ਬੇਤੇ ਲੰਮੇਂ ਸਮੇਂ ਤੋਂ ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਸਿੱਖਾਂ ਨੂੰ ਧਾਰਮਕ ਅਤੇ ਸਮਾਜਕ ਪੱਧਰ ਤੇ ਅਨੇਕਾਂ ਸਮੱਸਿਆਵਾਂ ਅਤੇ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਚਲਿਆ ਆ ਰਿਹਾ ਹੈ। ਪਰ ਅਫਸੋਸ ਦੀ ਗਲ ਇਹ ਹੈ ਕਿ ਇਨ੍ਹਾਂ ਸਮੱਸਿਆਵਾਂ ਅਤੇ ਚੁਨੌਤੀਆਂ ਨਾਲ ਨਜਿਠਣ ਲਈ ਕਦੀ ਵੀ ਕਿਸੇ ਵਲੋਂ ਸਾਰਥਕ ਪਹੁੰਚ ਨਹੀਂ ਅਪਨਾਈ ਗਈ। ਹਮੇਸ਼ਾਂ ਹੀ ਵੇਖਣ ਵਿੱਚ ਇਹੀ ਆਉਂਦਾ ਰਿਹਾ, ਕਿ ਜਿਸ ਸਮੇਂ ਕਦੀ ਕੋਈ ਸਮੱਸਿਆ ਪੈਦਾ ਹੋਈ ਜਾਂ ਚੁਨੌਤੀ ਉਭਰ ਕੇ ਸਾਹਮਣੇ ਆਈ, ਤਾਂ ਸਿੱਖਾਂ ਵਿੱਚ ਇਤਨਾ ਜੋਸ਼ ਪੈਦਾ ਹੋ ਗਿਆ, ਕਿ ਉਹ ਇਕ-ਦੂਜੇ ਨੂੰ ਪਛਾੜਨ ਲਈ, ਇਸਤਰ੍ਹਾਂ ਮੁਜ਼ਾਹਿਰੇ ਕਰਨ, ਧਰਨੇ ਦੇਣ ਅਤੇ ਧਮਕੀ-ਭਰੇ ਮੰਗ-ਪਤ੍ਰ ਦੇਣ ਲਈ ਹੀ ਨਹੀਂ, ਸਗੋਂ ਕਿਰਪਾਨਾਂ ਤੇ ਲਾਠੀਆਂ ਘੁੰਮਾਉਂਦਿਆਂ ਸਿਰ-ਧੜ ਦੀ ਬਾਜ਼ੀ ਲਾ ਸੜਕਾਂ ਤੇ ਵੀ ਉਤਰ ਆਏ, ਜਿਸਤੋਂ ਇਉਂ ਜਾਪਣ ਲਗਦਾ, ਜਿਵੇਂ ਉਨ੍ਹਾਂ ਦਾ ਇਹ ਜੋਸ਼ ਸਮੱਸਿਆ ਦਾ ਹਲ ਕਰਵਾ ਕੇ ਹੀ ਸ਼ਾਂਤ ਹੋਵੇਗਾ। ਪਰ ਹੁੰਦਾ ਇਹ ਕਿ ਜਲਦੀ ਹੀ ਇਹ ਜੋਸ਼, ਗੇਂਦ ਸਰਕਾਰ ਦੇ ਪਾਲੇ ਵਿੱਚ ਸੁਟ, ‘ਬਾਸੀ ਕੜ੍ਹੀ ਵਿੱਚ ਆਏ ਵਕਤੀ ਉਬਾਲ’ ਵਾਂਗ ‘ਫੁੱਸ’ ਹੋ ਕੇ ਰਹਿ ਜਾਂਦਾ।
ਇਹੀ ਕੁਝ ਬੀਤੇ ਦਿਨੀਂ, ਉਸ ਸਮੇਂ ਵੇਖਣ ਵਿੱਚ ਆਇਆ, ਜਦੋਂ ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਭਾਰਤ ਦੀ ਯਾਤ੍ਰਾ ‘ਤੇ ਆਏ। ਉਨ੍ਹਾਂ ਦੇ ਆਉਣ ਦਾ ਪਤਾ ਚਲਦਿਆਂ ਹੀ, ਸਿੱਖ ਜਥੇਬੰਦੀਆਂ ਦੇ ਆਗੂਆਂ ਵਿੱਚ ਜੋਸ਼ ਆ ਗਿਆ। ਉਨ੍ਹਾਂ ਨੂੰ ਯਾਦ ਆ ਗਿਆ ਕਿ ਫਰਾਂਸ ਵਿੱਚਲੇ ਸਕੂਲਾਂ ਵਿੱਚ ਤਾਂ ਸਿੱਖ ਬੱਚਿਆਂ ਦੇ ਪੱਗੜੀ ਬਨੰ੍ਹਣ ਪੁਰ ਪਾਬੰਦੀ ਲਗੀ ਹੋਈ ਹੈ, ਇਸ ਕਰਕੇ ਉਨ੍ਹਾਂ ਨੂੰ ਕੁਝ ਨਾ ਕੁਝ ਤਾਂ ਅਜਿਹਾ ਜ਼ਰੂਰ ਕਰਨਾ ਹੀ ਚਾਹੀਦਾ ਹੈ, ਜਿਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਤਕ ਇਹ ਸੁਨੇਹਾ ਜਾ ਸਕੇ, ਕਿ ਉਹ ਸਿੱਖ-ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਕਰਨ ਪ੍ਰਤੀ ਬਹੁਤ ਹੀ ਚੇਤੰਨ ਹਨ। ਬਸ, ਫਿਰ ਕੀ ਸੀ। ਉਨ੍ਹਾਂ ਝਟ ਹੀ ਇਕ-ਦੂਜੇ ਨੂੰ ਮਾਤ ਦੇਣ ਲਈ, ਪੁਰਾਣੇ ਕਬਾੜ-ਖਾਨੇ ਵਿੱਚ ਸੁੱਟੇ ਮਾਟੋ ਕਢ, ਝਾੜ-ਪੂੰਝ ਸਾਫ ਕਰ ਲਏ ਅਤੇ ਫਾਈਲਾਂ ਫਰੋਲ ਵਰ੍ਹਿਆਂ ਪਹਿਲਾਂ ਦਿਤੇ ਮੰਗ-ਪਤ੍ਰਾਂ ਦੀਆਂ ਕਾਪੀਆਂ ਤਿਆਰ ਕਰਵਾ ਲਈਆਂ। ਇਤਨਾ ਕੁਝ ਕਰ ਲੈਣ ਤੋਂ ਬਾਅਦ ਉਨ੍ਹਾਂ ਵਲੋਂ ਇਸਤਰ੍ਹਾਂ ਮੁਜ਼ਾਹਿਰੇ ਕਰਨ, ਧਰਨੇ ਮਾਰਨ, ਫਰਾਂਸ ਦੇ ਦੂਤਾਵਾਸ, ਪ੍ਰਧਾਨ ਮੰਤਰੀ ਅਤੇ ਵਿਦੇਸ਼ ਰਾਜ ਮੰਤਰੀ ਦੇ ਦਫਤਰਾਂ ਨੂੰ ਮੰਗ-ਪਤ੍ਰ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜਿਵੇਂ ਉਨ੍ਹਾਂ ਵਿੱਚ ਹੋੜ ਲਗ ਗਈ ਹੋਵੇ ਕਿ ਜੇ ਉਨ੍ਹਾਂ ਵਲੋਂ ਜ਼ਰਾ ਜਿਹੀ ਵੀ ਢਿਲ ਹੋ ਗਈ ਤਾਂ ਦੂਜਾ ਉਨ੍ਹਾਂ ਤੋਂ ਬਾਜ਼ੀ ਮਾਰ ਅਗੇ ਲੰਘ ਜਾਇਗਾ। ਪਰ ਸੱਚਾਈ ਇਹ ਹੈ ਕਿ ਕਿਸੇ ਨੇ ਵੀ ਮਸੱਲੇ ਦੇ ਹਲ ਸਬੰਧੀ ਕਿਸੇ ਵੀ ਪਧੱਰ ਤੇ ਸਾਰਥਕ ਪਹੁੰਚ ਨਹੀਂ ਅਪਨਾਈ। ਜਿਉਂ ਹੀ ਫਰਾਂਸ ਦੇ ਰਾਸ਼ਟਰਪਤੀ ਉਡਾਰੀ ਮਾਰ ਦਿੱਲੀ ਤੋਂ ਬਾਹਰ ਹੋਏ, ‘ਪੰਥਕ ਆਗੂ’ ਇਹ ਮੰਨ ਆਪੋ-ਆਪਣੇ ‘ਘੁਰਨਿਆਂ’ ਵਿੱਚ ਜਾ ਬਿਰਾਜੇ, ਕਿ ਉਨ੍ਹਾਂ ਨੇ ਤਾਂ ਆਪਣੇ ਫਰਜ਼ ਪੂਰਾ ਕਰ ਲਿਆ ਹੈ।
