-ਜਸਵੰਤ ਸਿੰਘ ‘ਅਜੀਤ’-
ਦਿੱਲੀ ਵਿਧਾਨ ਸਭਾ ਵਿੱਚ ਭਾਜਪਾ ਦੇ ਇਕੋ-ਇਕ ਸਿੱਖ ਵਿਧਾਇਕ ਸ. ਹਰਸ਼ਰਣ ਸਿੰਘ ਬਲੀ ਨੇ ਬੀਤੇ ਦਿਨੀਂ ਇਹ ਆਖ ਕੇ, ਪਤਵੰਤੇ ਸਿੱਖਾਂ ਦੀ ਇਕ ਬੈਠਕ ਆਪਣੇ ਨਿਵਾਸ ਤੇ ਰਾਤ ਦੇ ਖਾਣੇ ਤੇ ਬੁਲਾਈ ਕਿ ਉਹ ਆਪਸੀ ਭਾਈਚਾਰਕ ਸਾਂਝ ਅਤੇ ਵਿਸ਼ਵਾਸ ਨੂੰ ਵਧਾਉਣ ਦੇ ਮੁੱਦੇ ਨੂੰ ਲੈ ਕੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ, ਆਪਣੇ ਨਿਵਾਸ ਤੇ ਇਕ ਗੈਰ-ਰਾਜਨੈਤਿਕ ਬੈਠਕ ਕਰਨਾ ਚਾਹੁੰਦੇ ਹਨ। ਦਸਿਆ ਜਾਂਦਾ ਹੈ ਕਿ ਇਸ ਬੈਠਕ ਵਿੱਚ ਸ਼ਾਮਲ ਹੋਣ ਲਈ ਸ. ਬੱਲੀ ਦੇ ਨਿਵਾਸ ਪੁਰ ਪੁਜਣ ਤੇ ਪਤਵੰਤੇ ਸਿੱਖਾਂ ਨੂੰ ਪਤਾ ਲਗਾ ਕਿ ਇਸ ਬੈਠਕ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਗਡਕਰੀ ਵੀ ਪੁਜ ਰਹੇ ਹਨ। ਸ਼੍ਰੀ ਗਡਕਰੀ ਨੇ ਇਸ ਮੰੌਕੇ ਤੇ ਹਾਜ਼ਰ ਸਿੱਖਾਂ ਨਾਲ ਸ਼ਿਕਵਾ ਕੀਤਾ ਕਿ ਉਹ ਭਾਜਪਾ ਦੀਆਂ ਬੈਠਕਾਂ ਵਿੱਚ ਆਉਣ ਤੋਂ ਸੰਕੋਚ ਕਰਦੇ ਹਨ, ਜਦਕਿ ਭਾਜਪਾ ਦੇ ਮੁੱਖੀ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਚਲਣਾ ਚਾਹੁੰਦੇ। aੁਂਨ੍ਹਾਂ ਨੇ ਦਸਿਆ ਪਾਰਟੀ ਵਲੋਂ ਸਿੱਖਾਂ ਨੂੰ ਸਨਮਾਨ ਦੇ ਕੇ ਆਪਣੇ ਨਾਲ ਜੋੜਨ ਲਈ ਪਾਰਟੀ ਦੀਆਂ ਮੰਡਲ ਅਤੇ ਜ਼ਿਲਾ ਇਕਾਈਆਂ ਦੇ ਮੁਖੀਆਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਉਹ ਘਟੋ ਘਟ ਇਕ ਸਿੱਖ ਨੂੰ ਸਨਮਾਨਜਨਕ ਅਹੁਦਾ ਦੇ ਕੇ ਆਪਣੀ ਕਾਰਜਕਾਰਣੀ ਵਿੱਚ ਜ਼ਰੂਰ ਸ਼ਾਮਲ ਕਰਨ। ਉਨ੍ਹਾਂ ਬੈਠਕ ੱਿਵਚ ਸ਼ਾਮਲ ਸਿੱਖ ਪਤਵੰਤਿਆਂ ਨੂੰ ਭਾਜਪਾ ਨਾਲ ਆਉਣ ਦਾ ਸਦਾ ਦਿੰਦਿਆਂ, ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਪੂਰਾ-ਪੂਰਾ ਸਨਮਾਨ ਦਿਤਾ ਜਾਇਗਾ।
ਇਹ ਬੈਠਕ ਭਾਵੇਂ ਆਪਸੀ ਸਾਂਝ ਤੇ ਵਿਸ਼ਵਾਸ ਨੂੰ ਵਧਾਉਣ ਦੇ ਨਾਂ ਤੇ ਸਦੀ ਗਈ ਸੀ, ਪਰ ਇਸਦਾ ਆਯੋਜਨ ਭਾਜਪਾ ਦੇ ਵਿਧਾਇਖ ਸ. ਹਰਸ਼ਰਣ ਸਿੰਘ ਬੱਲੀ ਵਲੋਂ ਕੀਤੇ ਜਾਣ ਅਤੇ ਇਸ ਵਿੱਚ ਸ਼ਾਮਲ ਹੋ ਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਗਡਕਰੀ ਵਲੋਂ ਸਿੱਖਾਂ ਨੂੰ ਭਾਜਪਾ ਨਾਲ ਆਉਣ ਦਾ ਸਦਾ ਦਿਤੇ ਜਾਣ ਤੋਂ ਜਾਪਦੈ ਕਿ ਭਾਜਪਾ ਦੇ ਮੁੱਖੀਆਂ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਹੁਣ ਉਹ ਆਪਣੀ ਸਹਿਯੋਗੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬਲਬੂਤੇ ਦਿੱਲੀ ਦੇ ਸਿੱਖਾਂ ਦਾ ਸਮਰਥਨ ਹਾਸਲ ਕਰਨ ਵਿੱਚ ਸਫਲ ਨਹੀਂ ਹੋ ਸਕਣਗੇ, ਕਿਉਂਕਿ ਉਸ ਦੇ ਪ੍ਰਦੇਸ਼ ਮੁੱਖੀਆਂ ਵਲੋਂ ਸਿੱਖਾਂ ਦੇ ਧਾਰਮਕ, ਰਾਜਨੈਤਿਕ ਅਤੇ ਸਮਾਜਕ ਮੁਦਿੱਆਂ ਦੇ ਸਬੰਧ ਵਿੱਚ ਅਪਨਾਈ ਚਲੀ ਆ ਰਹੀ ਨਕਾਰਾਤਮਕ ਨੀਤੀ ਦੇ ਕਾਰਣ ਉਨ੍ਹਾਂ ਦਾ ਆਧਾਰ ਲਗਾਤਾਰ ਖਿਸਕਦਾ ਜਾ ਰਿਹਾ ਹੈ। ਸ਼ਾਇਦ ਇਸੇ ਕਾਰਣ ਹੀ ਉਨ੍ਹਾਂ ਨੇ ਸਿੱਖਾਂ ਨੂੰ ਸਿਧਾ ਹੀ ਆਪਣੀ ਪਾਰਟੀ, ਭਾਜਪਾ ਨਾਲ ਜੋੜਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਅਗਲੇ ਵਰ੍ਹੇ ਹੋਣ ਵਾਲੀਆਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਸਿੱਖਾਂ ਦਾ ਸਮਰਥਨ ਹਾਸਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਨਿਰਭਰ ਨਾ ਰਹਿਣਾ ਪਏ। ਹੈਰਾਨੀ ਦੀ ਗਲ ਹੈ ਕਿ ਬਾਦਲ ਅਕਾਲੀ ਦਲ ਤੋਂ ਕਿਨਾਰਾ ਕਰ ਸਿੱਖਾਂ ਨਾਲ ਸਿੱਧਾ ਸੰਵਾਦ ਰਚਾਣ ਲਈ ਸਦੀ ਗਈ ਇਸ ਬੈਠਕ ਵਿੱਚ ਬਾਦਲ ਅਕਾਲੀ ਦਲ ਦੇ ਪ੍ਰਦੇਸ਼ ਮੁੱਖੀ ਵੀ ਹਾਜ਼ਰ ਸਨ।
ਬੈਠਕ ਵਿੱਚ ਮੌਜੂਦ ਸਿੱਖ ਪਤਵੰਤਿਆਂ ਦੀ ਸ਼੍ਰੀ ਗਡਕਰੀ ਵਲੋਂ ਦਿਤੇ ਗਏ ਸਦੇ ਪੁਰ ਪ੍ਰਤੀਕਿਰਿਆ ਕੀ ਰਹੀ ਸੀ? ਇਸ ਸਬੰਧ ਵਿੱਚ ਵਿਸਥਾਰ ਨਾਲ ਕੁਝ ਵੀ ਦਸਣ ਤੋਂ ਸੰਕੋਚ ਕੀਤਾ ਜਾ ਰਿਹਾ ਹੈ। ਪ੍ਰੰਤੁ ਆਮ ਸਿੱਖਾਂ ਦਾ ਮੰਨਣਾ ਹੈ ਕਿ ਭਾਜਪਾ ਨਾਲ ਨੇੜਤਾ ਕਾਇਮ ਕਰਨ ਦਾ ਉਨ੍ਹਾਂ ਦਾ ਤਜਰਬਾ ਕਾਮਯਾਬ ਨਹੀਂ ਰਿਹਾ। ਭਾਜਪਾ ਦੀ ਲੀਡਰਸ਼ਿਪ ਉਨ੍ਹਾਂ ਨੂੰ ਕੇਵਲ ਆਪਣੇ ਸਵਾਰਥ ਦੀ ਪੂਰਤੀ ਲਈ ਹੀ ਆਪਣੇ ਨਾਲ ਜੋੜਨਾ ਚਾਹੁੰਦੀ ਹੈ। ਕੜਵਾਹਟ ਭਰੇ ਲੰਮੇ ਸਮੇਂ ਤੋਂ ਬਾਅਦ ਉਸ ਨੂੰ ਇਕ ਸੁਨਹਿਰੀ ਮੌਕਾ ਮਿਲਿਆ ਸੀ, ਜਿਸਦਾ ਲਾਭ ਉਠਾ, ਉਹ ਸਿੱਖਾਂ ਨੂੰ ਹਮੇਸ਼ਾਂ ਲਈ ਆਪਣੇ ਨਾਲ ਜੋੜ ਸਕਦੀ ਸੀ। ਜੇ ਉਸਨੇ ਇਸ ਮੌਕੇ ਦਾ ਲਾਭ ਉਠਾਇਆ ਹੁੰਦਾ ਤਾਂ ਅੱਜ ਰਾਜਧਾਨੀ, ਦਿੱਲੀ ਦੀ ਰਾਜਨੈਤਿਕ ਸਥਿਤੀ ਪੁਰੀ ਤਰ੍ਹਾਂ ਬਦਲੀ ਹੋਈ ਹੁੰਦੀ। ਪਰ ਉਹ ਆਪਣੀ ਸਿੱਖ-ਵਿਰੋਧੀ ਸੋਚ ਨੂੰ ਬਦਲ ਨਹੀਂ ਸਕੀ। ਫਲ਼ਸਰੂਪ ਸਿੱਖ ਉਸ ਨਾਲ ਜੁੜ ਕੇ ਮੁੜ ਦੂਰ ਹੋ ਗਏ।
ਇਨ੍ਹਾਂ ਆਮ ਸਿੱਖਾਂ ਦਾ ਇਹ ਵੀ ਕਹਿਣਾ ਹੈ ਕਿ ੧੯੮੪ ਦੇ ਨੀਲਾ ਤਾਰਾ ਸਾਕੇ ਅਤੇ ਨਵੰਬਰ-੮੪ ਦੇ ਸਿੱਖ ਹਤਿਆ ਕਾਂਡ ਤੋਂ ਬਾਅਦ ਜਦੋਂ ਸਿੱਖ ਕਾਂਗ੍ਰਸ ਨਾਲੋਂ ਪੂਰੀ ਤਰ੍ਹਾਂ ਕਟ ਗਏ ਹੋਏ ਸਨ। ਉਸ ਸਮੇਂ ਉਸ ਦਾ ਲਾਭ ਉਠਾਂਦਿਆਂ, ਭਾਜਪਾ ਨੇਤਾ ਸ਼੍ਰੀ ਮਦਨ ਲਾਲ ਖੁਰਾਣਾ ਨੇ ਉਨ੍ਹਾਂ ਨੂੰ ਭਾਜਪਾ ਨਾਲ ਆਉਣ ਦਾ ਸਦਾ ਦਿੰਦਿਆਂ, ਭਰੋਸਾ ਦੁਆਇਆ ਸੀ ਕਿ ਭਾਜਪਾ ਵਲੋਂ ਉਨ੍ਹਾਂ ਨੂੰ ਪੂਰਾ-ਪੂਰਾ ਸਨਮਾਨ ਦਿਤਾ ਜਾਇਗਾ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਵਾਇਦਾ ਕੀਤਾ ਕਿ ਨਵੰਬਰ-੮੪ ਦੇ ਦੋਸ਼ੀਆਂ ਨੂੰ ਸਜ਼ਾ ਦੁਆਈ ਜਾਇਗੀ ਅਤੇ ਪੀੜਤਾਂ ਦੇ ਸਨਮਾਨ-ਜਨਕ ਮੁੜ ਵਸੇਬੇ ਵਿੱਚ ਵੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਇਗੀ। ਉਨ੍ਹਾਂ ਦੇ ਦਿਤੇ ਗਏ ਇਸ ਭਰੋਸੇ ਪੁਰ ਵਿਸ਼ਵਾਸ ਕਰ, ਸਿੱਖ ਭਾਜਪਾ ਨਾਲ ਜੁੜ ਗਏ। ਸਿੱਖਾਂ ਨੂੰ ਕਿਤੇ ਬਹੁਤ ਬਾਅਦ ਅਹਿਸਾਸ ਹੋਇਆ ਕਿ ਸ਼੍ਰੀ ਮਦਨ ਲਾਲ ਖੁਰਾਣਾ ਨੇ ਤਾਂ ਕੇਵਲ ਉਨ੍ਹਾਂ ਹੱਥ ਲਾਲੀਪਾੱਪ ਹੀ ਪਕੜਾਇਆ ਸੀ।
ਸਿੱਖਾਂ ਦਾ ਸਹਿਯੋਗ ਪ੍ਰਾਪਤ ਕਰ ਭਾਜਪਾ ਦਿੱਲੀ ਪ੍ਰਦੇਸ਼ ਦੀ ਸੱਤਾ ਪੁਰ ਕਾਬਜ਼ ਹੋਈ ਅਤੇ ਸ਼੍ਰੀ ਮਦਨ ਲਾਲ ਖੁਰਾਣਾ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲ ਲਈ। ਉਸ ਸਮੇਂ ਚਾਹੀਦਾ ਤਾਂ ਇਹ ਸੀ ਕਿ ਭਾਜਪਾ ਨੇਤਾ ਵਰ੍ਹਿਆਂ ਬਾਅਦ ਆਪਣੇ ਨਾਲ ਆਏ, ਸਿੱਖਾਂ ਨੂੰ ਆਪਣੇ ਨਾਲ ਜੋੜੀ ਰਖਣ ਲਈ, ਕੀਤੇ ਗਏ ਵਾਇਦਿਆਂ ਅਨੁਸਾਰ ਉਨ੍ਹਾਂ ਨੂੰ ਸਨਮਾਨ ਦਿੰਦੇ ਅਤੇ ਉਨ੍ਹਾਂ ਵਿੱਚ ਇਹ ਅਹਿਸਾਸ ਪੈਦਾ ਕਰਦੇ ਕਿ ਉਨ੍ਹਾਂ ਨੂੰ ਬੀਤੇ ਸਮੇਂ ਵਿੱਚ ਸਿੱਖਾਂ ਨੂੰ ਆਪਣੇ ਤੋਂ ਦੂਰ ਰਖੇ ਜਾਣ ਦੀ ਅਪਨਾਈ ਰਖੀ ਗਈ, ਆਪਣੀ ਨੀਤੀ ਲਈ ਬਹੁਤ ਅਫਸੋਸ ਹੈ, ਹੁਣ ਉਹ ਉਨ੍ਹਾਂ ਨੂੰ ਆਪਣੇ ਨਾਲ ਜੋੜੀ ਰਖਣ ਲਈ, ਬਰਾਬਰ ਦਾ ਸਨਮਾਨ ਦਿੰਦੇ ਰਹਿਣਗੇ। ਪ੍ਰੰਤੂ ਇਸਦੇ ਵਿਰੁਧ ਜਿਉਂ ਹੀ ਭਾਜਪਾ ਦਿੱਲੀ ਪ੍ਰਦੇਸ਼ ਦੀ ਸੱਤਾ ਪੁਰ ਕਾਬਜ਼ ਹੋਈ, ਉਸਦੀ ਲੀਡਰਸ਼ਿਪ ਨੇ ਇਹ ਮੰਨ ਕੇ, ਅੱਖਾਂ ਬਦਲ ਲਈਆਂ ਕਿ ਹੁਣ ਸਿੱਖਾਂ ਨੇ ਕਿਧਰ ਜਾਣਾ ਹੈ? ਕਾਂਗਰਸ ਤੋਂ ਤਾਂ ਉਹ ਪੂਰੀ ਤਰ੍ਹਾਂ ਕਟ ਹੀ ਚੁਕੇ ਹੋਏ ਹਨ। ਇਸਦੇ ਨਾਲ ਹੀ ਸ਼ਾਇਦ ਉਨ੍ਹਾਂ ਨੂੰ ਇਹ ਗੁਮਾਨ ਵੀ ਹੋ ਗਿਆ ਕਿ ਜਦਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦ੍ਰੀ ਲੀਡਰਸ਼ਿਪ ਉਨ੍ਹਾਂ ਨਾਲ ਹੈ ਤਾਂ ਫਿਰ ਦਿੱਲੀ ਦੇ ਸਿੱਖਾਂ ਦੀ ਪਰਵਾਹ ਕਿਉਂ ਕੀਤੀ ਜਾਏ?
ਨਵੰਬਰ-੮੪ ਦੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਰਾਹ ਸੁਝਾਣ ਵਾਸਤੇ, ਦਿੱਲੀ ਦੇ ਉਸ ਸਮੇਂ ਦੇ ਮੁੱਖ ਮੰਤਰੀ ਸ਼੍ਰੀ ਮਦਨ ਲਾਲ ਖੁਰਾਣ ਵਲੋਂ ਇਕ ਕਮੇਟੀ ਬਣਾਈ ਗਈ। ਉਸ ਕਮੇਟੀ ਦੀ ਰਿਪੋਰਟ ਅਤੇ ਸਿਫਾਰਿਸ਼ਾਂ ਤੇ ਕੋਈ ਕਾਰਵਾਈ ਹੋਣਾ ਤਾਂ ਦੂਰ ਰਿਹਾ, ਸ਼੍ਰੀ ਮਦਨ ਲਾਲ ਖੁਰਣਾ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਕਿ ਅਜ ਉਹ ਰਿਪੋਰਟ ਕਿਥੇ ਹੈ? ਕਿਧਰੇ ਉਹ ਰੱਦੀ ਦੀ ਟੋਕਰੀ ਵਿੱਚ ਤਾਂ ਨਹੀਂ ਸੁੱਟ ਦਿਤੀ ਗਈ ਹੋਈ?
