੰਘਰਸ਼ ਕਰਦਿਆਂ, ਆਪਣੀ ਹੋਂਦ ਨੂੰ ਕਾਇਮ ਰਖਣ ਲਈ ਜੰਗਲਾਂ-ਬੇਲਿਆਂ ਵਿੱਚ ਭਟਕ ਰਹੇ ਸਨ, ਤਾਂ ਕਿਸੇ, ਇਥੋਂ ਤਕ ਕਿ ਜਿਨ੍ਹਾਂ ਦੀ, ਹੋ ਰਹੇ ਜ਼ੁਲਮਾਂ ਤੌਂ ਰਖਿਆਂ ਕਰਨ ਦੇ ਲਈ ਉਹ ਜੂਝ ਰਹੇ ਸਨ, ਨੇ ਵੀ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਉਠਾਣੀ ਤਾਂ ਦੂਰ ਰਹੀ, ‘ਆਹ!’ ਦਾ ਨਾਹਰਾ ਤਕ ਵੀ ਨਹੀਂ ਸੀ ਮਾਰਿਆ। ਫਿਰ ਵੀ ਉਨ੍ਹਾਂ ਨੇ ਕਿਸੇ ਦੇ ਨਾਲ ਕੋਈ ਸ਼ਿਕਵਾ ਨਹੀਂ ਕੀਤਾ। 1746, 1762 ਅਤੇ 1984 ਦੇ ਘਲੂਘਾਰੇ ਹੋਏ ਕਿਸੇ ਨੇ ਉਨ੍ਹਾਂ ਦੇ ਨਾਲ ਹਮਦਰਦੀ ਭਰੇ ਦੋ ਸ਼ਬਦ ਤਕ ਨਹੀਂ ਕਹੇ।
ਜਿਥੋਂ ਤਕ ਖਾਲਿਸਤਾਨੀਆਂ ਦੀ ‘ਬੁਰਛਾਗਰਦੀ’ ਬਾਰੇ ਪੁਛੇ ਗਏ ਸੁਆਲ ਦਾ ਸਬੰਧ ਹੈ, ਜੇ ਇਨ੍ਹਾਂ ਦੀ ਹੋਂਦ ਦੀ ਅਰੰਭਤਾ ਵਲ ਝਾਤ ਮਾਰੀ ਜਾਏ, ਤਾਂ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦੀ ਹੈ ਕਿ, ਭਾਵੇਂ ਖਾਲਿਸਤਾਨੀਆਂ ਦੇ ਆਪੇ ਬਣੇ ਆਗੂ ਇਸ ਸੱਚਾਈ ਨੂੰ ਨਾ ਸਵੀਕਾਰਨ, ਫਿਰ ਵੀ ਸੱਚਾਈ ਇਹੀ ਹੈ ਕਿ ਸਮੇਂ ਦੀ ਸਰਕਾਰ ਵਲੋਂ ਹੀ ਇਹ ਖਾਲਿਸਤਾਨੀ ਸਿੱਖਾਂ ਦੀ ਸਥਾਪਤ ਲੀਡਰਸ਼ਿਪ ਨੂੰ ਬੌਨਿਆਂ ਕਰਨ ਦੇ ਉਦੇਸ਼ ਨਾਲ ਉਭਾਰੇ ਗਏ ਸਨ ਅਤੇ ਉਹੀ ਇਨ੍ਹਾਂ ਦੀ ਸਰਪ੍ਰਸਤੀ ਕਰਦੀ ਰਹੀ। ਇਹ ਵਖਰੀ ਗਲ ਹੈ ਕਿ ਹੁਣ ਇਨ੍ਹਾਂ ਅਖੌਤੀ ਖਾਲਿਸਤਾਨੀਆਂ ਵਿਚੋਂ ਕਈ ਆਪੋ-ਆਪਣੀ ਦੁਕਾਨ ਸਜਾ ਕੇ ਵਖੋ-ਵੱਖ ਡਫਲੀ ਵਜਾਣ ਲਗੇ ਹਨ। ਇਨ੍ਹਾਂ ਨੂੰ ਕੁਝ ਵਿਦੇਸ਼ੀਂ ਵਸੇ ਜਜ਼ਬਾਤੀ ਸਿੱਖ ਆਪਣਾ ਸ਼ੁਗਲ ਪੂਰਿਆਂ ਕਰਨ ਲਈ, ਦਾਣਾ ਸੁਟਦੇ ਰਹਿੰਦੇ ਹਨ. ਜਿਸ ਕਾਰਣ ਇਹ ਆਮ ਸਿੱਖਾਂ ਵਿੱਚ ਕੋਈ ਪੁੱਛ-ਗਿਛ ਨਾ ਹੋਣ ਦੇ ਬਾਵਜੂਦ ਆਪਣੀਆਂ ਦੁਕਾਨਾਂ ਕਾਇਮ ਰਖੀ ਚਲੇ ਆ ਰਹੇ ਹਨ।
ਪ੍ਰਸ਼ੰਨ-ਕਰਤਾ ਨੇ ਖਾੜਕੂਆਂ ਦੀ ਗਲ ਵੀ ਕੀਤੀ ਹੈ, ਸਮੇਂ ਦਾ ਹਾਲਾਤ ਅਤੇ ਤਥਾਂ ਦੀ ਘੋਖ ਕੀਤਿਆਂ, ਇਹ ਗਲ ਚਿੱਟੇ ਦਿਨ ਵਾਂਗ ਸਾਫ਼ ਹੋ ਜਾਂਦੀ ਹੈ, ਕਿ ਇਨ੍ਹਾਂ ਖਾੜਕੂਆਂ ਵਿੱਚੋਂ ਕੁਝ ਤਾਂ ਅਜਿਹੇ ਸਨ, ਜੋ ਸੁਰਖਿਆ ਬਲਾਂ ਵਲੋਂ ਢਾਹੇ ਗਏ ਜ਼ੁਲਮ ਵਿਚੋਂ ਉਭਰੇ ਸਨ ਤੇ ਕਈ ਅਜਿਹੇ ਸਨ, ਜਿਨ੍ਹਾਂ ਨੂੰ ਸਮੇਂ ਦੇ ਸੱਤਾਧਾਰੀਆਂ ਨੇ ਪੰਜਾਬ ਵਿੱਚ ਸਰਗਰਮ ਚਲੇ ਆ ਰਹੇ ਸਮਾਜ-ਵਿਰੋਧੀ ਤੇ ਗੁੰਡਾ ਅਨਸਰ ਨੂੰ ਇਸ ਉਦੇਸ਼ ਦੇ ਨਾਲ, ਉਨ੍ਹਾਂ ਵਿੱਚ ਸ਼ਾਮਲ ਕਰਵਾ ਦਿੱਤਾ ਸੀ, ਕਿ ਇਹ ਅਨਸਰ ਅਜਿਹੇ ਗੁਨਾਹ-ਭਰਪੁਰ ਕਾਰਨਾਮੇਂ ਸਰ-ਅੰਜਾਮ ਦੇਵੇ, ਜਿਨ੍ਹਾਂ ਕਾਰਣ ਸੁਰਖਿਆ ਬਲਾਂ ਦੇ ਜ਼ੁਲਮ ਦਾ ਸ਼ਿਕਾਰ ਹੋ, ਭਟਕੇ ਨੌਜਵਾਨ ਆਮ ਲੋਕਾਂ ਦੀ ਹਮਦਰਦੀ ਦੇ ਪਾਤ੍ਰ ਨਾ ਬਣ ਸਕਣ। ਪੰਜਾਬ ਦੇ ਸੰਤਾਪ ਦੇ ਦਿਨਾਂ ਵਿੱਚ ਜੋ ਬੇਗੁਨਾਹਵਾਂ ਦੇ ਕਤਲਾਂ ਅਤੇ ਲੁਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਉਨ੍ਹਾਂ ਵਿੱਚੋਂ ਬਹੁਤੀਆਂ ਦੇ ਲਈ, ਇਹੀ ਅਨਸਰ ਜ਼ਿਮੇਂਦਾਰ ਸੀ, ਜਿਸਨੂੰ ਸਮੇਂ ਦੀ ਸਰਕਾਰ ਦੀ ਪੂਰੀ ਸਰਪ੍ਰਸਤੀ ਹਾਸਲ ਸੀ। ਜਿਸਦਾ ਪ੍ਰਤੱਖ ਸਬੂਤ ਇਹ ਹੈ ਕਿ ਸ੍ਰੀ ਦਰਬਾਰ ਸਾਹਿਬ ਪੂਰੀ ਤਰ੍ਹਾਂ ਸੁਰਖਿਆ ਬਲਾਂ ਦੇ ਘੇਰੇ ਵਿੱਚ ਸੀ। ਇਹ ਘੇਰਾ ਇਤਨਾ ਸਖਤ ਸੀ, ਕਿ ਕੋਈ ਪਰਿੰਦਾ ਵੀ ਸੁਰਖਿਆ ਬਲਾਂ ਦੀ ਮਰਜ਼ੀ ਬਿਨਾਂ ਪਰ ਨਹੀਂ ਸੀ ਮਾਰ ਸਕਦਾ। ਇਤਨੇ ਸਖਤ ਘੇਰੇ ਦੇ ਹੁੰਦਿਆਂ ਹੋਇਆਂ ਵੀ, ਅਸੱਲੇ ਦੇ ਭਰੇ ਟਰੱਕ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਪੁਜਦੇ ਰਹੇ। ਕਾਤਲ ਅਤੇ ਲੁਟੇਰੇ ਇਸੇ ਘੇਰੇ ਵਿੱਚੋਂ ਬਾਹਰ ਨਿਕਲਦੇ ਅਤੇ ਸ਼ਰਮਨਾਕ ਕਾਰੇ ਕਰ, ਸੁਰਖਿਅਤ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੁੜ ਆਉਂਦੇ ਰਹੇ। ਜ਼ਰਾ ਜਿੰਨਾਂ ਵੀ ਦਿਮਾਗ਼ ਤੇ ਭਾਰ ਪਾ ਕੇ ਸੋਚਿਆ ਜਾਏ, ਤਾਂ ਇਸ ਸੁਆਲ ਦਾ ਜੁਆਬ ਆਪਣੇ-ਆਪ ਮਿਲ ਜਾਇਗਾ, ਕਿ ਅਜਿਹਾ ਸਰਕਾਰ ਅਤੇ ਦਰਬਾਰ ਸਾਹਿਬ ਨੂੰ ਘੇਰੇ ਵਿੱਚ ਲਈ ਬੈਠੇ ਸੁਰਖਿਆ ਬਲਾਂ ਦੇ ਨਾਲ ਗੰਢ-ਤਰੁਪ ਕੀਤੇ ਬਿਨਾਂ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ ਹੋ ਸਕਦਾ।
ਇਸ ਵਿੱਚ ਵੀ ਕੋਈ ਸ਼ਕ ਨਹੀਂ ਕਿ ਉਸ ਸਮੇਂ ਦੀ ਸਿੱਖ-ਲੀਡਰਸ਼ਿਪ ਪੂਰੀ ਤਰ੍ਹਾਂ ਬੁਜ਼ਦਿਲ ਅਤੇ ਅਕਲ ਤੋਂ ਸਖਣੀ ਸਾਬਤ ਹੋਈ, ਜਿਸਨੇ ਜਾਣਦਿਆਂ ਬੁਝਦਿਆਂ ਵੀ ਬੇਗੁਨਾਹਵਾਂ ਦੇ ਹੋ ਰਹੇ ਕਤਲਾਂ ਅਤੇ ਲੁਟ-ਖੋਹ ਦੀਆਂ ਹੋ ਰਹੀਆਂ ਘਟਨਾਵਾਂ ਦੇ ਵਿਰੁੱਧ ਆਵਾਜ਼ ਨਹੀਂ ਉਠਾਈ। ਇਸਤਰ੍ਹਾਂ ਉਸਨੇ ਨਾ ਕੇਵਲ ਆਪਣੀ ਜ਼ਿਮੇਂਦਾਰੀ ਨਿਭਾਹੁਣ ਪਖੋਂ ਗ਼ੈਰ-ਜ਼ਿਮੇਂਦਾਰ ਹੋਣ ਦਾ ਸਬੂਤ ਦਿਤਾ, ਸਗੋਂ ਉਸ ਸਿੱਖ ਪੰਥ ਨਾਲ ਵੀ ਗਦਾਰੀ ਕੀਤੀ, ਜਿਸਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦਿਆਂ, ਉਹ ਥਕਦੀ ਨਹੀਂ। ਗਲ ਭਾਵੇਂ ਬਹੁਤ ਕੌੜੀ ਹੈ ਪਰ ਹੈ ਸੱਚੀ, ਅੱਜ ਦੀ ਅਕਾਲੀ ਲੀਡਰਸ਼ਿਪ, ਜੋ ਸਦਾ ਹੀ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੀ ਚਲੀ ਆ ਆਉਂਦੀ ਰਹੀ ਹੈ, ਅੱਜਕਲ ਸਿੱਖਾਂ ਦੀ ਪ੍ਰਤੀਨਿਧਤਾ ਕਰਨਾ ਛੱਡ, ਕੇਵਲ ਕਿਰਸਾਨੀ ਦੀ ਹੀ ਪ੍ਰਤੀਨਿਧਤਾ ਕਰਨ ਪ੍ਰਤੀ ਸਮਰਪਿਤ ਹੋ ਚੁਕੀ ਹੈ। ਹੁਣ ਉਨ੍ਹਾਂ ਦੇ ਸੰਘਰਸ਼ ਦੇ ਏਜੰਡੇ ਵਿੱਚ ਸਿੱਖਾਂ ਦੇ ਹਿਤਾਂ ਦੀ ਰਖਿਆ ਕਰਨ ਦਾ ਦਾਅਵਾ, ਕੇਵਲ ਬਿਆਨਬਾਜ਼ੀ ਤਕ ਸੀਮਤ ਹੋ ਕੇ ਰਹਿ ਗਿਆ ਹੋਇਆ ਹੈ, ਜਦਕਿ ਕਿਰਸਾਨੀ ਦੇ ਹਿਤਾਂ ਦੀ ਰਖਿਆ ਲਈ ਉਹ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੈ। ਪੰਥ ਦੀ ਪ੍ਰਤੀਨਿਧਤਾ ਕਰਨ ਦੇ ਇਕ ਦਾਅਵੇਦਾਰ ਅਕਾਲੀ ਦਲ ਨੇ ‘ਧਰਮ ਨਿਰਪੇਖੱ’ ਹੋਣ ਦਾ ਵੀ ਦਾਅਵਾ ਕਰਨਾ ਸ਼ੁਰੂ ਕਰ ਦਿ    ਤਾ ਹੈ।
ਦਲਿਤਾਂ ਪੁਰ ਹੋਣ ਵਾਲੇ ਜ਼ੁਲਮਾਂ ਦੀ ਗਲ ਕਰਦਿਆਂ ਸ਼ਿਕਵਾ ਕੀਤਾ ਗਿਆ ਹੈ ਕਿ ਕੋਈ ਬੁੱਧੀਜੀਵੀ, ਹਜ਼ਾਰਾਂ ਵਰ੍ਹਿਆਂ ਤੋਂ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਚਲੇ ਆ ਰਹੇ ਦਲਿਤਾਂ ਦੇ ਹੱਕ ਵਿੱਚ ਆਵਾਜ਼ ਨਹੀਂ ਉਠਾਂਦਾ। ਜਿਵੇਂ ਕਿ ਅਰੰਭ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਦੱਬੇ-ਕੁਚਲੇ ਲੋਕਾਂ ਤੇ ਹੋ ਰਹੇ ਜ਼ੁਲਮਾਂ ਦੇ ਵਿਰੁੱਧ ਗੁਰੂ ਸਾਹਿਬਾਂ ਵਲੋਂ ਉਠਾਈ ਗਈ ਆਵਾਜ਼ ਦੇ ਫਲਸਰੂਪ ਹੀ ਸਿੱਖ ਪੰਥ ਹੋਂਦ ਵਿੱਚ ਆਇਆ ਸੀ। ਕਈ ਲੇਖਕ ਅਤੇ ਬੁੱਧੀਜੀਵੀ ਦਲਿਤਾਂ ਪੁਰ ਹੋਏ ਤੇ ਹੋ ਰਹੇ ਜ਼ੁਲਮਾਂ ਦੇ ਵਿਰੁੱਧ ਲਗਾਤਾਰ ਆਵਾਜ਼ ਉਠਾਂਦੇ ਚਲੇ ਆ ਰਹੇ ਹਨ। ਯਾਦ ਰਖਣ ਵਾਲੀ ਗਲ ਇਹ ਹੈ ਕਿ ਇਹ ਜ਼ੁਲਮ ਤਦ ਤਕ ਨਹੀਂ ਬੰਦ ਹੋ ਸਕਦੇ, ਜਦੋਂ ਤਕ ਦਲਿਤਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰਾਂ ਵਿੱਚੋਂ ਹੀ ਕੁਝ ਜ਼ਾਲਮਾਂ ਦੀ ਕੁਹਾੜੀ ਦਾ ਦਸਤਾ ਬਣੇ ਚਲੇ ਆਉਂਦੇ ਰਹਿਣਗੇ। ਕੀ ਇਹ ਸੱਚਾਈ ਨਹੀਂ ਕਿ ਦਲਿਤਾਂ ਦੇ ਹੀ ਕਈ ਆਗੂ, ਹਮਦਰਦ ਬਣ, ਉਨ੍ਹਾਂ ਦਾ ਸ਼ੋਸ਼ਣ ਕਰ, ਆਪਣੇ ਘਰ ਭਰਦੇ ਚਲੇ ਆ ਰਹੇ ਹਨ।
…ਅਤੇ ਅੰਤ ਵਿੱਚ : ਸੁਆਲਾਂ ਵਿੱਚੋਂ ਇਕ ਸੁਆਲ ਇਹ ਵੀ ਸੀ ਕਿ ਕੀ ਇਤਿਹਾਸ ਕੇਵਲ ਦਿੱਲੀ ਦੰਗਿਆਂ ਬਾਰੇ ਹੀ ਪੁਛੇਗਾ ਜਾਂ ਬੇਗੁਨਾਹਵਾਂ ਦੇ ਕਤਲਾਂ ਬਾਰੇ ਵੀ, ਚਾਹੇ ਉਹ ਸਰਕਾਰੀ ਜਬਰ ਕਰ ਕੇ ਹੋਏ ਜਾਂ ਖਾਲਿਸਤਾਨੀਆਂ ਨੇ ਕੀਤੇ? ਇਸ ਵਿੱਚ ਕੋਈ ਸ਼ਕ ਨਹੀਂ ਕਿ ਇਤਿਹਾਸ ਬੇਗੁਨਾਹਵਾਂ ਦੇ ਹਰ ਕਤਲ ਬਾਰੇ ਪੁਛੇਗਾ। ਪਰ ਸੁਆਲ ਇਹ ਵੀ ਹੈ ਕਿ ਕੀ ਕੋਈ ਇਸਦਾ ਜਵਾਬ ਨਿਰਪੱਖਤਾ ਅਤੇ ਇਮਾਨਦਾਰੀ ਦੇ ਨਾਲ ਦੇਣ ਦਾ ਸਾਹਸ ਕਰ ਸਕੇਗਾ? ਜਾਂ ਕੇਵਲ ਵਿਰੋਧੀ ਭਾਵਨਾ ਦੇ ਨਾਲ ਇਕ ਜਾਂ ਦੂਜੇ ਦੇ ਮੱਥੇ ਦੋਸ਼ ਮੜ੍ਹ ਆਣਾ ਪੱਲਾ ਝਾੜ ਲੈਣਾ ਚਾਹੇਗਾ?

Translate »