– ਡਾ. ਚਰਨਜੀਤ ਸਿੰਘ ਗੁਮਟਾਲਾ
ਇਹ ਸੁਆਲ ਕਈ ਵੇਰਾਂ ਉਠਾਇਆ ਜਾਂਦਾ ਹੈ ਕਿ ਜਲ੍ਹਿਆਂ ਵਾਲੇ ਬਾਗ਼ ਵਿੱਚ ਬੇ-ਦੋਸ਼ਿਆਂ ਦੀ ਕਤਲੋਗਾਰਤ ਤਾਂ ਜਨਰਲ ਡਾਇਰ ਨੇ ਕੀਤੀ ਸੀ, ਫਿਰ ਸ਼ਹੀਦ ਊਧਮ ਸਿੰਘ ਨੇ ਸਰ ਮਾਈਕਲ ਉਡਵਾਇਰ ਦਾ ਕਤਲ ਇੰਗਲੈਂਡ ਦੇ ਕੈਕਸਟਨ ਹਾਲ ਵਿਖੇ 13 ਮਾਰਚ 1940 ਦੀ ਸ਼ਾਮ ਨੂੰ ਜ਼ਲ੍ਹਿਆਂਵਾਲੇ ਬਾਗ਼ ਦੀ ਦੁਖਾਂਤਕ ਘਟਨਾ ਤੋਂ ਪੂਰੇ ਵੀਹ ਸਾਲ ਗਿਆਰਾਂ ਮਹੀਨੇ ਬਾਅਦ ਕਿਉਂ ਕੀਤਾ?ਇੰਗਲੈਂਡ ਵਾਸੀ ਜੋਗਿੰਦਰ ਸ਼ਮਸ਼ੇਰ ਨੇ ਆਪਣੀ ਪੁਸਤਕ ‘ਲੰਡਨ ਦੇ ਸ਼ਹੀਦ’ ਵਿੱਚ ਬੜੇ ਵਿਸਥਾਰ ਨਾਲ ਇਸ ਵਿਸ਼ੇ ‘ਤੇ ਚਾਨਣਾ ਪਾਇਆ ਹੈ। ਸ਼ਹੀਦ ਊਧਮ ਸਿੰਘ ਵਲੋਂ ਜਨਰਲ ਡਾਇਰ ਦੀ ਥਾਂ ‘ਤੇ ਸਰ ਮਾਈਕਲ ਉਡਵਾਇਰ ਦੀ ਚੋਣ ਨੂੰ ਅਸੀਂ ਕਈ ਨੁਕਤਿਆਂ ਤੋਂ ਵੇਖ ਸਕਦੇ ਹਾਂ।
ਪੰਜਾਬੀ ਲੋਕਾਂ ਦੀਆਂ ਬਹਾਦਰਨਾ ਸਪਿਰਟ, ਉਨ੍ਹਾਂ ਦੀ ਬਰਤਾਨਵੀ ਫ਼ੌਜਾਂ ਪ੍ਰਤੀ ਅਹਿਮੀਅਤ ਅਤੇ ਉਨ੍ਹਾਂ ਅੰਦਰ ਉਭਰ ਰਹੀਆਂ ਇਨਕਲਾਬੀ ਭਾਵਨਾਵਾਂ ਨੂੰ ਵੇਖਦੇ ਹੋਏ ਵਾਇਸਰਾਇ ਨੇ ਸਰ ਮਾਈਕਲ ਉਡਵਾਇਰ ਨੂੰ ਬੜੀ ਸੋਚ ਵਿਚਾਰ ਤੋਂ ਬਾਅਦ 1913 ਵਿੱਚ ਪੰਜਾਬ ਦਾ ਮੁੱਖੀ ਲਾਇਆ ਸੀ। ਇਸ ਤੋਂ ਪਹਿਲਾਂ ਉਹ ਬਾਰਾਂ ਸਾਲ ਪੰਜਾਬ ਦੇ ਜ਼ਿਲ੍ਹਾ ਸ਼ਾਹਪੁਰ ਵਿੱਚ ਸੈਟਲਮੈਂਟ ਅਫਸਰ ਰਹਿ ਚੁੱਕਾ ਸੀ। ਉਹ ਉਨ੍ਹਾਂ ਅੰਗਰੇਜ਼ੀ ਸਿਵਲਿਅਨ ਅਫਸਰਾਂ ਦੇ ਤਬਕੇ ਨਾਲ ਸਬੰਧ ਰੱਖਦਾ ਸੀ, ਜੋ ਵਿਸ਼ਵਾਸ਼ ਕਰਦੇ ਸਨ ਕਿ ਗੋਰੇ ਲੋਕਾਂ ਦਾ ਹਿੰਦੁਸਤਾਨ ਦੇ ਅਸੀਮਤ ਵਸੀਲਿਆਂ ਦੀ ਲੁੱਟ ਘਸੁੱਟ ਕਰਨਾ ਤੇ ਆਪਣੀ ਰਾਜਸੀ ਤੇ ਆਰਥਕ ਸਰਦਾਰੀ ਨੂੰ ਮਜ਼ਬੂਤ ਕਰਨਾ ਉਨ੍ਹਾਂ ਦਾ ਪਵਿੱਤਰ ਮਿਸ਼ਨ ਹੈ ਭਾਵੇਂ ਕਿ ਉਨ੍ਹਾਂ ਨੂੰ ਤਾਕਤ ਦੀ ਵਰਤੋਂ ਕਿਉਂ ਨਾ ਕਰਨੀ ਪਵੇ। ਉਹ 1913 ਤੋਂ 1919 ਤੀਕ ਛੇ ਸਾਲ ਇਸ ਨੀਤੀ ‘ਤੇ ਚਲਦਾ ਰਿਹਾ।
ਇਹ ਮਾਈਕਲ ਉਡਵਾਇਰ ਹੀ ਸੀ ਕਿ ਜਿਸਨੇ ਵਿਸ਼ੇਸ਼ ਅਦਾਲਤਾਂ ਸਥਾਪਤ ਕਰਕੇ ਗ਼ਦਰੀ ਸੂਰਬੀਰਾਂ ਨੂੰ ਸਖ਼ਤ ਸਜ਼ਾਵਾਂ ਦੁਆਈਆਂ। ਸ਼ਹੀਦ ਕਰਤਾਰ ਸਿੰਘ ਸਰਾਭਾ, ਡਾ. ਮਥਰਾ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ 48 ਗ਼ਦਰ ਪਾਰਟੀ ਨਾਲ ਸਬੰਧਤ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਫਾਂਸੀ ਦੀ ਸਜ਼ਾ ਹੋਈ। 133 ਨੂੰ ਉਮਰ ਕੈਦ ਅਤੇ ਹੋਰ ਸਜ਼ਾਵਾਂ ਹੋਈਆਂ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਖੂਬਸੂਰਤ ਹਿੱਸੇ ਜ਼ੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਕੱਟਣੇ ਪਏ।1919 ਵਿਚ 10 ਹਜ਼ਾਰ ਗ਼ਦਰੀ ਪਾਰਟੀ ਦੇ ਸਮਰਥਕ ਜੇਲਾਂ ਵਿਚ ਸਨ।
1914 ਤੋਂ 1918 ਦੇ ਵਿਚਕਾਰ 8 ਅਖ਼ਬਾਰਾਂ ਜ਼ਬਤ ਕੀਤੀਆਂ ਗਈਆਂ। ‘ਸਦਾਕਤ’, ‘ਜਮਹੂਰ’, ‘ਨਕਾਸ਼’ ਅਤੇ ਨਿਊ-ਇੰਡੀਆ ਦੇ ਪੰਜਾਬ ਦਾਖਲੇ ‘ਤੇ ਰੋਕ ਲਾਈ ਗਈ। 1919 ਵਿੱਚ 12 ਹੋਰ ਅਖਬਾਰਾਂ ਉਤੇ ਪੰਜਾਬ ਵਿੱਚ ਆਉਣ ‘ਤੇ ਪਾਬੰਦੀ ਲਾਈ ਗਈ ਜਿੰਨ੍ਹਾਂ ਵਿੱਚ ਕਲਕੱਤੇ ਦਾ ਪ੍ਰਸਿੱਧ ਅੰਗਰੇਜ਼ੀ ਅਖ਼ਬਾਰ ‘ਅੰਮ੍ਰਿਤ ਬਜ਼ਾਰ ਪੱਤਰਕਾ’, ਅਲਾਹਾਬਾਦ ਦਾ ‘ਇੰਡੀਪੈਂਡੇਟ’ ਅਤੇ ਲਖ਼ਨਊ ਦਾ ‘ਨੈਸ਼ਨਲ ਹੈਰਲਡ’ ਵੀ ਸ਼ਾਮਲ ਸੀ। 24 ਪ੍ਰੈਸਾਂ ਅਤੇ 4 ਅਖ਼ਬਾਰਾਂ ਦੀਆਂ ਜ਼ਮਾਨਤਾਂ ਜ਼ਬਤ ਕੀਤੀਆਂ ਗਈਆਂ। ‘ਜ਼ਿੰਮੀਦਾਰ’ ਅਖ਼ਬਾਰ ਦੀ ਨਾ ਕੇਵਲ ਜ਼ਮਾਨਤ ਜ਼ਬਤ ਕੀਤੀ ਗਈ, ਸਗੋਂ ਇਸ ਦੇ ਸੰਪਾਦਕ ਮੌਲਾਨਾ ਜ਼ਫ਼ਰ ਅਲੀ ਖਾਂ ਨੂੰ ਉਨ੍ਹਾਂ ਦੇ ਪਿੰਡ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।
28 ਫਰਵਰੀ 1919 ਦੇ ਇਨਕਲਾਬ ਅਖ਼ਬਾਰ ਨੇ ਲਿਖਿਆ ਸੀ, “ਉਡਵਾਇਰ ਦੇ ਰਾਜ ਨੇ ਅਤਿਆਚਾਰ ਦੀਆਂ ਪਹਿਲੀਆਂ ਸਭ ਕਹਾਣੀਆਂ ਲੋਕਾਂ ਨੂੰ ਭੁੱਲਾ ਦਿੱਤੀਆਂ ਹਨ।ਉਡਵਾਇਰ ਦੇ ਘਿਰਣਾਤਮਿਕ ਅਤੇ ਤਸ਼ੱਦਦ ਭਰੇ ਢੰਗ ਵਾਲੇ ਪ੍ਰਬੰਧਾਂ ਨੇ ਵਹਿਸ਼ੀ ਯੁੱਗ ਦੀਆਂ ਯਾਦਾਂ ਨੂੰ ਸੁਰਜੀਤ ਕਰ ਦਿੱਤਾ ਹੈ।” ਬਰਤਾਨਵੀ ਸਰਕਾਰ ਦਾ ਹਿੰਦ ਮੰਤਰੀ ਮਿਸਟਰ ਮਾਂਟੋਗੋ 1918 ਨੂੰ ਭਾਰਤ ਆਇਆ। ਉਡਵਾਇਰ ਨਾਲ ਹੋਈ ਮਿਲਣੀ ਬਾਰੇ ਉਸ ਨੇ ਆਪਣੀ ਡਾਇਰੀ ਵਿੱਚ ਲਿਖਿਆ ਹੈ ਕਿ ਉਹ ਲੋਹੇ ਦੇ ਹੱਥਾਂ ਨਾਲ ਰਾਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਜ਼ਲ੍ਹਿਆਂਵਾਲਾ ਕਾਂਡ ਦੇ ਤਿੰਨ ਦਿਨ ਪਹਿਲਾਂ 10 ਅਪ੍ਰੈਲ 1919 ਨੂੰ ਅੰਗਰੇਜ਼ੀ ਅਖ਼ਬਾਰ ਦਾ ਟ੍ਰਿਬਿਊਨ ਅਤੇ ਬੰਬਈ ਕਰਾਨੀਕਲ ਨੇ ਉਡਵਾਇਰ ਨੂੰ ਦੂਜਾ ਨਾਦਰਸ਼ਾਹ ਗਰਦਾਨਿਆ ਅਤੇ ਉਸ ‘ਤੇ ਦੋਸ਼ ਲਾਇਆ ਕਿ ਉਹ ਪੰਜਾਬ ਨੂੰ ਅੱਗ ਦੀਆਂ ਲਾਟਾਂ ਦੇ ਹਵਾਲੇ ਕਰ ਦੇਣਾ ਚਾਹੁੰਦਾ ਹੈ। ਹੰਟਰ ਕਮਿਸ਼ਨਰ ਨੇ ਵੀ ਮੰਨਿਆ ਕਿ ਉਹ ਹਿੰਸਾ ਜਿਹੜੀ ਫੈਲੀ ਕਦੇ ਨਾ ਫੈਲਦੀ ਜੇ ਸਰ ਮਾਈਕਲ ਉਡਵਾਇਰ ਗੰਭੀਰ ਗਲਤੀਆਂ ਨਾ ਕਰਦਾ। 7 ਅਪ੍ਰੈਲ ਦੀ ਸ਼ਾਮ ਨੂੰ ਉਸ ਨੇ ਜਲੰਧਰ ਦੇ ਇਕ ਵਕੀਲ ਰਾਏਜ਼ਾਦਾ ਭਗਤ ਰਾਮ ਨਾਲ ਇਕ ਮਿਲਣੀ ਸਮੇਂ, ਰਾਏਜ਼ਾਦਾ ਦੇ ਇਹ ਕਹਿਣ ‘ਤੇ ਕਿ ਮਹਾਤਮਾ ਗਾਂਧੀ ਦੀ ਰੂਹਾਨੀ ਤਾਕਤ ਬੜੀ ਜ਼ਬਰਦਸਤ ਹੈ; ਮੁੱਕਾ ਵੱਟ ਕਿ ਆਖਿਆ ਸੀ, “ਰਾਏਜ਼ਾਦਾ ਸਾਹਿਬ, ਇਹ ਯਾਦ ਰੱਖਣਾ ਰੂਹਾਨੀ ਤਾਕਤ ਤੋਂ ਵੱਡੀ ਦੂਸਰੀ ਤਾਕਤ ਵੀ ਹੈ”।
1919 ਵਿੱਚ ਹੋਏ ਅੰਮ੍ਰਿਤਸਰ ਕਾਂਗਰਸ ਇਜ਼ਲਾਸ ਦੇ ਪ੍ਰਧਾਨ ਪੰਡਤ ਮੋਤੀ ਲਾਲ ਨਹਿਰੂ ਨੇ ਕਿਹਾ ਸੀ, “ਜੋ ਕੁਝ ਵੀ ਇਥੇ ਵਾਪਰਿਆ ਉਸ ਦੀ ਜਿਆਦਾਤਰ ਜੁੰਮੇਵਾਰੀ ਮਾਈਕਲ ਉਡਵਾਇਰ ਦੇ ਸਿਰ ‘ਤੇ ਹੈ”। ਉਸ ਨੇ ਜਨਰਲ ਡਾਇਰ ਨੂੰ ਜ਼ਲ੍ਹਿਆਂਵਾਲੇ ਬਾਗ ਵਿੱਚ ਗੋਲੀ ਚਲਾਉਣ ਉਤੇ ਪੂਰੀ ਥਾਪਣਾ ਅਤੇ ਸਵੀਕਾਰਤਾ ਦਿੱਤੀ।
