November 11, 2011 admin

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਤੇ ਅਕਾਲੀ ਦਲਾਂ ਦੀ ਰਣਨੀਤੀ

-ਜਸਵੰਤ ਸਿੰਘ ‘ਅਜੀਤ’-
ਆਖਿਰ, ਪੰਜਾਬ ਦੇ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ੧੮ ਸਤੰਬਰ ਨੂੰ ਕਰਵਾਏ ਜਾਣ ਦਾ ਨੋਟੀਫਿਕੇਸ਼ਨ ਜਾਰੀ ਕਰ ਹੀ ਦਿੱਤਾ ਗਿਆ। ਜਿਸਦੇ ਫਲਸਰੂਪ ਅਕਾਲੀ ਰਾਜਨੀਤੀ ਦੀ ਸਰਗਰਮੀ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਵਿਖਾਈ ਦੇਣ ਲਗੀ ਹੈ। ਪਰ ਇਹ ਸਰਗਰਮੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲੋਂ ਕਿਤੇ ਵਧੇਰੇ ਉਸਦੇ ਵਿਰੋਧੀਆਂ ਵਿਚ ਵੇਖਣ ਨੂੰ ਮਿਲ ਰਹੀ ਹੈ। ਉਹ ਦਿਨ-ਰਾਤ ਇਹ ਪ੍ਰਚਾਰ ਕਰਨ ਵਿਚ ਜੁਟੇ ਹੋਏ ਹਨ, ਕਿ ਜੇ ਸਿੱਖੀ, ਉਸਦੀਆਂ ਮਰਿਆਦਾਵਾਂ-ਮਾਨਤਾਵਾਂ ਅਤੇ ਉਸਦੇ ਇਤਿਹਾਸ ਨੂੰ ਬਚਾਣਾ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ {ਬਾਦਲ) ਦੇ ਪੰਜੇ ਵਿਚੋਂ ਆਜ਼ਾਦ ਕਰਵਾਉਣਾ ਹੀ ਹੋਵੇਗਾ।
ਇਸ ਵਿਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੀਆਂ ਮਰਿਅਦਾਵਾਂ, ਪਰੰਪਰਾਵਾਂ ਅਤੇ ਸਿੱਖ ਇਤਿਹਾਸ ਦੀਆਂ ਸਥਾਪਤ ਮਾਨਤਾਵਾਂ ਦੀ ਰਖਿਆ ਕਰਨ ਅਤੇ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨ ਪ੍ਰਤੀ ਜ਼ਿਮੇਂਦਾਰੀ ਨਿਭਾਉਣ ਵਿਚ ਇਮਾਨਦਾਰ ਅਤੇ ਸਫਲ ਸਾਬਤ ਨਹੀਂ ਹੋ ਸਕੀ।
