–ਹਰਬੀਰ ਸਿੰਘ ਭੰਵਰ-
ਰੱਬ ਦਾ ਹੀ ਦੂਸਰਾ ਰੂਪ ਹੂੰਦੀ ਹੈ ਮਾਂ।ਮਾਂ ਸਾਨੂੰ ਜਨਮ ਦਿੰਦੀ ਹੈ,ਚੰਗੇ ਸੰਸਕਾਰ ਦਿੰਦੀ ਹੈ, ਪਿਆਰ ਤੇ ਸਧਰਾਂ ਨਾਲ ਪਾਲਣਾ ਪੋਸਨਾ ਕਰਦੀ ਹੈ, ਜੀਵਨ ਜਾਚ ਸਿਖਾਉਂਦੀ ਹੈ। ਮਾਂ ਦੇ ਦੁੱਧ ਵਰਗੇ ਅੰਮ੍ਰਿਤ ਅਤੇ ਮਾਂ ਦੀ ਮਮਤਾ ਵਰਗੀ ਹੀ ਮਿੱਠੀ ਹੁੰਦੀ ਹੈ ਮਾ-ਬੋਲੀ, ਜੋ ਅਸੀ ਅਪਣੀ ਮਾਂ ਤੋਂ ਬੋਲਣਾ ਸਿਖਦੇ ਹਾਂ।ਮਾਂ-ਬੋਲੀ ਸਾਡੇ ਵਜੂਦ ਦਾ, ਸਾਡੀ ਸਖਸੀਅਤ ਦਾ ਇਕ ਅਟੁੱਟ ਅੰਗ ਹੁੰਦੀ ਹੈ। ਪਾਕਿਸਤਾਨੀ ਸ਼ਾਇਰ ਉਸਤਾਦ ਦਾਮਨ ਦਾ ਇਕ ਸ਼ੇਅਰ ਹੈ:-
ਮਾਂ-ਬੋਲੀ ਜੇ ਭੁਲ ਜਾਓਗੇ, ਕੱਖਾਂ ਵਾਂਗ ਰੁਲ ਜਾਓਗੇ
ਕਿਸੇ ਵੀ ਖਿੱਤੇ ਵਿਚ ਪੈਦਾ ਹੋਣ ਵਾਲੇ ਸਾਰੇ ਲੋਕਾਂ ਦੇ ਧਰਮ, ਜ਼ਾਤ ਪਾਤ,ਰੰਗ ,ਨਸਲ,ਭਾਵੇਂ ਵੱਖ ਵੱਖ ਹੋਣ, ਪਰ ਉਸ ਖਿੱਤੇ ਵਿਚ ਬੋਲੀ ਜਾਣ ਵਾਲੀ ਬੋਲੀ ਜੋ ਉਨ੍ਹਾ ਦੀ ਸਾਂਝੀ ਮਾਂ- ਬੋਲੀ ਇਕ ਹੀ ਹੁੰਦੀ ਹੈ।ਉਹ ਆਪਸ ਵਿਚ ਇਕ ਦੂਸਰੇ ਨਾਲ ਗਲਬਾਤ ਇਸੇ ਬੋਲੀ ਨਾਲ ਹੀ ਕਰਦੇ ਹਨ।ਧਰਮ ਤਾਂ ਕਿਸੇ ਦਾ ਨਿੱਜੀ ਵਿਅਕਤੀਗਤ ਵਿਸ਼ਵਾਸ਼ ਹੈ, ਪਰ ਮਾਂ-ਬੋਲੀ ਤਾਂ ਉਸ ਇਲਾਕੇ ਦੇ ਲੋਕਾਂ ਨੂੰ ਆਪਸ ਵਿਚ ਜੋੜਦੀ ਹੈ, ਉਨ੍ਹਾਂ ਦੀ ਸਾਂਝ ਬਣਦੀ ਹੈ, ਪਛਾਣ ਬਣਦੀ ਹੈ, ਉਨ੍ਹਾ ਦੀ ਕੌਮੀਅਤ ਬਣਦੀ ਹੈ।