ਗਲ ਅਮ੍ਰੀਕਾ ਵਿੱਚ ਸਿੱਖ ਦੇ ਅਪਮਾਨ ਦੀ: ਇਸਤੋਂ ਕੁਝ ਦਿਨ ਬਾਅਦ ਹੀ ਅਮ੍ਰੀਕਾ ਦੇ ਇਕ ਹਵਾਈ ਅੱਡੇ ਤੇ ਯੂਐਨਓ ਵਿੱਚਲੇ ਇਕ ਭਾਰਤੀ ਸਿੱਖ ਡਿਪਲੋਮੇਟ ਦੀ ਪੱਗੜੀ ਉਤਾਰੇ ਜਾਣ ਦੀ ਖ਼ਬਰ ਆ ਗਈ ਬਸ, ਫਿਰ ਕੀ ਸੀ, ‘ਪੰਥਕ ਆਗੂ’ ਇਕ ਵਾਰ ਫਿਰ ਆਪੋ-ਆਪਣੇ ਘੁਰਨਿਆਂ ਤੋਂ ਬਾਹਰ ਨਿਕਲ ਆਏ ਅਤੇ ਫਿਰ ਉਹੋ ਸਿਲਸਿਲਾ ਸ਼ੁਰੂ ਹੋ ਗਿਆ। ਸਭ ਤੋਂ ਵੱਧ ਚਰਚਾ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਉਸਦੀ ਸੱਤਾ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਮ੍ਰੀਕਾ ਦੇ ਦੂਤਾਵਾਸ ਤੇ ਧਰਨਾ ਦੇਣ ਦੇ ਨਾਂ ਤੇ, ਤੀਨ ਮੂਰਤੀ ਚੌਕ ਤਕ ਕੀਤਾ ਗਿਆ ‘ਗੱਡੀ ਮਾਰਚ’ ਰਿਹਾ।
ਜਦੋਂ ਇਹ ਖ਼ਬਰ ਆਈ ਕਿ ਅਮਰੀਕਾ ਦੇ ਇਕ ਹਵਾਈ ਅੱਡੇ ਤੇ ਯੂਐਨਓ ਵਿੱਚਲੇ ਇੱਕ ਭਾਰਤੀ ਸਿੱਖ ਡਿਪਲੋਮੇਟ ਦੀ ਪਗੜੀ ਦੀ ਕਥਤ ਤਲਾਸ਼ੀ ਲੈਣ ਲਈ ਉਸਦੀ ਪਗੜੀ ਉਤਰਵਾਈ ਗਈ ਤਾਂ ਝਟ ਹੀ ਉਸਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਮਰੀਕੀ ਦੂਤਾਵਾਸ ਪੁਰ ਪੁਰਜ਼ੋਰ ਧਰਨਾ ਦੇਣ ਦਾ ਐਲਾਨ ਕਰ ਦਿਤਾ ਗਿਆ। ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੇ ਕਿਹਾ, ਕਿ ‘ਦਸਤਾਰ ਸਿੱਖ ਦੀ ਸ਼ਾਨ ਹੈ’। ਅਮ੍ਰੀਕਾ ਵਿੱਚ ਸੁਰਖਿਆ ਦੇ ਬਹਾਨੇ ਦਸਤਾਰ ਦੀ ਤਲਾਸ਼ੀ ਲਈ ਬਣਾਏ ਨਿਯਮਾਂ ਪ੍ਰਤੀ ਸਿੱਖਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਹੈ, ਸਿੱਖਾਂ ਦੀ ਧਾਰਮਿਕ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਮ੍ਰੀਕਾ ਦੀ ਸਰਕਾਰ ਨੂੰ ਸਿੱਖ ਭਾਵਨਾਵਾਂ ਤੋਂ ਜਾਣੂ ਕਰਵਾਣ ਲਈ, ਦਿੱØਲੀ ਸਥਿਤ ਅਮਰੀਕੀ ਦੂਤਾਵਾਸ ਤੇ ਸ਼ਾਂਤਮਈ ਧਰਨਾ ਦਿਤਾ ਜਾ ਰਿਹਾ ਹੈ।
ਜ. ਅਵਤਾਰ ੰਿਸੰਘ ਮਕੱੜ ਵਲੋਂ ਪ੍ਰਗਟ ਕੀਤੇ ਗਏ ਇਨ੍ਹਾਂ ਵਿਚਾਰਾਂ ਪੁਰ ਪ੍ਰਤਿਕਿਰਿਆ ਦਿੰਦਿਆਂ, ਪੰਜਾਬ ਤੋਂ ਇਕ ਸਿੱਖ ਨੇ ਐਸਐਮਐਸ ਭੇਜਿਆ ਜਿਸ ਵਿੱਚ ਉਸਨੇ ਕਿਹਾ ਸੀ ਕਿ ਜ. ਮਕੱੜ ਦੇ ਇਹ ਵਿਚਾਰ ਬਹੁਤ ਹੀ ਪ੍ਰਸ਼ੰਸਾਯੋਗ ਹਨ। ਸਮੁੱਚੇ ਸਿੱਖ ਜਗਤ ਨੂੰ ਉਨ੍ਹਾਂ ਇਸ ਸੰਘਰਸ਼ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਪ੍ਰੰਤੁ ਸੁਆਲ ਇਹ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਆਪ ‘ਦਸਤਾਰ ਸਿੱਖ ਦੀ ਸ਼ਾਨ ਹੈ’ ਨੂੰ ਕਾਇਮ ਰਖਣ ਪ੍ਰਤੀ ਈਮਾਨਦਾਰ ਹਨ? ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਅਗਵਾਈ ਵਿੱਚ ਕਈ ਵਾਰ ਸਰੇ-ਆਮ ਸਿੱਖਾਂ ਦੀਆਂ ਪਗੜੀਆਂ ਉਤਾਰ ਕੇ ਪੈਰਾਂ ਹੇਠ ਰੋਲੀਆਂ ਗਈਆਂ ਅਤੇ ਆਪਣੇ ਇਸ ਗੁਨਾਹ ਤੇ ਪਸ਼ਚਾਤਾਪ ਕਰਨ ਦੀ ਬਜਾਏ ਇਨ੍ਹਾਂ ਵਲੋਂ ਇਹ ਦਾਅਵੇ ਕੀਤੇ ਜਾਂਦੇ ਰਹੇ ਕਿ ਇਹ ਤਾਂ ਉਨ੍ਹਾਂ ਨੇ ‘ਟ੍ਰੇਲਰ’ ਵਿਖਾਇਆ ਹੈ, ਪੂਰੀ ‘ਪਿਕਚਰ’ ਵਿਖਾਣੀ ਅਜੇ ਬਾਕੀ ਹੈ। ਉਨ੍ਹਾਂ ਪੁਛਿਆ ਕਿ ਆਪ ਸਿੱਖਾਂ ਦੀਆਂ ਪਗੜੀਆਂ ਉਤਾਰ, ਉਨ੍ਹਾਂ ਦਾ ਅਪਮਾਨ ਕਰਨ ਵਾਲੇ ‘ਦਸਤਾਰ ਸਿਖ ਦੀ ਸ਼ਾਨ’ ਦਾ ਨਾਰਾ ਲਾ ਸਿੱਖਾਂ ਨੂੰ ਭਰਮਾਣ ਵਿੱਚ ਕਿਤਨੇ ਮਾਹਿਰ ਹਨ? ਇਸਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ! ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਉਹ ਚਾਹੁੰਦੇ ਹਨ ਕਿ ਸਿੱਖ ਜਗਤ ਪਗੜੀ ਦੇ ਸਨਮਾਨ ਦੀ ਰਖਿਆ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਉਨ੍ਹਾਂ ਦਾ ਪੂਰਾ-ਪੂਰਾ ਸਾਥ ਦੇਵੇ। ਕਿਉਂਕਿ ਪੱਗੜੀ ਦੇ ਨਾਲ ਸਮੁੱਚੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਅਜਿਹਾ ਇਕ ਜਾਂ ਦੋ ਵਾਰ ਨਹੀਂ ਹੋਇਆ। ਅਨੇਕਾਂ ਵਾਰ ਹੋਇਆ ਹੈ। ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਰਹੇਗਾ। ਕਿਉਂਕਿ ਇਹ ਮੱਸਲੇ ਨਾ ਤਾਂ ਅੱਜ ਦੇ ਹਨ ਅਤੇ ਨਾ ਹੀ ਇਨ੍ਹਾਂ ਦੇ ਨੇੜ ਭਵਿਖ ਵਿੱਚ ਹਲ ਹੋ ਜਾਣ ਦੀ ਕੋਈ ਸੰਭਾਵਨਾ ਨਜ਼ਰ ਆ ਰਹੀ ਹੈ। ਜਦੋਂ ਕਦੀ ਵੀ ਅਜਿਹਾ ਕੁਝ ਵਾਪਰਿਆ ‘ਪੰਥਕ ਆਗੂਆਂ’ ਵਲੋਂ ਇਹੀ ਆਚਰਣ ਦੁਹਰਾਇਆ ਜਾਂਦਾ ਰਹੇਗਾ। ਇਹ ਵੀ ਦਸਿਆ ਜਾਂਦਾ ਰਹੇਗਾ ਕਿ ਪਗੜੀ ਸਿੱਖਾਂ ਦਾ ਧਰਮਕ ਚਿੰਨ੍ਹ ਹੈ, ਇਸਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਇਥੇ ਇਕ ਸੁਆਲ ਇਹ ਵੀ ਉਠਦਾ ਹੈ ਕਿ ਮੁਜਾਹਿਰੇ ਕਰਨ, ਧਰਨੇ ਦੇਣ ਅਤੇ ਧਮਕੀ ਭਰੇ ਮੰਗ-ਪਤ੍ਰ ਦੇਣ ਤੋਂ ਬਿਨਾਂ ਸਿੱਖ ਸੰਸਥਾਵਾਂ ਦੇ ਆਗੂ ਕਰਦੇ ਵੀ ਕੀ ਹਨ? ਕੀ ਉਨ੍ਹਾਂ ਕਦੀ ਇਹ ਸੋਚਿਆ ਹੈ ਕਿ ਸਿੱਖੀ ਦੇ ਚਿੰਨ੍ਹ ਧਾਰਣ ਕਰਨ ਦੇ ਸਬੰਧ ਵਿੱਚ ਸਮੇਂ-ਸਮੇਂ ਆਉਣ ਵਾਲੀਆਂ ਸਮੱਸਿਆਵਾਂ ਦੇ ਲਈ, ਕਿਸੇ ਹਦ ਤਕ ਉਹ ਆਪ ਵੀ ਜ਼ਿਮੇਂਦਾਰ ਹਨ। ਇਸ ਸਬੰਧ ਵਿੱਚ ਇਥੇ ਇਕ ਘਟਨਾ ਦਾ ਜ਼ਿਕਰ ਕਰਨਾ ਕੁਥਾਉਂ ਨਹੀਂ ਹੋਵੇਗਾ। ਬੀਤੇ ਦਿਨ ਇਕ ਮਿਤ੍ਰ ਨੇ ਦਸਿਆ ਕਿ ਉਨ੍ਹਾਂ ਦਾ ਇਕ ਜਾਣੂ, ਜੋ ਬੀਤੇ ਕਈ ਵਰ੍ਹਿਆਂ ਤੋਂ ਸਵੀਡਨ ਵਿੱਚ ਰਹਿ ਰਿਹਾ ਹੈ, ਆਪਣੀ ਭਾਰਤ ਯਾਤ੍ਰਾ ਦੌਰਾਨ, ਉਨ੍ਹਾਂ ਨੂੰ ਮਿਲਣ ਆ ਗਿਆ। ਗਲਾਂ-ਗਲਾਂ ਵਿੱਚ ਉਨ੍ਹਾਂ ਉਸ ਪਾਸੋਂ ਪੁੱਛ ਲਿਆ ਕਿ ਸਵੀਡਨ ਵਿੱਚ ਕਿਤਨੇ-ਕੁ ਸਿੱਖ ਵਸਦੇ ਹਨ। ਉਨ੍ਹਾਂ ਦਾ ਜਵਾਬ ਸੀ ਕਿ ਸੌ-ਡੇਢ-ਕੁ ਸੌ ਦੇ ਕਰੀਬ ਹੋਣਗੇ। ਇਹ ਸੁਣ ਉਹ ਹੈਰਾਨੀ ਨਾਲ ਉਸ ਵਲ ਵੇਖਣ ਲਗੇ। ਉਨ੍ਹਾਂ ਦੀਆਂ ਨਜ਼ਰਾਂ ਤੋਂ ਉਨ੍ਹਾਂ ਦੇ ਜਾਣੂ ਨੇ ਇਹ ਭਾਂਪਣ ਵਿੱਚ ਕੋਈ ਗ਼ਲਤੀ ਨਹੀਂ ਕੀਤੀ ਕਿ ਉਨ੍ਹਾਂ ਦੀ ਹੈਰਾਨੀ ਦਾ ਕਾਰਣ ਕੀ ਹੈ? ਉਸਨੇ ਬੜੇ ਠਰ੍ਹਮੇਂ ਨਾਲ ਦਸਿਆ ਕਿ ਜਿਨ੍ਹਾਂ (ਸਾਬਤ-ਸੂਰਤ) ਸਿੱਖਾਂ ਦੀ ਤੁਸੀਂ ਗਲ ਕਰਦੇ ਹੋ, ਉਹ ਇਤਨੇ-ਕੁ ਹੀ ਹਨ. ਵੈਸੇ ਉਥੇ ਵਸਦੇ (ਸਿੱਖੀ-ਸਰੂਪ ਨੂੰ ਤਿਆਗ ਚੁਕੇ) ਸਿੱਖਾਂ ਦੀ ਗਿਣਤੀ ਚਾਰ-ਪੰਜ ਹਜ਼ਾਰ ਹੈ।
ਕੀ ਇਹ ਜਾਣਕਾਰੀ ਇਸ ਗਲ ਦਾ ਸਬੂਤ ਨਹੀਂ ਕਿ ਆਪਣੇ ਘਰ (ਪੰਜਾਬ) ਵਿੱਚ ਹੀ ਨਹੀਂ, ਸਗੋਂ ਬਾਹਰ ਜਾ ਕੇ ਵੀ ਸਿੱਖਾਂ ਨੇ ਆਪਣੀਆਂ ਪੱਗਾਂ ਆਪ ਲਾਹ ਦਿਤੀਆਂ ਹੋਈਆਂ ਹਨ ਤੇ ਦੂਜਿਆਂ ਪੁਰ ਉਹ ਦਬਾਉ ਪਾ ਰਹੇ ਹਨ ਕਿ ਉਹ ਉਨ੍ਹਾਂ ਦੀਆਂ ਪੱਗਾਂ ਸਿਰ ਤੇ ਰਹਿਣ ਦੇਣ ਅਤੇ ਉਨ੍ਹਾਂ ਦਾ ਸਤਿਕਾਰ ਕਰਨ।
ਇਥੇ ਇਹ ਗਲ ਵੀ ਧਿਆਨ ਮੰਗਦੀ ਹੈ ਕਿ ਆਮ ਤੋਰ ਤੇ ਇਹੀ ਵੇਖਣ ਵਿੱਚ ਆਉਂਦਾ ਹੈ, ਕਿ ਜੋ ਸਿੱਖ ਪੰਜਾਬ ਜਾਂ ਦੇਸ਼ ਦੇ ਦੂਜੇ ਹਿਸਿਆਂ ਤੋਂ ਪਲਾਇਨ ਕਰਕੇ ਵਖ-ਵਖ ਦੇਸ਼ਾਂ ਵਿਚ ਜਾ ਵਸੇ ਹੋਏ ਹਨ, ਉਨ੍ਹਾਂ ਆਪਣੀ ਮਿਹਨਤ ਅਤੇ ਲਗਨ ਨਾਲ ਨਾ ਕੇਵਲ ਆਪਣੀ ਆਰਥਕ ਸਥਿਤੀ ਵਿਚ ਵਰਣਨਯੋਗ ਸੁਧਾਰ ਲਿਆਂਦਾ ਹੈ, ਸਗੋਂ ਉਨ੍ਹਾਂ ਵਿੱਚੋਂ ਕਈਆਂ ਨੇ ਤਾਂ ਸੰਸਾਰ ਦੇ ਗਿਣਤੀ-ਕੁ ਦੇ ਵਡੇ ਧਨਾਢਾਂ ਵਿਚ ਆਪਣੀ ਸ਼ਮੂਲੀਅਤ ਕਰਵਾ, ਉਥੋਂ ਦੇ ਸਮਾਜਕ, ਰਾਜਨੈਤਿਕ ਅਤੇ ਭਾਈਚਾਰਕ ਖੇਤਰਾਂ ਵਿਚ ਮਹਤਵਪੂਰਣ ਭੁਮਿਕਾ ਨਿਭਾਉਂਦਿਆਂ, ਆਪਣੀ ਸਨਮਾਨਤ ਪਛਾਣ ਵੀ ਕਾਇਮ ਕਰ ਲਈ ਹੋਈ ਹੈ।
ਇਤਨੀਆਂ ਮਹਤਵਪੂਰਣ ਅਤੇ ਵਰਨਣਯੋਗ ਸਫਲਤਾਵਾਂ ਪ੍ਰਾਪਤ ਕਰਦਿਆਂ ਹੋਇਆਂ ਵੀ, ਉਹ ਸਥਾਨਕ ਭਾਈਚਾਰੇ ਨੂੰ ਧਾਰਮਕ ਪਖੋਂ, ਆਪਣੀ ਨਵੇਕਲੀ ਅਤੇ ਅੱਡਰੀ ਪਛਾਣ ਤੋਂ ਜਾਣੂ ਕਰਵਾਉਣ ਵਿਚ ਸਫਲ ਨਹੀਂ ਹੋ ਸਕੇ। ਜੋ ਇਸ ਗਲ ਦਾ ਸੰਕੇਤ ਹੈ ਕਿ ਵਿਦੇਸ਼ਾਂ ਵਿਚ ਵਸ ਰਹੇ ਸਿੱਖ ਆਰਥਕ, ਸਮਾਜਕ, ਭਾਈਚਾਰਕ ਅਤੇ ਰਾਜਨੈਤਿਕ ਪਖੋਂ ਪ੍ਰਭਾਵਸ਼ਾਲੀ ਸ਼ਕਤੀ ਹਾਸਲ ਕਰਨ ਦੇ ਬਾਵਜੂਦ, ਸਥਾਨਕ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇ, ਉਨ੍ਹਾਂ ਵਿੱਚ ਆਪਣੀ ਅੱਡਰੀ ਪਛਾਣ ਕਾਇਮ ਕਰਨ ਪਖੋਂ ਲਾਪ੍ਰਵਾਹ ਹੀ ਰਹੇ ਹਨ। ਉਨ੍ਹਾਂ ਸਥਾਨਕ ਲੋਕਾਂ ਵਿਚ ਆਪਣੀ ਹੋਂਦ ਤਾਂ ਸਥਾਪਤ ਕਰ ਲਈ ਹੋਈ ਹੈ, ਪ੍ਰੰਤੂ ਉਹ ਉਨ੍ਹਾਂ ਤਕ ਸਿੱਖਾਂ ਦੀ ਅੱਡਰੀ ਪਛਾਣ ਦੀ ਵਿਸ਼ੇਸ਼ਤਾ ਅਤੇ ਸਿੱਖ ਧਰਮ ਦੇ ਸਰਬਸਾਂਝੀਵਾਲਤਾ, ਸਦਭਾਵਨਾ ਅਤੇ ਸੇਵਾ ਆਦਿ ਦੇ ਆਦਰਸ਼ਾਂ ਸੰਬੰਧੀ ਜਾਣਕਾਰੀ ਨਹੀਂ ਪਹੁੰਚਾ ਸਕੇ। ਜੇ ਉਹ ਅਜਿਹਾ ਕਰ ਪਾਂਦੇ, ਤਾਂ ਉਹ ਨਾ ਕੇਵਲ ਉਨ੍ਹਾਂ ਦੇ ਦਿਲ ਵਿੱਚ ਆਪਣੇ ਪ੍ਰਤੀ ਸਨਮਾਨ ਵਿਚ ਵਾਧਾ ਕਰ ਸਕਦੇ ਸਨ, ਸਗੋਂ ਸਿੱਖੀ ਪ੍ਰਤੀ ਵੀ ਉਨ੍ਹਾਂ ਦੇ ਦਿਲ ਵਿਚ ਸਤਿਕਾਰ ਦੀ ਭਾਵਨਾ ਉਜਾਗਰ ਕਰ ਸਕਦੇ ਸਨ। ਇਸ ਹਾਲਤ ਵਿੱਚ ਜਦੋਂ ਕਦੀ ਵੀ ਉਨ੍ਹਾਂ ਸਾਹਮਣੇ ਸਥਾਨਕ ਤੋਰ ਤੇ ਸਿੱਖੀ-ਸਰੂਪ ਨੂੰ ਕਾਇਮ ਰਖਣ ਤੇ ਧਾਰਮਕ ਚਿੰਨ੍ਹਾਂ ਨੂੰ ਧਾਰਣ ਕਰਨ ਦੇ ਮੁੱਦੇ ਤੇ ਕੋਈ ਸਮਸਿਆ ਖੜੀ ਹੁੰਦੀ ਤਾਂ ਸਥਾਨਕ ਲੋਕੀ ਉਨ੍ਹਾਂ ਦੇ ਹਕ ਵਿਚ ਪੂਰੀ ਤਾਕਤ ਨਾਲ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਖੜੇ ਹੋ ਜਾਂਦੇ। ਫਲਸਰੂਪ ਉਥੋਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ-ਵਿਰੋਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਣ ਤੇ ਮਜਬੂਰ ਹੋ ਜਾਣਾ ਪੈਂਦਾ।
…ਅਤੇ ਅੰਤ ਵਿੱਚ : ਬੀਤੇ ਦਿਨੀਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਅਮ੍ਰੀਕੀ ਦੂਤਾਵਾਸ ‘ਤੇ ਧਰਨਾ ਦੇਣ ਆਏ ਅਕਾਲੀਆਂ ਵਿਚੋਂ ਕੁਝ-ਇਕ ਨਾਲ ਜਦੋਂ ਨਵੇਕਲੀ ਗਲ ਹੋਈ ਤਾਂ ਉਨ੍ਹਾਂ ਪਾਸੋਂ ਇਹ ਪੁਛੇ ਬਿਨਾਂ ਨਾ ਰਿਹਾ ਗਿਆ ਕਿ ਪੰਜਾਬ ਵਿੱਚ ਤਾਂ ਤੁਸੀਂ ਆਪ ਆਪਣਿਆਂ ਦੀਆਂ ਪੱਗਾਂ ਲਾਹੁਣਾ ਫਖ਼ਰ ਸਮਝਦੇ ਹੋ। ਫਿਰ ਤੁਸੀਂ ਦੂਜਿਆਂ ਵਲੋਂ ਅਜਿਹਾ ਕੀਤੇ ਜਾਣ ਦਾ ਵਿਰੋਧ ਕਰਨ ਲਈ ਕਿਉਂ ਭਜੇ ਆਉਂਦੇ ਹੋ? ਇਸ ਤੇ ਉਨ੍ਹਾਂ ਹਸ ਕੇ ਕਿਹਾ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣਾ ਅਧਿਕਾਰ ਕਿਸੇ ਹੋਰ ਨੂੰ ਸੌਂਪ ਦਈਏ?
-ਜਸਵੰਤ ਸਿੰਘ ‘ਅਜੀਤ’
(Mobile:+919868917731)
E-mail : jaswantsinghajit@gmail.com
Address : 64-C, U&V/B, Shalimar Bagh, DELHI-110088