-ਜਸਵਂਤ ਸਿੰਘ ‘ਅਜੀਤ’–
ਕੁਝ ਦਿਨ ਹੋਏ, ਇਕ ਅੰਗ੍ਰੇਜ਼਼ੀ ਦੈਨਿਕ ਵਿੱਚ ਭਾਜਪਾ ਦੇ ਰਾਮ-ਰਥ ਯਾਤ੍ਰੀ, ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਲ ਸਬੰਧਤ ਦੈਨਿਕ ਦੇ ਪਤ੍ਰਕਾਰ ਦੀ ਹੋਈ ਮੁਲਾਕਾਤ ਦੇ ਵੇਰਵੇ ਪ੍ਰਕਾਸ਼ਤ ਹੋਏ ਸਨ, ਜਿਨ੍ਹਾਂ ਦੇ ਅਨੁਸਾਰ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਧਾਰਮਕ ਸੰਸਕਾਰ ਹਿੰਦੂਆਂ ਨਾਲੋਂ ਕਿਤੇ ਵੱਧ ਸਿੱਖਾਂ ਵਾਲੇ ਰਹੇ ਹਨ। ਉਨ੍ਹਾਂ ਦੇ ਕਰਾਚੀ ਸਥਿਤ ਨਿਵਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੁਸ਼ੋਭਤ ਰਹੀ।
ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਦੀ ਰੋਸ਼ਨੀ ਵਿੱਚ, ਉਨ੍ਹਾਂ ਦੇ ਜੀਵਨ-ਆਚਰਣ ਅਤੇ ਕਿਰਦਾਰ ਨੂੰ ਘੋਖਿਆ ਜਾਏ, ਤਾਂ ਜਾਪਦਾ ਹੈ, ਜਿਵੇਂ ਸਿਖਾਂ ਦੇ ਧਾਰਮਕ ਸੰਸਕਾਰਾਂ ਦੀ ਛਾਂ ਵਿੱਚ ਰਹਿੰਦਿਆਂ ਹੋਇਆਂ ਵੀ, ਉਹ ਉਨ੍ਹਾਂ ਤੋਂ ਪੂਰੀ ਤਰ੍ਹਾਂ ਅਭਿਜ ਅਤੇ ਨਿਰਲੇਪ ਬਣੇ ਰਹੇ। ਉਨ੍ਹਾਂ ਨੇ ਰਾਮ-ਰਥ ਯਾਤ੍ਰਾ ਕਢ, ਦੇਸ਼ ਵਿੱਚ ਜੋ ਘ੍ਰਿਣਾ ਅਤੇ ਨਫਰਤ ਦਾ ਵਾਤਾਵਰਣ ਬਣਾਇਆ, ਉਸਦੇ ਫਲਸਰੂਪ ਦੇਸ਼ ਦੇ ਕਈ ਹਿਸਿਆਂ ਵਿੱਚ ਫਿਰਕੂ ਫਸਾਦ ਹੋਏ। ਜਿਨ੍ਹਾਂ ਵਿੱਚ ਅਨੇਕਾਂ ਬੇਗੁਨਾਹ ਮਰੇ, ਗੰਭੀਰ ਰੂਪ ਵਿੱਚ ਜ਼ਖਮੀ ਹੋਏ ਅਤੇ ਘਰੋਂ ਬੇ-ਘਰ ਹੋ ਗਏ। ਬਾਬਰੀ ਮਸਜਿਦ ਦਾ ਤੋੜਿਆ ਜਾਣਾ ਵੀ ਉਨ੍ਹਾਂ ਦੀ ਰੱਥ-ਯਾਤ੍ਰਾ ਦੀ ‘ਬਹੁਤ ਵੱਡੀ ਪ੍ਰਾਪਤੀ’ ਮੰਨੀ ਜਾਣ ਲਗ ਪਈ। ਕੇਵਲ ਇਹੀ ਨਹੀਂ ਉਨ੍ਹਾਂ ਨੇ ਆਪਣੀ ਜੀਵਨੀ ਵਿੱਚ ਬੜੇ ਹੀ ਮਾਣ ਦੇ ਨਾਲ ਇਹ ਦਾਅਵਾ ਵੀ ਕੀਤਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ, ਭਾਜਪਾ, ਨੇ ਹੀ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਪੁਰ ਦਬਾਉ ਬਣਾਕੇ, ਉਨ੍ਹਾਂ ਨੂੰ ਸਿੱਖਾਂ ਦੇ ਪਵਿਤ੍ਰ ਧਾਰਮਕ ਅਸਥਾਨ ਹਰਿਮੰਦਿਰ ਸਾਹਿਬ ਪੁਰ ਸੈਨਿਕ ਕਾਰਵਾਈ ਕਰਨ ਦੇ ਲਈ ਮਜਬੂਰ ਕਰ ਦਿਤਾ ਸੀ, ਉਹ ਤਾਂ ਇਤਨਾ ਗੰਭੀਰ ਕਦਮ ਚੁਕਣ ਤੋਂ ਹਿਚਕਿਚਾ ਰਹੇ ਸਨ।
ਸੁਆਲ ਉਠਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਸ਼ਬਦਾਂ: ‘ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ’। ‘ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ, ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ’। ਅਤੇ ‘ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ, ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ’, ਦੇ ਮਾਰਗ-ਦਰਸ਼ਨ ਵਿੱਚ ਚਲਦਿਆਂ ਰੋਜ਼ ਦੋਵੇਂ ਵੇਲੇ ਅਰਦਾਸ ਕਰ ‘ਸਰਬਤ ਦਾ ਭਲਾ’ ਮੰਗਣ ਵਾਲੇ, ਸਿੱਖ ਸੰਸਕਾਰਾਂ ਦੀ ਛਤ੍ਰਛਾਇਆ ਵਿੱਚ ਪਲਣ ਵਾਲਾ ਵਿਅਕਤੀ ਕੀ ਕਿਸੇ ਵੀ ਪੱਧਰ ਤੇ ਅਜਿਹਾ ਕਦਮ ਉਠਾਉਣ ਦੇ ਸੰਬੰਧ ਵਿੱਚ ਸੋਚ ਵੀ ਸਕਦਾ ਹੈ, ਜਿਸ ਨਾਲ ਵੱਖ-ਵਂਖ ਫਿਰਕਿਆਂ ਵਿੱਚਕਾਰ ਅਜਿਹੀ ਨਫਰਤ ਪੈਦਾ ਹੋ ਜਾਏ ਕਿ ਉਹ ਇਕ-ਦੂਜੇ ਦੇ ਗਲੇ ਵੱਢਣ ਅਤੇ ਪੂਜਾ ਅਸਥਾਨ ਢਾਹ ਬਗਲਾਂ ਵਜਾਉਣ ਪੁਰ ਉਤਰ ਆਉਣ?
ਹਰਸਿਮਰਤ ਨੇ ਨਾਰੀਆਂ ਲਈ ਮਰਦਾਂ ਦੇ ਬਰਾਬਰ ਪ੍ਰਤੀਨਿਧਤਾ ਦੀ ਕੀਤੀ ਮੰਗ : ਬੀਤੇ ਦਿਨੀਂ ਕੀਨੀਆ ਦੀ ਰਾਜਧਾਨੀ ਨੈਰੋਬੀ ਵਿਖੇ ਹੋਈ ਰਾਸ਼ਟਰਮੰਡਲ ਦੇਸ਼ਾਂ ਦੀਆਂ ਸਾਂਸਦ ਔਰਤਾਂ ਦੀ ਦੂਜੀ ਕਾਨਫ੍ਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਅਤੇ ਸਮਾਜ ਦੇ ਲਈ ਨੀਤੀਆਂ ਘੜਨ ਅਤੇ ਫੈਸਲੇ ਲੈਣ ਦੀ ਪ੍ਰਕ੍ਰਿਆ ਵਿੱਚ ਔਰਤਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ ਦੇਣ ਦੇ ਸਬੰਧ ਵਿੱਚ ਪ੍ਰਭਾਵਸ਼ਾਲੀ ਨੀਤੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਔਰਤਾਂ ਨੂੰ ਵੀ ਸਲਾਹ ਦਿਤੀ ਕਿ ਉਨ੍ਹਾਂ ਨੂੰ ਆਪਣੀ ਇਹ ਧਾਰਣਾ ਬਦਲ ਲੈਣੀ ਚਾਹੀਦੀ ਹੈ ਕਿ ਲੋਕਤੰਤਰ ਵਿੱਚ ਕੇਵਲ ਮਰਦ ਹੀ ਨੇਤਾ ਵਜੋਂ ਸਫਲ ਹੋ ਸਕਦੇ ਹਨ।
ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪ੍ਰਗਟ ਕਤਿੇ ਗਏ ਇਨ੍ਹਾਂ ਵਿਚਾਰਾਂ ਤੋਂ ਅਜਿਹਾ ਲਗਦਾ ਹੈ ਕਿ ਉਹ ਬੇਟੀਆਂ ਦੀ ਰਖਿਆ ਦੇ ਲਈ ਸ਼ੁਰੂ ਕੀਤੀ ਗਈ ਹੋਈ ਆਪਣੀ ‘ਨੰਨ੍ਹੀ ਛਾਂ’ ਮੁਹਿੰਮ ਦੀ ਸਫਲਤਾ ਤੋਂ ਉਤਸਾਹਿਤ ਹੋ, ‘ਔਰਤਾਂ ਲਈ ਮਰਦਾਂ ਦੇ ਬਰਾਬਰ ਪ੍ਰਤੀਨਿਧਤਾ’ ਦੀ ਪੈਰਵੀ ਕਰਨ ਜਾ ਰਹੇ ਹਨ। ਜੇ ਅਜਿਹਾ ਹੈ ਤਾਂ ਉਨ੍ਹਾਂ ਦੇ ਇਹ ਵਿਚਾਰ ਅਤੇ ਸੋਚ ਸਵਾਗਤ-ਯੋਗ ਹੈ। ਜੇ ਉਹ ਆਪਣੇ ਇਨ੍ਹਾਂ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਦਾ ਕੰਮ ਘਰ, ਅਰਥਾਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਹੀ ਸ਼ੁਰੂ ਕਰਨ, ਤਾਂ ਉਨ੍ਹਾਂ ਦੀ ਇਸ ਸੋਚ ਨੂੰ ਭਰਪੂਰ ਸਮਰਥਨ ਮਿਲਣ ਦੀ ਸੰਭਾਵਨਾ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ, ਕਿਉਂਕਿ ਇਸਦੇ ਨਾਲ ਆਮ ਲੋਕਾਂ ਵਿੱਚ ਇਹ ਸੰਦੇਸ਼ ਜਾਣ ਲਗੇਗਾ ਕਿ ਬੀਬੀ ਹਰਸਿਮਰਤ ਕੌਰ ਬਾਦਲ, ਕੇਵਲ ਕਥਨੀ ਵਿੱਚ ਹੀ ਵਿਸ਼ਵਾਸ ਨਹੀਂ ਰਖਦੇ, ਸਗੋਂ ਉਨ੍ਹਾਂ ਵਿੱਚ ਆਪਣੀ ਕਥਨੀ ਪੁਰ ਪਹਿਰਾ ਦੇ ਕੇ ਉਸਤੇ ਅਮਲ ਕਰਨ ਅਤੇ ਕਰਵਾਉਣ ਦੀ ਸਮਰਥਾ ਅਤੇ ਦ੍ਰਿੜ੍ਹ ਨਿਸ਼ਚਾ-ਸ਼ਕਤੀ ਵੀ ਹੈ।
ਦੇਖਣਾ ਹੋਵੇਗਾ ਕਿ ਕੀ ਉਹ ਅਜਿਹਾ ਕਰਨ ਦੀ ਦਲੇਰੀ ਵਿਖਾ ਪਾਣ ਦੀ ਸਮਰਥਾ ਦਾ ਅਹਿਸਾਸ ਕਰਵਾਉਣ ਵਿੱਚ ਸਫਲ ਹੁੰਦੈ ਹਨ? ਇਸਦੇ ਨਾਲ ਹੀ, ਇਸ ਗਲ ਦਾ ਵੀ ਇੰਤਜ਼਼ਾਰ ਰਹੇਗਾ ਕਿ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਵਿਚਾਰਾਂ ਨੂੰ ਕਿਤਨਾ ਸਨਮਾਨ, ਸਮਰਥਨ ਅਤੇ ਸਹਿਯੋਗ ਦਿੰਦੇ ਹਨ?
