ਡਾ. ਚਰਨਜੀਤ ਸਿੰਘ ਗੁਮਟਾਲਾ
ਸਾਰੀ ਦੁਨੀਆਂ ਵਿੱਚ ਕਿਰਤੀਆਂ ਦੀਆਂ ਆਰਥਕ ਤੇ ਸਮਾਜਿਕ ਪ੍ਰਾਪਤੀਆਂ ਨੂੰ ਯਾਦ ਕਰਨ ਲਈ ਦੁਨੀਆਂ ਭਰ ਵਿੱਚ 1 ਮਈ ਨੂੰ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਪਰ ਅਮਰੀਕਾ ਵਿੱਚ ਮਜ਼ਦੂਰ ਦਿਵਸ ਸਤੰਬਰ ਦੇ ਪਹਿਲੇ ਸੋਮਵਾਰ ਮਨਾਇਆ ਜਾਂਦਾ ਹੈ ਜੋ ਇਸ ਸਾਲ 6 ਸਤੰਬਰ ਨੂੰ ਹੈ, ਹਾਲਾਂਕਿ ਅੰਤਰ ਰਾਸ਼ਟਰੀ ਮਜ਼ਦੂਰ ਦਿਵਸ ਦਾ ਜਨਮ ਦਾਤਾ ਵੀ ਅਮਰੀਕਾ ਹੀ ਹੈ। ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਇਹ ਦਿਨ ਉਨ੍ਹਾਂ ਅਮਰੀਕੀ ਕਾਮਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਦੇਸ਼ ਨੂੰ ਖ਼ੁਸ਼ਹਾਲ ਬਣਾਇਆ ਅਤੇ ਇਸ ਦੀ ਭਲਾਈ ਲਈ ਕੰਮ ਕੀਤਾ। ਅਮਰੀਕੀ ਕਿਰਤੀ ਨੇ ਨਾ ਕੇਵਲ ਅਮਰੀਕਾ ਸਗੋਂ ਸਾਰੀ ਦੁਨੀਆਂ ਲਈ ਰਾਹ ਦਸੇਰਾ ਦਾ ਕੰਮ ਕੀਤਾ ਹੈ। 1857 ਦੇ ਗਦਰ ਤੋਂ ਬਾਅਦ ਭਾਰਤ ਨੂੰ ਹਥਿਆਰਬੰਦ ਸੰਘਰਸ਼ ਨਾਲ ਆਜ਼ਾਦ ਕਰਾਉਣ ਲਈ ਗ਼ਦਰ ਪਾਰਟੀ ਵਲੋਂ ਸੰਘਰਸ਼ ਅਮਰੀਕਾ ਤੋਂ ਹੀ ਭਾਰਤੀ ਕਿਰਤੀਆਂ ਨੇ ਹੀ ਸ਼ੁਰੂ ਕੀਤਾ ਸੀ। ਵਿਗਿਆਨਕ ਖੋਜਾਂ ਵਿੱਚ ਅਮਰੀਕਾ ਮੋਹਰੀ ਰਿਹਾ ਹੈ। ਦੁਨੀਆਂ ਵਿੱਚ ਅਮਰੀਕਾ ਨੂੰ ਸਭ ਤੋਂ ਵੱਧ ਸਰਮਾਏਦਾਰ ਦੇਸ਼ ਬਨਾਉਣ ਵਿੱਚ ਅਮਰੀਕੀ ਕਿਰਤੀਆਂ ਦਾ ਅਹਿਮ ਰੋਲ ਹੈ। ਯੂਰਪ ਨੂੰ ਆਲੂ, ਮਕਈ ਤੇ ਤੰਬਾਕੂ ਅਮਰੀਕਾ ਦੀ ਦੇਣ ਹੈ। ਜੇ ਦੁਨੀਆਂ ਵਿੱਚ ਅੱਜ ਸਮਾਜਵਾਦੀ ਸਰਕਾਰਾਂ ਹਨ ਤਾਂ ਇਸ ਪਿੱਛੇ ਵੀ ਅਮਰੀਕੀ ਮਜ਼ਦੂਰਾਂ ਦੀਆਂ ਸ਼ਹਾਦਤਾਂ ਹਨ, ਜਿੰਨ੍ਹਾਂ ਨੇ ਕਿ ਇਸਦਾ ਸੁਪਨਾ ਲਿਆ ਸੀ।
ਜਿੱਥੋਂ ਤੀਕ ਇਸ ਦਿਨ ਦੀ ਸ਼ੁਰੂਆਤ ਦਾ ਸੰਬੰਧ ਹੈ, 1880 ਵਿਚ ਮੰਦਵਾੜੇ ਨੇ ਅਮਰੀਕਾ ਨੂੰ ਬਹੁਤ ਨੁਕਸਾਨ ਪਹੁੰਚਾਇਆ। ਮੰਦੇ ਕਾਰਨ ਮਜ਼ਦੂਰਾਂ ਦੀ ਤਨਖਾਹ ਘੱਟ ਗਈ ਅਤੇ ਬੇਰੁਜ਼ਗਾਰੀ ਵਿਚ ਭਾਰੀ ਵਾਧਾ ਹੋਇਆ। ਇਸ ਮੌਕੇ ‘ਤੇ ਨਾਇਟਸ ਆਫ ਲੇਬਰ ਨਾਂ ਦੀ ਜਥੇਬੰਦੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਈ। ਉਸਨੇ ਮਜ਼ਦੂਰਾਂ ਦੀਆਂ ਪਰੰਪਰਾਗ਼ਤ ਮੰਗਾਂ ਜਿਨ੍ਹਾਂ ਵਿਚ ਦਿਨ ਵਿਚ ਕੰਮ ਕਰਨ ਦਾ ਸਮਾਂ 8 ਘੰਟੇ ਕਰਨ, ਸਹਿਕਾਰੀ ਅਦਾਰੇ ਸਥਾਪਤ ਕਰਨ, ਬਾਲ ਮਜ਼ਦੂਰੀ ਉਪਰ ਪਾਬੰਦੀ ਲਾਉਣ, ਔਰਤਾਂ ਤੇ ਮਰਦਾਂ ਨੂੰ ਬਰਾਬਰ ਤਨਖਾਹ ਦੇਣ, ਮਜ਼ਦੂਰੀ ਅੰਕੜਿਆਂ ਲਈ ਵਖਰਾ ਬਿਉਰੋ ਸਥਾਪਤ ਕਰਨ, ਜੇਲ ਮਜ਼ਦੂਰੀ ਲਈ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ, ਪੜਾਅਵਾਰ ਇਨਕਮ ਟੈਕਸ ਲਾਉਣ, ਰੇਲਵੇ ਤੇ ਟੈਲੀਗ੍ਰਾਫ ਵਿਭਾਗ ਸਰਕਾਰ ਨੂੰ ਸੌਂਪਣ, ਪਬਲਿਕ ਜ਼ਮੀਨ ਅਸਲੀ ਆਬਾਦਕਾਰਾਂ ਲਈ ਰੀਜ਼ਰਵ ਕਰਨ ਆਦਿ ਸ਼ਾਮਲ ਸਨ ਨੂੰ ਲੈ ਕੇ 5 ਸਤੰਬਰ 1882 ਨੂੰ ਨਿਉਯਾਰਕ ਸਿਟੀ ਵਿਚ ਇਕ ਬਹੁਤ ਵੱਡੀ ਪ੍ਰੇਡ ਦਾ ਆਯੋਜਨ ਕੀਤਾ। ਇਸ ਦਿਨ ਮੰਗਲਵਾਰ ਸੀ। ਮਜ਼ਦੂਰਾਂ ਨੇ ਆਪਣੀ ਤਨਖਾਹ ਕਟਾ ਕੇ ਇਸ ਪ੍ਰੇਡ ਵਿਚ ਭਾਗ ਲਿਆ। ਨਿਊਯਾਰਕ ਦੇ ਜਿਹੜੇ ਮਜ਼ਦੂਰ ਇਸ ਪ੍ਰੇਡ ਵਿਚ ਸ਼ਾਮਲ ਨਾ ਹੋਇ ਉਨ੍ਹਾਂ ਨੂੰ ਯੂਨੀਅਨ ਨੇ ਜ਼ੁਰਮਾਨਾ ਕੀਤਾ। ਇਸ ਪ੍ਰੇਡ ਵਿਚ ਨਿਊਯਾਰਕ ਸਿਟੀ ਦੀ ਸੈਂਟਰਲ ਲੇਬਰ ਯੁਨੀਅਨ ਦੇ ਸੈਕਟਰੀ ਮੈਥਿਊ ਮੈਗਾਇਰ ਨੇ ਇਸ ਦਿਨ ਲੇਬਰ ਡੇ ਦੇ ਤੌਰ ’ਤੇ ਛੁੱਟੀ ਕਰਨ ਦੀ ਤਜ਼ਵੀਜ਼ ਰੱਖੀ। ਨਾਇਟਸ ਆਫ ਲੇਬਰ ਜਥੇਬੰਦੀ ਦੀ ਨੀਂਹ 9 ਦਸੰਬਰ 1869 ਨੂੰ ਫਿਲਾਡੈਲਫੀਆ ਵਿਖੇ 9 ਦਰਜ਼ੀਆਂ ਨੇ ਹੁਨਰਮੰਦ ਤੇ ਗ਼ੈਰ-ਹੁਨਰਮੰਦ ਕਾਮਿਆਂ ਦੀ ਇਕ ਸਾਂਝੀ ਜਥੇਬੰਦੀ ਬਨਾਉਣ ਲਈ ਰੱਖੀ ਸੀ । ਸਟੀਫਨਸ ਜੋ ਕਿ ਪੇਸ਼ੇ ਵਜੋਂ ਦਰਜ਼ੀ ਸੀ, ਇਸ ਦਾ ਲੀਡਰ ਸੀ। ਹੌਲੀ ਹੌਲੀ ਇਸ ਵਿਚ ਸਭ ਤਰ੍ਹਾਂ ਦੇ ਕਾਮੇਂ ਸ਼ਾਮਲ ਹੋ ਗਏ ਤੇ ਇਹ ਇਕ ਮਜਬੂਤ ਜਥੇਬੰਦੀ ਬਣ ਗਈ।ਅਸਲ ਵਿਚ ਇਸ ਲ਼ਾਮਬੰਦੀ ਪਿੱਛੇ ਅਮਰੀਕੀ ਗ੍ਰਹਿ ਯੁੱਧ (1861-1865) ਸੀ ਜਿਸ ਨੇ ਕਿਰਤੀਆਂ ਨੂੰ ਜਾਗਰੂਕ ਕੀਤਾ ਤੇ ਉਹ ਆਪਣੇ ਹਕਾਂ ਲਈ ਲਾਮਬੰਦ ਹੋਣੇ ਸ਼ੁਰੂ ਹੋਏ।
5 ਸਤੰਬਰ 1883 ਨੂੰ ਸੈਂਟਰਲ ਲੇਬਰ ਯੁਨੀਅਨ ਵਲੋਂ ਦੂਜਾ ਮਜ਼ਦੂਰ ਦਿਵਸ ਛੁੱਟੀ ਦੇ ਤੌਰ ‘ਤੇ ਮਨਾਇਆ ਗਿਆ। ਪਰ 1884 ਵਿਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ ਗਿਆ। ਉਸ ਸਮੇਂ ਤੋਂ ਅਮਰੀਕਾ ਵਿਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਜ਼ਦੂਰ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ । ਜਿਥੋਂ ਤੀਕ ਸਰਕਾਰੀ ਮਾਨਤਾ ਦਾ ਸੰਬੰਧ ਹੈ, ਮਾਰਚ 1887 ਵਿਚ ਕੋਲੋਰਾਡੋ ਸਟੇਟ ਨੇ ਸਭ ਤੋਂ ਪਹਿਲਾਂ ਮਜ਼ਦੂਰ ਦਿਵਸ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ। ਇਸ ਪਿੱਛੋਂ ਨਿਊਯਾਰਕ, ਨਿਊ ਜਰਸੀ ਤੇ ਹੋਰ ਸੂਬਿਆਂ ਨੇ ਇਸ ਦਿਨ ਨੂੰ ਛੁੱਟੀ ਘੋਸ਼ਿਤ ਕੀਤੀ। 1894 ਵਿਚ ਯੂ ਐਸ ਕਾਂਗਰਸ ਨੇ ਇਸ ਨੂੰ ਕੌਮੀ ਛੁੱਟੀ ਵਜੋਂ ਮਾਨਤਾ ਦਿਤੀ। ਇਸ ਦਿਨ ਪ੍ਰੇਡਾਂ ਹੁੰਦੀਆਂ ਹਨ, ਮਜ਼ਦੂਰਾਂ ਤੇ ਰਾਜਨੀਤਕ ਆਗੂਆਂ ਵੱਲੋਂ ਭਾਸ਼ਨ ਦਿੱਤੇ ਜਾਂਦੇ ਹਨ।
