-ਸਰਵਨ ਸਿੰਘ ਰੰਧਾਵਾ-
ਮਨੁੱਖੀ ਜੀਵਨ ਦੀ ਹੋਂਦ ਕਾਫੀ ਹੱਦ ਤੱਕ ਵਾਤਾਵਰਣ ‘ਤੇ ਹੀ ਨਿਰਭਰ ਕਰਦੀ ਹੈ। ਵਾਤਾਵਰਣ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਕਾਫ਼ੀ ਗੰਭੀਰ ਬਦਲਾਅ ਦੇਖਣ ਨੂੰ ਮਿਲੇ ਹਨ। ਇਨ੍ਹਾਂ ਬਦਲਾਵਾਂ ਦਾ ਮੁੱਖ ਕਾਰਨ ਵੱਧਦੀ ਆਬਾਦੀ ਦੀਆਂ ਲੋੜਾਂ ਨੂੰ ਪੂਰਿਆਂ ਕਰਨ ਲਈ ਕੁਦਰਤੀ ਸਾਧਨਾਂ ਦੀ ਅਯੋਗ ਵਰਤੋਂ ਹੈ। ਸਾਡੀ ਧਰਤੀ ਦੇ ਵਾਤਾਵਰਣ ਵਿੱਚ ਪਿਛਲੇ ਕੁੱਝ ਦਹਾਕਿਆਂ ਵਿੱਚ ਕਈ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ। ਧਰਤੀ ਦੇ ਤਾਪਮਾਨ ਵਿੱਚ ਵਾਧਾ ਹੋਣ ਨਾਲ ਸਾਡੀਆਂ ਬਰਫਾਂ ਜ਼ਿਆਦਾ ਪਿਘਲ ਰਹੀਆਂ ਹਨ, ਜਿਸ ਸਦਕਾ ਸਮੁੰਦਰ ਦੇ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਹੈ। ਮੌਸਮੀ ਤਬਦੀਲੀਆਂ ਹੋਣ ਕਾਰਨ ਵਰਖਾ ਦੀ ਘਾਟ, ਵਰਖਾ ਦਾ ਸਮੇਂ ਸਿਰ ਨਾ ਪੈਣਾ ਆਦਿ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਸਾਡੀ ਧਰਤੀ ‘ਤੇ ਸੂਰਜ ਤੋਂ ਆਉਣ ਵਾਲੀਆਂ ਖਤਰਨਾਕ ਕਿਰਨਾਂ ਰੋਕਣ ਵਾਲੀ ਓਜ਼ੋਨ ਪਰਤ ਵਿੱਚ ਵੀ ਦਰਾਰ ਪੈਦਾ ਹੋ ਗਏ ਹਨ।ਖਤਰਨਾਕ ਗੈਸਾਂ ਅਤੇ ਰਸਾਇਣਾਂ ਸਦਕਾ ਸਾਹ, ਚਮੜੀ, ਕੈਂਸਰ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਭਾਰੀ ਵਾਧਾ ਹੋਇਆ ਹੈ।ਖਾਂਣ ਪੀਣ ਦੀਆਂ ਚੀਜਾਂ ਵਿੱਚ ਵੀ ਜਹਰੀਲੇ ਰਸਾਇਣ ਦੀ ਮਾਤਰਾ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਅੱਜ ਕੱਲ ਵੇਖਿਆ ਜਾਵੇ ਤਾਂ ਹਰ ਚੀਜ ਹੀ ਦਵਾਈਆਂ ਦੀ ਮਦਦ ਨਾਲ ਤਿਆਰ ਕੀਤੀ ਜਾ ਰਹੀ ਹੈ।