ਟਾਈਟਲਰ ਨੂੰ ਸਿਰੋਪਾਉ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਨੇ ਸੱਚਾਈ ਤੋਂ ਅਨਜਾਣ ਹੋਣ ਦਾ ਸਬੂਤ ਦਿੰਦਿਆਂ ਕੇਵਲ ਵਿਰੋਧੀ ਭਾਵਨਾ ਦਾ ਸ਼ਿਕਾਰ ਹੋ ਜਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੂੰ ਖੁਸ਼ ਕਰਨ ਦੇ ਉਦੇਸ਼ ਦੇ ਨਾਲ, ਬੀਤੇ ਦਿਨੀਂ ਇਕ ਬਿਆਨ ਦਿਤਾ, ਜਿਸ ਵਿੱਚ ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਪੁਰ ਨਵੰਬਰ-84 ਦੀ ਸਿੱਖ ਨਸਲਕੁਸ਼ੀ ਦੇ ਲਈ ਗਰਦਾਨੇ ਜਾਂਦੇ ਇਕ ਮੁੱਖ ਦੋਸ਼ੀ, ਜਗਦੀਸ਼ ਟਾਈਟਲਰ ਨੂੰ ਸਿਰੋਪਾਉ ਦੇਣ ਦਾ ਦੋਸ਼ ਲਾਕੇ ਉਨ੍ਹਾਂ ਨੂੰ ਬੁਰਾ-ਭਲਾ ਕਿਹਾ, ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੇਂਦਰੀ ਮੁੱਖੀਆਂ ਸਹਿਤ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਨ, ਕਿ ਜਿਸ ਵਿਅਕਤੀ ਨੇ ਜਗਦੀਸ਼ ਟਾਈਟਲਰ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਸੀ, ਉਸਨੂੰ ਸ੍ਰੀ ਅਕਾਲ ਤਖਤ ਪੁਰ ਸੰਮਨ ਕਰਵਾ, ਮਲਾਈ ਤੇ ਬਦਾਮਾਂ ਵਾਲਾ ਦੁੱਧ ਪਿਲਵਾ, ਦੋਸ਼-ਮੁਕਤ ਕਰਵਾ ਦਿਤਾ ਗਿਆ ਸੀ। ਉਸਤੋਂ ਬਾਅਦ ਉਸਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਸ. ਪਰਮਜੀਤ ਸਿੰਘ ਸਰਨਾ ਦੇ ਵਿਰੁਧ ਉਮੀਦਵਾਰ ਵੀ ਬਣਾਇਆ ਗਿਆ ਅਤੇ ਜਦੋਂ ਉਹ ਹਾਰ ਗਿਆ ਤਾਂ ਉਸਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਲ ਦੇ ਕੋਟੇ ਵਿੱਚੋਂ ਮੈਂਬਰ ਨਾਮਜ਼ਦ ਕਰਵਾ ਕੇ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਪਾਰਟੀ ਦਾ ਉਮੀਦਵਾਰ ਵੀ ਬਣਾਇਆ ਗਿਆ। ਇਹ ਵਖਰੀ ਗਲ ਹੈ ਕਿ ਉਹ ਇਸ ਮੁਕਾਬਲੇ ਵਿੱਚ ਵੀ ਸ. ਪਰਮਜੀਤ ਸਿੰਘ ਸਰਨਾ ਤੋਂ ਹਾਰ ਗਿਆ। ਜ. ਮੱਕੜ ਨੇ ਅਨਜਾਣੇ ਵਿੱਚ ਇਕ ਵਿਰੋਧੀ ਨੂੰ ਘੇਰ ਕੇ ਕਟਹਿਰੇ ਵਿੱਚ ਖੜਾ ਕਰਨ ਲਈ ਉਸ ਪੁਰ ਅਜਿਹਾ ਦੋਸ਼ ਲਗਾ ਦਿਤਾ, ਜਿਸਦੇ ਨਾਲ ਉਨ੍ਹਾਂ ਦੇ ਆਪਣੇ ਹੀ ਨੇਤਾ ਕਟਹਿਰੇ ਵਿੱਚ ਆ ਖੜੇ ਹੋਏ ਹਨ। ਇਸੇ ਲਈ ਤਾਂ ਕਹਿੰਦੇ ਹਨ ਕਿ ‘ਨਾਦਾਂ ਦੋਸਤ ਨਾਲੋਂ ਸਿਆਣਾ ਦੁਸ਼ਮਣ ਲੱਖ ਦਰਜੇ ਚੰਗਾ’ ਹੁੰਦਾ ਹੈ।
ਇਸੇ ਤਰ੍ਹਾਂ ਹੀ ਜ. ਅਵਤਾਰ ਸਿੰਘ ਮੱਕੜ ਨੇ ਵਿਰੋਧੀ ਭਾਵਨਾ ਨਾਲ ਆਪਣੇ-ਆਪ ਨੂੰ ਵੀ ਕਟਹਿਰੇ ਵਿੱਚ ਲਿਆ ਖੜਿਆਂ ਕੀਤਾ ਹੈ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਪੁਰ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਨੇ ਕੰਨਟੇਨਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ ਭੇਜਕੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤਾ ਹੈ। ਜਾਪਦਾ ਹੈ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਮੱਤਾ ਪਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੰਨਟੇਨਰ ਰਾਹੀਂ ਭੇਜੇ ਜਾਣ ਦਾ ਫੈਸਲਾ ਕੀਤਾ ਹੋਇਆ ਹੈ। ਇਸਦੇ ਨਾਲ ਹੀ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੰਨਟੇਨਰ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ ਭੇਜੇ ਜਾ ਰਹੇ ਸਨ ਤਾਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਸ਼ਿਕਾਇਤ ਕੀਤੇ ਜਾਣ ਤੇ, ਅਕਾਲ ਤਖਤ ਦੇ ਜਥੇਦਾਰ ਨੇ ਆਪ ਦਿੱਲੀ ਪੁਜ ਕੇ ਸਾਰੀ ਸਥਿਤੀ ਦਾ ਨਿਰੀਖਣ ਕੀਤਾ ਅਤੇ ਨਿਰੀਖਣ ਕਰਨ ਤੋਂ ਬਾਅਦ ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ ਭੇਜੇ ਜਾਣ ਦੇ ਕੀਤੇ ਗਏ ਹੋਏ ਪ੍ਰਬੰਧਾਂ ਦੀ ਪ੍ਰਸ਼ੰਸਾ ਕਰ, ਉਨ੍ਹਾਂ ਨੂੰ ਕੰਨਟੇਨਰ ਰਾਹੀਂ ਸਰੂਪ ਭੇਜੇ ਜਾਣ ਦੀ ਲਿਖਤ ਪ੍ਰਵਾਨਗੀ ਵੀ ਦਿਤੀ ਸੀ।
