November 11, 2011 admin

ਦਿੱਲੀ ਦੀ ਸਿੱਖ ਰਾਜਨੀਤੀ ਦੇ ਬਦਲਦੇ ਰੰਗ

ਜਸਵਂਤ ਸਿੰਘ ‘ਅਜੀਤ’
Mobile : + 91 98 68 91 77 31
E-mail : jaswantsinghajit@gmail.com

ਕੁਝ ਹੀ ਦਿਨ ਪਹਿਲਾਂ ਹੀ ਦਿੱਲੀ ਦੀ ਸਿੱਖ ਰਾਜਨੀਤੀ ਦੇ ਵਾਤਾਵਰਣ ਵਿੱਚ ਉਸ ਸਮੇਂ ਇੱਕ ਬਹੁਤ ਹੀ ਦਿਲਚਸਪ ਬਦਲਾਉ ਆਉਂਦਾ ਵੇਖਣ ਨੂੰ ਮਿਲਿਆ, ਜਦੋਂ ਬੀਤੇ ਇੱਕ ਲੰਮੇਂ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ| ਪਰਮਜੀਤ ਸਿੰਘ ਸਰਨਾ ਦੀ ਤਿੱਖੀ ਅਲੋਚਨਾ ਕਰਦੇ ਅਤੇ ਉਨ੍ਹਾਂ ਪੁਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਉਂਦੇ ਚਲੇ ਆ ਰਹੇ, ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੇ ਪ੍ਰਧਾਨ ਸ| ਜਸਜੀਤ ਸਿੰਘ ਟੋਨੀ (ਯੂਕੇ) ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਨਫ੍ਰੰਸ ਹਾਲ ਵਿੱਚ ਹੀ ਪਤ੍ਰਕਾਰਾਂ ਨਾਲ ਇੱਕ ਮਿਲਣੀ ਦੌਰਾਨ ਸ| ਪਰਮਜੀਤ ਸਿੰਘ ਸਰਨਾ ਦਾ ਵਿਰੋਧ ਛੱਡ, ਉਨ੍ਹਾਂ ਨੂੰ ਸਿਖਿਆ ਅਤੇ ਕਮੇਟੀ ਦੇ ਪ੍ਰਬੰਧ ਨਾਲ ਸੰਬੰਧਤ ਹੋਰ ਖੇਤ੍ਰਾਂ ਵਿੱਚ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਪਤ੍ਰਕਾਰਾਂ ਵਲੋਂ ਪੁਛੇ ਗਏ ਇੱਕ ਸੁਆਲ ਦਾ ਜਵਾਬ ਦਿੰਦਿਆਂ ਕਿਹਾ ਕਿ ਬੀਤੇ ਸਮੇਂ ਵਿੱਚ ਉਨ੍ਹਾਂ ਵਲੋਂ ਸ| ਪਰਮਜੀਤ ਸਿੰਘ ਸਰਨਾ ਪੁਰ ਭ੍ਰਿਸ਼ਟਾਚਾਰ ਦੇ ਜੋ ਦੋਸ਼ ਲਾਏ ਜਾਂਦੇ ਰਹੇ ਸਨ, ਉਨ੍ਹਾਂ ਦੇ ਸੰਬੰਧ ਉਨ੍ਹਾਂ ਦੀਆਂ ਸਾਰੀਆਂ ਸ਼ੰਕਾਵਾਂ ਦੂਰ ਕਰ, ਉਨ੍ਹਾਂ ਨੂੰ ਸੰਤੁਸ਼ਟ ਕਰ ਦਿੱਤਾ ਗਿਆ ਹੈ ਅਤੇ ਉਹ ਹੁਣ ਇਸ ਗਲ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿ ਗੁਰਦੁਆਰਾ ਪ੍ਰਬੰਧ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ। ਉਨ੍ਹਾਂ ਦੇ ਇਸ ਕਥਨ ਤੋਂ ਇਉਂ ਜਾਪਦਾ ਹੈ, ਜਿਵੇਂ ਉਨ੍ਹਾਂ (ਸ| ਜਸਜੀਤ ਸਿੰਘ ਟੋਨੀ) ਅਤੇ ਸ| ਪਰਮਜੀਤ ਸਿੰਘ ਸਰਨਾ ਦੇ ਦੂਸਰੇ ਵਿਰੋਧੀਆਂ ਵਲੋਂ ਉਨ੍ਹਾਂ (ਸ| ਸਰਨਾ) ਪੁਰ ਭ੍ਰਿਸ਼ਟਾਚਾਰ ਦੇ ਜੋ ਦੋਸ਼ ਲਾਏ ਜਾਂਦੇ ਰਹੇ ਅਤੇ ਲਾਏ ਜਾ ਰਹੇ ਹਨ, ਉਹ ਸਾਰੇ ਸੁਣੀਆਂ-ਸੁਣਾਈਆਂ ਗਲਾਂ ਪੁਰ ਹੀ ਆਧਾਰਤ ਹਨ। ਅਰਥਾਤ ਸ| ਸਰਨਾ ਪੁਰ ਦੋਸ਼ ਲਾਉਣ ਵਾਲੇ ਉਨ੍ਹਾਂ ਦੇ ਵਿਰੋਧੀਆਂ ਵਿੱਚ ਸੱਚ ਤੇ ਝੂਠ ਦਾ ਨਿਸਤਾਰਾ ਕਰਨ ਦੀ ਕੋਈ ਸੂਝ ਨਹੀਂ ਜਾਂ ਫਿਰ ਉਹ ਕੇਵਲ ਵਿਰੋਧ ਦੀ ਭਾਵਨਾ ਨਾਲ ਹੀ ਉਨ੍ਹਾਂ ਪੁਰ ਦੋਸ਼ ਲਾਉਂਦੇ ਚਲੇ ਆ ਰਹੇ ਹਨ।
ਸ| ਜਸਜੀਤ ਸਿੰਘ ਟੋਨੀ ਵਲੋਂ ਸ| ਪਰਮਜੀਤ ਸਿੰਘ ਸਰਨਾ ਨੂੰ ਸਹਿਯੋਗ ਦੇਣ ਦਾ ਐਲਾਨ  ਕਰਦਿਆਂ ਜੋ ਗਲਾਂ ਕਹੀਆਂ ਗਈਆਂ ਹਨ, ਜੇ ਉਨ੍ਹਾਂ ਅਤੇ ਉਨ੍ਹਾਂ ਵਲੋਂ ਇਸਤੋਂ ਪਹਿਲਾਂ ਸ| ਸਰਨਾ ਪੁਰ ਹਮਲੇ ਕਰਦਿਆਂ ਜੋ ਕੁਝ ਕਿਹਾ ਜਾਂਦਾ ਰਿਹਾ, ਨੂੰ ਇੱਕ-ਦੂਸਰੇ ਨਾਲ ਸਬੰਧਤ ਕਰ ਘੋਖਿਆ ਜਾਏ ਤਾਂ ਇਉਂ ਲਗਦਾ ਹੈ, ਜਿਵੇਂ ਹੁਣ ਸ| ਟੋਨੀ ਨੂੰ ਇਸ ਗਲ ਦਾ ਅਹਿਸਾਸ ਹੋ ਗਿਆ ਹੈ ਕਿ ਕੇਵਲ ਧਨ-ਦੌਲਤ ਦੇ ਹੰਕਾਰ ਦੇ ਬਲਬੂਤੇ ਨਕਾਰਾਤਮਕ ਨੀਤੀ ਅਪਨਾ ਕੇ ਘਟ-ਤੋਂ-ਘਟ ਸਿੱਖ ਰਾਜਨੀਤੀ ਵਿੱਚ ਸਥਾਪਤ ਨਹੀਂ ਹੋਇਆ ਜਾ ਸਕਦਾ।
