November 11, 2011 admin

ਨਿਖੇਧੀਯੋਗ ਸੀ ਸ਼ਹੀਦ ਊਧਮ ਸਿੰਘ ਦੇ ਕਾਰਨਾਮੇ ਪ੍ਰਤੀ ਭਾਰਤੀਆਂ ਦੀ ਪਹੁੰਚ

 

– ਡਾ. ਚਰਨਜੀਤ ਸਿੰਘ ਗੁਮਟਾਲਾ

      ਅੱਜ ਸ਼ਹੀਦ ਊਧਮ ਸਿੰਘ ਦਾ ਨਾਂ ਬੜੇ ਸਤਿਕਾਰ ਅਤੇ ਮਾਣ ਨਾਲ ਲਿਆ ਜਾ ਰਿਹਾ ਹੈ। ਉਸ ਦੇ ਸ਼ਹੀਦੀ ਦਿਨ ‘ਤੇ 31 ਜੁਲਾਈ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਤੌਰ ‘ਤੇ ਛੁੱਟੀ ਕੀਤੀ ਜਾਂਦੀ ਹੈ। ਉਸ ਦੇ ਨਾਂ ‘ਤੇ ਸੰਸਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ, ਬੁੱਤ ਲਾਏ ਜਾ ਰਹੇ ਹਨ, ਹਾਲਾਂ ਵਿੱਚ ਤਸਵੀਰਾਂ ਲਾਈਆਂ ਜਾ ਰਹੀਆਂ ਹਨ, ਸੜਕਾਂ ਅਤੇ ਕਲੋਨੀਆਂ ਦੇ ਨਾਂ ਰੱਖੇ ਜਾ ਰਹੇ ਹਨ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ  ਕਿ  ਸਾਡੇ ਦੇਸ਼ ਵਾਸੀਆਂ ਨੇ ਉਸ ਦੇ ਬਹਾਦਰੀ ਭਰੇ ਕਾਰਨਾਮੇ ਨੂੰ ਉਸ ਸਮੇਂ ਨਹੀਂ ਸਲਾਹਿਆ ਸੀ ਜਦ ਉਸ ਨੇ ਇੰਗਲੈਂਡ ਦੇ ਕੈਕਸਟਨ ਹਾਲ ਵਿਖੇ 13 ਮਾਰਚ 1940 ਦੀ ਸ਼ਾਮ ਨੂੰ ਜ਼ਲ੍ਹਿਆਂਵਾਲੇ ਬਾਗ਼ ਦੀ ਦੁਖਾਂਤਕ ਘਟਨਾ ਤੋਂ ਪੂਰੇ ਵੀਹ ਸਾਲ ਗਿਆਰਾਂ ਮਹੀਨੇ ਬਾਅਦ ਇਕ ਐਸਾ ਕਾਰਨਾਮਾ ਕੀਤਾ ਜਦ ਕਿ ਇਸ ਨੂੰ ਸਲਾਹੇ ਜਾਣ ਦੀ ਲੋੜ ਸੀ। ਇਹ ਵੀ ਉਸ ਸਮੇਂ ਜਦ ਕਿ ਸਭ ਨੂੰ ਪਤਾ ਸੀ ਕਿ ਉਸ ਨੂੰ ਆਉਂਦੇ ਕੁਝ ਦਿਨਾਂ ਵਿੱਚ ਫਾਂਸੀ ਲਾਇਆ ਜਾਣਾ ਹੈ ਤੇ ਉਸ ਸਮੇਂ ਉਸ ਨੂੰ ਇਖ਼ਲਾਕੀ ਮਦਦ ਦੀ ਲੋੜ ਹੈ।ਇਸ  ਦਿਨ ਉਸ ਨੇ ਸਰ ਮਾਈਕਲ ਉਡਵਾਇਰ ਜੋ ਕਿ 1913 ਤੋਂ 1919 ਤੀਕ ਪੰਜਾਬ ਦਾ ਲੈਫਟੀਨੈਂਟ ਗਵਰਨਰ ਰਹਿ ਚੁੱਕਾ ਸੀ ਨੂੰ ਆਪਣੀ ਗੋਲੀ ਦਾ ਨਾ ਉਕਣ ਵਾਲਾ ਨਿਸ਼ਾਨਾ ਬਣਾਇਆ।ਉਡਵਾਇਰ ਉਹ ਅਧਿਕਾਰੀ ਜਿਸ ਨੇ ਪੰਜਾਬੀਆਂ ‘ਤੇ ਅਥਾਹ ਅਤਿਆਚਾਰ ਢਾਹੇ ਉਹ ਜ਼ਲ੍ਹਿਆਂਵਾਲੇ ਬਾਗ਼ ਦੀ ਦੁਖਾਂਤਕ ਘਟਨਾ ਲਈ ਪੂਰੀ ਤਰ੍ਹਾਂ ਜ਼ੁੰਮੇਵਾਰ ਸੀ।

      ਇਸ ਸਬੰਧੀ ਇੰਗਲੈਂਡ ਵਾਸੀ ਜੋਗਿੰਦਰ ਸ਼ਮਸ਼ੇਰ ਨੇ ਆਪਣੀ ਪੁਸਤਕ ‘ਲੰਡਨ ਦੇ ਸ਼ਹੀਦ’ ਵਿੱਚ ਬੜੇ ਵਿਸਥਾਰ ਨਾਲ ਚਾਨਣਾ ਪਾਇਆ ਹੈ। ਸ. ਊਧਮ ਸਿੰਘ ਨੇ  ਇਕ ਐਸਾ ਕਾਰਨਾਮਾ ਕੀਤਾ ਸੀ ਜੋ ਭਾਰਤ ਦੀ ਆਜ਼ਾਦੀ ਲਹਿਰ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਤੇ ਜਿਸਦਾ ਜ਼ਿਕਰ ਕਰਦਿਆਂ ਲੋਕਾਂ ਦੇ ਸਿਰ ਸਤਿਕਾਰ ਤੇ ਸ਼ਰਧਾ ਨਾਲ ਝੁੱਕ ਜਾਂਦੇ ਹਨ। ਅਫ਼ਸੋਸ ਦੀ ਗੱਲ ਹੈ ਕਿ  ਹੱਸ ਹੱਸ ਕੇ ਦੇਸ਼ ਦੀ ਅਣਖ਼ ਦੀ ਖ਼ਾਤਰ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਲੰਡਨ ਵਿੱਚ ਸ਼ਹੀਦ ਹੋਣ ਵਾਲੇ ਇਸ ਦੂਜੇ ਸੂਰਬੀਰ(ਲ਼ੰਡਨ ਦਾ ਪਹਿਲਾ ਸ਼ਹੀਦ ਮਦਨ ਲਾਲ ਢੀਂਗਰਾ ਸੀ ਜਿਸ ਨੂੰ 17 ਅਗਸਤ 1909 ਨੂੰ ਲੰਡਨ ਵਿਚ ਫਾਂਸੀ ਦਿੱਤੀ ਗਈ) ਨੂੰ ਉਸ ਸਮੇਂ ਭਾਵ1940 ਦੇ ਸਿਆਸਤਦਾਨਾਂ ਅਤੇ ਧਾਰਮਿਕ ਜਥੇਬੰਦੀਆਂ ਨੇ ਉਸ ਦੇ ਕਾਰਨਾਮੇ ਨੂੰ ਸਲਾਹੁਣ ਦੀ ਥਾਂ ‘ਤੇ ਉਸ ਸਮੇਂ ਜੋ ਕੁਝ ਕੀਤਾ ਉਸ ਨੂੰ ਜਾਣ ਕੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ।ਇਨਕਲਾਬੀ ਗਰੁੱਪਾਂ ਵਲੋਂ ਕੱਢੀ ਜਾਂਦੀਆਂ ਗੁਪਤ ਅਖਬਾਰਾਂ ਵਿੱਚ ਸ਼ਾਇਦ ਉਸ ਨੂੰ ਸਲਾਹਿਆ ਗਿਆ ਹੋਵੇ ਪਰ ਸਾਨੂੰ ਅਜਿਹੇ ਕੋਈ ਪ੍ਰਗਟ ਰੂਪ ਵਿੱਚ ਲਿਖਤ ਨਹੀਂ ਮਿਲਦੀ ਜਿਸ ਵਿੱਚ ਉਸ ਦੇ ਕਾਰਨਾਮੇ ਦੀ ਸ਼ਲਾਘਾ ਕੀਤੀ ਗਈ ਹੋਵੇ।

      ਸਰਕਾਰ-ਪ੍ਰਸਤਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਸ਼ਹੀਦ ਊਧਮ  ਸਿੰਘ ਦੀ ਇਸ ਕਾਰਵਾਈ ਦੀ ਨਿਖ਼ੇਧੀ,ਇਕ ਗ਼ੁਲਾਮ ਮਾਨਸਿਕਤਾ ਦਾ ਕੁਦਰਤੀ ਪ੍ਰਗਟਾਵਾ ਸੀ,ਪਰ ਭਾਰਤ ਦੀ ਆਜ਼ਾਦੀ ਲਈ ਲੜਾਈ ਲੜ ਰਹੀ ਸਭ ਤੋਂ ਵੱਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦਾ ਵਤੀਰਾ ਉਸ ਸਮੇਂ ਬਿਲਕੁਲ ਉਸ ਤਰ੍ਹਾਂ ਦਾ ਸੀ,ਜਿਸ ਤਰ੍ਹਾਂ ਦਾ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਨਾਉਣ ਤੇ ਦੇਣ ਸਮੇਂ ਸੀ ।ਪੰਡਿਤ ਜਵਾਹਰ ਲਾਲ ਨਹਿਰੂ ਨੇ ਸਿਰਫ਼ ਏਨਾ ਹੀ ਕਿਹਾ, “ ਇਹ ਅਫ਼ਸੋਸਨਾਕ ਹੈ।” ਪਰ ਮਹਾਤਮਾ ਗਾਂਧੀ ਨੇ ਊਧਮ ਸਿੰਘ ਦੇ ਇਸ ਕਾਰਨਾਮੇ ਨੂੰ ਉਸ ਸਮੇਂ ਪਾਗ਼ਲਪਨ ਕਰਾਰ ਦਿੰਦੇ ਹੋਇ ਕਿਹਾ ਸੀ,“ਸਰ ਮਾਈਕਲ ਉਡਵਾਇਰ ਦੀ ਮੌਤ, ਲਾਰਡ ਜੈਟਲੈਂਡ, ਲਾਰਡ ਲਮਿੰਗਟਨ ਅਤੇ ਸਰ ਲੂਈ ਡੇਨ ਦੇ ਜ਼ਖਮੀ ਹੋਣ ਨਾਲ ਮੈਨੂੰ ਡੂੰਘਾ ਦੁੱਖ਼ ਹੋਇਆ ਹੈ। ਮੈਂ ਮਿਰਤਕ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾ ਕਰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਜ਼ਖ਼ਮ ਛੇਤੀ ਤੰਦਰੁਸਤ ਹੋ ਜਾਣਗੇ। ਮੈਂ ਇਸ ਕਾਰਨਾਮੇ ਨੂੰ ਪਾਗ਼ਲਪਨ ਸਮਝਦਾ ਹਾਂ। ਇਹੋ ਜਿਹੇ ਕਾਰਨਾਮੇ ਉਨ੍ਹਾਂ ਮੰਤਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਜਿੰਨ੍ਹਾਂ ਲਈ ਉਹ ਕੀਤੇ ਜਾਂਦੇ ਹਨ। ਮੈਨੂੰ ਆਸ ਹੈ ਕਿ ਰਾਜਸੀ ਫੈਸਲੇ ਵੇਲੇ ਇਸ ਨੂੰ ਨਜ਼ਰ ਅੰਦਾਜ਼ ਨਹੀਂ ਹੋਣ ਦਿੱਤਾ ਜਾਵੇਗਾ”। ਉਸ ਵੇਲੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਮੌਲਾਨਾ ਅਬਦੁਲ ਕਲਾਮ ਆਜ਼ਾਦ ਨੇ ਕਿਹਾ ਸੀ, “ਇਸ ਦੁਖ਼ਾਂਤਕ ਘਟਨਾ ਲਈ, ਸਾਨੂੰ ਬਹੁਤ ਅਫ਼ਸੋਸ ਹੈ। ਇਹ ਪਤਾ ਲੱਗਣ ‘ਤੇ ਕੁਝ ਸ਼ਾਂਤੀ ਹੋਈ ਹੈ ਕਿ ਇਸ ਨਾਲ ਕੋਈ ਰਾਜਸੀ ਮਹੱਤਤਾ ਸੰਬੰਧਤ ਨਹੀਂ”।ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਨੇ ਆਪਣੇ ਰਾਮਗੜ੍ਹ ਵਾਲੇ ਅਜਲਾਸ ਵਿਚ ਵੀ ਇਸੇ ਤਰ੍ਹਾਂ ਦਾ ਮਿਲਦਾ ਜੁਲਦਾ ਮੱਤਾ ਪਾਸ ਕੀਤਾ ਸੀ ।

      14 ਮਾਰਚ 1940 ਨੂੰ ਪੰਜਾਬ ਅਸੈਂਬਲੀ ਵਿੱਚ ਉਸ ਸਮੇਂ ਦੇ ਵਜ਼ੀਰੇ ਆਜ਼ਮ ਸਰ ਸਕੰਦਰ ਹਯਾਤ ਖਾਂ ਨੇ ਪੇਸ਼ ਕੀਤੇ ਮਤੇ ਵਿੱਚ ਇਸ ਦਲੇਰੀ ਭਰੇ ਕਾਰਨਾਮੇ ਨੂੰ ਕਮੀਨਾ ਕਿਹਾ ਸੀ। ਮਤੇ ਅਨੁਸਾਰ, “ ਇਹ ਹਾਊਸ ਉਸ ਕਮੀਨੇ ਹਮਲੇ ਦੀ, ਜਿਹੜਾ ਕਿ ਰਿਪੋਰਟਰਾਂ ਮੁਤਾਬਕ ਇਕ ਹਿੰਦੁਸਤਾਨੀ ਨੇ ਕੈਕਸਟਨ ਹਾਲ ਲੰਡਨ ਵਿਖੇ ਕੀਤਾ, ਪੂਰੀ ਨਿਖ਼ੇਧੀ ਕਰਦਾ ਹੈ ਅਤੇ ਇਸ ਉਤੇ ਦੁੱਖ਼ ਦਾ ਪ੍ਰਗਟਾਵਾ ਕਰਦਾ ਹੈ। ਇਹ ਲੇਡੀ ਉਡਵਾਇਰ ਅਤੇ ਪ੍ਰਵਾਰ ਦੇ ਹੋਰ ਜੀਆਂ ਨਾਲ ਪੂਰੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ”। ਉਸ ਨੇ ਮਤੇ ਨੂੰ ਪੇਸ਼ ਕਰਦਿਆਂ ਕਿਹਾ ਸੀ, “ਇਹੋ ਜਿਹੇ ਹਿੰਸਾ ਦੇ ਕਾਰਨਾਮੇ ਹਿੰਦੁਸਤਾਨ ਦੇ ਨਾਮ ਧੱਬਾ ਹਨ ਅਤੇ ਦੇਸ਼ ਦੀਆਂ ਰਵਾਇਤਾਂ ਦੇ ਖਿਲਾਫ਼ ਹਨ”। ਕਾਂਗਰਸ ਪਾਰਟੀ ਉਸ ਸਮੇਂ ਵਿਰੋਧੀ ਧਿਰ ਵਿੱਚ ਸੀ। ਪਰ ਕਿਸੇ ਨੇ ਵੀ ਇਸ ਮਤੇ ਦੀ ਵਿਰੋਧਤਾ ਨਾ ਕੀਤੀ ਤੇ ਇਹ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ।

      ਯਾਦ ਰਹੇ ਕਿ ਸਰ ਸਕੰਦਰ ਹਯਾਤ ਖਾਂ ਦੀ ਇਸ ਵਜ਼ਾਰਤ ਵਿੱਚ ਸਰ ਸੁੰਦਰ ਸਿੰਘ ਮਜੀਠੀਆ, ਸਰ ਛੋਟੂ ਰਾਮ ਅਤੇ ਹੋਰ ਅੰਗਰੇਜ਼ ਪ੍ਰਸਤ ਸ਼ਾਮਲ ਸਨ ਜਿਸ ਨੇ 1939 ਵਿੱਚ ਦੂਜਾ ਵਿਸ਼ਵ ਯੁੱਧ ਦੇ ਸ਼ੁਰੂ ਵਿੱਚ ਅਨੇਕਾਂ ਦੇਸ਼ ਭਗਤਾਂ ਨੂੰ ਡੀਫੈਂਸ ਆਫ ਇੰਡੀਆ ਰੂਲਜ਼ ਹੇਠਾਂ ਗ੍ਰਿਫਤਾਰ ਕਰਕੇ ਕੈਂਪਾਂ ਵਿੱਚ ਨਜ਼ਰਬੰਦ ਕੀਤਾ ਸੀ।

          ਰਿਆਸਤੀ ਰਾਜਿਆਂ ਦੀ ਐਸੋਸੀਏਸ਼ਨ ‘ਚੈਂਬਰ ਆਫ਼ ਪ੍ਰਿੰਸਜ਼’ ਦੇ ਚਾਰਲਸ ਜਾਮ ਸਾਹਿਬ ਆਫ਼ ਨਵਾਂ ਨਗਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਗਲ ਦਾ ਬੜਾ ਅਫ਼ਸੋਸ ਹੈ ਕਿ ਐਸਾ ਕਮੀਨਾ ਜ਼ੁਰਮ ਕਰਨ ਵਾਲਾ ਇਕ ਹਿੰਦੁਸਤਾਨੀ ਹੈ।ਉਨ੍ਹਾਂ ਨੇ ਸਾਰੇ ਰਿਆਸਤੀ ਰਾਜਿਆਂ ਵਲੋਂ ਇਸ ਕਾਰਵਾਈ ਨੂੰ ਪਾਗ਼ਲਾਨਾ ਅਤੇ ਅਰਥਹੀਣ ਕਾਰਨਾਮਾ ਕਰਾਰ ਦਿੰਦੇ ਹੋਇ ਇਸ ‘ਤੇ ਸ਼ੋਕ ਪ੍ਰਗਟ ਕੀਤਾ।

            ਉਡਵਾਇਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੰਜਾਬ ਦੇ ਸਾਰੇ ਦਫ਼ਤਰ ਬੰਦ ਹੋ ਗਏ ਤੇ ਝੰਡੇ ਨੀਵੇਂ ਕਰ ਦਿੱਤੇ ਗਏ। ਉਸ ਦੀ ਬਹਾਦਰੀ ਦੇ ਗੁਣ ਗਾਏ। ਪਰ ਉਸ ਮਹਾਨ ਸ਼ਹੀਦ ਲਈ ਬਹੁਤ ਹੀ ਘਟੀਆ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ। ਭਾਰਤ ਤੋਂ ਇਲਾਵਾ ਇੰਗਲੈਂਡ ਵਿੱਚ ਜਿੱਥੇ ਕਿ ਇਹ ਘਟਨਾ ਵਾਪਰੀ ਵਿਖੇ ਵੀ ਇੰਡੀਆ ਹਾਊਸ ਵਿੱਚ ਉਸ ਸਮੇਂ ਦੇ ਇੰਡੀਅਨ ਹਾਈ ਕਮਿਸ਼ਨਰ ਸਰ ਫਿਰੋਜ਼ ਖਾਂ ਨੂਨ ਵਲੋਂ ਇਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ, ਮੁਸਲਮ ਲੀਗ, ਸਿੱਖ਼ ਖ਼ਾਲਸਾ ਜੱਥਾ, ਇੰਡੀਆ ਲੀਗ, ਪਾਰਸੀ ਐਸੋਸੀਏਸ਼ਨ ਤੇ ਹੋਰ ਕਈ ਜਥੇਬੰਦੀਆਂ ਦੇ ਪ੍ਰਤੀਨਿੱਧ ਸ਼ਾਮਲ ਹੋਏ। ਇਸ ਵਿੱਚ ਵੀ ਇਸ ਕਾਰਨਾਮੇ ਦੀ ਨਿਖੇਧੀ ਕੀਤੀ ਗਈ ਤੇ ਉਡਵਾਇਰ ਦੀ ਮੌਤ ‘ਤੇ ਸ਼ੋਕ ਪ੍ਰਗਟ ਕੀਤਾ ਗਿਆ।

        ਪਰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਇਸ ਦੇ ਬਾਵਜੂਦ ਵੀ ਕਿਸੇ ਨੇ ਉਸ ਦਾ ਕੇਸ ਲੜਨ ਲਈ ਵਕੀਲ ਕੀਤਾ ਜਿਵੇਂ ਕਿ ਉਸ ਵਲੋਂ ਸਿਨਕਲੇਅਰ ਰੋਡ ਲੰਡਨ ਦੇ ਗੁਰਦੁਆਰੇ ਦੇ ਸਕੱਤਰ ਸ. ਜਾਹਲ ਸਿੰਘ ਨੂੰ 30 ਮਾਰਚ 1940 ਨੂੰ ਬਰਿਕਸਟਨ ਜ਼ੇਲ ਤੋਂ ਪੁਸਤਕਾਂ ਵਾਪਸ ਭੇਜਦੇ ਸਮੇਂ ਲਿਖੇ ਪੱਤਰ ਤੋਂ ਸਪੱਸ਼ਟ ਹੈ , “ਮੈਂ ਜਾਣਦਾ ਹਾਂ ਕਿ ਇਥੇ ਰਹਿੰਦੇ ਕਈ ਹਿੰਦੁਸਤਾਨੀ ਮੇਰੇ ਖਿਲ਼ਾਫ਼ ਹਨ। ਪਰ ਮੇਰਾ ਦਿਲ ਜਾਣਦਾ ਹੈ ਕਿ ਤੁਹਾਨੂੰ ਗੱਲ ਦਸਾਂ। ਮੈਨੂੰ ਨਹੀਂ ਪਤਾ ਕਿ ਕੌਣ ਮੇਰੀ ਖ਼ਾਤਰ ਸੋਲਿਸਟਰ (ਵਕੀਲ) ਦਾ ਝੰਜਟ ਕਰ ਰਿਹਾ ਹੈ। ਮੈਂ ਨਹੀਂ ਚਾਹੁੰਦਾ ਕਿ ਉਸ ਦਾ ਪੈਸਾ ਮੇਰੇ ਮੁਕੱਦਮੇ ‘ਤੇ ਲੱਗੇ ਜਦੋਂ ਕਿ ਮੈਨੂੰ ਕੁਝ ਵੀ ਹੋਵੇ, ਚਿੰਤਾ ਨਹੀਂ ਮੈਂ ਕਿਸੇ ਵੀ ਥਾਓਂ ਜਾਣ ਲਈ ਤਿਆਰ ਹਾਂ, ਤਾਂ ਮੇਰੀ ਖ਼ਾਤਰ ਲੋਕ ਕਿਉਂ ਕਸ਼ਟ ਕਰਦੇ ਹਨ। ਮੈਨੂੰ ਮੌਤ ਦਾ ਡਰ ਨਹੀਂ ਕਿਉਂਕਿ ਜਲਦੀ ਹੀ ਫਾਂਸੀ ਨਾਲ ਵਿਆਹ ਹੋਣਾ ਹੈ।… ਜੇ ਤੁਹਾਨੂੰ ਪਤਾ ਲੱਗੇ ਕਿ ਮੇਰੀ ਮਦਦ ਕਰਨ ਵਾਲੇ ਕੌਣ ਹਨ, ਬਰਾਏ ਮਿਹਰਬਾਨੀ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਦੇਣਾ, ਮੈਨੂੰ ਖੁਸ਼ੀ ਹੋਵੇਗੀ। ਜੋ ਉਹ ਕਾਤਿਲ ਦੀ ਮਦਦ ਕਰਨ ਦੀ ਥਾਉਂ ਵਿਦਿਆ ਤੇ ਪੈਸਾ ਖਰਚਣ।”ਪਰ ਇੰਗਲੈਂਡ ਵਿਚ ਉਸ ਦੇ ਕਿੰਨੇ ਹਮਦਰਦੀ ਸਨ,ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ ।

      ਅੰਤਰ ਰਾਸ਼ਟਰੀ ਪੱਧਰ ‘ਤੇ ਉਸ ਦੇ ਹੱਕ ਵਿੱਚ ਇਕੋ ਇਕ ਆਵਾਜ਼ ਸਾਰੇ ਵਿਸ਼ਵ ਵਿੱਚ ਗੂੰਜੀ ਉਹ ਸੀ ਜਰਮਨ ਰੇਡੀਉ ਜਿਸ ਨੇ ਆਪਣੇ ਪ੍ਰਸਾਰਨ ਵਿੱਚ ਕਿਹਾ ਸੀ, “ਅਤਿਆਚਾਰ ਦਾ ਸ਼ਿਕਾਰ ਲੋਕਾਂ ਦੀ ਆਵਾਜ਼ ਗੋਲੀਆਂ ਬਣ ਕੇ ਗੂੰਜੀ (

The cry of tormented people spoke with shots

)”. ਜੋਗਿੰਦਰ ਸ਼ਮਸ਼ੇਰ  ਨੇ ਠੀਕ ਹੀ ਲਿਖਿਆ ਹੈ ਕਿ ਭਾਰਤ ਦੀਆਂ ਨਰਮ ਦੱਲ ਦੀਆਂ ਰਾਜਸੀ ਪਾਰਟੀਆਂ, ਸਾਰੀ ਬਰਤਾਨਵੀ ਸਰਕਾਰ, ਪ੍ਰਤੀਗਾਮੀ ਫਿਰਕਾਪ੍ਰਸਤ ਅਤੇ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਬੇ-ਜ਼ਮੀਰੇ ਲੋਕ ਇਕ ਬੰਨੇ ਸਨ। ਪਰ ਦੂਜੇ ਬੰਨੇ ਊਧਮ ਸਿੰਘ ਸੀ, ਜਿਸ ਕੋਲ ਕਿ ਬਲਵਾਨ ਆਤਮਾ ਅਤੇ ਸ਼ੇਰ ਵਰਗਾ ਜਿਗਰਾ ਸੀ, ਜਿਸ ਨਾਲ ਕਰੋੜਾਂ ਉਨ੍ਹਾਂ ਹਿੰਦੁਸਤਾਨੀਆਂ ਦੀ ਹਮਦਰਦੀ ਸੀ, ਜੋ ਬੇ-ਆਵਾਜ਼ ਸਨ। ਸ਼ਾਇਦ ਇਸ ਲਈ ਕਿ ਊਧਮ ਸਿੰਘ ਦਾ ਕਾਰਨਾਮਾ ਜਿੰਨੀ ਦਲੇਰੀ ਭਰਿਆ ਸੀ, ਉਸ ਦਾ ਸਾਥ ਦੇਣ ਲਈ ਵੀ ਉਨੀ ਦਲੇਰੀ ਦੀ ਲੋੜ ਸੀ।

 

Translate »