ਬ੍ਰਿਹਾ ਦੇ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ ਲੋਹਟੀਆਂ (ਪਾਕਿਸਤਾਨ), ਵਿਖੇ ਤਹਿਸੀਲਦਾਰ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਹੋਇਆ, 1947 ਦੀ ਵੰਡ ਸਮੇਂ ਇਹ ਪਰਿਵਾਰ ਬਟਾਲਾ (ਗੁਰਦਾਸਪੁਰ) ਵਿਖੇ ਆ ਵਸਿਆ, ਇਥੇ ਇਸ ਦੇ ਪਿਤਾ ਨੂੰ ਪਟਵਾਰੀ ਵਜੋਂ ਕੰਮ ਕਰਨਾਂ ਪਿਆ। 1953 ਵਿੱਚ ਦਸਵੀਂ ਕਰਨ ਪਿਛੋਂ ਬਟਾਲਾ, ਕਾਦੀਆਂ, ਨਾਭਾ ਤੋਂ ਸਿਵਲ ਇੰਜਨੀਅਰਿੰਗ ਤੱਕ ਦੀ ਪੜਾਈ ਕੀਤੀ।
ਇਸ਼ਕ ਦੀ ਅਜਿਹੀ ਸੱਟ ਵੱਜੀ ਕਿ ਸਾਰਾ ਕੁੱਝ ਕੀਤਾ, ਕਰਾਇਆ ਹੀ ਰਹਿ ਗਿਆ। ਜੋ ਇਸ ਦੀ ਚਾਹਤ ਸੀ, ਉਸਦਾ ਵਿਆਹ ਯੂ ਕੇ ਹੋ ਗਿਆ, ਵਿਆਹ ਲਈ ਵੱਡਾ ਅੜਿੱਕਾ ਜਾਤੀ ਬਣੀ। ਹਾਲਾਂ ਕਿ ਦੋਨੋ ਪਰਿਵਾਰ ਬਹੁਤ ਸੂਝਵਾਲ ਸਨ। ਗ਼ਮ ਵਿੱਚ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਜ਼ਿੰਦਗੀ ਜਿਓਣ ਦੀ ਤਮੰਨਾ ਦਾ ਗਲਾ ਘੁੱਟ ਦਿੱਤਾ। ਉਸਨੇ ਲਿਖਿਆ “ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ” ਇਹ ਹਾਲਾਤ ਅਜਿਹੇ ਬਣ ਗਏ ਕਿ ਸਵੇਰੇ ਅਜੇ ਠੇਕਾ ਖੁਲਿਆ ਨਹੀਂ ਸੀ ਹੁੰਦਾ,ਪਰ ਉਹ ਠੇਕੇ ਮੁਹਰੇ ਪਹਿਲਾਂ ਖੜ੍ਹਾ ਹੁੰਦਾ ਸੀ, ਭਾਵੇਂ ਉਹਦੇ ਜਿੰਨੀਆਂ ਦੋਸਤ ਹੋਰ ਕਿਸੇ ਦੀਆਂ ਨਹੀਂ ਸਨ।ਪਰ ਉਹ ਉਹਨੂੰ ਨਾ ਭੁਲਾ ਸਕਿਆ।
ਸੱਭ ਤੋਂ ਛੋਟੀ ਉਮਰ ਵਿੱਚ 1967 ਨੂੰ ਉਸ ਨੂੰ ਸਾਹਿਤਯ ਅਕੈਡਮੀ ਐਵਾਰਡ ,1965 ,ਚ ਛਪੀ ਕਿਤਾਬ “ਲੂਣਾ” ਲਈ ਮਿਲਿਆ,ਪਹਿਲੀ ਛਪੀ ਕਿਤਾਬ :”ਪੀੜਾਂ ਦਾ ਪਰਾਗਾ ”(1960) ਨੇ ਹੀ ਉਸ ਦੀ ਹਾਜ਼ਰੀ ਪੰਜਾਬੀ ਜਗਤ ਵਿੱਚ ਲਵਾ ਦਿੱਤੀ ਸੀ। 