-ਹਰਬੀਰ ਸਿੰਘ ਭੰਵਰ-
ਆਖਰ ਸਰਕਾਰ ਨੇ 29 ਸਤੰਬਰ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਸਿੰਘ ਸਾਹਿਬਾਨ ਦੇ ਹਵਾਲੇ ਕਰ ਦਿਤਾ। ਗਵਰਨਰ ਪੰਜਾਬ ਦੇ ਸੀਨੀਅਰ ਸਲਾਹਕਾਰ ਸ੍ਰੀ ਆਰ|ਵੀ| ਸੁਬਰਾਮਾਨੀਅਮ ਨੇ ਰਸਮੀ ਤੌਰ `ਤੇ `ਤੋਸਾਖਾਨਾ` ਦੀਆਂ ਚਾਬੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕ੍ਰਿਪਾਲ ਸਿੰਘ , ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਅਨੀ ਸਾਹਿਬ ਸਿੰਘ ਤੇ ਦੂਸਰੇ ਤਿੰਨ ਸਿੰਘ ਸਾਹਿਬਾਨ ਨੂੰ ਸੌਂਪੀਆਂ। ਇਸ ਸਮੇਂ ਇਸ ਪੱਤਰਕਾਰ ਸਮੇਤ ਚਾਰ ਹੋਰ ਮੌਜੂਦ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਸ੍ਰੀ ਸੁਬਰਾਮਾਨੀਅਮ ਨੇ ਕਿਹਾ, " ਮੈਨੂੰ ਖੁਸ਼ੀ ਹੈ ਕਿ ਅਜ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਇਸ ਦੇ ਸਹੀ ਪ੍ਰਬੰਧਕਾਂ ਦੇ ਹਵਾਲੇ ਕਰ ਦਿਤਾ ਹੈ। ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਇੱਛਾ ਅਨੁਸਾਰ ਅਜ ਇਹ ਪਾਵਨ ਅਸਥਾਨ ਧਾਰਮਿਕ ਸਖਸੀਅਤਾਂ ਦੇ ਹਵਾਲੇ ਕਰ ਦਿਤਾ ਗਿਆ ਹੈ।" ਗਿਆਨੀ ਕ੍ਰਿਪਾਲ ਸਿੰਘ ਨੇ ਕਿਹਾ, " ਸਾਨੂੰ ਖੁਸੀ ਹੈ ਕਿ ਸਰਕਾਰ ਨੇ ਸਿੰਘ ਸਾਹਿਬਾਨ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਪਹਿਲੀ ਅਕਤੂਬਰ ਨੂੰ ਪ੍ਰਸਾਤਾਵਤ ਵਿਸ਼ਾਲ ਮਾਰਚ ਦੇ ਅਲਟੀਮੇਟਿਮ ਤੋਂ ਪਹਿਲਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦੇ ਹਵਾਲੇ ਕਰ ਦਿਤਾ ਹੈ।" ਉਨ੍ਹਾ ਮੰਗ ਕੀਤੀ ਕਿ ਤੇਜਾ ਸਿੰਘ ਸਮੁੰਦਰੀ ਹਾਲ, ਸਿੱਖ ਰੈਫਰੈਂਸ ਲਾਬਿਰੇਰੀ ਤੇ ਸਰਾਵਾਂ ਸਮੇਤ ਕੰਪਲੈਕਸ ਦਾ ਸਾਰਾ ਪ੍ਰਬੰਧ ਛੇਤੀ ਤੋਂ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿਤਾ ਜਾਏ।ਉਨ੍ਹਾਂ ਨੇ ਜੇਲ੍ਹਾਂ ਵਿਚ ਨਜ਼ਰਬੰਦ ਸਾਰੇ ਅਕਾਲੀ ਲੀਡਰਾਂ ਅਤੇ ਸਿੱਖ ਨੌਜਵਾਨਾ ਨੂੂੰ ਤੁਰੰਤ ਬਿਨਾ ਸ਼ਰਤ ਰਿਹਾਅ ਕੲਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਨੌਜਵਾਨ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ।
ਇਸ ਤੋਂ ਪਹਿਲਾਂ ਨਿਹੰਗ ਮੁਖੀ ਬਾਬਾ ਸੰਤਾ ਸਿੰਘ, ਜਿਨਾਂ ਨੇ ਸ੍ਰੀ ਕਾਲ ਤਖ਼ਤ ਸਾਹਿਬ ਤੇ ਦਰਸ਼ਨੀ ਡਿਓਢੀ ਦੀ ਮੁਰਮਮਤ ਦੀ `ਕਾਰ ਸੇਵਾ` ਕਰਵਾਈ ਸੀ, ਨੈ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਹਥਿਆਰਬੰਦ ਸਮਰਥਕਾਂ ਸਮੇਤ ਮੱਥਾ ਟੇਕਿਆ। ਇਸ ਸਮੇ ਪੱਤਰਕਾਰਾ ਨਾਲ ਗਲਬਾਤ ਕਰਦਿਆਂ ਨਿਹੰਗ ਮੁਖੀ ਨੇ ਸਿੰਘ ਸਾਹਿਬਾਨ ਦੀ ਕਰੜੀ ਨੁਕਤਾਚੀਨੀ ਕੀਤੀ ਕਿ ਉਨ੍ਹਾਂ ਫੌਜੀ ਕਾਰਵਾਈ ਤੋਂ ਪਹਿਲਾਂ ਆਪਣੀ ਜ਼ਿਮੇਵਾਰੀ ਇਮਾਨਦਾਰੀ ਨਾਲ ਨਹੀਂ ਨਿਭਾਈ ਅਤੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤੱ੍ਰਤਾ ਕਾਇਮ ਰਖਣ ਲਈ ਕੋਈ ਠੋਸ ਯਤਨ ਨਹੀਂ ਕੀਤਾਾ।ਇਸ ਅਸਥਾਨ ਦੀ ਕਿਲ੍ਹਬੰਦੀ ਹੋਣ ਅਤੇ ਇਥੇ ਹਥਿਆਰ ਇਕੱਠੇ ਕਰਨ ਵਿਰੁਧ ਕੋਈ ਕਦਮ ਨਹੀਂ ਚੁਕਿਆ ਗਿਆ।ਇਸ ਪਾਵਨ ਅਸਥਾਨ ਤੋਂ ਨਫਰਤ ਤੇ ਹਿੰਸਾ ਦਾ ਪ੍ਰਚਾਰ ਵੀ ਹੁੰਦਾ ਰਿਹਾ। ਬਾਬਾ ਸੰਤਾ ਸਿੰਘ ਨੇ ਸਿੰਘ ਸਾਹਿਬਾਨ ਵਲੋਂ ਉਨ੍ਹਾਂ ਨੂੰ ਪੰਥ ਚੋਂ ਛੇਕਣ ਦੇ ਫੈਸਲੇ ਦੀ ਵੀ ਨਿੰਦਾ ਕੀਤੀ ਤੇ ਦਾਅਵਾ ਕੀਤਾ ਕਿ ਉਨ੍ਹਾ `ਕਾਰ ਸੇਵਾ` ਗੁਰਮਤਿ ਮਰਯਾਦਾ ਅਨੁਸਾਰ ਹੀ ਕਰਵਾਈ ਹੈ। ਜਿਸ ਸਮੇਂ ਨਿਹੰਗ ਮੁਖੀ ਸ੍ਰੀ ਦਰਬਾਰ ਸਾਹਿਬ ਅੰਦਰ ਆਏ ਅਤੇ ਇਥੇ ਰਹੇ, ਫੌਜ ਨੇ ਉਨ੍ਹਾਂ ਦੀ ਸੁਰੱਖਿਆ ਲਈ ਕੰਪਲੈਕਸ ਨੂੰ ਚਾਰੇ ਪਾਸੇ ਤੋਂ ਘੇਰਾ ਪਾਇਆ ਹੋਇਆ ਸ।ਿ ਉਨ੍ਹਾਂ ਦੇ ਵਾਪਸ ਜਾਣ ਪਿਛੋਂ ਹੀ ਇਹ ਘੇਰਾ ਚੁਕਿਆ ਗਿਆ।
ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਨੇ ਲਗਭਗ 50-60 ਸ਼ਰਧਾਲੂ ਸੰਗਤਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਾਹਮਣੀ ਪਰਿਕਰਮਾ ਨੂੰ ਧੋਤਾ ਅਤੇ 11|15 ਵਜੇ ਦੇ ਕਰੀਬ ਅਖੰਡ ਪਾਠ ਆਰੰਭ ਕੀਤਾ, ਜਿਸ ਦਾ ਭੋਗ ਪਹਿਲੀ ਅਕਤੂਬਰ ਪਾਇਆ ਗਿਆ।ਇਸੇ ਦੌਰਾਨ ਹਰਿ ਕੀ ਪੌੜੀ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਿਆਨੀ ਸਾਹਿਬ ਸਿੰਘ ਵਲੌਂ ਪਹਿਲਾਂ ਅਖੰਡ ਪਾਠ ਸ਼ੁਰੂ ਕਰਵਾਇਆ ਗਿਆ।
(ਆ ਰਹੀ ਪੁਸਤਕ " ਕਾਲੇ ਦਿਨਾਂ ਦੀ ਪੱਤਰਕਾਰੀ" ਚੋਂ)।
# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਅਣਾ, ਸੈਲ: 98762-95829