ਜਿੱਥੋਂ ਤੀਕ 1 ਮਈ ਨੂੰ ਬਾਕੀ ਦੇਸ਼ਾਂ ਵਿਚ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਮਨਾਉਣ ਦਾ ਸੰਬੰਧ ਹੈ, ਇਸ ਦਾ ਪਿਛੋਕੜ ਵੀ ਅਮਰੀਕਾ ਨਾਲ ਜੁੜਿਆ ਹੋਇਆ ਹੈ। ਇਕ ਮਈ 1886 ਨੂੰ ਅਮੈਰਿਕਨ ਲੇਬਰ ਫੇਡਰੇਸ਼ਨ ਨੇ ਕੰਮ ਦਾ ਸਮਾਂ 8 ਘੰਟੇ ਕਰਨ ਦੀ ਮੰਗ ਨੂੰ ਲੈਕੇ ਦੇਸ਼ ਭਰ ਵਿਚ ਹੜਤਾਲ ਕਰਨ ਦਾ ਐਲਾਨ ਕੀਤਾ। ਇਸ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ। ਲੱਖਾਂ ਕਾਮੇਂ ਕੰਮ ਛੱਡ ਕੇ ਹੜਤਾਲ ਵਿਚ ਸ਼ਾਮਲ ਹੋ ਗਏ ਤੇ ਦਿਨ ਬ ਦਿਨ ਹੜਤਾਲੀ ਕਾਮਿਆਂ ਦੀ ਗਿਣਤੀ ਵਧਣ ਲਗੀ। 3 ਮਈ ਨੂੰ ਮਜ਼ਦੂਰ ਆਗੂ ਅਗਸਤ ਸਪਾਇਸ ਸ਼ਿਕਾਗੋ ਵਿਖੇ ਮੈਕ ਕਾਰਮਿਕ ਰੀਪਰ ਪਲਾਂਟ ਦੇ ਕਾਮਿਆਂ ਨੂੰ ਸੰਬੋਧਨ ਕਰ ਰਿਹਾ ਸੀ ਕਿ ਪੁਲੀਸ ਨੇ ਕੈਪਟਨ ਬੋਨਫੀਲਡ ਦੀ ਅਗਵਾਈ ਵਿਚ ਆ ਕੇ ਗੋਲੀ ਚਲਾਈ ਜਿਸ ਨਾਲ ਦੋ ਕਾਮੇਂ ਮਾਰੇ ਗਏ। ਰਾਤ ਨੂੰ ਮਜ਼ਦੂਰ ਆਗੂਆਂ ਨੇ ਮੀਟਿੰਗ ਕਰਕੇ ਇਨ੍ਹਾਂ ਮੌਤਾਂ ਦੇ ਰੋਸ ਵਜੋਂ ਰੈਲੀ ਕਰਨ ਦਾ ਫੈਸਲਾ ਕੀਤਾ। 4 ਮਈ ਨੂੰ ਸ਼ਿਕਾਗੋ ਦੇ ਹੇਅ ਮਾਰਕੀਟ ਸੁਕੇਰ ਵਿਚ ਇਕ ਜਬਰਦਸਤ ਰੈਲੀ ਕੀਤੀ ਗਈ। 176 ਪੁਲੀਸ ਕਰਮਚਾਰੀਆਂ ਨੇ ਇਸ ਰੈਲੀ ਨੂੰ ਖਿਡਾਉਣ ਲਈੇ ਕਾਮਿਆਂ ਉਪਰ ਮਿਲਟਰੀ ਦੀ ਤਰ੍ਹਾਂ ਹਮਲਾ ਕੀਤਾ। ਕਿਸੇ ਅਗਿਆਤ ਵਿਅਕਤੀ ਨੇ ਇਕ ਡੈਨੇਮਾਇਟ ਬੰਬ ਸੁਟਿਆ, ਜਿਸ ਨਾਲ ਇਕ ਪੁਲੀਸ ਅਫਸਰ ਮਾਰਿਆ ਗਿਆ ਤੇ ਕਈ ਜ਼ਖਮੀ ਹੋ ਗਏ। ਇਸ ਦੇ ਜੁਆਬ ਵਿਚ ਪੁਲੀਸ ਨੇ ਗੋਲੀ ਚਲਾ ਦਿੱਤੀ। ਘਟੋ ਘਟ 4 ਮਜ਼ਦੂਰ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ। ਪੁਲੀਸ ਦੀ ਆਪਣੀ ਗੋਲੀ ਨਾਲ 6 ਪੁਲੀਸ ਕਰਮਚਾਰੀ ਵੀ ਮਾਰੇ ਗਏ। ਬੰਬ ਸੁਟਣ ਵਾਲੇ ਦਾ ਕੋਈ ਥਹੁ ਪਤਾ ਨਾ ਲਗਾ। ਪੁਲੀਸ ਨੇ ਮੀਟਿੰਗ ਵਿਚ ਭਾਸ਼ਨ ਦੇਣ ਵਾਲਿਆਂ ਅਤੇ ਪ੍ਰਬੰਧਕਾਂ ਨੂੰ ਫੜ੍ਹ ਲਿਆ। ਮਜ਼ਦੂਰ ਆਗੂ ਅਲਬਰਟ ਪਾਰਸਨਸ ਬਚ ਨਿਕਲਿਆ, ਪਰ ਮੁਕੱਦਮੇ ਦੀ ਸੁਣਵਾਈ ਦੌਰਾਨ ਉਹ ਵੀ ਆਪਣੇ ਸਾਥੀਆਂ ਨਾਲ ਮੁਕੱਦਮੇ ਵਿਚ ਸ਼ਾਮਲ ਹੋ ਗਿਆ। ਅੱਠ ਆਗੂਆਂ ਉਪਰ ਮੁਕੱਦਮਾ ਚਲਾਇਆ ਗਿਆ। ਸੱਤਾਂ ਨੂੰ ਫਾਂਸੀ ਦੀ ਸਜ਼ਾ ਅਤੇ ਇਕ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮੁਕੱਦਮੇ ਵਿਚ ਬਚਾਅ ਪੱਖ ਦੇ ਵਕੀਲ ਨੂੰ ਸੁਣਿਆ ਨਾ ਗਿਆ ਤੇ ਜਿਸ ਜੱਜ ਕੋਲ ਇਹ ਮੁਕੱਦਮਾ ਲੱਗਿਆ ਉਹ ਮਜ਼ਦੂਰ ਵਿਰੋਧੀ ਸੀ। 11 ਨਵੰਬਰ 1887 ਨੂੰ ਫਾਂਸੀ ਦੇਣ ਦੀ ਮਿਤੀ ਤਹਿ ਕੀਤੀ ਗਈ। 10 ਨਵੰਬਰ ਨੂੰ ਗਵਰਨਰ ਨੇ 2 ਦੀ ਸਜ਼ਾ ਘੱਟ ਕਰ ਕੇ ਉਮਰ ਕੈਦ ਕਰ ਦਿੱਤੀ। ਇਸ ਤਰ੍ਹਾਂ ਉਹਨਾਂ ਨੂੰ ਫਾਂਸੀ ਲੱਗਣ ਤੋਂ ਬਚਾ ਲਿਆ ਗਿਆ। ਲਾਉਸ ਲਿੰਗ ਨੇ ਧਮਾਕਾਯੋਗ ਡੈਨੇਮਾਇਟ ਟੋਪੀ ਚੱਕ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਬਾਕੀ ਚਾਰ ਆਗੂਆਂ ਜਿਨ੍ਹਾਂ ਵਿਚ ਅਗਸਤ ਸਪਾਇਸ, ਅਡਲਫ ਫਿਸ਼ਰ, ਐਲਬਰਟ ਪਾਰਨਸ ਅਤੇ ਜਾਰਜ ਏਜੰਲਸ ਸ਼ਾਮਲ ਸਨ ਨੂੰ 11 ਨਵੰਬਰ ਨੂੰ ਫਾਂਸੀ ਦਿੱਤੀ ਗਈ। ਇਸ ਦਿਨ ਨੂੰ “ਬਲੈਕ ਫਰਾਈਡੇ” ਕਰਕੇ ਜਾਣਿਆ ਜਾਂਦਾ ਹੈ। 1893 ਵਿਚ ਉਹਨਾਂ ਦੀ ਯਾਦ ਵਿਚ ਹੇਅ ਮਾਰਕੀਟ ਸ਼ਹੀਦੀ ਸਮਾਰਗ ਬਣਾਇਆ ਗਿਆ ਜੋ 25 ਜੂਨ 1893 ਨੂੰ ਸਮਰਪਿਤ ਕੀਤਾ ਗਿਆ। ਇਸ ਯਾਦਗਾਰ ਦੇ ਮੱਥੇ ਤੇ ਅਗਸਤ ਸਪਾਇਸ ਦੇ ਆਖਰੀ ਸ਼ਬਦ ਉਕਰੇ ਹੋਏ ਹਨ। ਅਗਲੇ ਦਿਨ ਸੂਬਾਈ ਗਵਰਨਰ ਨੇ 3 ਬਚੇ ਹੋਇ ਲੀਡਰਾਂ ਪਾਸੋਂ ਮਾਫੀ ਮੰਗੀ ਕਿਉਂਕਿ ਅਮਰੀਕੀ ਸਵਿਧਾਨ ਪੁਰ-ਅਮਨ ਢੰਗ ਨਾਲ ਇਕੱਠੇ ਹੋਣ ਤੇ ਆਪਣੀ ਗੱਲ ਕਹਿਣ ਦਾ ਹੱਕ ਦਿੰਦਾ ਹੈ ਪਰ ਜੱਜ ਨੇ ਇਨ੍ਹਾਂ ਅਧਿਕਾਰਾਂ ਦਾ ਖਿਆਲ ਨਹੀਂ ਰੱਖਿਆ।