5 ਫਰਵਰੀ 1967 ਨੂੰ ਕਿੜੀ ਮਾਂਗਿਆਲ ਦੀ ਅਰੁਣਾ ਨਾਲ ਸ਼ਾਦੀ ਹੋਈ,ਜਿਸ ਤੋਂ ਆਪ ਦੇ ਘਰ ਦੋ ਬੱਚੇ ਮਿਹਰਬਾਂਨ (1968),ਅਤੇ ਪੂਜਾ (1969) ਨੂੰ ਹੋਏ। 1968 ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੇ ਪੀ ਆਰ ਓ ਵਜੋਂ ਨੌਕਰੀ ਮਿਲਣ ਕਰਕੇ ਰਿਹਾਇਸ਼ ਚੰਡੀਗੜ੍ਹ ਰੱਖ ਲਈ। ਭਾਵੇਂ ਸਿਹਤ ਹਰ ਰੋਜ਼ ਵਿਗੜਦੀ ਜਾ ਰਹੀ ਸੀ ,ਪਰ ਕਲਮ ਉਵੇਂ ਚੱਲ ਰਹੀ ਸੀ। ਅੰਦਰੂਨੀ ਪੀੜਾ ਦੀ ਕਸਕ ਬਰਕਰਾਰ ਸੀ।
ਉਹ ਕਵੀ, ਤੋਂ ਇਲਾਵਾ ਵਾਰਤਕ ਅਤੇ ਪਲੇਅ ਲੇਖਕ ਵੀ ਸੀ, ਸ਼ਿਵ ਨੂੰ ਕਿਸੇ ਨੇ ਰੁਮਾਂਸਵਾਦੀ, ਦਰਦ ਇ ਦਿਲ ਦਾ ਮਰੀਜ਼, ਬ੍ਰਿਹੋਂ ਦਾ ਸੁਲਤਾਨ ਆਦਿ ਕਿਹਾ, ਪਰ ਆਪਣੀ ਹੀ ਲੋਰ ਵਿੱਚ ਲਿਖਦਾ ਚਲਾ ਗਿਆ,ਕਿਸੇ ਅਲੋਚਨਾਂ ਦੀ ਉਸ ਨੇ ਚਿੰਤਾ ਨਹੀਂ ਸੀ ਮੰਨੀ। ਫਿਰ ਵੀ ਅਲੋਚਨਾ ਦਾ ਜਵਾਬ ਉਸ ਨੇ ਬਲਵੰਤ ਗਾਰਗੀ ਦੀ ਰਚਨਾਂ “ਸੁਰਮੇਂ ਵਾਲੀ ਅੱਖ” ਦਾ ਜ਼ਿਕਰ ਕਰਦਿਆਂ ਦਿਤਾ। ਉਸ ਨੇ “ਪੀੜਾਂ ਦਾ ਪਰਾਗਾ”(1960),”ਮੈਨੂੰ ਵਿਦਾ ਕਰੋ”(1963), ”ਗ਼ਜ਼ਲ ਤੇ ਗੀਤ”, ”ਆਰਤੀ” (1971),”ਲਾਜਵੰਤੀ” (1961),”ਆਟੇ ਦੀਆਂ ਚਿੜੀਆਂ”(1962),”ਲੂਣਾਂ”(1965),”ਮੈ ਤੇ ਮੈ”(1970),”ਦਰਦਮੰਦਾਂ ਦੀਆਂ ਆਹੀਂ” ਲਿਖੀਆਂ।
ਮਈ 1972 ਵਿੱਚ ਇੰਗਲੈਂਡ ਰਹਿੰਦੇ ਡਾ.