November 11, 2011 admin

ਬਹੁ ਪੱਖੀ ਸ਼ਖ਼ਸੀਅਤ – ਸਰਬਦਿਆਲ ਸਿੰਘ ਕੰਗ

ਸ੍ਰ: ਸਰਬਦਿਆਲ ਸਿੰਘ ਕੰਗ ਦਾ ਜਨਮ 5 ਨਵੰਬਰ 1934 ਚੱਕ ਨੰਬਰ69 (ਘਸੀਟਪੁਰਾ) ਜਿਲ੍ਹਾ ਲਾਇਲਪੁਰ ਵਿਖੇ ਸ੍ਰ: ਬਚਨ ਸਿੰਘ ਚੀਫ਼ ਦੇ ਘਰ ਮਾਤਾ ਦਾਤਾਰ ਕੌਰ ਦੀ ਕੁੱਖੋ ਹੋਇਆ। ਉਨ੍ਹਾਂ ਨੇ  ਮੁਢਲੀ ਵਿਦਿਆ ਸ੍ਰੀ ਗੁਰੂ ਰਾਮ ਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋ ਪ੍ਰਾਪਤ ਕੀਤੀ। 1957 ਵਿੱਚ ਕੈਰੋ ਸਕੂਲ ਤੋ ਜੇ.ਬੀ.ਟੀ. ਪਾਸ ਕਰਕੇ 18-10-57 ਨੂੰ ਸ.ਪ.ਸ. ਖਡੂਰ ਸਾਹਿਬ ਵਿਖੇ ਅਧਿਆਪਕ ਨਿਯੁਕਤ ਹੋਏ। ਆਪ ਦੀ ਸ਼ਾਦੀ ਪਿੰਡ ਸੋਹਲ ਦੀ ਸ੍ਰੀਮਤੀ  ਦਲਬੀਰ ਕੌਰ ਨਾਲ ਹੋਈ। ਆਪ ਦੀ ਇਕ ਬੇਟੀ ਸਵਰਾਜਬੀਰ ਕੌਰ ਸੰਧੂ ਤੇ ਦੋ ਬੇਟੇ ਕੁਲਰਾਜਬੀਰ ਸਿੰਘ ਕੰਗ  ਤੇ ਮਨਰਾਜਬੀਰ ਸਿੰਘ ਕੰਗ ਹਨ।ਕੁਲਰਾਜਬੀਰ ਸਿੰਘ ਕੰਗ  1986 ਤੋ 1992 ਤੀਕ ਅੰਮ੍ਰਿਤਸਰ ਯੂਥ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ ਰਹੇ।ਮਨਰਾਜਬੀਰ ਸਿੰਘ ਕੰਗ 1980 ਤੋਂ 1990 ਤੀਕ ਜਿਲਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਜਨਰਲ ਸਕੱਤਰ ਰਹੇ।ਉਹ 1990 ਵਿਚ ਅਮਰੀਕਾ ਚਲੇ ਗਏ ਤੇ ਇਸ ਸਮੇਂ ਉਹ ਵਰਜੀਨੀਆ ਰਹਿੰਦੇ ਹਨ ਤੇ ਆਪਣੇ ਦਾਦੇ ਦੇ ਨਾਂ ‘ਤੇ ਚੀਫ਼ ਟਰਾਂਸਪੋਰਟ ਚਲਾ ਰਹੇ ਹਨ।
    ਜਦ ਸਰਬਦਿਆਲ ਸਿੰਘ ਕੰਗ ਭਰਤੀ ਹੋਇ ਤਾਂ ਉਸ ਸਮੇ ਅਧਿਆਪਕਾਂ ਨੂੰ ਤਿੰਨ ਮਹੀਨਿਆਂ ਦੇ ਅਧਾਰ ਤੇ ਨਿਯੁਕਤ ਕੀਤਾ ਜਾਂਦਾ ਸੀ। ਇੰਨ੍ਹਾਂ ਨੇ ਆਰਜੀ ਅਧਿਆਪਕਾਂ ਨੂੰ ਪੱਕੇ ਕਰਾਉਣ ਲਈ ਸ. ਸਰਦੂਲ ਸਿੰਘ ਰੰਧਾਵਾ ਤੇ ਸ. ਭਗਵਾਨ ਸਿੰਘ ਨਾਲ ਮਿਲਕੇ 26-1-58 ਨੂੰ ਅਸਥਾਈ ਅਧਿਆਪਕ ਯੂਨੀਅਨ ਬਣਾਈ ਜਿਸ ਦੇ ਸੰਘਰਸ਼ ਸਦਕਾ 6700 ਅਧਿਆਪਕ ਪੱਕੇ ਹੋਏ। ਇਸ ਪਿੱਛੋ ਸਾਥੀ ਕੰਗ ਨੇ ਲਗਾਤਾਰ ਅਧਿਆਪਕ ਮੰਗਾਂ ਲਈ ਆਪਣਾ ਸੰਘਰਸ਼ ਜਾਰੀ ਰਖਿਆ ਜਿਸ ਦੇ ਫ਼ਲ ਸਰੂਪ ਆਪ ਸਰਬ ਸੰਮਤੀ ਨਾਲ ਬਲਾਕ ਖਡੂਰ ਸਾਹਿਬ ਦੇ ਪ੍ਰਧਾਨ ਚੁਣੇ ਗਏ। 