ਗਲ ਯੂ ਕੇ ਅਕਾਲੀ ਦਲ ਦੀ : ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂ ਕੇ) ਦੇ ਪ੍ਰਧਾਨ ਸ. ਜਸਜੀਤ ਸਿੰਘ ਟੋਨੀ ਨੇ ਯੂ ਕੇ ਤੋਂ ਆ, ਪਹਿਲਾਂ ਪੰਜਾਬ ਪਹੁੰਚ ਸ਼੍ਰੋਮਣੀ ਅਕਾਲੀ ਦਲ (ਯੂ ਕੇ) ਦਾ ਗਠਨ ਕਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਚੁਣੌਤੀ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ ਕਰਦਿਆਂ ਹੀ, ਇਹ ਦਾਅਵਾ ਵੀ ਕਰ ਦਿਤਾ ਕਿ ਉਨ੍ਹਾਂ ਦਾ ਦਲ ਪੰਜਾਬ ਦੀ ਸਿੱਖ ਰਾਜਨੀਤੀ ਵਿੱਚ ਮਹਤੱਤਾ-ਪੂਰਣ ਭੂਮਿਕਾ ਅਦਾ ਕਰੇਗਾ। ਪ੍ਰੰਤੂ ਜਲਦੀ ਹੀ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਪੰਜਾਬ ਵਿੱਚ ਉਨ੍ਹਾਂ ਦੀ ਦਾਲ ਗਲਣ ਵਾਲੀ ਨਹੀਂ। ਬਸ ਫਿਰ ਕੀ ਸੀ, ਉਹ ਉਥੋਂ ਝਟ ਹੀ ਇੰਝ ਦਿੱਲੀ ਆ ਪੁਜੇ, ਜਿਵੇਂ ਇਥੇ ਉਨ੍ਹਾਂ ਦੇ ਲਈ ਮੈਦਾਨ ਖਾਲੀ ਪਿਆ ਹੋਇਆ ਹੈ। ਦਿੱਲੀ ਪੁਜਦਿਆਂ ਹੀ ਉਨ੍ਹਾਂ ਆਪਣੇ ਦਲ ਦੇ ਨਾਂ ਦੇ ਨਾਲ ‘ਦਿੱਲੀ’ ਜੋੜਕੇ ਉਸਨੂੰ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂ ਕੇ) ਬਣਾਉਣ, ਅਤੇ ਉਸ ਦੇ ਝੰਡੇ ਤਲੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸੀਟਾਂ ਪੁਰ ਉਮੀਦਵਾਰ ਖੜੇ ਕਰਨ ਦਾ ਐਲਾਨ ਕਰ ਦਿਤਾ। ਕੁਝ ਦਿਨਾਂ ਬਾਅਦ ਉਨ੍ਹਾਂ ਆਪਣੀ ਵਰਕਿੰਗ ਕਮੇਟੀ ਦਾ ਵੀ ਐਲਾਨ ਕਰ ਦਿਤਾ।
ਇਸਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਮੁੱਖੀਆਂ ਨੂੰ ਚਿੱਠੀਆਂ ਲਿਖ, ਉਨ੍ਹਾਂ ਪਾਸੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਦੇ ਇੱਛੁਕ ਉਮੀਦਵਾਰਾਂ ਦੇ ਨਾਂ ਵੀ ਮੰਗ ਲਏ। ਦਸਿਆ ਜਾਂਦਾ ਹੈ ਕਿ ਇਸ ਚਿੱਠੀ ਵਿੱਚ ਉਨ੍ਹਾਂ ਇਹ ਭਰੋਸਾ ਵੀ ਦੁਆਇਆ ਕਿ ਉਨ੍ਹਾਂ ਦੇ ਦਲ ਵਲੋਂ ਚੋਣ ਲੜਨ ਵਾਲਿਆਂ ਨੂੰ ਆਪਣੇ ਪਾਸੋਂ ਕੋਈ ਖਰਚ ਨਹੀਂ ਕਰਨਾ ਹੋਵੇਗਾ। ਉਨ੍ਹਾਂ ਦੀ ਚੋਣ-ਮੁਹਿੰਮ ਦੇ ਸਾਰੇ ਖਰਚ ਉਨ੍ਹਾਂ ਦੇ ਦਲ ਵਲੋਂ ਉਠਾਏ ਜਾਣਗੇ। ਇਸਦੇ ਜਵਾਬ ਵਿੱਚ ਉਨ੍ਹਾਂ ਨੂੰ ਕਿਤਨਾ ਹੁੰਗਾਰਾ ਮਿਲਿਆ, ਪਤਾ ਨਹੀਂ ਲਗ ਸਕਿਆ।
ਫਿਰ ਕੁਝ ਦਿਨਾਂ ਬਾਅਦ ਉਨ੍ਹਾਂ ਦਿੱਲੀ ਦੀ ਸਫਾਈ ਦੀ ਮੁਹਿੰਮ ਚਲਾਣ ਦਾ ਫੈਸਲਾ ਕਰ, ਇਕ ਦਿਨ ਕੁਝ ਸੜਕਾਂ ਸਾਫ ਵੀ ਕੀਤੀਆਂ, ਪ੍ਰੰਤੂ ਜਾਪਦਾ ਹੈ ਕਿ ਇਸਦੇ ਬਾਵਜੂਦ ਉਨ੍ਹਾਂ ਦੀ ਉਹ ਗਲ ਨਹੀਂ ਬਣ ਸਕੀ, ਜਿਹੋ-ਜਿਹੀ ਉਹ ਚਾਹੁੰਦੇ ਸਨ। ਫਿਰ ਉਨ੍ਹਾਂ ਨੇ ਕਸ਼ਮੀਰ ਵਿੱਚ ‘ਸ਼ਾਂਤੀ ਕਾਇਮ’ ਕਰਵਾਉਣ ਦੇ ਲਈ ਕਸ਼ਮੀਰ-ਯਾਤ੍ਰਾ ਕੀਤੀ ਤੇ ਉਥੋਂ ਦੇ ਨੇਤਾਵਾਂ ਦੇ ਨਾਲ ਫੋਟੋ ਖਿੱਚਵਾ, ਅਖਬਾਰਾਂ ਵਿੱਚ ਛਪਵਾ ਪ੍ਰਚਾਰ ‘ਹਾਸਲ’ ਕੀਤਾ। ਇਸਤੋਂ ਬਾਅਦ ਗੁਰਦੁਅਰਿਆਂ ਵਿੱਚ ਮੱਥਾ ਟੇਕਣ ਜਾਣ ਦੇ ਫੋਟੋ ਵੀ ਛਪਵਾਏ।
…ਅਤੇ ਅੰਤ ਵਿੱਚ : ਇਉਂ ਜਾਪਦਾ ਹੈ, ਜਿਵੇਂ ਸ. ਜਸਜੀਤ ਸਿੰਘ ਟੋਨੀ (ਯੂ ਕੇ) ਇਹ ਮੰਨ ਕੇ ਚਲ ਰਹੇ ਹਨ, ਜਿਵੇਂੇ ਅਖਬਾਰਾਂ ਵਿੱਚ ਇਸ਼ਤਿਹਾਰ, ਫੋਟੋ ਅਤੇ ਬਿਆਨ ਛਪਵਾ ਕੇ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਸਥਾਪਤ ਹੋਇਆ ਜਾ ਸਕਦਾ ਹੈ। ਜੇ ਸਚਮੁਚ ਅਜਿਹਾ ਹੋ ਸਕਦਾ ਹੁੰਦਾ ਤਾਂ ਦਿੱਲੀ ਅਕਾਲੀ ਦਲ (ਬਾਦਲ) ਦਾ ਆਧਾਰ ਖਿਸਕਣ ਦੀ ਬਜਾਏ, ਸਭ ਤੋਂ ਵੱਧ ਮਜ਼ਬੂਤ ਹੁੰਦਾ, ਕਿਉਂਕਿ ਉਸਦੇ ਮੁੱਖੀਆਂ ਦੇ ਫੋਟੋ-ਬਿਆਨ ਹਰ-ਰੋਜ਼ ਅਤੇ ਇਸ਼ਤਿਹਾਰ ਸਮੇਂ-ਸਮੇਂ ਅਖਬਾਰਾਂ ਵਿੱਚ ਛਪਦੇ ਚਲੇ ਆ ਰਹੇ ਹਨ।
———————–000000———————–
Mobile : + 91 98 68 91 77 31
E-mail : jaswantsinghajit@gmail.com
Address : Jaswant Singh ‘Ajit’
64-C, U&V/B, Shalimar Bagh, DELHI-110088