ਜਾਪਦਾ ਹੈ ਕਿ ਉਨ੍ਹਾਂ ਨੇ ਇਸੇ ਹੰਕਾਰੀ ਭਾਵਨਾ ਦਾ ਸ਼ਿਕਾਰ ਹੋ, ਯੂਕੇ ਤੋਂ ਆ, ਸਿੱਧਾ ਪੰਜਾਬ ਪੁਜ, ਸ਼੍ਰੋਮਣੀ ਅਕਾਲੀ ਦਲ (ਯੂਕੇ) ਦੀ ਸਥਾਪਨਾ ਦਾ ਐਲਾਨ ਕੀਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਚੁਨੌਤੀ ਦੇ, ਭਾਰੀ ਜਿਤ ਹਾਸਲ ਕਰਨ ਦੇ ਦਾਅਵੇ ਕਰਨ ਦੇ ਨਾਲ ਹੀ ਉਥੇ ਪੈਰ ਜਮਾਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਪ੍ਰੰਤੂ ਉਨ੍ਹਾਂ ਨੂੰ ਜਲਦੀ ਹੀ ਇਸ ਗਲ ਦਾ ‘ਗਿਆਨ’ ਹੋ ਗਿਆ ਕਿ ਉਥੇ, ਜਿਥੇ ਪਹਿਲਾਂ ਤੋਂ ਹੀ ਕਦਮ-ਕਦਮ ਤੇ ਖੁਲ੍ਹੀਆਂ ਹੋਈਆਂ ਅਕਾਲੀ ਦਲ ਦੇ ਨਾਵਾਂ ਦੀਆਂ ਅਨੇਕਾਂ ਦੁਕਾਨਾਂ ਆਪਣੇ ਆਪਨੂੰ ਸਥਾਪਤ ਕਰਨ ਦੀ ਹੋੜ ਵਿੱਚ ਲਗੀਆਂ ਹੋਈਆਂ ਹਨ, ਉਥੇ ਉਨ੍ਹਾਂ ਦੀ ਦਾਲ ਗਲਣ ਵਾਲੀ ਨਹੀਂ। ਇਸ ਸੋਝੀ ਆਉਂਦਿਆਂ ਹੀ ਉਨ੍ਹਾਂ ਝਟ ਹੀ ਆਪਣਾ ਬੋਰੀਆ-ਬਿਸਤਰ ਬੰਨ੍ਹ, ਪਲਾਇਨ ਕਰ ਦਿੱਲੀ ਆ ਡੇਰਾ ਲਾਉਣ ਵਿੱਚ ਆਪਣਾ ਭਲਾ ਸਮਝਿਆ ਅਤੇ ਇਥੇ ਆ ਆਪਣੇ ਦਲ ਦੇ ਨਾਂ ਨਾਲ ‘ਦਿੱਲੀ’ ਸ਼ਬਦ ਜੋੜ, ਉਸਨੂੰ ‘ਦਿੱਲੀ-ਯੂਕੇ’ ਦਾ ਨਾਂ ਦੇ ਦਿੱਤਾ। ਹੰਕਾਰ ਦੀ ਭਾਵਨਾ ਨੇ ਉਨ੍ਹਾਂ ਦਾ ਪਿੱਛਾ ਇਥੇ ਵੀ ਨਾ ਛੱਢਿਆ ਸੋ ਉਨ੍ਹਾਂ ਉਸੇ ਭਾਵਨਾ ਵਿੱਚ ਗੜੁਚ ਹੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਅਤੇ ਚੋਣਾਂ ਵਿੱਚ ‘ਆਪਣੇ ਖਰਚ’ ਪੁਰ ਸਾਰੀਆਂ ਸੀਟਾਂ ਪੁਰ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕਰ ਦਿੱਤਾ। ਇਤਨਾ ਹੀ ਨਹੀਂ ਹੰਕਾਰ ਦੇ ਨਸ਼ੇ ਵਿੱਚ ਇਹ ਭਵਿਖਬਾਣੀ ਕਰਨੋਂ ਵੀ ਨਾ ਰਹਿ ਸਕੇ ਕਿ ਉਹ ਸੱਤਾਧਾਰੀਆਂ ਪਾਸੋਂ ਗੁਰਦੁਆਰਾ ਕਮੇਟੀ ਦੀ ਸੱਤਾ ਖੋਹ ਉਨ੍ਹਾਂ ਨੂੰ ਜ਼ਮੀਨ ਤੇ ਲੈ ਆਉਣਗੇ।
ਸ਼ਾਇਦ ਉਨ੍ਹਾਂ ਨੂੰ ਇਹ ਵਿਸ਼ਵਾਸ ਸੀ ਕਿ ਉਨ੍ਹਾਂ ਵਲੋਂ ‘ਆਪਣੇ ਖਰਚ’ ਪੁਰ ਉਮੀਦਵਾਰ ਖੜੇ ਕੀਤਾ ਜਾਣ ਦਾ ਐਲਾਨ ਕੀਤੇ ਜਾਣ ਨਾਲ ਰਾਜਧਾਨੀ ਦੇ ਅਕਾਲੀਆਂ ਅਤੇ ਆਮ ਸਿੱੱਖਾਂ ਪੁਰ ਉਨ੍ਹਾਂ ਦੇ ਇੱਕ ਬਹੁਤ ਹੀ ਵੱਡੇ ਧਨਾਢ ਹੋਣ ਦਾ ਦਬਦਬਾ ਬੈਠ ਜਾਇਗਾ, ਜਿਸਦੇ ਚਲਦਿਆਂ ਗੁਰਦੁਆਰਾ ਕਮੇਟੀ ਦੇ ਸੱਤਾਧਾਰੀਆਂ ਦੇ ਸਾਰੇ ਵਿਰੋਧੀ ਅਤੇ ਰਾਜਨੀਤੀ ਵਿੱਚ ਮੂੰਹ ਮਾਰਨ ਵਾਲੇ ਹੋਰ ੱਿਸਖ ਮੁੱਖੀ ਉਨ੍ਹਾਂ ਦੀ ਛੱਤਰਛਾਇਆ ਹੇਠ ਆ ਪਨਾਹ ਲੈਣ ਲਈ ਲਾਇਨ ਲਾ ਕੇ ਆ ਖੜੇ ਹੋਣਗੇ। ਫਲਸਰੂਪ ਉਹ ਦਿੱਲੀ ਦੀ ਸਿੱਖ ਰਾਜਨੀਤੀ ਦੇ ‘ਬੇਤਾਜ ਬਾਦਸ਼ਾਹ’ ਵਜੋਂ ਸਥਾਪਤ ਹੋਣ ਵਿੱਚ ਸਫਲ ਹੋ ਜਾਣਗੇ। ਜਦੋਂ ਅਜਿਹਾ ਨਹੀਂ ਹੋ ਸਕਿਆ ਤਾਂ ਉਨ੍ਹਾਂ ਨੂੰ ਜਲਦੀ ਹੀ ਇਹ ਗਲ ਸਮਝ ਵਿੱਚ ਆ ਗਈ ਕਿ ਇਥੇ ਵੀ ਪੰਜਾਬ ਵਾਂਗ ਸਵਾਰਥ ਅਧਾਰਤ ਰਾਜਸੀ ਰੋਟੀਆਂ ਸੇਂਕੇ ਜਾਣ ਦੀ ਨੀਤੀ ਦਾ ਹੀ ਬੋਲਬਾਲਾ ਹੈ। ਇਥੇ ਵੀ ਕੋਈ ਅਜਿਹਾ ਨਹੀਂ ਜੋ ਕਥਨੀ ਤੇ ਕਰਨੀ ਦੀ ਕਸੌਟੀ ਪੁਰ ਪੂਰਾ ਉਤਰ ਪਾਂਦਾ ਹੋਵੇ। ਜਾਪਦਾ ਹੈ ਕਿ ਉਨ੍ਹਾਂ ਇਹ ਵੀ ਮਹਿਸੂਸ ਕਰ ਲਿਆ ਕਿ ਜੇ ਉਨ੍ਹਾਂ ਦਿੱਲੀ ਵਿੱਚ ਕੁਝ ਕਰ ਆਪਣੇ ਆਪਨੂੰ ਸਥਾਪਤ ਕਰਨਾ ਹੈ ਤਾਂ ਉਨ੍ਹਾਂ ਨੂੰ ਉਹਨਾਂ ਲੋਕਾਂ ਨਾਲ ਜੁੜਨਾ ਹੋਵੇਗਾ ਜੋ ਸਿੱਖ ਰਾਜਨੀਤੀ ਦੀ ਜ਼ਮੀਨ ਨਾਲ ਜੁੜੇ ਹੋਏ ਹੋਣ।
ਪ੍ਰੰਤੂ ਜਾਪਦਾ ਹੈ ਕਿ ਉਹ ਇਥੇ ਵੀ ਆਪਣੇ ਹੰਕਾਰ ਦੀ ਭਾਵਨਾ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕੇ। ਜਿਸ ਦੇ ਚਲਦਿਆਂ ਉਹ ਸ| ਪਰਮਜੀਤ ਸਿੰਘ ਸਰਨਾ ਨਾਲ ਸਹਿਯੋਗ ਕਰਨ ਦਾ ਐਲਾਨ ਕਰਦਿਆਂ, ਇਹ ਕਹਿਣ ਤੋਂ ਨਾ ਰਹਿ ਸਕੇ ਕਿ ਸ| ਸਰਨਾ ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਅਜਿਹੇ ਪ੍ਰਤਿਭਾਸ਼ਾਲੀ 11 ਵਿਦਿਆਰਥੀ ਦੇਣ ਜਿਨ੍ਹਾਂ ਨੂੰ ਉਹ ਆਦਾਨ-ਪ੍ਰਦਾਨ ਯੋਜਨਾ ਦੇ ਤਹਿਤ ‘ਆਪਣੇ’ ਖਰਚ ਤੇ ਵਿਦੇਸ਼ ਭੇਜ ਸਕਣ। ‘ਆਪਣੇ ਖਰਚ ਤੇ’ ਦੀ ਗਲ ਉਨ੍ਹਾਂ ਇਸਤਰ੍ਹਾਂ ਵਾਰ-ਵਾਰ ਦੁਹਰਾਈ ਜਿਵੇਂ ਉਹ ਪਤ੍ਰਕਾਰਾਂ ਅਤੇ ਉਥੇ ਮੌਜੂਦ ਹੋਰ ਲੋਕਾਂ ਨੂੰ ਇਹ ਪ੍ਰਭਾਵ ਦੇਣਾ ਚਾਹੰੁਦੇ ਹੋਣ ਕਿ ਉਹ ਕੋਈ ਐਰੇ-ਗ਼ੈਰੇ ਵਿਅਕਤੀ ਨਹੀਂ, ਸਗੋਂ ਇੱਕ ਬਹੁਤ ਹੀ ‘ਧਨਾਢ’ ਵਿਅਕਤੀ ਹਨ।
ਸ਼ਾਇਦ ਉਹ ਇੱਕ ਸਿੱਖ ਹੁੰਦਿਆਂ ਹੋਇਆਂ ਵੀ ਇਹ ਨਹੀਂ ਸਮਝ ਸਕੇ ਕਿ ਸਿੱਖ ਧਰਮ ਵਿੱਚ ਹੰਕਾਰ ਅਤੇ ਹੰਕਾਰੀ ਵਿਅਕਤੀ ਲਈ ਕੋਈ ਥਾਂ ਨਹੀਂ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਰਾਹੀਂ ਸਪਸ਼ਟ ਰੂਪ ਵਿੱਚ ਚਿਤਾਵਨੀ ਦਿੱਤੀ ਹੋਈ ਹੈ ਕਿ ‘ਪ੍ਰਭੂ-ਪਰਮਾਤਮਾ ਨੂੰ ਹੰਕਾਰ ਨਹੀਂ ਭਾਉਂਦਾ। …ਉਹ (ਪ੍ਰਭੂ) ਚਾਹੇ ਤਾਂ ਅਕਾਸ਼ਾਂ (ਅਰਸ਼ਾਂ) ਵਿੱਚ ਵਿਚਰਦੇ ਵਿਅਕਤੀ ਨੂੰ ਪਲ ਭਰ ਵਿੱਚ ਫਰਸ਼ ਪੁਰ ਲਿਆ ਖੜਾ ਕਰੇ ਅਤੇ ਕੀੜੀ ਨੂੰ ਬਾਦਸ਼ਾਹੀ ਸੌਂਪ ਦੇਵੇੇ’। ਇਸੇ ਕਾਰਣ ਸਿਆਣਿਆਂ ਦਾ ਮੰਨਣਾ ਹੈ ਕਿ ਜੇ ਸ| ਜਸਜੀਤ ਸਿੰਘ ਟੋਨੀ ਹੰਕਾਰ ਦੇ ਆਕਾਸ਼ ਤੋਂ ਜ਼ਮੀਨ ਤੇ ਉਤਰ ਨਾ ਸਕੇ, ਤਾਂ ਉਹ ਘਟ-ਤੋਂ-ਘਟ ਸਿੱਖਾਂ ਵਿੱਚ ਤਾਂ ਆਪਣੇ-ਆਪਨੂੰ ਇੱਕ ਮੁੱਖੀ ਵਜੋਂ ਸਥਾਪਤ ਕਰਨ ਅਤੇ ਉਨ੍ਹਾਂ ਲਈ ਕੋਈ ਸਾਰਥਕ ਕੰਮ ਕਰ ਪਾਣ ਵਿੱਚ ਕਭੀ ਵੀ ਸਫਲ ਨਹੀਂ ਹੋ ਸਕਣਗੇੇ। ਇਨ੍ਹਾਂ ਸਿਆਣਿਆਂ ਦਾ ਇਹ ਵੀ ਕਹਿਣਾ ਹੈ ਕਿ ਇਹ ਗਲ ਕੇਵਲ ਸ| ਜਸਜੀਤ ਸਿੰਘ ਟੋਨੀ ਲਈ ਹੀ ਨਹੀਂ, ਸਗੋਂ ਹਰ ਉਸ ਵਿਅਕਤੀ ਲਈ ਚਿਤਾਵਨੀ ਹੈ, ਜੋ ਸਿੱਖਾਂ ਵਿੱਚ ਇੱਕ ਮੁੱਖੀ ਵਜੋਂ ਸਥਾਪਤ ਹੋ ਕੁਝ ਕਰਨ ਦਾ ਇੱਛੁਕ ਹੈ। 
ਬਾਦਲ ਦਲ ਦੀ ਪ੍ਰੇਸ਼ਾਨੀ : ਇਧਰ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਦੇ ਪ੍ਰਧਾਨ ਸ| ਜਸਜੀਤ ਸਿੰਘ ਟੋਨੀ ਨੇ ਸਿਖਿਆ ਅਤੇ ਗੁਰਦੁਆਰਾ ਪ੍ਰਬੰਧ ਦੇ ਹੋਰ ਖੇਤ੍ਰਾਂ ਵਿੱਚ ਸ| ਪਰਮਜੀਤ ਸਿੰਘ ਸਰਨਾ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ ਅਤੇ ਉਧਰ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਇੱਕ ਮੁੱਖੀ ਦਾ ਬਿਆਨ ਆ ਗਿਆ, ਜਿਸ ਵਿੱਚ ਉਨ੍ਹਾਂ ਸ| ਜਸਜੀਤ ਸਿੰਘ ਟੋਨੀ ਨੂੰ ਇਉਂ ਕੋਸਿਆ ਹੋਇਆ ਸੀ, ਜਿਵੇਂ ਸ| ਜਸਜੀਤ ਸਿੰਘ ਟੋਨੀ ਵਲੋਂ ਸ| ਸਰਨਾ ਨੂੰ ਸਹਿਯੋਗ ਦੇਣ ਦਾ ਕੀਤਾ ਗਿਆ ਫੈਸਲਾ ਉਨ੍ਹਾਂ ਨੂੰ ਬਹੁਤ ਹੀ ਨਾਗਵਾਰ ਗੁਜ਼਼ਰਿਆ ਹੋਵੇ ਅਤੇ ਉਨ੍ਹਾਂ ਦੇ ਇਸ ਫੈਸਲੇ ਨਾਲ ਬਾਦਲ ਦਲ ਜਾਂ ਬਿਆਨ ਦੇਣ ਵਾਲੇ ਮੁੱਖੀ ਦਾ ਕੋਈ ਬਹੁਤ ਵੱਡਾ ਨੁਕਸਾਨ ਹੋ ਗਿਆ ਹੋਵੇ। ਉਨ੍ਹਾਂ ਦਾ ਇਹ ਬਿਆਨ ਅਜਿਹਾ ਸੰਕੇਤ ਵੀ ਦੇ ਗਿਆ, ਜਿਵੇਂ ਉਨ੍ਹਾਂ (ਬਾਦਲ ਦਲ ਦੇ ਮੁੱਖੀਆਂ) ਨੂੰ ਪੰਥਕ ਸ਼ਕਤੀ ਦਾ ਇੱਕ-ਜੁਟ ਹੋਣਾ ਬਰਦਾਸ਼ਤ ਨਹੀਂ ਹੋ ਪਾ ਰਿਹਾ। ਉਹ ਚਾਹੁੰਦੇ ਹਨ ਕਿ ਪੰਥਕ ਸ਼ਕਤੀ ਖਿੰਡੀ ਰਹੇ, ਜਿਸ ਨਾਲ ਉਨ੍ਹਾਂ ਦੀ ਰਾਜਸੀ ਰੋਟੀਆਂ ਸੇਂਕਣ ਦੀ ਦੁਕਾਨ ਚਲਦੀ ਰਹਿ ਸਕੇ। ਇਧਰ ਪੰਥਕ ਸ਼ਕਤੀ ਨੂੰ ਇੱਕ-ਜੁਟ ਦੇਖਣ ਦੇ ਇੱਛੁਕ ਸਿੱਖਾਂ ਦਾ ਮੰਨਣਾ ਹੈ ਕਿ ਜੇ ਬਾਦਲ ਦਲ ਦੇ ਮੁੱਖੀ ਠੰਡੇ ਦਿਲ-ਓ-ਦਿਮਾਗ ਨਾਲ ਸੋਚਣ ਕਿ ਉਹ ਬੀਤੇ ਸੱਠ-ਪੈਂਹਠ ਵਰਿ੍ਹਆਂ ਤੋਂ ਲੜਦਿਆਂ ਰਹਿਣ ਦੀ ਜੋ ਨੀਤੀ ਅਪਨਾਈ ਚਲੇ ਆ ਰਹੇ ਹਨ, ਉਸ ਨਾਲ ਉਨ੍ਹਾਂ ਅੱਜ ਤਕ ਪੰਥ ਲਈ ਕੀ ਹਾਸਲ ਕੀਤਾ ਹੈ? ਇੱਕ ਲੰਗੜਾ ਸੂਬਾ ਜਾਂ ਕੁਝ ਹੋਰ ਵੀ? ਜਦੋਂ ਕੁਝ ਹਾਸਲ ਕਰਨ ਦਾ ਸਮਾਂ ਆਇਆ ਸੀ ਤਾਂ ਉਨ੍ਹਾਂ ਲੜਾਈ ਦਾ ਰਸਤਾ ਅਪਨਾ ਲਿਆ ਤੇ ਉਸ ਮੌਕੇ ਨੂੰ ਵੀ ਗੁਆ ਲਿਆ। ਜਿਨ੍ਹਾਂ ਦੀ ਸ਼ਹਿ ਤੇ ਉਨ੍ਹਾਂ ਸਭ-ਕੁਝ ਗੁਆ, ਲੜਾਈ ਮੁਲ ਲਈ, ਉਨ੍ਹਾਂ ਨੇ ਤਾਂ ਉਨ੍ਹਾਂ ਦੀ ਲੜਾਈ ਨੂੰ ਮਾਨਤਾ ਦੇਣ ਦੀ ਗਲ ਦੂਰ ਰਹੀ, ਉਨ੍ਹਾਂ ਦਾ ਧੰਨਵਾਦ ਤਕ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।