11 ਨਵੰਬਰ 1887 ਨੂੰ ਸ਼ਿਕਾਗੋ ਦੇ ਜਿੰਨ੍ਹਾਂ ਚਾਰ ਲੀਡਰਾਂ ਨੂੰ ਫਾਂਸੀ ਚੜਾਇਆ ਗਿਆ ਸੀ ,ਉਨ੍ਹਾਂ ਦੇ ਫਾਂਸੀ ਦੇ ਤਖ਼ਤੇ ਤੋਂ ਲਟਕਣ ਤੋਂ ਪਹਿਲਾਂ ਕਹੇ ਹੋਏ ਸ਼ਬਦ ਆਉਣ ਵਾਲੇ ਦੇਸ਼ ਭਗਤਾਂ ਲਈ ਮਾਰਗ ਦਰਸ਼ਕ ਬਣੇ ਜਿਵੇਂ ਕਿ ਇਨ੍ਹਾਂ ਵਿੱਚ ਐਡਲੋਟ ਫਿਸ਼ਰ ਕਹਿੰਦਾ ਹੈ “ਜਿੰਨੀ ਜਲਦੀ ਇਨਸਾਫ਼ ਚਾਹੁਣ ਤੇ ਮੰਗਣ ਵਾਲੇ ਫਾਂਸੀ ਚੜ੍ਹਨਗੇ ਉਨੀ ਛੇਤੀ ਉਨ੍ਹਾਂ ਦੇ ਵਿਚਾਰ ਲੋਕਾਂ ਤੀਕ ਜਾਣਗੇ”। ਅਰਾਸਟ ਸਪਾਈਜ਼ ਨੇ ਕਿਹਾ ਸੀ, “ਕੀ ਤੁਸੀਂ ਸੋਚਦੇ ਹੋ ਸਾਨੂੰ ਫਾਹੇ ਲਾ ਕੇ ਕਰੋੜਾਂ ਦਬੇ ਕੁਚਲੇ ਲੋਕਾਂ ਦੀ ਲਹਿਰ ਨੂੰ ਦਬਾਅ ਦਿਤਾ ਹੈ? ਇਹ ਤੁਹਾਡੀ ਭੁੱਲ ਹੈ। ਸਾਨੂੰ ਫਾਂਸੀ ਚਾੜ੍ਹ ਕੇ ਇਕ ਚੰਗਿਆੜੀ ਬੁਝਾ ਦਿੱਤੀ ਹੈ ਪਰ ਇਹ ਅੱਗ ਤਾਂ ਤੁਹਾਡੇ ਸਾਰੇ ਪਾਸੇ ਹੈ। ਤੁਸੀਂ ਇਸ ਅੱਗ ਨੂੰ ਬੁਝਾ ਨਹੀਂ ਸਕੋਗੇ। ਸਾਡੇ ਵਿਚਾਰ ਤੁਸੀਂ ਫਾਂਸੀ ਨਹੀਂ ਚਾੜ ਸਕਦੇ। ਹੋਰ ਹਜ਼ਾਰਾਂ ਲੋਕ ਸੱਚ ਲਈ ਫਾਂਸੀ ਚੜ੍ਹਨ ਲਈ ਅੱਗੇ ਆਉਣਗੇ।ਆਪਣੇ ਜਲਾਦ ਨੂੰ ਸਦੋ ਮੈਂ ਸੱਚ ਲਈ ਫਾਂਸੀ ਤੇ ਚੜ੍ਹਣ ਲਈ ਤਿਆਰ ਹਾਂ।”
1889 ਵਿਚ ਦੂਜੀ ਸੋਸ਼ਲਿਸਟ ਇੰਟਰਨੈਸ਼ਨਲ ਦੀ ਪਹਿਲੀ ਪੈਰਿਸ ਕਾਂਗਰਸ ਨੇ ਪਹਿਲੀ ਮਈ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੇਬਰ ਡੇ ਮਨਾਉਣ ਦਾ ਫੈਸਲਾ ਕੀਤਾ। ਉਸ ਦਿਨ ਤੋਂ ਭਾਰਤ ਸਮੇਤ ਸਾਰੇ ਦੇਸ਼ਾਂ ਵਿਚ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ।
ਇਸ ਪਿੱਛੋਂ ਅਮਰੀਕੀ ਕਿਰਤੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣ ਲੱਗੀਆਂ।ਕਿਰਤੀਆਂ ਨੂੰ 65ਸਾਲ ਪਿੱਛੋਂ ਪੈਨਸ਼ਨ ਮਿਲਣ ਲੱਗੀ।ਸਮਾਜਿਕ ਸੁਰੱਖਿਆ ਮੁਹੱਈਆ ਹੋਣ ਲਗੀ।