ਜਿਸਦਾ ਨਤੀਜਾ ਇਹ ਹੋਇਆ ਹੈ ਕਿ ਜਿਸ ਪੰਜਾਬ ਦੀ ਧਰਤੀ ਨੂੰ ਗੁਰੂ ਸਾਹਿਬਾਂ ਦੀ ਚਰਨ-ਛਹੁ ਪ੍ਰਾਪਤ ਹੈ ਅਤੇ ਜਿਥੇ ਉਨ੍ਹਾਂ ਨਾ ਕੇਵਲ ਸਿੱਖੀ ਦਾ ਬੂਟਾ ਲਾਇਆ, ਸਗੋਂ ਉਸਨੂੰ ਆਪਣੇ ਖ਼ੂਨ ਨਾਲ ਸਿੰਜ ਕੇ ਪ੍ਰਵਾਨ ਵੀ ਚੜ੍ਹਾਇਆ, ਉਥੇ ਹੀ ਸਿੱਖੀ ਨੂੰ ਘੁਣ ਲਗ ਗਿਆ ਹੋਇਆ ਹੈ, ਜੋ ਲਗਾਤਾਰ ਉਸਨੂੰ ਖਾਈ ਜਾ ਰਿਹਾ ਹੈ। ਸਿੱਖੀ ਦਾ ਆਧਾਰ ਖ਼ੁਰਦਾ ਜਾ ਰਿਹਾ ਹੈ, ਸਿੱਖੀ ਦੇ ਦੁਸ਼ਮਣ, ਡੇਰੇਦਾਰਾਂ ਦਾ ਫੈਲਾਅ ਹੁੰਦਾ ਜਾ ਰਿਹਾ ਹੈ ਅਤੇ ਆਰ ਐਸ ਐਸ ਵਰਗੀਆਂ ਸਿੱਖ ਤੇ ਸਿੱਖੀ-ਵਿਰੋਧੀ ਸ਼ਕਤੀਆਂ, ਰਾਸ਼ਟਰੀ ਸਿੱਖ ਸੰਗਤ ਰਾਹੀਂ ਸਿੱਖਾਂ ਵਿੱਚ ਘੁਸਪੈਠ ਕਰ, ਸਿੱਖੀ ਨੂੰ ਅੰਦਰੋਂ ਖੋਖਲਾ ਕਰਨ ਤੇ ਤੁਲ ਗਈਆਂ ਹੋਈਆਂ ਹਨ। ਇਹੀ ਨਹੀਂ ਸਿੱਖੀ ਦੀ ਗੁੜ੍ਹਤੀ ਲੈ ਕੇ ਜਨਮੇ ਅਤੇ ਸਿੱਖੀ-ਸਰੂਪ ਦੇ ਕਈ ਧਾਰਨੀ ਵੀ ਸਿੱਖਾਂ ਵਿਚ ਹਰ ਚੜ੍ਹੇ ਦਿਨ ਨਵੀਆਂ-ਨਵੀਆਂ ਦੁਬਿਧਾਵਾਂ ਪੈਦਾ ਕਰ, ਸਿੱਖਾਂ ਨੂੰ ਸਿੱਖੀ ਤੋਂ ਦੂਰ ਧਕ ਸਿੱਖ ਤੇ ਸਿੱਖੀ ਦੇ ਦੁਸ਼ਮਣਾਂ ਦੀ ਮਦਦ ਕਰਨ ਵਿਚ ਯੋਗਦਾਨ ਪਾਣ ਲਗ ਪਏ ਹਨ।
ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਆਪਣੀ ਮਜਬੂਰੀ ਹੈ ਕਿ ਉਹ ਭਾਜਪਾ ਦੇ ਠੁਮ੍ਹਣੇ ਤੋਂ ਬਿਨਾਂ ਸੱਤਾ ਪੂਰ ਨਾ ਤਾਂ ਕਾਬਜ਼ ਹੋ ਸਕਦਾ ਹੈ ਅਤੇ ਨਾ ਹੀ ਕਾਬਜ਼ ਬਣਿਆ ਰਹਿ ਸਕਦਾ ਹੈ। ਇਸੇ ਕਾਰਣ ਉਸਨੇ ਆਪਣੇ-ਆਪਨੂੰ ਪੂਰੀ ਤਰ੍ਹਾਂ ਉਸਦੇ ਸਾਹਮਣੇ ਸਮਰਪਿਤ ਕਰ ਦਿਤਾ ਹੋਇਆ ਹੈ। ਜਿਸ ਕਾਰਣ ਉਸਦੇ ਮੁੱਖੀ ਤਾਂ ਕੀ, ਆਮ ਵਰਕਰ ਤਕ ਵੀ ਭਾਜਪਾ, ਆਰ ਐਸ ਐਸ ਅਤੇ ਉਸਦੀ ਇਕਾਈ, ਰਾਸ਼ਟਰੀ ਸਿੱਖ ਸੰਗਤ ਦੇ ਮੁੱਖੀਆਂ ਵਲੋਂ ਸਿੱਖੀ ਨੂੰ ਢਾਹ ਲਾਉਣ ਦੇ ਕੀਤੇ ਜਾ ਰਹੇ ਜਤਨਾਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਹੇ। ਇਥੋਂ ਤਕ ਕਿ ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਧਾਰਮਕ ਸਟੇਜਾਂ ਪੁਰ ਆ, ਉਨ੍ਹਾਂ ਦੀ ਮੌਜੂਦਗੀ ਵਿਚ ਹੀ ਸਿੱਖ ਇਤਿਹਾਸ ਅਤੇ ਸਿੱਖ ਧਰਮ ਦੀਆਂ ਸਥਾਪਤ ਮਰਿਆਦਾਵਾਂ ਤੇ ਪਰੰਪਰਾਵਾਂ ਦੇ ਨਾਲ ਹੀ ਸਿੱਖੀ ਦੀ ਸੁਤੰਤਰ ਹੋਂਦ ਤੇ ਸਿੱਖਾਂ ਦੀ ਅੱਡਰੀ ਪਛਾਣ ਪੁਰ ਸੁਆਲੀਆ ਨਿਸ਼ਾਨ ਲਾਂਦਿਆਂ ਸਿੱਖ ਧਰਮ ਦੇ ‘ਵਿਸ਼ਾਲ ਹਿੰਦੂ ਧਰਮ’ ਦਾ ਹੀ ਅੰਗ ਹੋਣ ਦਾ ਦਾਅਵਾ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਨਾ ਤਾਂ ਰੋਕ ਪਾਂਦੇ ਹਨ ਅਤੇ ਨਾ ਹੀ ਉਨ੍ਹਾਂ ਸਾਹਮਣੇ ਆਪਣਾ ਵਿਰੋਧ ਤਕ ਦਰਜ ਕਰਵਾ ਸਕਦੇ ਹਨ। ਜਿਸਤੋਂ ਆਮ ਸਿੱਖਾਂ ਵਿਚ ਇਹ ਸੰਕੇਤ ਜਾਣਾ ਕੁਦਰਤੀ ਹੈ ਕਿ ਬਾਦਲ ਦਲ ਦੇ ਮੁਖੀਆਂ ਦੀ ਨਿਸ਼ਠਾ ਸਿੱਖੀ-ਬਚਾਣ ਦੀ ਬਜਾਏ, ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਪ੍ਰਤੀ ਹੀ ਸਮਰਪਿਤ ਹੈ।
ਇਨ੍ਹਾਂ ਹਾਲਾਤ ਵਿਚ ਜੇ ਇਮਾਨਦਾਰੀ ਨਾਲ ਸਿੱਖੀ ਨੂੰ ਬਚਾਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪੰਜੇ ਵਿਚੋਂ ਆਜ਼ਾਦ ਕਰਾਣ ਦਾ ਨਾਹਰਾ ਲਾਇਆ ਅਤੇ ਸੰਘਰਸ਼ ਕੀਤਾ ਜਾਂਦਾ ਹੈ, ਤਾਂ ਇਹ ਕਿਸੇ ਹਦ ਤਕ ਸਾਰਥਕ ਸਾਬਤ ਹੋ ਸਕਦਾ ਹੈ। ਪ੍ਰੰਤੂ ਇਸਦੇ ਲਈ ਸਭ ਤੋਂ ਵਧ ਜ਼ਰੂਰੀ ਰਾਜਨੈਤਿਕ ਸੁਆਰਥ ਤੋਂ ਉਪਰ ਉਠ ਕੇ ਨਿਰੋਲ ਧਾਰਮਕ ਆਧਾਰ ਤੇ ਹੀ ਸੰਘਰਸ਼ ਕਰਨ ਦੀ ਲੋੜ ਹੋਵੇਗੀ।
ਪਰ ਕੀ ਅਜਿਹਾ ਸੰਭਵ ਹੋ ਸਕੇਗਾ?