ਇਸ ਤਰ੍ਹਾਂ ਲੰਬੀ ਚੌੜੀ ਚਰਚਾ ਦੇ ਬਾਅਦ ਜੋਗਿੰਦਰ ਸ਼ਮਸ਼ੇਰ ਇਸ ਨਤੀਜੇ ‘ਤੇ ਪੁੱਜਦਾ ਹੈ ਕਿ 1919 ਦੀਆਂ ਸਾਰੀਆਂ ਘਟਨਾਵਾਂ ਦਾ ਜ਼ੁੰਮੇਵਾਰ ਸਰ ਮਾਈਕਲ ਉਡਵਾਇਰ ਸੀ ਤੇ ਜਨਰਲ ਡਾਇਰ ਮਸ਼ੀਨ ਦਾ ਇਕ ਮਹਿਜ਼ ਪੁਰਜਾ ਸੀ। ਸ਼ਾਇਦ ਇਹੋ ਕਾਰਨ ਸੀ ਕਿ ਉਹ ਖ਼ੈਰ-ਖ਼ੈਰੀਅਤ ਨਾਲ ਵਾਪਸ ਆਪਣੇ ਦੇਸ਼ ਪਹੁੰਚ ਗਿਆ ਸੀ। ਜੋ ਕੁਝ ਵੀ 13 ਅਪ੍ਰੈਲ 1919 ਨੂੰ ਅਤੇ ਉਨ੍ਹਾਂ ਮਾਰਸ਼ਲ ਲਾਅ ਦੇ 7 ਹਫਤਿਆਂ ਵਿੱਚ ਪੰਜਾਬ ਵਿੱਚ ਵਾਪਰਿਆ, ਉਹ ਉਡਵਾਇਰ ਤੇ ਉਸ ਦੇ ਅਧੀਨ ਅਫਸਰਾਂ ਵਲੋਂ ਸਭ ਕੁਝ ਤਹਿ ਕੀਤੇ ਇਕ ਪਲੈਨ ਦੇ ਮੁਤਾਬਿਕ ਹੀ ਹੋਇਆ।ਇਸ ਸਮੇਂ ਅਤੇ ਪਹਿਲੇ ਵਿਸ਼ਵ ਯੁਧ ਸਮੇਂ ਫ਼ੌਜ ਵਿਚ ਜਬਰੀ ਭਰਤੀ ਕਰਨ ਲਈ ਜੋ ਜ਼ੁਲਮ ਪੰਜਾਬੀਆਂ ‘ਤੇ ਉਹ ਲੂਅ ਕੰਡੇ ਖੜੇ ਕਰਨ ਵਾਲੇ ਹਨ।
ਸ. ਊਧਮ ਸਿੰਘ ਲਈ ਜਿਸ ਦੇ ਦਿਲ ਉਤੇ ਖ਼ੂਨੀ ਵਿਸਾਖੀ ਵਾਲੀ ਰਾਤ ਨੂੰ ਜ਼ਲਿਆਂਵਾਲੇ ਬਾਗ਼ ਵਿੱਚ ਵੇਖੇ ਹੌਲਨਾਕ ਦ੍ਰਿਸ਼ ਅੰਕਿਤ ਸਨ, ਜਿੰਨ੍ਹਾਂ ਨੂੰ ਵੇਖ ਕੇ ਉਸ ਦਾ ਦਿਲ ਕੰਬ ਉਠਿਆ ਸੀ ਅਤੇ ਜਿਸ ਦੇ ਅੰਗ ਅੰਗ ਵਿੱਚ ਆਪਣੇ ਦੇਸ਼ ਵਾਸੀਆਂ ਉਤੇ ਹੋਏ ਇਸ ਜ਼ੁਲਮ ਕਰਨ ਵਾਲੇ ਤੋਂ ਬਦਲਾ ਲੈਣ ਦੀ ਭਾਵਨਾ ਪਨਪ ਰਹੀ ਸੀ, ਨੂੰ ਸਰ ਮਾਈਕਲ ਉਡਵਾਇਰ ਨੂੰ ਭੁਲਾਣਾ ਅਸੰਭਵ ਸੀ। ਉਸ ਲਈ ਉਸ ਨੂੰ ਗੋਲੀਆਂ ਨਾਲ ਉਡਾ ਦੇਣਾ ਇਕ ਮਨੋਵਿਗਿਆਨਕ ਕਰਮ ਸੀ ਅਤੇ ਬਹਾਦਰੀ ਭਰਿਆ ਕਾਰਨਾਮਾ। ਇਸ ਤਰ੍ਹਾਂ ਉਸ ਦੀ ਚੋਣ ਸਹੀ ਸੀ। ਉਸ ਨੇ ਅਦਾਲਤ ਨੂੰ ਸਾਫ਼-ਸਾਫ਼ ਆਖਿਆ ਸੀ, “ ਉਹ (ਸਰ ਮਾਈਕਲ) ਇਸੇ ਲਾਇਕ ਸੀ, ਮੈਨੂੰ ਮਰਨ ਦੀ ਪ੍ਰਵਾਹ ਨਹੀਂ, ਮੈਂ ਆਪਣੇ ਮੁਲਕ ਲਈ ਜਾਨ ਦੇ ਰਿਹਾ ਹਾਂ”।