1964 ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਤੇ 1965 ਵਿੱਚ ਐਕਟਿੰਗ ਪ੍ਰਧਾਨ ਬਣੇ।ਮਈ 1966 ਨੂੰ ਇਨ੍ਹਾਂ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਦਾ ਜਿਲ੍ਹਾ ਪ੍ਰਧਾਨ ਚੁਣ ਲਿਆ ਗਿਆ। ਇਨ੍ਹਾਂ ਦੀ ਅਗਵਾਈ ਵਿੱਚ 19 ਦਸੰਬਰ 1966 ਨੂੰ ਕੋਠਾਰੀ ਕਮਿਸ਼ਨ ਦੇ ਗਰੇਡ ਲਾਗੂ ਕਰਾਉਣ ਲਈ ਸੰਘਰਸ਼ ਅਰੰਭਿਆ ਗਿਆ।1967 ਵਿਚ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਤੋਂ ਗਰੇਡ ਲਾਗੂ ਕਰਾਉਣ ਲਈ 72 ਘੰਟੇ ਦਾ ਵਰਤ ਰੱਖਿਆ ਜਿਸ ਦੇ ਦਬਾਅ ਹੇਠ 29 ਜੁਲਾਈ 1967 ਨੂੰ ਸਰਕਾਰ ਨੇ ਇਹ ਗਰੇਡ ਲਾਗੂ ਕਰ ਦਿਤੇ।
    ਉਹ 1969 ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ‘ਰਾਣਾ ਗਰੁੱਪ’ ਨਾਲ ਪੱਕੇ ਤੌਰ ‘ਤੇ ਜੁੜ ਗਏ । ਗੌਰਮਿੰਟ ਟੀਚਰਜ਼ ਯੂਨੀਅਨ ਦੀਆਂ ਸਾਂਝੀਆਂ ਚੋਣਾਂ ਜਿਹੜੀਆਂ 23 ਜਨਵਰੀ 1972 ਨੂੰ ਹੋਈਆਂ ਉਨ੍ਹਾਂ ਚੋਣਾਂ ਵਿੱਚ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਹਰਾ ਕੇ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਚੁਣੇ ਗਏ। ਪ੍ਰਧਾਨ ਬਣਨ ਤੋਂ ਬਾਅਦ ਕੋਠਾਰੀ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਾਉਣ ਲਈ ਪ੍ਰਧਾਨਗੀ ਮੰਡਲ ਵਲੋਂ ਅਰੰਭੇ ਘੋਲ ਵਿੱਚ 4 ਅਗਸਤ 1973 ਤੋਂ 27 ਅਗਸਤ 1973 ਤੱਕ ਚੰਡੀਗੜ੍ਹ ਮਰਨ ਵਰਤ ਰਖਿਆ। ਸਰਕਾਰ ਦੇ ਵਿਚੋਲਿਆਂ ਦੇ ਦਬਾਅ ਪਾਉਣ ਦੇ ਉਪਰੰਤ ਵੀ ਮਰਨ ਵਰਤ ਤੇ ਡਟੇ ਰਹੇ। ਇਸ ਘੋਲ ਸਦਕਾ ਗਰੇਡਾਂ ਦੀਆਂ ਤਰੁੱਟੀਆਂ ਦੂਰ  ਹੋਈਆਂ 1978 ਵਿੱਚ ਬੇਰੁਜ਼ਗਾਰ ਅਧਿਆਪਕ ਯੂਨੀਅਨ ਵਲੋਂ ਸ਼ੁਰੂ ਕੀਤੇ ਅੰਦੋਲਨ ਸਮੇਂ ਦੋ ਮਹੀਨੇ ਬੂੜੈਲ ਜੇਲ੍ਹ ਚੰਡੀਗੜ੍ਹ ਵਿਖੇ ਆਪਣੇ 50 ਹੋਰ ਸਾਥੀਆਂ ਸਮੇਤ ਕੈਦ ਕੱਟੀ। ਦਸੰਬਰ 1979 ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਮਹਾਜਨ ਕਮਿਸ਼ਨ ਦੀ ਰੀਪੋਰਟ ਲਾਗੂ ਕਰਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਅੱਗੇ 51 ਸਾਥੀਆਂ ਨਾਲ ਗਰਿਫਤਾਰੀ ਦੇ ਕੇ 9 ਦਿਨ ਜੇਲ੍ਹ ਕੱਟੀ। ਇਸ ਸੰਘਰਸ਼ ਸਦਕਾ ਅਧਿਆਪਕਾਂ ਦੇ ਗਰੇਡਾਂ ਵਿੱਚ ਸੋਧ ਕਰਕੇ ਗਰੇਡ ਲਾਗੂ ਕੀਤੇ ਗਏ। ਉਹ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਅੰਮ੍ਰਿਤਸਰ ਦੇ  1972, 1979, 1981 ਤੇ 1983 ਵਿੱਚ ਸਿਧੀਆਂ ਚੋਣਾਂ ਵਿੱਚ ਵੋਟਾਂ ਦੁਆਰਾ ਜਿਲ੍ਹਾ ਪ੍ਰਧਾਨ ਚੁਣੇ ਜਾਂਦੇ ਰਹੇ। 1981 ਵਿੱਚ ਇਹਨਾਂ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦਾ ਸੂਬਾਈ ਮੀਤ-ਪ੍ਰਧਾਨ ਚੁਣ ਲਿਆ ਗਿਆ। ਇਸ ਔਹੁਦੇ ਤੇ ਉਹ ਸੇਵਾ ਮੁਕਤੀ ਤੀਕ ਰਹਿ।
    ਉਨ੍ਹਾਂ  ਨੇ ‘ਅਧਿਆਪਕ ਸੰਘਰਸ਼ ਕਮੇਟੀ’ ਤੇ ਅਧਿਆਪਕ ਸਾਂਝੇ ਮੋਰਚੇ ਵੱਲੋਂ ਲਾਮਬੰਦ ਕੀਤੇ ਹਰ ਘੋਲ ਵਿੱਚ ਅਹਿਮ ਭੂਮੀਕਾ ਨਿਭਾਈ ਜਿਸ ਸਦਕਾ ਅਧਿਆਪਕਾਂ ਦੀ ਚਕ ਥਲ ਨਾ ਹੋ ਸਕੀ। ਜਿਲ੍ਹਾ ਅੰਮ੍ਰਿਤਸਰ ਵਿੱਚ ਜਦੋਂ ਵੀ ਸਰਕਾਰ ਨੇ ਅਧਿਆਪਕਾਂ ਦੀਆਂ ਨਜ਼ਾਇਜ਼ ਬਦਲੀਆਂ ਕੀਤੀਆਂ ਤਾਂ ਉਨ੍ਹਾਂ ਨੂੰ ਰੱਦ ਕਰਾਉਣ ਲਈ ਹਰ ਕੁਰਬਾਨੀ ਕਰਨ ਲਈ ਮੈਦਾਨ ਵਿੱਚ ਨਿਤਰੇ। ਹਰਚਰਨ ਸਿਘ ਅਜਨਾਲਾ ਸਿਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਨਜ਼ਾਇਜ਼ ਬਦਲੀਆਂ ਕੀਤੀਆਂ ਤਾਂ ਉਨ੍ਹਾਂ  ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਅਧਿਆਪਕਾਂ ਨੇ 28 ਮਈ 1981 ਨੂੰ ਅਜਨਾਲਾ ਵਿਖੇ ਸੂਬੇ ਦੇ  ਮੁਜ਼ਾਹਰੇ ਵਿੱਚ ਲਾ ਮਿਸਾਲ ਸ਼ਮੂਲੀਅਤ ਕੀਤੀ ਤੇ ਪੁਲੀਸ ਦੀ ਹਿਰਾਸਤ ਵਿੱਚ ਰਹੇ। ਇਸ ਸੰਘਰਸ਼ ਦੇ ਦਬਾਅ ਕਰਕੇ ਹੀ ਸਰਕਾਰ ਨੂੰ ਨਜ਼ਾਇਜ਼ ਬਦਲੀਆਂ ਰੱਦ ਕਰਨੀਆਂ ਪਈਆਂ।
    ਉਨ੍ਹਾਂ ਆਪਣੀ ਸੇਵਾ ਕਾਲ ਦੇ 36ਸਾਲਾਂ ਦੌਰਾਨ ਅੰਮ੍ਰਿਤਸਰ ਜਿਲ੍ਹੇ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਲੋਕਲ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਅਧਿਆਪਕਾਂ ਦੇ ਹੱਕਾਂ ਹਿਤਾਂ ਦੀ ਖ਼ਾਤਰ ਲੜਦਿਆਂ ਹੋਇਆ ਉਨ੍ਹਾਂ ਨੇ ਪੰਜਾਬ ਦੇ ਮੁਲਾਜ਼ਮਾਂ ਦੀ ਸਾਥੀ ਤਰਲੋਚਨ ਸਿੰਘ ਰਾਣਾ ਦੀ ਅਗਵਾਈ ਵਾਲੀ ਸਾਂਝੀ ਮੁਲਾਜ਼ਮ ਜਥੇਬੰਦੀ   ੁਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਨਾਲ ਵੀ ਜੁੜੇ ਰਹੇ।