ਕਿਰਤੀਆਂ ਨੂੰ ਛਾਂਟੀ ਸਮੇਂ ਵਿਸ਼ੇਸ਼ ਰਾਸ਼ੀ ਦਿੱਤੀ ਜਾਣ ਲੱਗੀ। ਹੁਣ ਵੀ 6 ਮਹੀਨੇ ਤੋਂ ਵੱਧ ਨੌਕਰੀਆਂ ਤੋਂ ਹਟਾਏ ਕਾਮਿਆਂ ਨੂੰ ਸਰਕਾਰ ਵਲੋਂ ਸਹਾਇਤਾ ਕੀਤੀ ਜਾ ਰਹੀ ਹੈ।ਕੰਮ ਦੇ ਘੰਟੇ ਨਿਸ਼ਚਿਤ ਹੋਣ ਲੱਗੇ ਤੇ ਸਰਕਾਰ ਕੰਮ ਕਰਨ ਦੇ ਘੱਟੋ ਘਟ ਦਰ ਨਿਸ਼ਚਿਤ ਕਰਨ ਲਗੀ।
ਪਰ ਇਸ ਦੇ ਬਾਵਜੂਦ ਵੀ ਅਮਰੀਕਾ ਨੂੰ ਸਭ ਤੋਂ ਵੱਧ ਅਮੀਰ ਬਨਾਉਣ ਵਾਲਾ ਕਿਰਤੀ ਅੱਜਕਲ ਬੜੇ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਿਹਾ ਹੈ। ਬੇਰੁਜ਼ਗਾਰੀ ਦਰ ਇਸ ਸਮੇਂ 9.7 ਪ੍ਰਤੀਸ਼ਤ ਹੈ। ਦਸੰਬਰ 2007 ਵਿੱਚ ਸ਼ੁਰੂ ਹੋਏ ਮੰਦਵਾੜੇ ਵਿੱਚ ਤਕਰੀਬਨ 6 ਕ੍ਰੋੜ 70 ਲੱਖ ਲੋਕ ਨੌਕਰੀ ਗੁਆ ਚੁੱਕੇ ਹਨ । ਇਥੇ ਰੁਜ਼ਗਾਰ ਦੀ ਕੋਈ ਗਰੰਟੀ ਨਹੀਂ ਜਿਵੇਂ ਕਿ ਇੰਗਲੈਂਡ ,ਕੈਨੇਡਾ ਵਿਚ ਹੈ।ਬੇ-ਰੁਜ਼ਗਾਰੀ ਕਾਰਨ ਨੌਜੁਆਨਾਂ ਵਿੱਚ ਬੇਚੈਨੀ ਵੱਧ ਰਹੀ ਹੈ ਜੋ ਉਨ੍ਹਾਂ ਨੂੰ ਨਸ਼ਿਆਂ ਅਤੇ ਗੈਰ-ਕਾਨੂੰਨੀ ਕੰਮਾਂ ਵੱਲ ਧਕੇਲ ਰਹੀ ਹੈ।
ਅਮਰੀਕੀ ਮੰਦਵਾੜੇ ਕਾਰਨ ਲਾਇਬਰੇਰੀਆਂ, ਸਕੂਲਾਂ, ਕਾਰਪੋਰੇਸ਼ਨਾਂ ਆਦਿ ਦੇ ਬਜਟ ਘੱਟ ਰਹੇ ਹਨ ਜਿਸ ਕਾਰਨ ਲਾਇਬਰੇਰੀਆਂ ਦੇ ਘੰਟੇ ਘਟਾ ਦਿੱਤੇ ਗਏ ਹਨ। ਸਕੂਲ ਟੀਚਰਾਂ, ਕਾਰਪੋਰੇਸ਼ਨ ਦੇ ਕਰਮਚਾਰੀਆਂ ਜਿੰਨ੍ਹਾਂ ਵਿੱਚ ਪੁਲਿਸ ਕਰਮਚਾਰੀ ਵੀ ਹਨ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਘੱਟ ਤਨਖਾਹ ਲੈਣੀ ਪ੍ਰਵਾਨ ਕਰਨ ਨਹੀਂ ਤਾਂ ਉਨ੍ਹਾਂ ਦੀ ਛਾਂਟੀ ਕਰ ਦਿੱਤੀ ਜਾਵੇਗੀ।