ਜਿਹੜੀਆਂ ਸਬਜੀਆਂ ਵੇਖਣ ਨੂੰ ਤਾਜੀਆਂ ਅਤੇ ਹਰੀਆਂ ਭਰੀਆਂ ਲੱਗਦੀਆਂ ਹਨ ਉਹਨਾਂ ਨੂੰ ਉਗਾਉਣ ਲਈ ਅਸਲ ਵਿੱਚ ਕਿੰਨੀਆਂ ਖਤਰਨਾਕ ਦਵਾਈਆਂ ਦੀ ਸਪਰੇਅ ਕੀਤੀ ਜਾਂਦੀ ਹੈ ਇਸ ਬਾਰੇ ਆਂਮ ਲੋਕਾਂ ਨੂੰ ਪਤਾ ਵੀ ਨਹੀ ਹੈ। ਉਦਾਹਰਨ ਵਜੋਂ ਵੇਖਿਆ ਜਾਵੇ ਤਾਂ ਤੋਰੀਆਂ ਦੀ ਵੇਲ ਦੀ ਹੀ ਗੱਲ ਲੈ ਲਵੋ।ਮੰਨ ਲਉ ਕਿ ਤੋਰੀਆਂ ਦੀ ਵੇਲ ਨੂੰ ਫੁੱਲ ਪੈ ਗਏ ਹਨ।ਪਰ ਜੇ ਤੁਸੀ ਉਸ ਦੀਆਂ ਜੜਾਂ ਵਿੱਚ ਪਿੱਚਰੋਟ੍ਰੀਨ((ਡੰਗਰਾਂ ਨੂੰ ਲਾਉਣ ਵਾਲਾ)ਟੀਕਾ ਲਗਾ ਦਿੱਤਾ ਜਾਵੇ ਤਾਂ ਉਹ ਬਹੁਤ ਹੀ ਜਲਦ ਫਲ ਦੇ ਦੇਂਦੀ ਹੈ।ਇਸ ਤਰਾਂ ਨਾਲ ਬੱਚੇ ਲਈ ਮਾਂ ਦਾ ਦੁੱਧ ਵੀ ਸ਼ੁੱਧ ਨਹੀ ਹੈ ਇਸ ਵਿੱਚ ਵੀ ਰਸਾਇਣ ਦੀ ਮਾਤਰਾ ਪਾਈ ਜਾ ਰਹੀ ਹੈ।ਇਸ ਤੋਂ ਬਿਨਾਂ ਆਵਾਜ਼ ਪ੍ਰਦੂਸ਼ਣ, ਪੀਣ ਵਾਲੇ ਪਾਣੀ ਦਾ ਪ੍ਰਦੂਸ਼ਣ ਅਤੇ ਜ਼ਮੀਨ ਦਾ ਪ੍ਰਦੂਸ਼ਣ ਵੀ ਲਗਾਤਾਰ ਵੱਧ ਰਿਹਾ ਹੈ। ਵਾਤਾਵਰਣ ਕਿਵੇਂ ਪ੍ਰਦੂਸ਼ਿਤ ਹੋ ਰਿਹਾ ਹੈ?-ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਤੋਂ ਸਾਨੂੰ ਉਨ੍ਹਾਂ ਕਾਰਨਾਂ ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ, ਜਿਨ੍ਹਾਂ ਕਰ ਕੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਹਵਾ ਦਾ ਪ੍ਰਦੂਸ਼ਣ -ਅਸੀਂ ਦਿਨ ਵਿੱਚ ਲਗਭਗ ੨੩੦੦੦ ਵਾਰ ਸਾਹ ਲੈ ਕੇ ਤਕਰੀਬਨ ੨੦੦ ਲੀਟਰ ਹਵਾ ਅੰਦਰ ਖਿੱਚਦੇ ਹਾਂ। ਇਸ ਹਵਾ ਵਿੱਚ ਇਸ ਸਮੇਂ ਕਈ ਗੈਸਾਂ ਜਿਵੇਂ ਕਿ ਕਾਰਬਨ ਡਾਈਆਕਸਾਈਡ, ਕਾਰਬਨ-ਮੋਨੋਆਕਸਾਈਡ,ਸਲਫਰ ਡਾਈਆਕਸਾਈਡ,ਨਾਈਟਰੋਜਨ ਡਾਈਆਕਸਾਈਡ ਆਦਿ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਧਰਤੀ ਦੇ ਵਾਤਾਵਰਣ ਵਿੱਚ ਤਬਦੀਲੀਆਂ ਆਉਣ ਦੇ ਨਾਲ-ਨਾਲ ਮਨੁੱਖੀ ਸਿਹਤ ਨੂੰ ਵੀ ਬਹੁਤ ਨੁਕਸਾਨ ਪਹੁੰਚ ਰਿਹਾ ਹੈ।ਇਹ ਸੱਭ ਕੁੱਝ ਜੰਗਲਾ ਦੀ ਘਾਟ ਕਾਂਰਣ ਹੀ ਹੋ ਰਿਹਾ ਹੈ।ਧਰਤੀ ਤੇ ਰੁੱਖਾਂ ਦੀ ਤਦਾਦ ਲਗਾਤਾਰ ਘੱਟਦੀ ਹੀ ਜਾਰਹੀ ਹੈ।ਮਨੁੱਖ ਆਂਪਣੇ ਸੁੱਖ ਸਹੂਲਤਾਂ ਵਾਸਤੇ ਰੁੱਖਾਂ ਦੀ ਅੰਨੇਵਾਹ ਕਟਾਈ ਕਰੀ ਜਾ ਰਿਹਾ ਹੈ।ਇਸ ਤੋਂ ਇਲਾਵਾ ਫੈਕਟਰੀਆਂ ਦਾ ਧੂੰਆਂ, ਵਾਹਨਾਂ ਵਿੱਚੋਂ ਨਿਕਲਿਆ ਧੂੰਆਂ, ਕੋਲਾ ਅਤੇ ਲੱਕੜੀ ਦਾ ਬਾਲਣਾ ਅਤੇ ਪਰਾਲੀ ਸਾੜਨ ਨਾਲ ਮੁੱਖ ਤੌਰ ‘ਤੇ ਇਹ ਗੈਸਾਂ ਪੈਦਾ ਹੁੰਦੀਆਂ ਹਨ।ਸਰਕਾਰ ਕਣਕ ਦੀ ਕਟਾਈ ਤੋਂ ਬਾਅਦ ਹਰ ਵਾਰੀ ਕਿਸਾਨਾਂ ਨੂੰ ਜਾਗਰੁੱਕ ਕਰਦੀ ਹੈ ਕਿ ਪਰਾਲੀ ਦੇ ਨਾੜ ਨੂੰ ਅੱਗ ਨਾ ਲਾਈ ਜਾਵੇ, ਪਰ ਕਿਸਾਨ ਆਂਪਣੀ ਇਸ ਪੁਰਾਣੀ ਆਦਤ ਤੋਂ ਨਹੀ ਟੱਲਦੇ ਅਤੇ ਲਗਾਤਾਰ ਆਂਪਣੇ ਖੇਤਾਂ ਦੇ ਨਾੜ ਨੂੰ ਸਾੜਦੇ ਰਹਿੰਦੇ ਹਨ।ਅਜਿਹਾ ਕਰਨ ਨਾਲ ਵੀ ਸਾਡੀ ਹਵਾ ਅੰਦਰ ਪ੍ਰਦੂਸ਼ਣ ਫੈਲਦਾ ਹੈ ਅਤੇ ਇਸ ਵਿੱਚ ਸਾਹ ਲੈਣਾਂ ਵੀ ਅੋਖਾ ਹੋ ਜਾਂਦਾ ਹੈ। ਪਾਣੀ ਵੀ ਮਨੁੱਖਤਾ ਦੀ ਮੁੱਢਲੀ ਲੋੜ ਹੈ, ਪਰ ਸਾਫ਼ ਪਾਣੀ ਦੀ ਘਾਟ ਸੰਸਾਰ ਪੱਧਰ ‘ਤੇ ਮਹਿਸੂਸ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਵੱਲੋਂ ਵੀ ਇਸ ਦੀ ਗੰਭੀਰਤਾ ਨੂੰ ਮਹਿਸੂਸ ਕਰਦੇ ਹੋਇਆ, ਸੰਨ ੨੦੦੫ ਤੋਂ ੨੦੧੫ ਦੇ ਦਹਾਕੇ ਨੂੰ ”ਜ਼ਿੰਦਗੀ ਲਈ ਪਾਣੀ ਜ਼ਰੂਰੀ” ਦੇ ਦਹਾਕੇ ਵਜੋਂ ਮਨਾਇਆ ਜਾ ਰਿਹਾ ਹੈ। ਜ਼ਮੀਨ ਉਪਰਲੇ ਪਾਣੀ ਦੇ ਸੋਮਿਆਂ ਜਿਵੇਂ ਦਰਿਆਵਾਂ, ਨਦੀਆਂ, ਨਾਲਿਆਂ, ਛੱਪੜਾਂ ਆਦਿ ਦਾ ਪਾਣੀ ਬਹੁਤ ਗੰਧਲਾ ਹੋ ਗਿਆ ਹੈ। ਵੱਡੇ ਕਾਰਖਾਨਿਆਂ ਜਿਵੇਂ ਕਾਗਜ਼ ਮਿੱਲਾਂ, ਖੰਡ ਮਿੱਲਾਂ, ਚਮੜਾ ਸਾਫ਼ ਕਰਨ ਵਾਲੀਆਂ ਫੈਕਟਰੀਆਂ ਅਤੇ ਹੋਰ ਉਦਯੋਗਾਂ ਵਿੱਚੋਂ ਗੰਦਾ ਪਾਣੀ ਨਿਕਲ ਕੇ ਧ੍ਰਤੀ ਉਤਲੇ ਪਾਣੀ ਦੇ ਸੋਮਿਆਂ ਨੂੰ ਖਰਾਬ ਕਰ ਰਿਹਾ ਹੈ। ਸ਼ਹਿਰਾਂ ਦਾ ਸੀਵਰੇਜ਼ ਦਾ ਪਾਣੀ ਵੀ ਇਨ੍ਹਾਂ ਸੋਮਿਆਂ ਵਿੱਚ ਜ਼ਹਿਰੀਲੇ ਤੱਤ ਘੋਲ ਰਿਹਾ ਹੈ। ਖੇਤਾਂ ਵਿੱਚੋਂ ਰੁੜ੍ਹ ਕੇ ਗਿਆ ਪਾਣੀ ਜਿਸ ਵਿੱਚ ਖਤਰਨਾਕ ਜ਼ਹਿਰਾਂ, ਖਾਦਾਂ ਆਦਿ ਦੇ ਤੱਤ ਹੁੰਦੇ ਹਨ, ਉਹ ਵੀ ਪਾਣੀ ਦੇ ਸੋਮਿਆਂ ਨੂੰ ਪਲੀਤ ਕਰ ਰਿਹਾ ਹੈ। ਪਵਿੱਤਰ ਮੰਨੇ ਜਾਂਦੇ ਦਰਿਆ ਗੰਗਾ ਤੇ ਜਮੁਨਾ ਵੀ ਇਸ ਸਮੇਂ ਬਹੁਤ ਜ਼ਿਆਦਾ ਪ੍ਰਦੂਸ਼ਿਤ ਹਨ। ਇਹ ਪ੍ਰਦੂਸ਼ਿਤ ਪਾਣੀ ਪੀਣ ਲਈ ਤੇ ਸਿੰਚਾਈ ਲਈ ਵੀ ਵਰਤਿਆ ਜਾਂਦਾ ਹੈ। ਇਸ ਪਾਣੀ ਨਾਲ ਪੈਦਾ ਕੀਤੇ ਅਨਾਜ, ਫਲ ਤੇ ਸਬਜੀਆਂ ਵਿੱਚ ਵੀ ਖਤਰਨਾਕ ਰਸਾਇਣ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਖਤਰਨਾਕ ਹਨ। ਪ੍ਰਦੂਸ਼ਿਤ ਪਾਣੀ ਜਮੀਨ ਵਿੱਚੋਂ ਹੇਠਾਂ ਜਾ ਕੇ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰ ਸਕਦਾ ਹੈ। ਖਾਦਾਂ ਦੀ ਵੱਧ ਵਰਤੋਂ ਨਾਲ ਵੀ ਜ਼ਮੀਨ ਹੇਠਲੇ ਪਾਣੀ ਵਿੱਚ ਨਾਈਟਰੇਟ ਦੀ ਮਾਤਰਾ ਵੱਧ ਰਹੀ ਹੈ। ਭੂਮੀ ਦਾ ਪ੍ਰਦੂਸ਼ਣ-ਅਸੀਂ ਅਨਾਜ ਅਤੇ ਹੋਰ ਸਾਰੀਆਂ ਮੁੱਢਲੀਆਂ ਲੋੜਾਂ ਲਈ ਧਰਤੀ ‘ਤੇ ਹੀ ਨਿਰਭਰ ਹਾਂ। ਵੱਧਦੀ ਆਬਾਦੀ , ਸ਼ਹਿਰੀਕਰਨ ਅਤੇ ਉਦਯੋਗੀਕਰਨ ਕਰ ਕੇ ਇਸ ਪਾਸੇ ਤਾਂ ਖੇਤੀ ਹੇਠ ਰਕਬਾ ਘੱਟ ਰਿਹਾ ਹੈ, ਪਰ ਭੂਮੀ ‘ਤੇ ਵੱਧ ਾਨਾਜ਼ ਉਤਪਾਦਨ ਲਈ ਲਗਾਤਾਰ ਦਬਾਅ ਵੱਧ ਰਿਹਾ ਹੈ। ਉਤਪਾਦਨ ਵਧਾਉਣ ਲਈ ਖਾਦਾਂ, ਕੀੜੇਮਾਰ ਜ਼ਹਿਰਾਂ, ਨਦੀਨ ਨਾਸ਼ਕ ਜ਼ਹਿਰਾਂ ਤੇ ਹੋਰ ਰਸਾਇਣਾਂ ਦੀ ਵਰਤੋਂ ਵਿੱਚ ਬੇਹੱਦ ਵਾਧਾ ਹੋਇਆ ਹੈ। ਡੀ.