ਧਰਮ ਬਦਲਿਆ ਜਾ ਸਕਦਾ ਹੈ,ਪਰ ਮਾਂ-ਬੋਲੀ ਨਹੀਂ।ਇਕ ਮਾਂ-ਬੋਲੀ ਬੋਲਣ ਵਾਲੇ ਲੋਕ ਵੱਖ ਵੱਖ ਧਰਮਾਂ ਜਾ ਦੇਸ਼ਾ ਨਾਲ ਸਬੰਧ ਰਖ ਸਕਦੇ ਹਨ।ਜਿਵੇਂ ਕਿ ਭਾਰਤੀ ਪੰਜਾਬ ਜਿਸ ਵਿਚ ਵਧਰੇ ਵਸੋਂ ਹਿੰਦੂ ਤੇ ਸਿੱਖ ਹਨ, ਅਤੇ ਪਾਕਿਸਤਾਨੀ ਪੰਜਾਬ ਵਿਚ ਬਹੁ-ਵਸੋਂ ਮੁਸਲਮਾਨ ਹਨ, ਪਰ ਦੋਨਾਂ ਦੇ ਵਸਨੀਕਾਂ ਦੀ ਮਾਂ-ਬੋਲੀ ਪੰਜਾਬੀ ਹੈ।
ਮਾਂ-ਬੋਲੀ ਦੀ ਇਸ ਮਹਤੱਤਾ ਕਾਰਨ ਹੀ ਯੁਨੈਸਕੋ ਦੇ ਇਕ ਮਹੱਤਵਪੂਰਨ ਫੈਸਲੇ ਨਾਲ ਦੁਂੀਆ ਭਰ ਵਿਚ ਹਰ ਸਾਲ ੨੧ ਫਰਵਰੀ ਨੂੰ ਅੰਤਰ-ਰਾਸ਼ਟ੍ਰੀ ਮਾਂ-ਬੋਲੀ ਦਿਵਸ ਮਨਾਇਆ ਜਾਂਦਾ ਹੈ।ਇਹ ਦਿਨ ਸਾਡੇ ਇਕ ਗਵਾਂਢੀ ਮੁਲਕ ਬੰਗਲਾ ਦੇਸ਼ ਦੀ ਦੇਣ ਹੈ।ਬੰਗਾਲੀਆਂ ਨੂੰ ਆਪਣੀ ਭਾਸ਼ਾ ਤੇ ਸਭਿਆਚਾਰ ਨਾਲ ਅਥਾਹ ਪਿਆਰ ਹੈ, ਅਪਣੇ ਧਰਮ ਨਾਲੋਂ ਵੀ ਵੱਧ, ਉਹ ਆਪਣੀ ਭਾਸ਼ਾ ਤੇ ਸਭਿਆਚਾਰ ਨੂੰ ਆਪਣੀ ਸਖ਼ਸ਼ੀਅਤ ਦਾ ਹਿੱਸਾ ਮੰਨਦੇ ਹਨ।ਇਸ ਲੇਖਕ ਨੂੰ ਅਪਣੇ ਇਕ ਸਾਥੀ ਨਾਲ ਸਤੰਬਰ ੨੦੦੫ ਵਿਚ ਬੰਗਲਾ ਦੇਸ਼ ਦੇ ਗੁਰਦੁਆਰਿਆਂ ਦੇ ਸਰਵੇਖਣ ਲਈ ੧੦ ਕੁ ਦਿਨ ਉਸ ਦੇਸ਼ ਜਾਣਾ ਪਿਆ।ਅਸ਼ੀ ਇਸ ਸਬੰਧ ਵਿਚ ਅੱਧੇ ਤੋਂ ਵੱਧ ਬੰਗਲਾ ਦੇਸ਼ ਘੁੰਮ-ਫਿਰ ਕੇ ਦੇਖਿਆ।