ਜ਼ਲ੍ਹਿਆਂਵਾਲੇ ਬਾਗ਼ ਦੀ ਘਟਨਾ ਸਮੇਂ ਊਧਮ ਸਿੰਘ ਦੀ ਉਮਰ 16 ਸਾਲ ਦੀ ਸੀ। ਹੁਣ ਉਹ 37 ਵਰ੍ਹੇ ਦਾ ਹੋ ਗਿਆ ਸੀ। ਉਸ ਨੂੰ ਅਫ਼ਸੋਸ ਸੀ ਕਿ ਉਸ ਦੀ ਗੋਲੀ ਨਾਲ ਇਕੋ ਹੀ ਮਰਿਆ, ਜਿਵੇਂ ਕਿ ਸਾਰਜੈਂਟ ਵਲੋਂ ਦਿੱਤੇ ਅਦਾਲਤ ਵਿੱਚ ਬਿਆਨ ਤੋਂ ਸਪੱਸ਼ਟ ਹੈ ਜਿਸ ਵਿੱਚ ਉਸ ਨੇ ਕਿਹਾ ਸੀ, “ਜਦੋਂ ਸਿੰਘ ਨੂੰ ਗ੍ਰਿਫਤਾਰ ਕੀਤਾ ਉਹ ਕਾਫੀ ਦੇਰ ਚੁੱਪ ਰਿਹਾ, ਪਰ ਅਚਾਨਕ ਆਖਣ ਲੱਗਾ, ਸਿਰਫ਼ ਇਕੋ ਮਰਿਆ? ਉਹੋ ! ਮੇਰਾ ਖਿਆਲ ਸੀ, ਮੈਂ ਹੋਰ ਵੀ ਲਊਂਗਾ। ਮੈਂ ਜ਼ਰੂਰ ਸੁਸਤ ਰਿਹਾ ਹੋਵਾਂਗਾ। ਦਰਅਸਲ ਆਲੇ ਦੁਆਲੇ ਤੀਵੀਆਂ ਬਹੁਤ ਸਨ।”
5 ਜੂਨ 1940 ਨੂੰ ਮਿਸਟਰ ਜਸਟਿਸ ਐਟਕਿਨਸਨ ਦੀ ਅਦਾਲਤ ਵਿੱਚ ਕੇਸ ਪੇਸ਼ ਹੋਇਆ। ਜੱਜ ਦੇ ਸਜ਼ਾ ਸੁਨਾਉਣ ਤੋਂ ਪਹਿਲਾਂ ਊਧਮ ਸਿੰਘ 15 ਮਿੰਟ ਆਪਣਾ ਬਿਆਨ ਦਿੰਦਾ ਰਿਹਾ। ਜੱਜ ਨੇ ਇਹ ਬਿਆਨ ਪ੍ਰਕਾਸ਼ਿਤ ਕਰਨ ‘ਤੇ ਰੋਕ ਲਾ ਦਿੱਤੀ। ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਸਜ਼ਾ ਸੁਣ ਕੇ ਉਹ ਜਲਾਲ ਵਿੱਚ ਆ ਗਿਆ। ਉਸ ਨੇ ਲਲਕਾਰ ਕੇ ਕਿਹਾ, “ਮੈਂ ਆਪਣੇ ਦੇਸ਼ ਲਈ ਮਰ ਰਿਹਾ ਹਾਂ, ਮੈਨੂੰ ਮਰਨ ਦੀ ਕੋਈ ਪ੍ਰਵਾਹ ਨਹੀਂ”। ਉਹ ਮੁੱਕੇ ਵੱਟ ਵੱਟ ਕੇ ਕਟਹਿਰੇ ਦੇ ਜੰਗਲੇ ਦੀ ਬਾਹੀ ‘ਤੇ ਮਾਰਦਾ ਰਿਹਾ। ਉਸ ਨੇ ਅਦਾਲਤ ਵਿੱਚ ਥੁਕਿਆ, ਫਿਰ ਸ਼ਾਤ ਚਿਤ ਹੋ ਕੇ ਮੁਸਕਰਾ ਪਿਆ।
