November 10, 2011 admin

ਸੋਚੀਓ ਇੱਕ ਵਾਰ ਕੰਜਕਾ ਪੂਜਣ ਤੋਂ ਪਹਿਲਾਂ

-ਸੋਨੀਆ ਜਿੰਦਲ-
ਮਾਤਾ ਦੇ ਨਰਾਤੇ ਆ ਗਏ ਹਨ। ਕਈ ਲੋਕਾਂ ਨੇ ਸਾਰੇ ਨਰਾਤਿਆਂ ਦੇ ਵਰਤ ਰੱਖੇ ਹੋਣਗੇ, ਕਈਆਂ ਨੇ ਪੂਜਾ ਪਾਠ ਧਰਾਏ ਹੋਣਗੇ ਤੇ ਕਈਆਂ ਨੇ ਅਖੰਡ ਜੋਤ ਲਾਈ ਹੋਵੇਗੀ। ਮੰਦਰਾਂ ਅਤੇ ਘਰਾਂ ਵਿੱਚ ਰਮਾਯਣ ਦੇ ਪਾਠ ਵੀ ਖੁੱਲੇ ਹੋਏ ਹਨ। ਹਰ ਕੋਈ ਨਰਾਤਿਆਂ ਤੋਂ ਮਗਰੋਂ ਅਸ਼ਟਮੀ ਦੀ ਉਡੀਕ ਬੜੇ ਚਾਅ ਨਾਲ ਕਰਦਾ ਹੈ। ਇਸ ਦਿਨ ਮਾਤਾ ਦੀਆਂ ਕੰਜਕਾਂ ਪੂਜ ਕੇ ਲੋਕ ਆਪਣੇ ਵਰਤ ਖੋਲਦੇ ਹਨ। ਪਰ ਕੀ ਕੰਜਕਾ ਪੂਜਣ ਤੋਂ ਪਹਿਲਾਂ ਤੂੰਸੀ ਕਦੇ ਵਿਚਾਰ ਕੀਤਾ ਹੈ ਕਿ ਤੁਹਾਨੂੰ ਕੰਜਕਾ ਪੂਜਣ ਦਾ ਹੱਕ ਹੈ ਵੀ ਕਿ ਨਹੀਂ?  ਮੇਰੀ ਗੱਲ ਤੁਹਾਨੂੰ ਥੋੜੀ ਅਜੀਬ ਤੇ ਜਰੂਰ ਲੱਗ ਰਹੀ ਹੋਵੇਗੀ ਪਰ ਹੈ ਸੋਲਾਂ ਆਨੇ ਸੱਚ।
ਕੰਜਕਾ ਵਾਲੇ ਦਿਨ ਦੇਵੀ ਮਾਤਾ ਦਾ ਸਰੂਪ ਮੰਨੀਆਂ ਜਾਣ ਵਾਲੀਆਂ ਕੁੜੀਆਂ ਦੀ ਪੂਜਾ ਕੀਤੀ ਜਾਂਦੀ ਹੈ। ਉਹੋ ਕੁੜੀਆਂ ਜਿਹਨਾਂ ਨੂੰ ਕਈ ਘਰ ਕੁੱਖ ਵਿੱਚ ਹੀ ਮੌਤ ਦੇ ਦਿੰਦੇ ਹਨ। ਉਹ ਕੁੜੀਆਂ ਜਿਹਨਾਂ ਨੂੰ ਝੋਲੀ ਅੱਡ ਕੇ ਕੋਈ ਰੱਬ ਤੋਂ ਨਹੀਂ ਮੰਗਦਾ ਤੇ ਜਿਨਾਂ੍ਹ ਦੇ ਜਨਮ ਤੇ ਕਈ ਮਾਂ ਪਿਓ ਵੈਲ ਪਾÀੁਂਦੇ ਹਨ। ਮੇਰਾ ਸਵਾਲ ਅਜਿਹੇ ਹੀ ਮਾਂ ਪਿਓ ਤੇ ਪਰਿਵਾਰਾਂ ਨਾਲ ਹੈ ਜਿਹੜੇ ਇੱਕ ਕੰਜਕ ਨੂੰ ਜਨਮ ਲੈਣ ਦਾ ਅਧਿਕਾਰ ਨਹੀਂ ਦਿੰਦੇ, ਜਿਹਨਾਂ ਦੇ ਹੱਥ ਅਜਨਮੀ ਕੰਜਕ ਦੇ ਖੂਨ ਨਾਲ ਰੰਗੇ ਹੋਏ ਹਨ ਉਹਨਾਂ ਨੂੰ ਅਸ਼ਟਮੀ ਵਾਲੇ ਦਿਨ ਉਹਨਾਂ ਹੱਥਾਂ ਨਾਲ ਹੀ ਕੰਜਕਾਂ ਦੇ ਮੱਥੇ ਟਿੱਕਾ ਲਾਉਣ ਦਾ ਕੀ ਹੱਕ ਹੈ ? ਮੇਰਾ ਇਹ ਸਵਾਲ ਉਹਨਾਂ ਡਾਕਟਰਾਂ, ਨਰਸਾਂ ਅਤੇ ਦਾਈਆਂ ਨਾਲ ਵੀ ਹੈ ਜੋ ਇਸ ਘਿਣੋਨੇ ਕਾਰਜ ਦੇ ਭਾਗੀਦਾਰ ਬਣਦੇ ਹਨ। ਪੈਸੇ ਦੀ ਭੁੱਖ ਵਿੱਚ ਜਦੋਂ ਉਹ ਨਿੱਕੀ ਜਿਹੀ ਜਾਨ ਦੇ ਅੰਗ ਵੱਡ ਕੇ ਕੁੱਖ ਵਿੱਚ ਹੀ ਉਸਨੂੰ ਖਤਮ ਕਰਦੇ ਹਨ ਅਜਿਹੇ ਪਾਪੀਆਂ ਨੂੰ ਨਿੱਕੇ ਨਿੱਕੇ ਹੱਥਾਂ ਤੇ ਪਵਿੱਤਰ ਰਖਿਆ ਸੂਤਰ (ਖਮਣੀ) ਬਨਣ ਦਾ ਕੀ ਹੱਕ ਹੈ ਜਦੋਂ ਕਿ ਉਹ ਉਸ ਦੀ ਰਖਿਆ ਹੀ ਨਹੀਂ ਕਰ ਸਕਦੇ।
ਸਾਲ ਵਿੱਚ ਦੋ ਵਾਰ ਬੱਸ ਨਰਾਤਿਆਂ ਵੇਲੇ ਕੁੜੀਆਂ ਨੂੰ ਦੇਵੀ ਦਾ ਰੂਪ ਮੰਨ ਕੇ ਸਾਡੀ ਜਿੰਮੇਵਾਰੀ ਪੂਰੀ ਨਹੀਂ ਹੋ ਜਾਂਦੀ। ਜਰੂਰਤ ਹੈ ਧੀਆਂ ਨੂੰ ਸਦਾ ਉਹ ਮਾਨ ਦੇਣ ਦੀ ਜੋ ਉਹਨਾਂ ਨੂੰ ਪੁਜਣ ਵੇਲੇ ਅਸੀਂ ਦਿੰਦੇ ਹਾਂ। ਕਿਸੇ ਵੀ ਘਰ ਦਾ ਕੋਈ ਵੀ ਸ਼ੁਭ ਕਾਰਜ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਉਸ ਵਿੱਚ ਘਰ ਦੀ ਧੀ ਭੈਣ ਦਾ ਹੱਥ ਨਾ ਲੱਗੇ ਫਿਰ ਕਿੰਝ ਅਸੀਂ ਉਹਨਾਂ ਤੋਂ ਹੀ ਆਪਣਾ ਮੂੰਹ ਮੋੜ ਸਕਦੇ ਹਾਂ?  ਦੇਵੀ ਮਾਤਾ ਸਾਡੇ ਤੋਂ ਉਦੋਂ ਤੱਕ ਖੁਸ਼ ਨਹੀਂ ਹੋ ਸਕਦੀ ਜਦੋਂ ਤੱਕ ਅਸੀਂ ਉਸਦੇ ਕੰਜਕ ਰੂਪ ਦਾ ਇੰਝ ਹੀ ਨਿਰਾਦਰ ਕਰਦੇ ਰਹਾਂਗੇ। ਇਸ ਵਾਰ ਕੰਜਕ ਪੂਜਣ ਤੋਂ ਪਹਿਲਾਂ ਇੱਕ ਵਾਰ ਇਹ ਵਿਚਾਰ ਜਰੂਰ ਕਰਨਾ ਕਿ ਸੱਚ ਵਿੱਚ ਤੁਹਾਨੂੰ ਇਹ ਪੂਜਣ ਦਾ ਹੱਕ ਹੈ ਵੀ ਕਿ ਨਹੀਂ? ਕੀ ਤੁਸੀਂ ਅਜਿਹਾ ਕੁੱਝ ਕਰਣ ਤਾਂ ਨਹੀਂ ਜਾ ਰਹੇ ਜੋ ਕੱਲ੍ਹ ਨੂੰ ਤੁਹਾਨੂੰ ਤੁਹਾਡੀਆਂ ਨਜਰਾਂ ਵਿੱਚ ਹੀ ਸੁੱਟ ਦੇਵੇ?
ਜੋ ਹੋ ਗਿਆ ਸੋ ਹੋ ਗਿਆ। ਆਓ ਇਸ ਨਰਾਤਿਆਂ ਇਸ ਅਸ਼ਟਮੀ ਤੇ ਅਸੀਂ ਸਾਰੇ ਇਹ ਪ੍ਰਣ ਲਈਏ ਕਿ ਕੰਨਿਆ ਭਰੂਣ ਹਤਿਆ ਦੇ ਭਾਗੀਦਾਰ ਨਾ ਬਣ ਕੇ ਅਸੀਂ ਸਾਰੇ ਹੀ ਕੰਜਕਾ ਪੂਜਣ ਦੇ ਹੱਕਦਾਰ ਬਣਾਂਗੇ ਤੱਦ ਹੀ ਸਹੀ ਮਾਇਨੇ ਵਿੱਚ ਸਾਡੀ ਅਖੰਡ ਜੋਤ, ਸਾਡੇ ਇਹ ਵਰਤ ਤੇ ਪਾਠ ਪੂਜਾ ਸਫਲ ਹੋਣਗੇ। ਜੈ ਮਾਤਾ ਦੀ।


 

Translate »