ਉਨ੍ਹਾਂ ਲੋਕਾਂ ਨੂੰ ਆਪਣੀ ਭਾਸ਼ਾ ਤੇ ਸਭਿਆਚਾਰ ਨਾਲ ਪਿਆਰ ਇਤਨਾ ਪਿਆਰ ਹੈ ਕਿ ਆਪਣੇ ਕਿਆਮ ਦੌਰਾਨ ਅਸੀਂ ਮਸਜਿਦਾਂ ਤੋਂ ਬਿਨਾਂ ਕਿਤੇ ਵੀ ਉਰਦੂ ਦਾ ਇਕ ਲਫਜ਼ ਲਿਖਿਆ ਹੋਇਆ ਨਹੀਂ ਦੇਖਿਆ।ਸਾਰੇ ਬੋਰਡ, ਬੈਨਰ, ਆਦਿ ਬੰਗਾਲੀ ਭਾਸ਼ਾ ਵਿਚ ਹੀ ਹਨ। ਆਮ ਦੁਕਾਨਾਂ ਬੰਗਲਾ ਦੇ ਸਾਹਿਤ ਨਾਲ ਭਰੀਆਂ ਹਨ। ਵਧੇਰੇ ਅਖ਼ਬਾਰ ਤੇ ਮੈਗਜ਼ੀਨ ਬੰਗਾਲੀ ਵਿਚ ਹੀ ਛਪਦੇ ਹਨ। ਆਮ ਲੋਕ ਬੰਗਾਲੀ ਭਾਸ਼ਾ ਵਿਚ ਹੀ ਗੱਲਬਾਤ ਕਰਦੇ ਹਨ।ਅੰਗਰੇਜ਼ੀ ਦੂਜੀ ਭਾਸ਼ਾ ਵਜੋਂ ਵਰਤੀ ਜਾਂਦੀ ਹੈ,ਪੜ੍ਹੇ ਲਿਖੇ ਲੋਕ ਅੰਗਰੇਜ਼ੀ ਵਿਚ ਗਲਬਾਤ ਕਰ ਲੈਂਦੇ ਹਨ।
ਅਗੱਸਤ ੧੯੪੭ ਵਿਚ ਫਿਰਕੂ ਆਧਾਰ ‘ਤੇ ਹਿੰਦੁਸਤਾਨ ਦੀ ਵੰਡ ਹੋਈ।ਪਾਕਿਸਤਾਨ ਨਾਂਅ ਦਾ ਇਕ ਨਵਾਂ ਇਸਲਾਮੀ ਦੇਸ਼ ਹੋਂਦ ਵਿਚ ਆ ਗਿਆ। ਇਸ ਦੇ ਦੋ ਵੱਖ ਵੱਖ ਇਲਾਕੇ ਸਨ।ਪੂਰਬੀ ਬੰਗਾਲ ਦੀ ਮੁਸਲਿਮ ਬਹੁ-ਵਸੋਂ ਵਾਲਾ ਪੂਰਬੀ ਪਾਕਿਸਤਾਨ ਕਹਾਇਆ ਅਤੇ ਦੂਸਰਾ ਪੰਜਾਬ,ਸਿੰਧ, ਬਲੋਚਿਸਤਾਨ ਤੇ ਸਰਹੱਦੀ ਸੂਬੇ ਵਾਲਾ ਪੱਛਮੀ ਪਾਕਿਸਤਾਨ।ਪ ਾਕਿਸਤਾਨ ਦੇ ਰਾਜਭਾਗ ਤੇ ਸਾਰੀ ਤਾਕਤ ਇਸ ਪੱਛਮੀ ਪਾਕਿਸਤਾਨ ਵਾਲਿਆਂ ਦੇ ਹੱਥ ਆਈ ।ਉਰਦੂ ਨੂੰ ਪਾਕਿਸਤਾਨ ਦੀ ਸਰਕਾਰੀ ਭਾਸਾ ਤੇ ਵਿਦਿਆ ਦਾ ਮਾਧਿਆਮ ਬਣਾਇਆ ਗਿਆ। ਪੱਛਮੀ ਪਾਕਿਸਤਾਨ ਵਾਲੇ ਪੂਰਬੀ ਪਾਕਿਸਤਾਨ ਵਾਲੇ ਇਲਾਕੇ ਵਿਚ ਵੀ ਉਰਦੂ ਤੇ ਫਾਰਸੀ ਲਾਗੂ ਕਰਨਾ ਚਾਹੁੰਦੇ ਸਨ, ਜਿਸ ਦਾ ਇਨ੍ਹਾਂ ਬੰਗਲਾ ਜਾ ਬੰਗਾਲੀ ਭਾਸ਼ਾ ਬੋਲਣ ਵਾਲਿਆ ਨੇ ਡੱਟ ਕੇ ਵਿਰੋਧ ਕੀਤਾ ਅਤੇ ਇਸ ਧੱਕੇਸ਼ਾਹੀ ਵਿਰੁਧ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ।
ਮਾਂ-ਬੋਲੀ ਦੇ ਸਨਮਾਨ ਲਈ ਵਿੱਢੇ ਇਸ ਸੰਘੱਰਸ ਨੂੰ ਦਬਾਉਣ ਲਈ ਸਰਕਾਰ ਵਲੋਂ ਬੜੀ ਸਖ਼ਤੀ ਵਰਤੀ ਗਈ,ਜ਼ੁਲਮ ਤਸੱਦਦ ਕੀਤਾ ਗਿਆ,ਪਰ ਬੰਗਾਲੀ ਝੁਕਣ ਵਾਲੇ ਨਹੀਂ ਸਨ।ਇਨ੍ਹਾਂ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਮਾਤ-ਭਾਸ਼ਾ ਪ੍ਰੇਮੀਆਂ ਉਤੇ ਪਾਕਿਸਤਾਨੀ ਸੁਰੱਖਿਆ ਫੋਰਸਾਂ ਵਲੋਂ ਢਾਕਾ ਵਿਖੇ ੨੧ ਫਰਵਰੀ ੧੯੫੨ ਨੂੰ ਗੋਲੀ ਚਲਾਈ ਗਈ,ਜਿਸ ਵਿਚ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਸਲਾਮ, ਬਰਕਤ, ਰਫ਼ੀਕ ਤੇ ਜਬਾਰ ਸਮੇਤ ਅਨੇਕਾਂ ਲੋਕ "ਸ਼ਹੀਦ" ਹੋ ਗਏ।ਇਨ੍ਹਾਂ ਸ਼ਹੀਦਾਂ ਦੀ ਸਹਾਦਤ ਦਾ ਇਹ ਦਿਨ ਬੰਗਲਾ ਦੇਸ਼ (ਉਸ ਸਮੇਂ ਪੁਰਬੀ ਬੰਗਾਲ) ਦੇ ਇਤਿਹਾਸ ਵਿਚ ਇਕ "ਟਰਨਿੰਗ ਪੁਆਇੰਟ" (ਮੋੜ ਦੇਣ ਵਾਲਾ ਦਿਨ) ਸਾਬਤ ਹੋਇਆ ਕਿਓਂ ਜੋ ਇਸ ਦਿਨ ਹੀ ਬੰਗਲਾ ਦੇਸ਼ ਰਾਸ਼ਟਰ ਦੀ ਨੀਂਹ ਰਖੀ ਗਈ। ਭਾਵੇਂ ਕੁਝ ਸਮੇਂ ਲਈ ਇਹ ਅੰਦੋਲਨ ਭਾਵੇਂ ਦਬਾ ਦਿੱਤਾ ਗਿਆ, ਪਰ ਉਨ੍ਹਾਂ ਨੂੰ ਹਮੇਸ਼ਾ ਨਾ ਦਬਾਇਆ ਜਾ ਸਕਿਆ, ੧੯੫੦-ਵਿਆਂ ਤੇ ੧੯੬੦-ਵਿਆ ਵਿਚ ਕਿਸੇ ਨਾ ਕਿਸੇ ਰੋਸ ਮੁਹਾਹਰੇ ਦੇ ਰੂਪ ਵਿਚ ਉਭਰਦਾ ਰਿਹਾ ਅਤੇ ਸਮੇਂ ਦੀ ਤੋਰ ਨਾਲ ਇਕ ਲਹਿਰ ਬਣ ਗਈ। ਆਪਣੀ ਭਾਸ਼ਾ ਤੇ ਸਭਿਆਚਾਰ ਦੇ ਸਨਮਾਨ ਲਈ ਸੁਲਘਦੀ ਇਹ ਚਿੰਗਾਰੀ ਸ਼ੇਖ ਮੁਜੀਬ ਰਹਿਮਾਨ ਦੀ ਅਗਵਾਈ ਹੇਠ ੧੯੭੧ ਵਿਚ ਆਜ਼ਾਦੀ ਦੀ ਲੜਾਈ ਦੇ ਰੂਪ ਵਿਚ ਭਾਂਬੜ ਬਣ ਕੇ ਉਠੀ ਅਤੇ ਉਨ੍ਹਾਂ ਆਪਣੀ ਸੋਨਾਰ ਬੰਗਲਾ ਵਜੋਂ ਜਾਣੀ ਜਾਂਦੀ ਇਹ ਸਰਸਬਜ਼ ਧਰਤੀ ਪਾਕਿਸਤਾਨ ਤੋਂ ਆਜ਼ਾਦ ਕਰਵਾ ਲਈ। ਹਿੰਦੁਸਤਾਨ ਨੇ ਆਜ਼ਾਦੀ ਦੀ ਇਸ ਲੜਾਈ ਵਿਚ ਡੱਟ ਕੇ ਸੈਨਿਕ ਸਹਿਯੋਗ ਦਿੱਤਾ ਤੇ ਪਾਕਿਸਾਤਨੀਆਂ ਤੋਂ ਨਿਜਾਤ ਦਿਲਵਾਉਣ ਤੇ ਮਹੱਤਵਪੂਰਨ ਰੋਲ ਅਦਾ ਕੀਤਾ। ਲਗਪਗ ੯੩ ਹਜ਼ਾਰ ਪਾਕਿਸਤਨੀ ਫ਼ੌਜੀਆਂ ਨੇ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਆਤਮ ਸਮਰਪਣ ਕੀਤਾ।ਢਾਕਾ ਵਿਖੇ ਇਸ ਦ੍ਰਿਸ਼ ਵਾਲਾ ਇਕ ਮਿਊਰਲ ਵੀ ਲਗਾ ਹੈ,ਜਿਸ ਵਿਚ ਜਨਰਲ ਨਿਆਜ਼ੀ ਜਨਰਲ aਰੋੜਾ ਅਗੇ ਆਮ-ਸਪਰਪਣ ਵਾਲੇ ਦਸਤਾਵੇਜ਼ ਉਤੇ ਦਸਖਤ ਕਰ ਰਹ ਹਨ,ਹੇਠਾ ਬੰਗਲਾ ਵਿਚ ਲਿਖਿਆਂ ਹੈ, "ਅਸੀਂ ਆਪਣੀ ਆਜ਼ਾਦੀ ਆਪ ਲਈ ਹੈ।"