ਇਹ ਸੁਆਲ ਉਠਣ ਦਾ ਮੁਖ ਕਾਰਣ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਇਕ ਤਾਂ ਆਪ ਹੀ  ਕਈ ਗੁਟਾਂ ਵਿਚ ਵੰਡੇ ਹੋਏ ਹਨ ਅਤੇ ਆਪੋ-ਆਪਣੀ ਵਖਰੀ ਡਫਲੀ ਵਜਾਂਦੇ ਅਤੇ ਮਜਮੇਂ ਲਾਉਂਦੇ ਚਲੇ ਆ ਰਹੇ ਹਨ। ਬੀਤੇ ਦਿਨੀਂ ਆਈਆਂ ਖਬਰਾਂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੀ ਪਹਿਲ ਤੇ ਸ਼੍ਰੋਮਣੀ ਅਕਾਲੀ ਦਲ (ਪੰਜ ਪ੍ਰਧਾਨੀ), ਸ਼੍ਰੋਮਣੀ ਅਕਾਲੀ ਦਲ (੧੯੨੦), ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ), ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਮੇਤ ਖਾਲਸਾ ਐਕਸ਼ਨ ਕਮੇਟੀ, ਸੁਤੰਤਰ ਯੂਥ ਅਕਾਲੀ ਦਲ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਤਿੰਨਾਂ ਧੜਿਆਂ ਅਤੇ ਹਰਿਆਣਾ ਦੇ ਮੁਖੀਆਂ, ਸ. ਦੀਦਾਰ ਸਿੰਘ ਨਲਵੀ ਅਤੇ ਸ. ਜਗਦੀਸ਼ ਸਿੰਘ ਝੀਂਡਾ ਆਦਿ ਨੇ ਇੱਕ-ਜੁਟ ਹੋ, ਬਾਦਲ ਅਕਾਲੀ ਦਲ ਦੇ ਹਰ ਉਮੀਦਵਾਰ ਦੇ ਮੁਕਾਬਲੇ ਇੱਕੋ-ਇੱਕ ਉਮੀਦਵਾਰ ਖੜਿਆਂ ਕਰਨ ਦਾ ਐਲਾਨ ਕੀਤਾ। ਪਰ ਅਗਲੇ ਹੀ ਦਿਨ ਇਹ ਖਬਰ ਵੀ ਆ ਗਈ ਕਿ ਪੰਜ ਪ੍ਰਧਾਨੀ ਦੇ ਮੁੱਖੌਆਂ ਨੇ ਬਿਨਾਂ ਦੂਜੇ ਧੜਿਆਂ ਦੇ ਮੁੱਖੀਆਂ ਨਾਲ ਸਲਾਹ ਕੀਤੈ ਆਪਣੇ ਤੋਰ ਤੇ ਹੀ ੪੫ ਸੀਟਾਂ ਪੁਰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਉਨ੍ਹਾਂ ਦਾ ਸੰਘਰਸ਼ ਕੇਵਲ ਤੇ ਕੇਵਲ ਧਰਮ-ਅਧਾਰਤ ਅਤੇ ਸਿੱਖੀ ਨੂੰ ਬਚਾਣ ਲਈ ਇਕ-ਜੁਟ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ. ਬਾਦਲ ਦੇ ਰਾਜਸੀ ਪੰਜੇ ਵਿਚੋਂ ਆਜ਼ਾਦ ਕਰਵਾਉਣ ਲਈ ਨਹੀਂ ਹੈ। ਜਿਸ ਤੋਂ ਇਹ ਸੋਸ਼ਟ ਹੋ ਜਾਂਦਾ ਹੈ ਕਿ ਜੇ ਕਿਸੇ ਤਰ੍ਹਾਂ ਬਾਦਲ-ਵਿਰੋਧੀਆਂ ਨੇ ਇਕ ਹੋਣ ਦਾ ਫੈਸਲਾ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਵੀ ਲਈ ਹੈ ਤਾਂ ਵੀ ਇਹ ਸਫਲਤਾ ਉਨ੍ਹਾਂ ਦੀਆਂ ਪਿਠਾਂ ਮਿਲਾਉਣ ਤਕ ਹੀ ਸੀਮਤ ਹੋਵੇਗੀ,  ਉਨ੍ਹਾਂ ਦੇ ਦਿਲਾਂ ਨੂੰ ਮਿਲਾਇਆ ਜਾਣਾ ਸੰਭਵ ਨਹੀਂ ਹੋਵੇਗਾ। ਇਸਦਾ ਕਾਰਣ ਇਹ ਹੈ ਕਿ ਇਨ੍ਹਾਂ ਦੇ ਦਿਲ ਵਿਚ ਭੈ ਬਣਿਆ ਹੋਇਆ ਹੈ ਕਿ ਜੇ ਇਨ੍ਹਾਂ ਆਪਣੇ ਦਿਲ ਮਿਲਾ ਲਏ ਤਾਂ ਇਹ ਨਾ ਤਾਂ ਵਖਰੀ ਡਫ਼ਲੀ ਵਜਾ ਸਕਣਗੇ ਤੇ ਨਾ ਹੀ ਆਪਣੇ ਨਿਜੀ ਸੁਆਰਥ ਦੇ ਆਧਾਰ ਤੇ ਕੋਈ ਸਮਝੌਤਾ ਕਰਨ ਦੇ ਸਮਰਥ ਰਹਿ ਜਾਣਗੇ।
ਇਸਦਾ ਸਬੂਤ : ਡੇਰਾ ਸੱਚਾ ਸੌਦਾ ਦੇ ਮੁਖੀ ਵਿਰੁਧ ਸੰਘਰਸ਼ ਦੌਰਾਨ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀਆਂ ਨੂੰ ਇਕ-ਜੁਟ ਕਰਨ ਵਿਚ ਮੁੱਖ ਭੂਮਿਕਾ ਅਦਾ ਕੀਤੀ ਸੀ, ਪ੍ਰੰਤੂ ਜਦੋਂ ਇਕ ਜੁਟ ਹੋਇਆਂ ਦੇ ਆਪਸੀ ਹਿਤ ਟਕਰਾਏ, ਤਾਂ ਉਨ੍ਹਾਂ ਨਾ ਕੇਵਲ ਸ. ਸਰਨਾ ਨੂੰ ਹੀ ਕਿਨਾਰੇ ਕਰ ਦਿਤਾ, ਸਗੋਂ ਆਪ ਵੀ ਵਖੋ-ਵਖਰੀ ਡਫ਼ਲੀ ਵਜਾਣੀ ਸ਼ੁਰੂ ਕਰ ਦਿੱਤੀ।
ਖਾਲਿਸਤਾਨ ਦੇ ਪੈਰੋਕਾਰ: ਸ. ਸਿਮਰਨਜੀਤ ਸਿੰਘ ਮਾਨ ਨੇ ਤਾਂ ਖੁਲ੍ਹ ਕੇ ਐਲਾਨ ਕੀਤਾ ਹੋਇਆ ਹੈ ਕਿ ਉਹ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਖਾਲਿਸਤਾਨ ਦੇ ਮੁੱਦੇ ਤੇ ਲੜਨਗੇ। ਸੁਆਲ ਉਠਦਾ ਹੈ ਕਿ ਭਾਰਤੀ ਸੰਵਿਧਾਨ ਦੀ ਵਫਾਦਾਰੀ ਦੀ ਸਹੁੰ ਚੁਕ ਚੋਣਾਂ ਲੜਨ ਵਾਲੇ ਖਾਲਿਸਤਾਨ ਦੀ ਮੰਗ ਪੁਰ ਅਧਾਰਤ ਨੀਤੀਆਂ ਪ੍ਰਤੀ ਕਿਵੇਂ ਈਮਾਨਦਾਰ ਰਹਿ ਸਕਦੇ ਹਨ?
ਜਿਥੋਂ ਤਕ ਰਾਜ-ਸੱਤਾ ਦਾ ਲਾਭ ਸਿੱਖੀ ਦੇ ਫੈਲਾਅ ਵਿੱਚ ਮਿਲਣ ਦਾ ਦਾਅਵਾ ਕੀਤੇ ਜਾਣ ਦਾ ਸੁਆਲ ਹੈ, ਉਸਦਾ ਪ੍ਰਤੱਖ ਸਬੂਤ ਇਹ ਹੈ ਕਿ ਆਜ਼ਾਦੀ ਅਤੇ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਕਿਤਨੀ ਹੀ ਵਾਰ ਅਕਾਲੀ ਪੰਜਾਬ ਦੀ ਰਾਜ-ਸੱਤਾ ਪੁਰ ਕਾਬਜ਼ ਹੋਏ ਅਤੇ ਕੇਂਦਰੀ ਸੱਤਾ ਵਿਚ ਵੀ ਭਾਈਵਾਲ ਰਹੇ ਹਨ। ਕੀ ਇਸ ਸਮੇਂ ਦੌਰਾਨ ਸਿੱਖੀ ਦਾ ਕੋਈ ਪਸਾਰ ਹੋਇਆ ਹੈ ਜਾਂ ਫਿਰ ਘਾਣ ਹੀ ਹੋਇਆ? ਜੇ ਇਸ ਸਮੇਂ ਦੌਰਾਨ ਸਿੱਖੀ ਦਾ ਪਸਾਰ ਹੋਇਆ ਹੁੰਦਾ ਤਾਂ ਅਜ ਅੱਸੀ ਪ੍ਰਤੀਸ਼ਤ ਤੋਂ ਵੀ ਵਧ ਪੰਜਾਬ ਦਾ ਸਿੱਖ ਨੌਜਵਾਨ ਪਤਿਤ ਹੋਇਆ ਵਿਖਾਈ ਨਾ ਦਿੰਦਾ ਅਤੇ ਨਾ ਹੀ ਉਸਦੀ ਹਵਾ ਪੰਜਾਬ ਤੋਂ ਬਾਹਰ ਵਗ ਤੁਰਦੀ ਨਜ਼ਰ ਆਉਂਦੀ!
ਇਹ ਜ਼ਰੂਰ ਹੈ ਕਿ ਰਾਜਸੀ ਸ਼ਕਤੀ ਦੀ ਵਰਤੋਂ ਕਰ, ਧਾਰਮਕ ਸੰਸਥਾਵਾਂ ਪੁਰ ਕਬਜ਼ਾ ਤਾਂ ਕੀਤਾ ਜਾ ਸਕਦਾ ਹੈ, ਅਤੇ ਉਨ੍ਹਾਂ ਦੇ ਸਾਧਨਾਂ ਦੀ ਵਰਤੋਂ ਰਾਜ-ਸੱਤਾ ਤਕ ਪੁਜਣ ਲਈ ਪੌੜੀ ਵਜੋਂ ਕੀਤੀ ਜਾ ਸਕਦੀ ਹੈ।
ਇਕ ਕੌੜੀ ਸੱਚਾਈ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀਆਂ ਦੇ ਗਲੇ ਨਹੀਂ ਉਤਰੇਗੀ, ਉਹ ਇਹ ਹੈ ਕਿ ਉਹ ਆਪਣੀ ਸਮੁਚੀ ਸ਼ਕਤੀ ਸਿੱਖੀ ਦੇ ਪ੍ਰਚਾਰ ਰਾਹੀਂ ਸਿੱਖੀ ਦੀ ਸੰਭਾਲ ਕਰਨ ਵਿਚ ਲਾ, ਉਸਦਾ ਪ੍ਰਸਾਰ ਕਰਨ ਦੀ ਬਜਾਏ, ਵਿਰੋਧ ਕਰਨ ਵਿਚ ਹੀ ਬਰਬਾਦ ਕਰ ਰਹੇ ਹਨ, ਜਦਕਿ ਜਿਨ੍ਹਾਂ ਦਾ ਉਹ ਵਿਰੋਧ ਕਰ ਰਹੇ ਹਨ, ਉਹ ਉਨ੍ਹਾਂ ਦੇ ਵਿਰੋਧ ਦਾ ਨੋਟਿਸ ਲੈਣ ਦੀ ਬਜਾਏ ਆਪਣੀ ਸ਼ਕਤੀ ਨੂੰ ਆਪਣਾ ਘੇਰਾ ਵਧਾਉਣ ਵਿਚ ਵਰਤ ਰਹੇ ਹਨ। ਨਤੀਜਾ ਇਹ ਹੋ ਰਿਹਾ ਹੈ ਕਿ ਸਿੱਖੀ ਦੇ ਵਿਰੋਧੀਆਂ ਦਾ ਘੇਰਾ ਤਾਂ ਫੈਲਦਾ ਜਾ ਰਿਹਾ ਹੈ ਪਰ ਸਿੱਖੀ ਦਾ ਘੇਰਾ ਸਿੰਘੁੜਦਾ ਜਾ ਰਿਹਾ ਹੈ।
ਕੀ ਇਸ ਗਲ ਤੋਂ ਕੋਈ ਇਨਕਾਰ ਕਰ ਸਕਦਾ ਹੈ ਕਿ ਇਸ ਸਥਿਤੀ ਦਾ ਲਾਭ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਹੀ ਮਿਲੇਗਾ?
ਇਨ੍ਹਾਂ ਚੋਣਾਂ ਵਿਚ ਕਿਸਦਾ ਪਲੜਾ ਭਾਰੀ ਰਹੇਗਾ? ਇਸ ਸੰਬੰਧ ਵਿਚ ਵਖ-ਵਖ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਕਿਤਨੇ ਹੀ ‘ਜਾਪਾਨੀ’ ਦਲ ਖੜੇ ਹੋ, ਉਨ੍ਹਾਂ ਨੂੰ ਚੁਨੌਤੀ ਦੇਣ ਦਾ ਦਾਅਵਾ ਕਰਨ, ਆਖਿਰ ਸਫਲਤਾ ਉਨ੍ਹਾਂ ਨੂੰ ਹੀ ਮਿਲੇਗੀ। ਇਸਦਾ ਕਾਰਣ ਉਹ ਇਹ ਮੰਨਦੇ ਹਨ ਕਿ ਉਨ੍ਹਾਂ ਦਾ ਦਲ ਹੀ ਪੰਥ ਹੈ ਤੇ ਉਹ ਹੀ ਪੰਥਕ ਹਨ, ਬਾਕੀ ਸਾਰੇ, ਜੋ ਪੰਥਕ ਹੋਣ ਦਾ ਦਾਅਵੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਣਾ ਚਾਹੁੰਦੇ ਹਨ, ਕਾਂਗ੍ਰਸ ਦੇ ਏਜੰਟ ਤੇ ‘ਜਾਪਾਨੀ’ ਹਨ। ਕਾਂਗ੍ਰਸ ਹੀ ਉਨ੍ਹਾਂ ਨੂੰ ਅਗੇ ਲਾ ਕੇ ਅਪ੍ਰਤਖ ਰੂਪ ਵਿਚ ਆਪ ਗੁਰਧਾਮਾਂ ਪੁਰ ਕਾਬਜ਼ ਹੋਣਾ ਚਾਹੁੰਦੀ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਸਿੱਖ ਬਹੁਤ ਹੀ ਜਾਗਰੂਕ ਹਨ, ਉਨ੍ਹਾਂ ਨਾ ਤਾਂ ਕਦੀ ਪਹਿਲਾਂ ਕਾਂਗ੍ਰਸ ਦੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣ ਦੀ ਸਾਜ਼ਸ਼ ਨੂੰ ਸਫਲ ਹੋਣ ਦਿਤਾ ਹੈ ਅਤੇ ਨਾ ਹੀ ਹੁਣ ਇਸ ਸਾਜ਼ਸ਼ ਨੂੰ ਸਫਲ ਹੋਣ ਦੇਣਗੇ। ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਪੰਥਕ ਜਥੇਬੰਦੀ, ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਹਥਾਂ ਨੂੰ ਹੀ ਸੌਂਪਣਗੇ।