ਪੰਜਾਬ ਦੇ ਸੰਤਾਪ ਦਾ ਸਿਧਾ ਪ੍ਰਭਾਵ ਉਨ੍ਹਾਂ  ਦੇ ਪਰਿਵਾਰ ਤੇ ਪਿਆ। ਅੱਤਵਾਦੀਆਂ ਨੇ ਇਨ੍ਹਾਂ ਦੇ ਬਾਪ ਸ੍ਰ. ਬਚਨ ਸਿੰਘ ਚੀਫ਼ ਜਿਹੜੇ ਕਿ ਅਜ਼ਾਦੀ ਘੁਲਾਟੀਏ ਸਨ ਨੂੰ ਸ਼ਹੀਦ ਕਰ ਦਿੱਤਾ। ਇਸ ਤੋਂ ਜਲਦੀ ਹੀ ਬਾਅਦ ਇਨ੍ਹਾਂ ਦੇ ਭਣਵੱਈਏ ਸ੍ਰੀ ਜਗਦੀਸ਼ ਸਿੰਘ ਸੇਖੋਂ ਅੱਤਵਾਦੀਆਂ ਵੱਲੋਂ ਪੱਟੀ ਕਚਿਹਰੀ ਵਿੱਚ ਕੀਤੇ ਗਏ ਬੰਬ ਧਮਾਕੇ ਦੌਰਾਨ ਸ਼ਹੀਦ ਹੋ ਗਏ। ਇਨ੍ਹਾਂ ਅਕਹਿ ਸਦਮਿਆਂ ਨੂੰ ਝਲਦਿਆਂ ਹੋਇਆਂ ਅਡੋਲ ਹਾਲਤ ਵਿੱਚ ਉਹ ਲੋਕ ਹਿੱਤਾਂ ਲਈ ਲੜਦੇ ਰਹੇ।ਸੇਵਾ ਮੁਕਤੀ ਉਪਰੰਤ ਆਪ ਨੇ ਸਰਗਰਮ ਸਿਆਸਤ ਵਿਚ ਭਾਗ  ਲੈਣਾ  ਸ਼ੁਰੂ ਕੀਤਾ।ਉਹ ਅੰਮ੍ਰਿਤਸਰ (ਦਿਹਾਤੀ) ਕਾਂਗਰਸ ਦੇ ਜਿਲ੍ਹਾ ਜਨਰਲ ਸਕੱਤਰ ਤੇ ਮਈ 2005 ਤੋਂ ਮਿਲਕਫੈਡ ਪੰਜਾਬ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸਨ।ਉਨ੍ਹਾਂ ਨੂੰ 2006 ਵਿਚ ਤਰਨ ਤਾਰਨ ਜਿਲਾ ਬਣਨ ਤੇ ਜਿਲਾ ਕਾਂਗਰਸ ਕਮੇਟੀ ਤਰਨ ਤਾਰਨ ਦਾ ਸ੍ਰਪਰਸਤ ਚੁਣਿਆ ਗਿਆ ਤੇ ਅਜੇ ਵੀ ਇਸ ਆਹੁਦੇ ਤੇ ਕਾਇਮ ਸਨ।
         ਉਹ 20 ਦਸੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।ਅੱਜ 31 ਦਸੰਬਰ ਨੂੰ ਉਨ੍ਹਾਂ ਦੇ ਪਿੰਡ ਘਸੀਟਪੁਰਾ ਨੇੜੇ ਖਡੂਰ ਸਾਹਿਬ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਅੰਤਿਮ ਯਾਦ ਵਿੱਚ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।ਉਪਰੰਤ ਸ਼ਰਧਾਂਜਲੀ ਸਮਾਰੋਹ ਹੋਵੇਗਾ। ਉਨ੍ਹਾਂ ਦੇ ਕੀਤੇ ਨੇਕ ਕੰਮਾਂ ਕਰਕੇ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹਿਗਾ।

ਡਾ. ਚਰਨਜੀਤ ਸਿੰਘ ਗੁਮਟਾਲਾ
253, ਅਜੀਤ ਨਗਰ, ਅੰਮ੍ਰਿਤਸਰ
ਮੋ: 9417533060


 

Translate »