ਇਹੀ ਕੁਝ ਪੀੜਤਾਂ ਦੇ ਮੁੜ-ਵਸੇਬੇ ਦੇ ਕੀਤੇ ਗਏ ਵਾਇਦੇ ਨਾਲ ਹੋਇਆ। ਹੋਰ ਤਾਂ ਹੋਰ ਸ਼੍ਰੀ ਖੁਰਾਣਾ ਨੇ ਸਿੱਖ ਪਤਵੰਤਿਆਂ ਦੀ ਇਕ ਬੈਠਕ ਵਿੱਚ ਨਵੰਬਰ-੮੪ ਦੇ ਸ਼ਹੀਦਾਂ ਦੀ ਯਾਦਗਾਰ ਬਣਾਏ ਜਾਣ ਲਈ, ਜ਼ਮੀਨ ਉਪਲਬੱਧ ਕਰਵਾਉਣ ਅਤੇ ਉਸਦੇ ਲਈ ਆਪਣੀ ਪਾਰਟੀ ਪਾਸੋਂ ਆਰਥਕ ਮਦਦ ਦੁਆਉਣ ਦਾ ਵਾਇਦਾ ਵੀ ਕੀਤਾ ਸੀ। ਉਹ ਵਾਇਦਾ ਕਿਤਨਾ ਪੁਰਾ ਹੋਇਆ? ਇਸ ਬਾਰੇ ਕੁਝ ਕਹਿਣ ਦੀ ਲੋੜ ਨਹੀਂ, ਸਭ-ਕੁਝ ਸਾਹਮਣੇ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁੱਖੀ ਭਾਵੇਂ ਪ੍ਰਤੱਖ ਰੂਪ ਵਿੱਚ ਸਵੀਕਾਰ ਨਾ ਕਰਨ, ਪਰ ਨਿਜੀ ਗਲਬਾਤ ਵਿੱਚ ਉਹ ਇਹ ਸਵੀਕਾਰ ਕਰਦੇ ਰਹੇ ਹਨ, ਕਿ ਭਾਜਪਾ ਨੇ ਉਨ੍ਹਾਂ ਨੂੰ ਸਨਮਾਨ ਤੇ ਹਿਸੇਦਾਰੀ ਦੇਣ ਦੇ ਮਾਮਲੇ ਵਿੱਚ ਲਾਰਿਆਂ ਵਿੱਚ ਹੀ ਲਾਈ ਰਖਿਆ। ਸ੍ਰੀ ਮਦਨ ਲਾਲ ਖੁਰਾਣਾ ਅਤੇ ਉਨ੍ਹਾਂ ਦੇ ਵਾਰਸਾਂ ਨੇ, ਉਨ੍ਹਾਂ ਨੂੰ ਸਰਕਾਰੀ ਕਮੇਟੀਆਂ ਵਿੱਚ ਪ੍ਰਤੀਨਿਧਤਾ ਦੇਣ ਲਈ ਉਨ੍ਹਾਂ ਪਾਸੋਂ ਕਈ ਵਾਰ ‘ਬਾਇਓ-ਡਾਟਾ’ (ਜੀਵਨ ਪ੍ਰੀਚੈ) ਲਏ, ਪਰ… । ਉਨ੍ਹਾਂ ਵਿਚੋਂ ਕਈ ਅਜ ਵੀ ਸਵੀਕਾਰ ਕਰਦੇ ਹਨ ਕਿ ਜੇ ਉਨ੍ਹਾਂ ਪੁਰ ਪਾਰਟੀ-ਜ਼ਾਬਤੇ ਦੀ ਤਲਵਾਰ ਨਾ ਲਟਕਦੀ ਹੋਵੇ ਤਾਂ ਉਹ ਇਕ ਦਿਨ ਵੀ ਭਾਜਪਾ ਦੇ ਪਿਛਲਗ ਬਣੇ ਨਾ ਰਹਿਣ।
ਭਾਜਪਾ ਦੇ ਇਸੇ ਵਿਹਾਰ ਦੇ ਫਲਸਰੂਪ ਹੀ ੧੯੮੪ ਵਿੱਚ ਗੁਆਚੇ ਆਪਣੇ ਸਨਮਾਨ ਦੀ ਬਹਾਲੀ ਦੀ ਆਸ ਲੈ ਕੇ, ਭਾਜਪਾ ਨਾਲ ਆਏ ਸਿੱਖ ਉਸ ਨਾਲੋਂ ਕਿਨਾਰਾ ਕਰਨ ਤੇ ਮਜਬੂਰ ਹੋ ਗਏ। ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਭਾਜਪਾ ਉਨ੍ਹਾਂ ਪ੍ਰਤੀ ਆਪਣੀ ਸੋਚ ਬਦਲਣ ਪ੍ਰਤੀ ਇਮਾਨਦਾਰ ਨਹੀਂ ਹੋ ਸਕੀ। ਆਮ ਸਿੱਖਾਂ ਦਾ ਮੰਨਣਾ ਹੈ ਕਿ ਜੇ ਭਾਜਪਾ ਲੀਡਰਸ਼ਿਪ ਉਨ੍ਹਾਂ ਨੂੰ ਆਪਣੇ ਨਾਲ ਜੋੜੀ ਰਖਣਾ ਚਾਹੁੰਦੀ ਤਾਂ ਉਸਨੂੰ ਇਕ ਤਾਂ ਇਹ ਗੁਮਾਨ ਤਿਆਗਣਾ ਚਾਹੀਦਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦ੍ਰੀ ਲੀਡਰਸ਼ਿਪ ਦੇ ਸਹਾਰੇ ਦਿੱਲੀ ਦੇ ਸਿੱਖਾਂ ਨੂੰ ਆਪਣਾ ਪਿਛਲਗ ਬਣਾਈ ਰਖ ਸਕੇਗੀ, ਦੂਸਰਾ ਉਸਨੂੰ ਇਹ ਗਲ ਧਿਆਨ ਵਿੱਚ ਰਖਣੀ ਚਾਹੀਦੀ ਸੀ ਕਿ ਦਿੱਲੀ ਦੇ ਸਿੱਖ ਲਾਰਿਆਂ ਦੇ ਭੁਲਾਵੇ ਵਿੱਚ ਨਹੀਂ ਆਉਣ ਵਾਲੇ। ਉਨ੍ਹਾਂ ਨੂੰ ਸਨਮਾਨ ਤੇ ਬਰਾਬਰੀ ਦਾ ਅਧਿਕਾਰ ਚਾਹੀਦਾ ਹੈ।
ਗਲ ਦਿੱਲੀ ਗੁਰਦੁਆਰਾ ਚੌਣਾਂ ਦੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੌਣਾਂ ਦੇ ਮੱਦੇ-ਨਜ਼ਰ ਸਿੱਖ ਜੱਥੇਬੰਦੀਆਂ ਦੇ ਮੁੱਖੀਆਂ ਨੂੰ ਚਾਹੀਦਾ ਹੈ ਕਿ ਉਹ ਚੋਣ ਮੈਦਾਨ ਵਿੱਚ ਕੁਦਣ ਤੋਂ ਪਹਿਲਾਂ ਆਪਣਾ ‘ਹੋਮ ਵਰਕ’ ਪੂਰਾ ਕਰ ਲੈਣ। ਉਨ੍ਹਾਂ ਨੂੰ ਬੀਤੇ ਸਮੇਂ ਦੀ ਆਪਣੀ ਕਾਰਗੁਜ਼ਾਰੀ ਦੀ ਘੋਖ ਕਰ ਕੇ, ਆਪਣੇ ਲਾਭ-ਹਾਨੀ ਦਾ ਚਿੱਠਾ ਤਿਆਰ ਕਰ ਲੈਣਾ ਚਾਹੀਦਾ ਹੈ। ਤਾਂ ਜੋ ਉਹ ਆਪਣੇ ਪੱਖ ਵਿੱਚ ਮਤਦਾਤਾਵਾਂ ਵਲੋਂ ਉਠਾਏ ਜਾਣ ਵਾਲੇ ਸੁਆਲਾਂ ਦੇ ਜਵਾਬ ਪੂਰੇ ਆਤਮ-ਵਿਸ਼ਵਾਸ ਨਾਲ ਦੇ ਸਕਣ। ਇਸਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਆਪਣਾ ‘ਹੋਮ ਵਰਕ’ ਕਰਦਿਆਂ ਅੰਤਿਮ ਕਾਰਜ-ਸੂਚੀ ਵਿਚੋਂ ਉਹ ਸਾਰੇ ਮੁੱਦੇ ਕਢ ਠੰਡੇ ਬਸਤੇ ਵਿੱਚ ਪਾ ਦੇਣ, ਜੋ ਵਿਵਾਦ ਪੈਦਾ ਕਰਦੇ ਚਲੇ ਆ ਰਹੇ ਹਨ। ਭਾਵੇਂ ਉਨ੍ਹਾਂ ਦੇ ਸਬੰਧ ਵਿੱਚ ਉਨ੍ਹਾਂ ਦੇ ਵਿਚਾਰ ਕੁਝ ਵੀ ਕਿਉਂ ਨਾ ਹੋਣ, ਉਨ੍ਹਾਂ ਨੂੰ ਇਹ ਮੰਨ ਲੈਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ, ਜੋ ਲੋਕੀ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਨ, ਉਹ ਉਨ੍ਹਾਂ ਦੇ ਵਿਰੁਧ ਜਾ ਸਕਦੇ ਹਨ। ਇਸ ਕਾਰਣ ਜੇ ਉਹ ਵਿਵਾਦਤ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰਦੇ ਹਨ ਤਾਂ ਉਸ ਨਾਲ ਚੋਣ ਨਤੀਜੇ ਪ੍ਰਭਾਵਤ ਹੋ ਸਕਦੇ ਹਨ।
…ਅਤੇ ਅੰਤ ਵਿੱਚ: ਨਵੀਂ ਦਿੱਲੀ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਇਤਿਹਾਸਕ ਸਥਾਨ ਗੁਰਦੁਆਰਾ ਬਾਲਾ ਸਾਹਿਬ ਵਿਖੇ, ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਦੀ ਸਥਾਪਨਾ ਦੇ ਰਸਤੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਵਲੋਂ ਉੱਚ-ਪੱਧਰੀ ਜਤਨ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਜਦੋਂ ਇਕ ਸ਼ਾਂਤਚਿਤ ਧਾਰਮਕ ਸ਼ਖ਼ਸੀਅਤ ਨਾਲ ਚਰਚਾ ਹੋਈ ਤਾਂ ਉਸਨੇ ਕਿਹਾ ਕਿ ਇਸ ਹਸਪਤਾਲ ਦੀ ਬਿਲਡਿੰਗ ਦੇ ਨਿਰਮਾਣ ਲਈ ਪਹਿਲਾਂ ਇਕ ਧਾਰਮਕ ਅਤੇ ਗੁਰਧਾਮਾਂ ਦੀ ਸੇਵਾ ਪ੍ਰਤੀ ਸਮਰਪਤ ਸ਼ਖ਼ਸੀਅਤ, ਬਾਬਾ ਹਰਬੰਸ ਸਿੰਘ ਪਾਸੋਂ ਨੀਂਹ-ਪੱਥਰ ਰਖਵਾਇਆ ਗਿਆ ਸੀ, ਫਿਰ ਰਾਜਨੀਤਕ ਸਵਾਰਥ ਦੇ ਚਲਦਿਆਂ, ਉਨ੍ਹਾਂ ਦੇ ਰਖੇ ਨੀਂਹ-ਪੱਥਰ ਪੁਰ, ਇਕ ਅਜਿਹੀ ਰਾਜਨੀਤਕ ਸ਼ਖ਼ਸੀਅਤ ਤੋਂ ਨੀਂਹ-ਪੱਥਰ ਰਖਵਾ ਦਿਤਾ ਗਿਆ, ਜਿਸ ਪੁਰ ਧਾਰਮਕ ਮਾਨਤਾਵਾਂ ਦੀ ਉਲੰਘਣਾ ਕਰਨ ਅਤੇ ਕਰਵਾਉਣ ਦੇ ਦੋਸ਼ ਲਗਦੇ ਚਲੇ ਆ ਰਹੇ ਹਨ। ਉਸਦਾ ਮੰਨਣਾ ਹੈ ਕਿ ਜਦੋਂ ਤਕ ਇਸ ਕੀਤੇ ‘ਗੁਨਾਹ’ ਦੇ ਪਸ਼ਚਾਤਾਪ ਵਜੋਂ ਅਖੰਡ ਪਾਠ ਰਖਵਾ, ਖਿਮਾਂ-ਯਾਚਨਾ ਦੀ ਅਰਦਾਸ ਨਹੀਂ ਕੀਤੀ ਜਾਂਦੀ, ਤਦ ਤਕ ਇਹ ਰੁਕਾਵਟਾਂ ਦੂਰ ਹੋਣ ਵਾਲੀਆਂ ਨਹੀਂ।
Mobile : + 91 98 68 91 77 31
E-mail : jaswantsinghajit@gmail.com