ਗੋਪਾਲਪੁਰੀ,ਅਤੇ ਕੈਲਾਸ਼ ਪੁਰੀ ਦੇ ਬੁਲਾਵੇ ਤੇ ਉਹ ਇੰਗਲੈਂਡ ਗਿਆ,ਪੰਜਾਬੀਆਂ ਨੇ ਬਹੁਤ ਮਾਣ ਦਿੱਤਾ। ਪੁਰੀ ਪਰਿਵਾਰ ਨੇ ਕਵੈਂਟਰੀ ਵਿੱਚ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਪਾਰਟੀਆਂ ਦੇ ਦੌਰ ਵਿੱਚ ਬਹੁਤਾ ਸਮਾਂ ਬੀਤਦਾ, ਅਰਾਮ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ। ਜਿਥੇ ਬੀ ਬੀ ਸੀ ਨੇ ਇੰਟਰਵਿਊ ਕੀਤੀ, ਉਥੇ ਖ਼ਾਸ਼ ਵਿਅਕਤੀਆਂ ਵਿੱਚ ਸੋਭਾ ਸਿੰਘ ਜੀ ਵੀ ਹਾਜ਼ਰ ਹੋਏ। ਸਤੰਬਰ 1972 ਨੂੰ ਉਥੋਂ ਵਾਪਸੀ ਲਾਈ। ਬਹੁਤੀ ਖ਼ਰਾਬ ਹੁੰਦੀ ਸਿਹਤ ਵੇਖ ਸ਼ਿਵ ਨੂੰ ਇਲਾਜ ਲਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ। ਇਥੋਂ ਠੀਕ ਹੋ ਕਿ ਘਰ ਆਉਣ ਤੋਂ ਕੁੱਝ ਮਹੀਨੇ ਬਾਅਦ ਹੀ ਸਿਹਤ ਫਿਰ ਵਿਗੜ ਗਈ,ਇਲਾਜ ਲਈ ਅੰਮ੍ਰਿਤਸਰ ਦਾਖ਼ਲ ਕਰਵਾਇਆ,ਪਰ ਇਥੋਂ ਡਾਕਟਰਾਂ ਦੀ ਇੱਛਾ ਤੋਂ ਉਲਟ ਆਪਦੀ ਮਰਜ਼ੀ ਨਾਲ ਹੀ ਤੁਰ ਆਇਆ। ਉਹ ਹਸਪਤਾਲ ਵਿੱਚ ਆਖ਼ਰੀ ਸਾਹ ਨਹੀਂ ਸੀ ਲੈਣਾਂ ਚਾਹੁੰਦਾ। ਇਥੋਂ ਬਟਾਲਾ ਵਿਖੇ ਜਾ ਪਹੁੰਚਿਆ। ਪਰ ਕੁੱਝ ਦੇਰ ਬਾਅਦ ਉਹ ਕਿੜੀ ਮਾਂਗਿਆਲ ਚਲੇ ਗਏ ,ਜਿੱਥੇ ਉਹਨਾਂ 6 ਮਈ 1973 ਦੀ ਸਵੇਰ ਨੂੰ ਆਖ਼ਰੀ ਸਾਹ ਲਿਆ। ਇਸ “ਬ੍ਰਿਹੋਂ “ਦੇ ਕਵੀ,”ਪੀੜਾਂ ਦੇ ਸੁਲਤਾਨ” ਨੇ ਉਮਰ ਦੇ ਸਿਰਫ 36 ਮੌਸਮ ਹੰਢਾਏ। ਜਿੱਥੇ ਨਾਮਵਰ ਗਾਇਕਾਂ ਨੇ ਉਹਦੇ ਗੀਤ ਗਾਏ,ਉਥੇ ਉਸਦੀਆਂ ਕਿਤਾਬਾਂ ਦੇ ਸੰਗ੍ਰਹਿ ਵੀ ਛਪੇ,(ਕੁੱਝ 7 ਮਈ ਲਿਖਦੇ ਹਨ,ਪਰ ਇਹ ਦਿਨ ਅੰਤਿਮ ਰਸਮਾਂ ਸਸ਼ਕਾਰ ਆਦਿ ਦਾ ਦਿਨ ਸੀ),ਉਹ ਪੰਜਾਬੀਆਂ ਦੇ ਦਿਲਾਂ ਦਾ ਅੱਜ ਵੀ ਰਾਜਾ ਹੈ, ਕੱਲ੍ਹ ਵੀ ਰਹੇਗਾ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)
ਮੁਬ: +91-98157 07232
E-mail: ranjitpreet@ymail.com