ਦੁਨੀਆਂ ਵਿਚ ਭਰ ਵਿਚ ਅਮਰੀਕਾ ਹੀ ਇਕ ਐਸਾ ਦੇਸ਼ ਹੈ ਜਿੱਥੇ ਇਕ ਵੀ ਹਸਪਤਾਲ ਸਰਕਾਰੀ ਨਹੀਂ। ਸਾਰੀ ਸਿਹਤ ਪ੍ਰਣਾਲੀ ਪ੍ਰਾਈਵੇਟ ਹੱਥਾਂ ਵਿੱਚ ਹੈ। ਇਲਾਜ ਬਹੁਤ ਮਹਿੰਗਾ ਹੈ।ਲੋਕਾਂ ਨੂੰ ਮਜਬੂਰਨ ਬੀਮਾ ਕਰਾੳੇੁਣਾ ਪੈਂਦਾ ਹੈ ਪਰ ਬੀਮਾ ਕਰਾੳਣਾ ਵੀ ਬਹੁਤ ਮਹਿੰਗਾ ਹੈ ,ਇਹੋ ਕਾਰਨ ਹੈ ਕਿ ਅੱਜ 5 ਕ੍ਰੋੜ ਅਮਰੀਕੀਆਂ ਪਾਸ ਸਿਹਤ ਬੀਮਾ ਨਹੀਂ।ਹੁਣ ਓਬਾਮਾ ਸਰਕਾਰ ਨੇ ਇਕ ਨਵੀਂ ਸਕੀਮ ਲਿਆਂਦੀ ਹੈ ,ਜਿਸ ਅਧੀਨ ਗ਼ਰੀਬ ਲੋਕਾਂ ਦਾ ਬੀਮਾ ਸਰਕਾਰ ਆਪ ਦੇਵੇਗੀ ।ਉਧਰ ਰੋਜ਼ਾਨਾ ਵਸਤੂਆਂ, ਦਵਾਈਆਂ, ਸਿਹਤ ਬੀਮਾ ਆਦਿ ਦੀ ਦਰ ਲਗਾਤਾਰ ਵੱਧ ਰਹੀ ਹੈ। ਬੇ-ਰੁਜ਼ਗਾਰੀ ਕਾਰਨ ਲੋਕਾਂ ਦੀ ਖਰੀਦ ਸ਼ਕਤੀ ਘੱਟ ਹੋਣ ਕਰਕੇ ਬਹੁਤ ਸਾਰੇ ਮਾਲ ਬੰਦ ਹੋ ਗਏ ਹਨ। ਕੰਮ ਕਰਨ ਦਾ ਆਮ ਮਜ਼ਦੂਰ ਨੂੰ ਤਕਰੀਬਨ 7.15 ਡਾਲਰ ਪ੍ਰਤੀ ਘੰਟਾ ਮਿਲਦਾ ਹੈ ਜਿਸ ਨਾਲ ਇਕ ਪ੍ਰਵਾਰ ਪਾਲਣਾ ਬਹੁਤ ਮੁਸ਼ਕਲ ਹੈ। ਇਸ ਲਈ ਸਾਰੇ ਸਾਰੇ ਜੀਅ ਕੰਮ ਕਰਨ ਤਾਂ ਗੁਜ਼ਾਰਾ ਹੁੰਦਾ ਹੈ ਪਰ ਕੰਮ ਉਨ੍ਹਾਂ ਲਈ ਮੁਸ਼ਕਲ ਹੈ ਕਿ ਕੰਮ ਮਿਲਦਾ ਨਹੀਂ।ਓਬਾਮਾ ਸਰਕਾਰ ਬਾਹਰ ਗਈਆਂ ਅਮਰੀਕੀ ਨੌਕਰੀਆਂ ਨੂੰ ਵਾਪਸ ਲਿਆਉਣ ਦਾ ਯਤਨ ਕਰ ਰਹੀ ਹੈ। ਇਸ ਮੰਦਵਾੜੇ ਵਿਚੋਂ ਨਿਕਲਣ ਲਈ ਸਰਕਾਰ ਕਈ ਤਜ਼ਵੀਜਾਂ ‘ਤੇ ਕੰਮ ਕਰ ਰਹੀ ਹੈ।
ਇੰਗਲੈਂਡ ਤੇ ਕਨੇਡਾ ਵਾਂਗ ਸਰਕਾਰ ਵਲੋਂ ਅਮਰੀਕੀ ਕਿਰਤੀਆਂ ਲਈ ਰੁਜ਼ਗਾਰ ਦੀ ਗਰੰਟੀ, ਸਭ ਨੂੰ ਮਿਆਰੀ ਸਿਹਤ ਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰਨੀਆਂ ਸਮੇਂ ਦੀ ਲੋੜ ਹੈ,ਜਿਨ੍ਹਾਂ ਲਈ ਅਮਰੀਕੀ ਕਿਰਤੀਆਂ ਨੇ ਆਪਣਾ ਖੂਨ ਵਹਾਇਆ ਸੀ। ਅਮਰੀਕੀ ਮਜ਼ਦੂਰ ਦਿਵਸ ਅਮਰੀਕੀਆਂ ਨੂੰ ਹੀ ਨਹੀਂ ਸਗੋਂ ਸੰਸਾਰ ਭਰ ਦੇ ਕਿਰਤੀਆਂ ਸਦਾ ਦਿੰਦਾ ਹੈ ਕਿ ਉਹ ਆਪਣੇ ਹੱਕਾਂ ਲਈ ਉਸੇ ਤਰ੍ਹਾਂ ਲਾਮਬੰਦ ਹੋਣ ਜਿਵੇਂ ਕਿ ਅਮਰੀਕੀ 8 ਘੰਟੇ ਦੇ ਕੰਮ ਨੂੰ ਲੈ ਕੇ ਹੋਇ ਸਨ।