|||ਅਤੇ ਅੰਤ ਵਿੱਚ : ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਕਿਹਾ ਹੈ ਕਿ ਦੇਸ਼ ਵਿੱਚ ਦਿਨ-ਬ-ਦਿਨ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਣ ਲਈ ਸਰਕਾਰ ਨੇ ਅੱਨਾ ਹਜ਼ਾਰੇ ਦੀ ਮੰਗ ਨੂੰ ਸਵੀਕਾਰ ਕਰ ਪ੍ਰਭਾਵੀ ਜਨ-ਲੋਕ-ਆਯੁਕਤ ਬਿਲ ਪਾਸ ਕਰਨ ਦਾ ਜੋ ਭਰੋਸਾ ਦੁਆਇਆ ਹੈ, ਉਹ ਦੇਸ਼ ਦੇ ਇਤਿਹਾਸ ਵਿੱਚ ਬਹੁਤ ਪ੍ਰਸ਼ੰਸਾਯੋਗ ਅਤੇ ਸੁਨਹਿਰੀ ਕਾਂਡ ਦੇ ਰੂਪ ਦਰਜ ਹੋਵੇਗਾ। ਜਸਟਿਸ ਸੋਢੀ ਨੇ ਕਿਹਾ ਕਿ ਭਾਵੇਂ ਲੋਕ-ਆਯੁਕਤ ਦੇਸ਼ ਫੈਲੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਪਾਣ ਵਿੱਚ ਸਫਲ ਨਾ ਵੀ ਹੋ ਸਕੇ, ਫਿਰ ਵੀ ਇਸ ਨਾਲ ਇਹ ਸੰਦੇਸ਼ ਤਾਂ ਜਾਇਗਾ ਹੀ ਕਿ ਭਾਰਤ ਸਰਕਾਰ ਅਤੇ ਭਾਰਤੀ ਜਨਤਾ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਪ੍ਰਤੀ ਗੰਭੀਰ ਅਤੇ ਇਮਾਨਦਾਰ ਹਨ। ਉਨ੍ਹਾਂ ਹੋਰ ਕਿਹਾ ਕਿ ਜੇ ਸਰਕਾਰ ਲੋਕ-ਆਯੁਕਤ ਦੀ ਨਿਯੁਕਤੀ ਦੀ ਪ੍ਰਕ੍ਰਿਆ ਵਿੱਚ ਘਟ-ਗਿਣਤੀ ਸਿੱਖਾਂ ਨੂੰ ਵੀ ਸ਼ਾਮਲ ਕਰੇ ਤਾਂ ਇਸ ਨਾਲ ਸਿੱਖਾਂ ਵਿੱਚ ਇਹ ਸੰਦੇਸ਼ ਜਾ ਸਕੇਗਾ ਕਿ ਲੋਕ-ਆਯੁਕਤ ਦੀ ਨਿਯੁਕਤੀ ਵਿੱਚ ਉਨ੍ਹਾਂ ਦੀ ਵੀ ਭਾਈਵਾਲੀ ਹੈ, ਜਿਸ ਨਾਲ ਉਨ੍ਹਾਂ ਵਿੱਚ ਭ੍ਰਿਸ਼ਟਾਚਾਰ ਵਿਰੁਧ ਚਲ ਰਹੇ ਸੰਘਰਸ਼ ਵਿੱਚ ਸਹਿਯੋਗ ਕਰਨ ਪ੍ਰਤੀ ਉਤਸਾਹ ਪੈਦਾ ਹੋਵੇਗਾ ਅਤੇ ਉਹ ਪੂਰੇ ਮਨ ਅਤੇ ਜੋਸ਼ ਨਾਲ ਇਸ ਵਿੱਚ ਸ਼ਾਮਲ ਹੋਣਗੇ।


 

Translate »