November 11, 2011 admin

ਕੀ ਨਾਨਕਸ਼ਾਹੀ ਕੈਲੰਡਰ ਦੇ ਨਾਂ ਤੇ ਵੰਡੀਆਂ ਨਹੀਂ ਪੈਣ ਲਗੀਆਂ?

-ਜਸਵੰਤ ਸਿੰਘ ‘ਅਜੀਤ’-
ਦਸਿਆ ਜਾਂਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਤਾਂ ਸੰਨ 1999 ਵਿੱਚ ਹੀ ਹੋਂਦ ਵਿੱਚ ਆ ਗਿਆ ਹੋਇਆ ਸੀ। ਪ੍ਰੰਤੂ ਆਮ ਸਹਿਮਤੀ ਨਾ ਬਣ ਪਾਣ ਕਾਰਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਜ. ਗੁਰਚਰਨ ਸਿੰਘ ਟੋਹੜਾ ਨੇ ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ, ਉਸਨੂੰ ਠੰਡੇ ਬਸਤੇ ਵਿੱਚ ਪਾ ਦੇਣਾ ਹੀ ਮੁਨਾਸਬ ਸਮਝਿਆ। ਪ੍ਰੰਤੂ ਜਦੋਂ ਉਨ੍ਹਾਂ ਨੂੰ ਅਪਮਾਨਤ ਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿਤਾ ਗਿਆ, ਤਾਂ ਮੁੜ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਚਰਚਾ ਵਿੱਚ ਆ ਗਿਆ। ਇਸ ਮੁੱਦੇ ਤੇ ਆਮ ਸਹਿਮਤੀ ਦਾ ਆਧਾਰ ਤਿਆਰ ਕਰਨ ਲਈ, ਵਿਦਵਾਨਾਂ ਦੀ ਇਕ ਸਲਾਹਕਾਰ ਕਮੇਟੀ ਬਣਾਈ ਗਈ। ਜਿਸਨੇ ਕਈ ਬੈਠਕਾਂ ਕਰ ਉਸਨੂੰ ਅੰਤਿਮ ਰੂਪ ਦੇ ਦਿਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸਨੂੰ ਜਨਰਲ ਹਾਊਸ ਪਾਸੋਂ ਪਾਸ ਕਰਵਾਉਣ, ਉਪਰੰਤ ਸਿੰਘ ਸਾਹਿਬਾਨ ਦੀ ਪ੍ਰਵਾਨਗੀ ਅਤੇ ਅਕਾਲ ਤਖ਼ਤ ਦੀ ਮੋਹਰ ਨਾਲ ਸੰਨ ੨੦੦੩ ਵਿੱਚ, ਇਸ ਦਾਅਵੇ ਦੇ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਲਾਗੂ ਕਰਨ ਦਾ ਆਦੇਸ਼ ਜਾਰੀ ਕਰਾ ਦਿਤਾ ਗਿਆ ਕਿ ਇਸਦੇ ਲਾਗੂ ਹੋ ਜਾਣ ਨਾਲ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਮਾਨਤਾ ਮਿਲ ਜਾਇਗੀ।
ਸੱਚਾਈ ਤਾਂ ਇਹ ਹੈ ਕਿ ਉਸ ਸਮੇਂ ਵੀ ਇਸਦਾ ਤਿੱਖਾ ਵਿਰੋਧ ਹੋਇਆ ਸੀ। ਪਰ ਸਿੱਖੀ ਨੂੰ ਸੁਤੰਤਰ ਧਰਮ ਹੋਣ ਅਤੇ ਸਿੱਖਾਂ ਦੀ ਅੱਡਰੀ ਪਛਾਣ ਨੂੰ ਮਾਨਤਾ ਮਿਲ ਜਾਣ ਦੇ ਦਾਅਵੇ ਤੋਂ ਉਤਸਾਹਿਤ ਸਿੱਖਾਂ ਨੇ ਆਹਿਸਤਾ-ਆਹਿਸਤਾ ਇਸਨੂੰ ਅਪਨਾਣਾ ਸ਼ੁਰੂ ਕਰ ਦਿਤਾ। ਇਕ ਅਨੁਮਾਨ ਅਨੁਸਾਰ ਹੁਣ ਤਕ ੭੫% ਤੋਂ ਵੱਧ ਸਿੱਖਾਂ ਨੇ ਇਸਨੂੰ ਅਪਨਾ ਲਿਆ ਹੋਇਆ ਹੈ। ਫਿਰ ਅਚਾਨਕ ਹੀ ਸੰਨ ੨੦੧੦ ਵਿੱਚ ਇਸ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਕਰ ਇਸਨੂੰ, ਦੋਬਾਰਾ ਲਾਗੂ ਕਰਨ ਦਾ ਐਲਾਨ ਕਰ ਦਿਤਾ ਗਿਆ।
ਇਸਦਾ ਨਤੀਜਾ ਇਹ ਹੋਇਆ ਕਿ ਸਿੱਖਾਂ ਵਿੱਚ ਦੋ ਨਾਨਕਸ਼ਾਹੀ ਕੈਲੰਡਰ ਪ੍ਰਚਲਤ ਹੋ ਗਏ। ਜਿਸ ਸਬੰਧੀ ਸਭ ਤੋਂ ਪਹਿਲਾ ਭੰਬਲ-ਭੂਸਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਮੌਕੇ ਤੇ ਸਾਹਮਣੇ ਆਇਆ, ਇਕ ਪਾਸੇ ਤਾਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਇਹ ਪੁਰਬ ੨੪ ਨਵੰਬਰ ਨੂੰ ਮਨਾਏ ਜਾਣ ਦੀਆਂ ਤਿਆਰੀਆਂ ਹੋਈਆਂ ਅਤੇ ਦੂਜੇ ਪਾਸੇ ਅਕਾਲ ਤਖ਼ਤ ਤੋਂ ਇਹ ਪੁਰਬ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ੧੦ ਦਸੰਬਰ ਨੂੰ ਮੰਨਾਉਣ ਦਾ ਆਦੇਸ਼ ਆ ਗਿਆ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਕ ਪਾਸੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜ ਜਨਵਰੀ ਨੂੰ ਮਨਾਏ ਜਾਣ ਦੀਆਂ ਤਿਆਰੀਆਂ ਹੋਈਆਂ ਤੇ ਦੂਜੇ ਪਾਸੇ ਸੌਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ੧੧ ਜਨਵਰੀ ਨੂੰ ਇਹ ਪੁਰਬ ਮਨਾਏ ਜਾਣ ਦਾ ਆਦੇਸ਼ ਦੇ ਦਿਤਾ ਗਿਆ। ਇਸ ਦੁਬਿਧਾ ਦੇ ਚਲਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਨੇ ਤਾਂ ਇਹ ਪੁਰਬ ਪੰਜ ਜਨਵਰੀ ਨੂੰ ਹੀ ਮਨਾ ਲਿਆ। ਜਦਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੇ ਇਸਦਾ ਵਿਰੋਧ ਕੀਤਾ। ਜੋ ਅਸਲ ਵਿੱਚ ਇਹ ਪੁਰਬ ਪੰਜ ਜਨਵਰੀ ਨੂੰ ਮੰਨਾਏ ਜਾਣ ਦੇ ਕਾਰਣ ਨਹੀਂ ਸੀ, ਸਗੋਂ ਵਿਰੋਧੀਆਂ ਨੂੰ ਘੇਰਨ ਦੀ ਇਕ ਕੌਸ਼ਿਸ਼ ਸੀ। ਜਿਸਦੀ ਪ੍ਰਤੱਖ ਉਦਾਹਰਣ ਦਿੱਲੀ ਵਿੱਚ ਹੋਏ ‘ਨਾਟਕ’ ਤੋਂ ਮਿਲ ਜਾਂਦੀ ਹੈ। 
ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੰਜ ਜਨਵਰੀ ਨੂੰ ਮਨਾਏ ਜਾਣ ਨੂੰ ਅਕਾਲ ਤਖ਼ਤ ਦੇ ਆਦੇਸ਼ ਦੀ ਉਲੰਘਣਾ ਕਰਾਰ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਪੁਰ ਤਿੱਖੇ ਹਮਲੇ ਕੀਤੇ ਅਤੇ ਇਸਦੇ ਨਾਲ ਹੀ ਆਪਣੇ ਦਲ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੧੧ ਜਨਵਰੀ ਨੂੰ ਮੰਨਾਣ ਦਾ ਐਲਾਨ ਵੀ ਕੀਤਾ। aਨ੍ਹਾਂ ਦਿੱਲੀ ਦੇ ਸਿੱਖਾਂ ਨੂੰ ਵੀ ਇਸੇ ਦਿਨ ਇਹ ਪੁਰਬ ਮੰਨਾਉਣ ਅਤੇ ਦੀਪਮਾਲਾ ਕਰਨ ਦੀ ਅਪੀਲ ਕੀਤੀ। ਉਧਰ  ਕੇਂਦਰõੀ ਸਿੰਘ ਸਭਾ, ਦਿੱਲੀ ਦੇ ਪ੍ਰਧਾਨ ਤੇ ਦਿੱਲੀ ਦੀ ਕਾਂਗ੍ਰਸ ਸਰਕਾਰ ਦੇ ਸੰਸਦੀ ਸਕੱਤ੍ਰ ਸ. ਤਰਵਿੰਦਰ ਸਿੰਘ ਮਰਵਾਹ ਅਤੇ ਸ. ਜਸਜੀਤ ਸਿੰਘ ਯੂਕੇ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਯੂਕੇ) ਨੇ (ਉਨ੍ਹਾਂ ਅਨੁਸਾਰ) ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਨੂੰ ਅਣਗੋਲਿਆਂ ਕਰਨ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੇ ਵਿਰੁਧ ਇਕ-ਜੁਟ ਹੋ ਸੰਘਰਸ਼ ਕਰਨ ਅਤੇ ਸ੍ਰੀ ਅਕਾਲ ਤਖ਼ਤ ਦਾ ਅਦੇਸ਼ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ੧੧ ਜਨਵਰੀ ਨੂੰ ਮੰਨਾਉਣ ਦਾ ਐਲਾਨ ਕਰਦਿਆਂ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੁਨੌਤੀ ਦਿਤੀ ਕਿ ਕੇਂਦਰੀ ਸਿੰਘ ਸਭਾ ਵਲੋਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਦਮਦਮਾ ਸਹਿਬ ਤੋਂ ਗੁਰਦੁਆਰਾ ਬਾਲਾ ਸਾਹਿਬ ਤਕ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੇ ਉਹ ਰੋਕ ਸਕਦੇ ਹਨ ਤਾਂ ਰੋਕ ਲੈਣ।
ਜਿਥੋਂ ਤਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਏ ਜਾਣ ਅਤੇ ਇਸ ਸਬੰਧੀ ਨਗਰ ਕੀਰਤਨ ਆਯੋਜਿਤ ਕਰਨ ਦਾ ਸੰਬੰਧ ਹੈ, ਉਸਦਾ ਸਵਾਗਤ ਤਾਂ ਸਾਰੇ ਵਰਗਾਂ ਵਲੋਂ ਕੀਤਾ ਹੀ ਜਾਣਾ ਸੀ, ਇਸਦਾ ਵਿਰੋਧ ਤਾਂ ਕੋਈ ਕਰ ਹੀ ਨਹੀਂ ਸੀ ਸਕਦਾ। ਪਰ ਜਿਸ ਪ੍ਰਕਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼, ਕੇਂਦਰੀ ਸਿੰਘ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ (ਯੂਕੇ) ਦੇ ਮੁਖੀਆਂ ਨੇ ਇਹ ਪੁਰਬ ਮਨਾਣ ਅਤੇ ਨਗਰ ਕੀਰਤਨ ਦੇ ਆਯੋਜਨ ਦਾ ਐਲਾਨ ਕਰਦਿਆਂ, ਸ. ਸਰਨਾ ਪੁਰ ਹਮਲੇ ਕੀਤੇ, ਉਸ ਤੋਂ ਤਾਂ ਇਉਂ ਜਾਪਿਆ, ਜਿਵੇਂ ਇਹ ਪੁਰਬ ਮਨਾਣ ਦੇ ਪਿਛੇ ਉਨ੍ਹਾਂ ਦਾ ਊੇਦੇਸ਼ ਅਕਾਲ ਤਖ਼ਤ ਦੇ ਆਦੇਸ਼ ਦਾ ਪਾਲਣ ਕਰਨਾ ਨਹੀਂ, ਸਗੋਂ ਇਸਦੇ ਨਾਂ ਤੇ ਸ. ਸਰਨਾ ਨੂੰ ਨੀਵਾਂ ਦਿਖਾਣਾ ਹੈ।
ਪੁਰਬ ਮਨਾਣ ਪ੍ਰਤੀ ਈਮਾਨਦਾਰੀ? : ਕੇਂਦਰੀ ਸਿੰਘ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ (ਯੂਕੇ) ਵਲੋਂ ਆਯੋਜਤ ਕੀਤਾ ਗਿਆ ਨਗਰ ਕੀਰਤਨ ਕਿਤਨਾ ਪ੍ਰਭਾਵੀ ਰਿਹਾ, ਇਸਦੀ ਚਰਚਾ ਨਾ ਹੀ ਕੀਤੀ ਜਾਏ ਤਾਂ ਚੰਗਾ ਹੈ। ਕਿਉਂਕਿ ਇਸਦਾ ਸੰਬੰਧ ਸ਼ਰਧਾ ਨਾਲ ਹੈ ਅਤੇ ਕਿਸੇ ਦੀ ਸ਼ਰਧਾ ਪੁਰ ਉਂਗਲ ਉਠਾਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਮੰਨਿਆ ਜਾਇਗਾ।
ਉਧਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਨੇ ਲੋਕਾਂ ਨੂੰ ਇਸ ਪੁਰਬ ਦੀ ਵਧਾਈ ਦੇਣ ਅਤੇ ਦੀਪਮਾਲਾ ਕਰਨ ਦੀ ਅਪੀਲ ਦੇ ਇਸ਼ਤਿਹਾਰ ਛਪਵਾ, ਹੋਰਡਿੰਗ ਲਗਵਾ ਅਤੇ ਪ੍ਰੈਸ ਕਾਨਫੰ੍ਰਸ ਕਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਿਰੁਧ ਦਿਲ ਦਾ ਗੁਬਾਰ ਕਢਕੇ ਮਨਾਇਆ। ਦੀਪਮਾਲਾ ਤਾਂ ਸ਼ਾਇਦ ਉਨ੍ਹਾਂ ਦੇ ਦਫਤਰ ਤੇ ਵੀ ਨਹੀਂ ਹੋਈ।
ਅਕਾਲ ਤਖ਼ਤ ਤੋਂ ਜਾਰੀ ਆਦੇਸ਼ ਅਤੇ ਉਸ ਪ੍ਰਤੀ ਸ਼ਰਧਾ ਦੀ ਜੋ ਗਲ ਹੈ, ਉਸਦੀ ਵਿਆਖਿਆ ਕਦੀ ਵੀ ਕਿਸੀ ਨੇ ਨਿਜ ਸਵਾਰਥ ਤੋਂ ਉਪਰ ਉਠ ਕੇ ਨਹੀਂ ਕੀਤੀ। ਕਾਂਗ੍ਰੇਸ ਦੇ ਮੁਖੀ ਸ. ਤਰਵਿੰਦਰ ਸਿੰਘ ਮਰਵਾਹ ਦੇ ਦਿਲ ਵਿੱਚ ਅਕਾਲ ਤਖ਼ਤ ਅਤੇ ਧਾਰਮਕ ਸਿੱਖ ਸੰਸਥਾਵਾਂ ਪ੍ਰਤੀ ਕਿਤਨੀ ਸ਼ਰਧਾ ਭਾਵਨਾ ਹੈ, ਉਸ ਬਾਰੇ ਉਹ ਲੋਕੀ ਚੰਗੀ ਤਰ੍ਹਾਂ ਦਸ ਸਕਦੇ ਹਨ, ਜੋ ਲੰਮਾਂ ਸਮਾਂ ਗੁਰਦੁਆਰਾ ਪ੍ਰਬੰਧਕਾਂ ਦੇ ਵਿਰੁਧ ਪ੍ਰਦਰਸ਼ਨ ਕਰਦੇ ਅਤੇ ਧਰਨੇ ਦਿੰਦੇ ਰਹੇ ਹਨ। ਪਰ ਜਿਥੋਂ ਤਕ ਸ. ਜਸਜੀਤ ਸਿੰਘ ਯੂਕੇ ਦਾ ਸੰਬੰਧ ਹੈ, ਉਨ੍ਹਾਂ ਨਾਲ ਸਬੰਧਤ, ਇਨ੍ਹਾਂ ਹੀ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਯੂਕੇ) ਦੇ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਗਿਆਨੀ ਜਗਤਾਰ ਸਿੰਘ ਜਾਚਕ ਦੇ ਛਪੇ ਇਕ ਬਿਆਨ ਦਾ ਇਥੇ ਜ਼ਿਕਰ ਕਰਨਾ ਕੁਥਾਉਂ ਨਹੀਂ ਹੋਵੇਗਾ। ਗਿਆਨੀ ਜਾਚਕ ਨੇ ਆਪਣੇ ਬਿਆਨ ਵਿੱਚ ਦਸਿਆ ਹੈ ਕਿ ਸ. ਜਸਜੀਤ ਸਿੰਘ ਯੂਕੇ ਨੇ ਉਨ੍ਹਾਂ ਅਤੇ ਸੈਂਕੜੇ ਹੋਰ ਸਾਥੀਆਂ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਪੁਰ ਅਰਦਾਸ ਕੀਤੀ ਸੀ ਕਿ ਯੂਕੇ ਦਲ ਸਿੱਖਾਂ ਦੀ ਆਵਾਜ਼ ਬਣੇਗਾ। ਪੰਜਾਬ ਦੇ ਗਰਦੁਆਰਿਆਂ ਨੂੰ ਰਾਜਸੀ ਲੋਕਾਂ ਤੋਂ ਮੁਕਤ ਕਰਵਾ ਕੇ ਆਲ ਇੰਡੀਆ ਗੁਰਦੁਆਰਾ ਐਕਟ ਲਾਗੂ ਕਰਵਾਣ ਲਈ ਜਦੋਜਹਿਦ ਕਰੇਗਾ। ਪ੍ਰੰਤੂ ਉਹ ਅਕਾਲ ਤਖ਼ਤ ਤੇ ਕੀਤੀ ਅਰਦਾਸ ਵਿੱਚ ਕੀਤੇ ਇਸ ਪ੍ਰਣ ਨੂੰ ਨਿਭਾਣ ਦੀ ਬਜਾਏ ਉਥੋਂ ਭਜ ਨਿਕਲੇ। ਕਿਉਂ? ਇਸਦਾ ਜਵਾਬ ਉਹ ਆਪ ਹੀ ਦੇਣ ਤਾਂ ਚੰਗਾ ਰਹੇ। ਇਸਤੋਂ ਬਿਨਾਂ ਉਨ੍ਹਾਂ ਸ. ਜਸਜੀਤ ਸਿੰਘ ਯੂਕੇ ਦੇ ਬਾਰੇ ਹੋਰ ਵੀ ਬਹੁਤ ਕੁਝ ਕਿਹਾ ਹੈ। ਜਿਸਦਾ ਇਥੇ ਜ਼ਿਕਰ ਕਰਨਾ ਮੁਨਾਸਬ ਨਹੀਂ ਹੋਵੇਗਾ।
ਕਾਂਗਰਸ ਦੀ ਭੂਮਕਾ: ਇਕ ਪਾਸੇ ਦਿੱਲੀ ਦੀ ਕਾਂਗਰਸੀ ਸਰਕਾਰ ਦੀ ਮੁੱਖੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਅਤੇ ਉਨ੍ਹਾਂ ਦੇ ਮੰਤ੍ਰੀ-ਮੰਡਲ ਦੇ ਸਹਿਯੋਗੀਆਂ ਵਲੋਂ ਤਾਂ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਦਲ ਦੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਚਲਣ ਦੀ ਗਲ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਹੀ ਸੰਸਦੀ ਸਕੱਤ੍ਰ, ਸ. ਸਰਨਾ ਦੇ ਵਿਰੋਧੀਆਂ ਨਾਲ ਹੱਥ ਮਿਲਾ ਰਹੇ ਹਨ। ਜਿਸ ਨਾਲ ਸਿੱਖਾਂ ਵਿੱਚ ਅਜਿਹਾ ਸੰਦੇਸ਼ ਜਾਣ ਲਗਾ ਹੈ ਕਿ ਜਿਵਂੇ ਭਾਜਪਾ ਦੇ ਨੇਤਾ ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਗਠਜੋੜ ਕਰਕੇ ਚਲ ਰਹੇ ਹਨ ਅਤੇ ਦੂਜੇ ਪਾਸੇ ਆਪਣੇ ਪ੍ਰਦੇਸ਼ ਸਿੱਖ ਪ੍ਰਕੋਸ਼ਠ (ਵਿੰਗ) ਦੇ ਸਹਾਰੇ ਸਿਖਾਂ ਨੂੰ ਸਿੱਧਾ ਆਪਣੇ ਨਾਲ ਲਿਆਣ ਲਈ ਸਰਗਰਮ ਹੋ ਗਏ ਹੋਏ ਹਨ, ਜਿਸ ਕਾਰਣ ਬਾਦਲ ਦਲ ਦੇ ਮੁੱਖੀਆਂ ਵਿੱਚ ਇਹ ਸੰਦੇਸ਼ ਜਾ ਰਿਹਾ ਹੈ ਕਿ ਭਾਜਪਾ ਨੇਤਾ ਸਿੱਖਾ ਦੇ ਸਮਰਥਨ ਲਈ,  ਉਨ੍ਹਾਂ ਪੁਰ ਆਪਣੀ ਨਿਰਭਰਤਾ ਤੋਂ ਮੁਕੱਤ ਹੋਣਾ ਚਾਹੁੰਦੇ ਹਨ, ਕਾਂਗਰਸ ਦੇ ਨੇਤਾ ਵੀ ਉਸੇ ਤਰ੍ਹਾਂ ਦੀ ਹੀ ‘ਡਬਲ ਗੇਮ’ ਖੇਡਣ ਦੀ ਕੌਸ਼ਿਸ਼ ਕਰਨ ਵਿੱਚ ਸਰਗਰਮ ਹਨ। ਜੇ ਦਿੱਲੀ ਦੇ ਸਿੱਖਾਂ ਵਿੱਚ ਇਹ ਸੰਦੇਸ਼ ਚਲਾ ਜਾਂਦਾ ਹੈ ਤਾਂ ਇਹ ਕਾਂਗਰਸ ਨੂੰ ਵੀ ਉਸੇ ਤਰ੍ਹਾਂ ਭਾਰੀ ਪੈ ਸਕਦਾ ਹੈ, ਜਿਵੇਂ ਭਾਜਪਾ ਨੂੰ ਪੈ ਰਿਹਾ ਹੈ। ਕੁਝ-ਇਕ ਰਾਜਨੀਤਕਾਂ ਨੂੰ ਛੱਡ ਨਾ ਤਾਂ ਬਾਦਲ ਦਲ ਦੇ ਰਸਤੇ ਸਿੱਖ ਉਸਦੇ ਨਜ਼ਦੀਕ ਫਟਕ ਰਹੇ ਹਨ ਅਤੇ ਨਾ ਹੀ ਉਸਦਾ ਸਿੱਖ ਵਿੰਗ ਬਹੁਤਾ ਕਾਰਗਰ ਸਾਬਤ ਹੋ ਪਾ ਰਿਹਾ ਹੈ।
ਵੰਡੀਆਂ : ਜਿਸਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੰਨਾਉਣ ਦੀਆਂ ਤਾਰੀਖਾਂ ਨੂੰ ਲੈ ਕੇ ਸਿੱਖਾਂ ਵਿੱਚ ਵਿਵਾਦ ਪੈਦਾ ਹੋਇਆ ਅਤੇ ਹਰ ਕੋਈ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮਿਆਂ (ਜਿਵੇਂ ਕੋਈ ੨੦੦੩ ਅਤੇ ਕੋਈ ੨੦੧੦ ਵਿੱਚ ਸੋਧੇ ਨਾਨਕਸ਼ਾਹੀ ਕੈਲੰਡਰ) ਦਾ ਹਵਾਲਾ ਦੇ ਰਿਹਾ ਹੈ। ਉਸਤੋਂ ਕੀ ਇਹ ਸੰਕੇਤ ਨਹੀਂ ਮਿਲਣ ਲਗ ਪਿਆ ਕਿ ਸਿੱਖਾਂ ਵਿੱਚ ਵੀ ਮੁਸਲਮਾਣਾਂ, ਇਸਾਈਆਂ, ਜੈਨੀਆਂ, ਬੋਧੀਆਂ ਆਦਿ ਵਾਂਗ ਵੰਡੀਆਂ ਪੈਣੀਆਂ ਸ਼ੁਰੂ ਹੋ ਗਈਆਂ ਹਨ?
…ਅਤੇ ਅੰਤ ਵਿੱਚ:  ਰਾਜਧਾਨੀ ਦੀ ਸਿੱਖ ਰਾਜਨੀਤੀ ਵਿੱਚ ਹੋ ਰਹੀ ਉਥਲ-ਪੁਥਲ ਦੀ ਘੋਖ ਕਰਦਿਆਂ, ਅਕਾਲੀ ਰਾਜਨੀਤੀ ਦੇ ਜਾਣਕਾਰ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ, ਦਿੱਲੀ (ਸਰਨਾ) ਨੂੰ ‘ਅਕਾਲੀ-ਭਾਜਪਾ-ਕਾਂਗਰਸ’ ਕੇ ਇਕ ਬੜੇ ਹੀ ‘ਸਿਧਾਂਤਕ’ ਗਠਜੋੜ ਦੀ ਚੁਨੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
(Mobile : + 91 98 68 91 77 31)                          
E-mail : jaswantsinghajit@gmail.com    
Address :  64-C, U&V/B, Shalimar Bagh, DELHI-110088




  

Translate »