ਉਹ ਚਾਹੁੰਦਾ ਸੀ ਕਿ ਉਸ ਨੂੰ ਵੀ ਸ਼ਹੀਦ ਭਗਤ ਸਿੰਘ ਵਾਂਗ 23 ਤਾਰੀਖ ਨੂੰ ਫ਼ਾਂਸੀ ਮਿਲੇ ਜਿਵੇਂ ਕਿ ਉਸ ਵਲੋਂ ਸਿਨਕਲੇਅਰ ਰੋਡ ਲੰਡਨ ਦੇ ਗੁਰਦੁਆਰੇ ਦੇ ਸਕੱਤਰ ਸ. ਜਾਹਲ ਸਿੰਘ ਨੂੰ 30 ਮਾਰਚ 1940 ਨੂੰ ਬਰਿਕਸਟਨ ਜ਼ੇਲ ਤੋਂ ਪੁਸਤਕਾਂ ਵਾਪਸ ਭੇਜਦੇ ਸਮੇਂ ਲਿਖੇ ਪੱਤਰ ਤੋਂ ਸਪੱਸ਼ਟ ਹੈ। ਇਸ ਪੱਤਰ ਵਿੱਚ ਉਸ ਨੇ ਲਿਖਿਆ ਸੀ, “ਕੋਈ ਦਸ ਸਾਲ ਹੋਏ ਕਿ ਮੇਰਾ ਸਭ ਤੋਂ ਵਧੀਆ ਮਿੱਤਰ ਮੈਨੂੰ ਪਿੱਛੇ ਛੱਡ ਗਿਆ ਸੀ ਅਤੇ ਮੈਨੂੰ ਯਕੀਨ ਹੈ ਕਿ ਮੌਤ ਤੋਂ ਬਾਅਦ ਅਸੀਂ ਇਕ ਦੂਸਰੇ ਨੂੰ ਮਿਲਾਂਗੇ, ਉਹ ਮੈਨੂੰ ਉਡੀਕ ਰਿਹਾ ਹੈ। ਉਸ ਦਿਨ 23 ਤਾਰੀਖ ਸੀ। ਮੈਨੂੰ ਆਸ ਹੈ ਕਿ ਮੈਨੂੰ ਵੀ ਇਸੇ ਤਾਰੀਖ ਨੂੰ ਫਾਂਸੀ ਦੇਣਗੇ, ਜਿਸ ਤਾਰੀਖ ਉਸ ਨੂੰ ਦਿੱਤੀ ਸੀ”। ਉਹ ਹੋਰ ਲਿਖਦੇ ਹਨ, “ਜਿਸ ਦਿਨ ਦਾ ਮੈਂ ਸ਼ਾਹੀ ਖ਼ਾਨਦਾਨ ਦਾ ਮਹਿਮਾਨ ਹੋ ਕੇ ਆਇਆ ਹਾਂ, 5 ਪੌਂਡ ਭਾਰ ਵਧਿਆ ਹੈ। ਮੈਨੂੰ ਕਿਸੇ ਚੀਜ਼ ਤੋਂ ਮੁਨਕਰ ਹੋਣ ਦੀ ਲੋੜ ਨਹੀਂ। ਮੈਂ ਜੰਮਿਆ ਹੀ ਮਰਨ ਲਈ ਹਾਂ ਅਤੇ ਜ਼ਰੂਰ ਮਰਨਾ ਹੈ”।ਪਰ ਉਸ ਦੀ ਇਹ ਖ਼ਾਹਿਸ਼ ਪੂਰੀ ਨਾ ਹੋਈ ਤੇ ਉਸ ਨੂੰ 31 ਜੁਲਾਈ 1940 ਨੂੰ ਫਾਂਸੀ ਦਿੱਤੀ ਗਈ।