ਢਾਕਾ ਵਿਖੇ ਇਨ੍ਹਾਂ ਸ਼ਹੀਦਾਂ ਦਾ ਇਕ ਸ਼ਾਨਦਾਰ ਯਾਦਗਾਰ "ਸ਼ਹੀਦ ਮਿਨਾਰ" ਬਣੀ ਹੋਈ ਹੈ।ਹਰ ਸਾਲ ੨੧ ਫਰਵਰੀ ਨੂੰ ਦੇਸ਼ ਦੇ ਰਾਸ਼ਟ੍ਰਪਤੀ ਤੇ ਪ੍ਰਧਾਨ ਮੰਤਰੀ ਸਮੁਚੇ ਬੰਗਲਾ ਦੇਸ਼ ਰਾਸ਼ਟਰ ਵਲੋਂ ਇਨ੍ਹਾ ਸ਼ਹੀਦਾਂ ਨੂੰ ਭਾਵ-ਭਿੰਨੀ ਸ਼ਰਧਾਜਲੀ ਅਰਪਨ ਕਰਦੇ ਹਨ।ਆਮ ਲੋਕ ਅਕਸਰ ਇਥੈ ਆਉਂਦੇ ਰਹਿੰਦੇ ਹਨ।
ਯੂਨੈਸਕੋ ਵਲੋਂ ਦਿਤੇ ਪ੍ਰੋਗਰਾਮ ਅਨੁਸਾਰ ਵਿਸ਼ਵ ਭਰ ਦੇ ਸਾਰੇ ਦੇਸ਼ਾਂ ਵਿਚ ਹਰ ਸਾਲ ੨੧ ਫਰਵਰੀ ਨੂੰ "ਅੰਤਰ-ਰਾਸ਼ਟਰੀ ਮਾਂ-ਬੋਲੀ" ਦਿਵਸ ਮਨਾਇਆ ਜਾਂਦਾ ਹੈ।ਇਸ ਸਬੰਧੀ ਮਤਾ ਸਭ ਤੋਂ ਪਹਿਲਾਂ ਕੈਨੇਡਾ ਸਥਿਤ ਮਲਟੀਲਿੰਗੂਅਲ ਗਰੁਪ ਵਲੋਂ ਸਥਾਪਤ "ਮਦਰ-ਲੈਂਗੂਏਜ ਲਵਰਜ਼" ਨੇ ਯੁਨੈਸਕੋ ਨੂੰ ਵਿਸ਼ਵ ਪੱਧਰ ‘ਤੇ ਮਾਂ-ਬੋਲੀ ਦਿਵਸ ਮਨਾਉਣ ਲਈ ਭੇਜਿਆ ਗਿਆ, ਪਰ ਯੁਨੈਸਕੋ ਵਲੋਂ ਸਲਾਹ ਦਿਤੀ ਗਈ ਕਿ ਕਿਸੇ ਮੈਂਬਰ ਦੇਸ਼ ਵਲੋਂ ਇਹ ਮਤਾ ਰਖਿਆ ਜਾਏ।ਇਸ ਉਤੇ ਬੰਗਲਾ ਦੇਸ਼ ਸਰਕਾਰ ਨਾਲ ਸੰਪਰਕ ਕੀਤਾ ਅਤੇ ਬੰਗਲਾ ਦੇਸ ਨੇ ੨੮ ਹੋਰ ਦੇਸ਼ਾਂ ਦੀ ਹਿਮਾਇਤ ਨਾਲ ਇਹ ਮਤਾ ਪੇਸ਼ ਕੀਤਾ , ਜੋ ਯੂਨੈਸਕੋ ਦੀ ਜਨਰਲ ਕੌਂਸਲ ਨੇ ਆਪਣੀ ੧੭ ਨਵੰਬਰ ੧੯੯੯ ਦੀ ਇਕੱਤ੍ਰਤਾ ਵਿਚ ਸਰਬ-ਸੰਮਤੀ ਨਾਲ ਪਾਸ ਕਰ ਦਿਤਾ ਅਤੇ ਹਰ ਸਾਲ ਦੁਨੀਆਂ ਭਰ ਵਿਚ ਮਾਂ-ਬੋਲੀ ਦਿਵਸ ਮਨਾਇਆ ਜਾਣ ਲਗਾ ਹੈ।