ਡੀ.ਟੀ ਵਰਗੇ ਰਸਾਇਣਾਂ, ਜਿਨ੍ਹਾਂ ਦੀ ਵਰਤੋਂ ਖੇਤੀ ਵਿੱਚ ਕੀੜੇਮਾਰ ਰਸਾਇਣ ਦੇ ਤੌਰ ‘ਤੇ ਹੁੰਦੀ ਸੀ, ਦੇ ਤੱਤ ਫਲ, ਸੂਜੀਆਂ, ਦੁੱਧ ਅਤੇ ਇੱਥੋਂ ਤੱਕ ਕਿ ਮਨੁੱਖੀ ਦੁੱਧ ਵਿੱਚ ਵੀ ਪਾਏ ਗਏ, ਜਿਸ ਕਰ ਕੇ ਇਸ ‘ਤੇ ਪਾਬੰਦੀ ਲਾਉਣੀ ਪਈ। ਇਸ ਤੋਂ ਬਿਨਾਂ ਹੋਰ ਵੀ ਅਨੇਕਾਂ ਰਸਾਇਣਾਂ ਤੇ ਉਨ੍ਹਾਂ ਦੇ ਮਨੁੱਖੀ ਸਿਹਤ ਦੇ ਪੈਂਦੇ ਮਾੜੇ ਅਸਰਾਂ ਕਾਰਨ ਪਾਬੰਦੀ ਲਗਾਉਣੀ ਪਈ। ਸ਼ਹਿਰਾਂ ਦੀ ਗੰਦਗੀ ਜਿਹੜੀਆਂੇ ਜ਼ਮੀਨਾਂ ‘ਤੇ ਢੇਰ ਕੀਤੀ ਜਾਂਦੀ ਹੈ, ਉਨ੍ਹਾਂ ਜਮੀਨਾਂ ਵਿੱਚ ਵੀ ਖਤਰਨਾਕ ਤੱਤਾਂ ਦੀ ਮਾਤਰਾ ਬਹੁਤ ਵੱਧ ਗਈ ਹੈ ਤੇ ਸਮਾਂ ਪਾ ਕੇ ਇਹ ਤੱਤ ਧਰਤੀ ਹੇਠਲੇ ਪਾਣੀ ਵਿੱਚ ਮਿਲ ਕੇ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਆਵਾਜ਼ ਦਾ ਪ੍ਰਦੂਸ਼ਣ- ਉਦਯੋਗੀਕਰਨ ਅਤੇ ਵਾਹਨਾਂ ਦੇ ਵੱਧਣ ਨਾਲ ਆਵਾਜ਼ ਪ੍ਰਦੂਸ਼ਣ ਵਿੱਚ ਵੀ ਵਾਧਾ ਹੋਇਆ ਹੈ। ਆਵਾਜ਼ ਪ੍ਰਦੂਸ਼ਣ ਵੀ ਮਨੁੱਖੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੈ। ਅਸੀਂ ਵਾਤਾਵਰਣ ਬਚਾਉਣ ਲਈ ਕੀ ਕਰੀਏ?-ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਵਿੱਚ ਸਰਕਾਰਾਂ ਦਾ ਬਹੁਤ ਵੱਡਾ ਰੋਲ ਹੈ ਤੇ ਇਸ ਕਾਰਜ ਲਈ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਜਾਂਦੇ ਹਨ ੱਤੇ ਪ੍ਰਦੂਸ਼ਣ ਕੰਟਰੋਲ ਬੋਰਡ ਗਠਿਤ ਕੀਤੇ ਜਾਂਦੇ ਹਨ, ਪਰ ਆਮ ਤੌਰ ‘ਤੇ ਦੇਖਣ ਵਿੱਚ ਆਇਆ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਵਾਉਣ ਲਈ ਅਤੇ ਵਾਤਾਵਰਣ ਨੂੰ ਬਚਾਉਣ ਲਈ ਮੁਹਿੰਮ ਚਲਾਉਣ ਲਈ ਸਮਾਜਿਕ ਚੇਤਨਾ ਦੀ ਬਹੁਤ ਲੋੜ ਹੈ। ਸੰਤ ਬਲਵੀਰ ਸਿੰਘ ਸੀਚੇਵਾਲ ਵਾਲਿਆਂ ਵੱਲੋਂ ਇਤਿਹਾਸਿਕ ਕਾਲੀ ਵੇਂਈ ਦੀ ਸਫਾਈ ਲਈ ਕਰਵਾਈ ਗਈ ਕਾਰ ਸੇਵਾ ਸੰਤ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਦਰਖੱਤ ਲਗਾਉਣ ਤੇ ਸੰਭਾਲਣ ਦੀ ਵਿੱਢੀ ਵੱਡੀ ਮੁਹਿੰਮ ਵਾਤਾਵਰਣ ਬਚਾਉਣ ਵਿੱਚ ਸਮਾਜ ਦੇ ਯੋਗਦਾਮ ਦੀ ਉੱਘੀ ਮਿਸਾਲ ਹੈ। ਸਰਕਾਰਾਂ ਵੱਚੋਂ ਕੀਤੇ ਜਾਣ ਵਾਲੇ ਉਪਰਾਲਿਆਂ ਜੋਂ ਇਲਾਵਾ ਕੁੱਝ ਕਾਰਜ ਅਜਿਹੇ ਹਨ, ਜਿਹੜੇ ਅਸੀਂ ਆਪਣੇ ਪੱਧਰ ‘ਤੇ ਵੀ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਕਰਨ ਲਈ ਯੋਗਦਾਨ ਪਾ ਸਕਦੇ ਹਾਂ। ਵਾਤਾਵਰਣ ਪ੍ਰਦੂਸ਼ਣ ਨੂੰ ਮੋੜਾ ਪਾਉਣ ਲਈ ਰੁੱਖ ਲਗਾਉਣਾ ਸਭ ਤੋਂ ਉੱਤਮ ਹੈ। ਰੁੱਖ ਹਵਾ ਵਿੱਚ ਕਾਰਬਨ-ਡਾਈਆਕਸਾਈਡ ਘਟਾਉਂਦੇ ਹਨ, ਹਵਾ ਵਿੱਚ ਮਿੱਟੀ-ਘੱਟਾ ਕਰਦੇ ਹਨ, ਜ਼ਮੀਨ ਦਾ ਭੌਂ-ਖੋਰ ਕਰਦੇ ਹਨ, ਜ਼ਮੀਨਾਂ ਦਾ ਭੌਂ-ਖੋਰ ਘਟਾਉਂਦੇ ਹਨ ਤੇ ਜ਼ਮੀਨ ਵਿੱਚੋਂ ਜ਼ਹਿਰੀਲੇ ਤੱਤ ਵੀ ਸੋਖਦੇ ਹਨ। ਸੋ, ਸਾਨੂੰ ਵੱਧ ਤੋਂ ਵੱਧ ਰੁੱਖ ਆਪਣੇ ਘਰਾਂ, ਵਿੱਦਿਅਕ ਸੰਸਥਾਵਾਂ, ਪੰਚਾਇਤੀ ਜ਼ਮੀਨਾਂ, ਖੇਤਾਂ ਦੇ ਬੰਨਿਆਂ, ਟਿਊਬਵੈਲਾਂ ਆਦਿ ‘ਤੇ ਲਗਾਉਣੇ ਚਾਹੀਦੇ ਹਨ। ਪ੍ਰਦੂਸ਼ਣ ਘਟਾਉਣ ਲਈ ਊਰਜਾ ਦੀ ਬੱਚਤ ਵੀ ਜ਼ਰੂਰੀ ਹੈ। ਬਿਜਲੀ ਤੇ ਵਾਹਨਾਂ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ। ਊਰਜਾ ਦੇ ਬਦਲਵੇਂ ਸਾਧਨ ਜਿਵੇਂ ਸੂਰਜੀ ਸ਼ਕਤੀ, ਬਾਇਓ ਗੈਸ ਪਲਾਂਟ ਆਦਿ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਆਪਣੇ ਵਾਹਨਾਂ ਦਾ ਸਮੇਂ ਸਿਰ ਚੈਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਤੋ ਉਹ ਘੱਟ ਤੋਂ ਵੱਧ ਛੱਡਣ। ਪਰਾਲੀ ਸਾੜਨ ਨਾਲ ਹਵਾ ਦੇ ਪ੍ਰਦੂਸ਼ਣ ਦੇ ਨਾਲ-ਨਾਲ ਹਜ਼ਾਰਾਂ ਟਨ ਜ਼ਰੂਰੀ ਖੁਰਾਕੀ ਤੱਤ ਵੀ ਤਬਾਹ ਹੋ ਜਾਂਦੇ ਹਨ। ਪਰਾਲੀ ਅਤੇ ਫਸਲਾਂ ਦੀ ਰਹੰਦ-ਖੁੰਹਦ ਵੱਧ ਤੋਂ ਵੱਧ ਜ਼ਮੀਨ ਵਿੱਚ ਮਿਲਾ ਕੇ ਦੇਣੀ ਚਾਹੀਦੀ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ। ਫਸਲਾਂ ਵਿੱਚ ਖਾਦਾਂ, ਕੀੜੇਮਾਰ ਜ਼ਹਿਰਾਂ ਤੇ ਨਦੀਨ ਨਾਸ਼ਕਾਂ ਦੀ ਵਰਤੋਂ ਲੋੜ ਅਨੁਸਾਰ, ਉਚਿਤ ਮਾਤਰਾ ਵਿੱਚ, ਉਚਿਤ ਸਮੇਂ ‘ਤੇ ਅਤੇ ਉਚਿਤ ਤਰੀਕੇ ਨਾਲ ਕਰਨੀ ਚਾਹੀਦੀ ਹੈ। ਆਪਣੀ ਸਿਹਤ ਦੇ ਬਚਾਅ ਲਈ ਸਾਨੂੰ ਆਪਣੇ ਘਰ ਲਈ ਲੋੜੀਦੀਂਆਂ ਸਬਜ਼ੀਆਂ, ਫਲ, ਦਾਲਾਂ ਆਦਿ ਆਪ ਪੈਦਾ ਕਰਨ ਲਈ ਘਰੇਲੂ ਬਗੀਚੀ ਲਗਾਉਣਈ ਚਾਹੀਦੀ ਹੈ।ਅੱਜ ਅੰਮ੍ਰਿਤਸਰ ਵਿੱਚ ਵੀ ਕਾਫੀ ਥਾਵਾਂ ਤੇ ਪਾਣੀ ਪੀਣ ਯੋਗ ਨਹੀ ਹੈ। ਜੇ ਅਜਿਹਾ ਹੀ ਚੱਲਦਾ ਰਿਹਾ ਤਾਂ ਇਸ ਧਰਤੀ ਤੇ ਮਨੁਖੀ ਜੀਵਨ ਦੀ ਹੋਂਦ ਖਤਮ ਹੋ ਜਾਵੇਗੀ।ਇਸ ਧਰਤੀ ਤੇ ਮਨੁੱਖ ਲਈ ਸਾਹ ਤੱਕ ਲੈਣਾਂ ਅੋਖਾਂ ਹੋ ਜਾਵੇਗਾ।ਇਸ ਕਰਕੇ ਮਨੁੱਖ ਨੂੰ ਚਾਹੀਦਾ ਹੈ ਕ ਉਹ ਆਂਪਣੇ ਇਹਨਾਂ ਸੋਮਿਆਂ ਨੂੰ ਸਾਂਭ ਕੇ ਰੱਖੇ ਤਾਂ ਜੋ ਆਉਣ ਵਾਲੀਆਂ ਨਸਲਾਂ ਵੀ ਇਸ ਧਰਤੀ ਦੀ ਹੋਂਦ ਤੇ ਆਂਪਣੇ ਰੰਗਲੇ ਜੀਵਨ ਦੇ ਆਨੰਦਾ ਨੂੰ ਮਾਂਣ ਸਕਣ।