ਅਕਾਲੀ ਰਾਜਨੀਤੀ ਦੇ ਮਹਿਰਾਂ ਦਾ ਵੀ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਅਕਾਲ਼ੀ ਦਲ ਦੇ ਵਿਰੋਧੀਆਂ ਲਈ ਉਸਨੂੰ ਚੁਨੌਤੀ ਦੇਣਾ ਆਸਾਨ ਨਹੀਂ ਹੋਵੇਗਾ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਿਸਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਹਨ, ਉਨ੍ਹਾਂ ਤੋਂ ਸਪਸ਼ਟ ਜਾਪਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਇਨ੍ਹਾਂ ਚੋਣਾਂ ਵਿਚ ਸ਼ਾਇਦ ਹੀ ਇਕ ਜੁਟ ਹੋ ਸਕਣ। ਫਲਸਰੂਪ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਬਾਦਲ ਦਲ-ਵਿਰੋਧੀ ਵੋਟਾਂ ਕਈ ਹਿਸਿਆਂ ਵਿਚ ਵੰਡੀਆਂ ਜਾਣਗੀਆਂ ਹਨ ਤੇ ਉਸਦਾ ਸਿਧਾ ਲਾਭ ਬਾਦਲ ਅਕਾਲੀ ਦਲ ਨੂੰ ਹੀ ਪੁਜੇਗਾ।
…ਅਤੇ ਅੰਤ ਵਿਚ: ਵਿਰੋਧ ਕਰਨ ਵਿਚ ਹੀ ਸਮੁਚੀ ਸ਼ਕਤੀ ਝੌਂਕ ਦੇਣ ਦੇ ਫਲਸਰੂਪ ਹੀ ਸਿੱਖਾਂ ਦੀ ਛੱਬੀ ਉਹੀ ਬਣਦੀ ਜਾ ਰਹੀ ਹੈ ਜਿਵੇਂ ਨਿਹੰਗ ਸਿੰਘ ਆਮ ਤੌਰ ਤੇ ਅਤੇ ਹੋਰ ਕਟੜਪੰਥੀ ਕਦੀ-ਕਦੀ ਕਿਹਾ ਕਰਦੇ ਹਨ, ‘ਖਾਲਸਾ ਉਹ ਜੋ ਕਰੇ ਨਿਤ ਜੰਗ’ ਜੇ ਕੋਈ ਹੋਰ ਨਾ ਮਿਲੇ ਤਾਂ ਆਪੋ ਵਿਚ ਹੀ ਲੜ ਮਰਨ ਵਿੱਚ ਜੁਟ ਜਾਣ। ਪਰ ਉਨ੍ਹਾਂ ਕਦੀ ਇਸਦੇ ਮੂਲ ਭਾਵ, ਕਿ ਸੱਚਾ ਖ਼ਾਲਸਾ ਉਹ ਹੈ, ਜੋ ਅਪਣੇ ਅੰਦਰ ਦੇ ਦੁਸ਼ਮਣਾਂ– ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨਾਲ ਸਦਾ ਜੰਗ, ਲੜਾਈ ਕਰਦਾ ਅਤੇ ਉਨ੍ਹਾਂ ਨੂੰ ਪਛਾੜਦਾ ਰਹੇ, ਨਾ ਕਿ ਉਹ ਜੋ ਲਠ ਲੈ, ਦੂਜਿਆਂ ਜਾਂ ਆਪਣਿਆਂ ਦੇ ਹੀ ਗਲ ਪੈਂਦਾ ਰਹੇ’, ਨੂੰ ਨਹੀਂ ਸਵੀਕਾਰਿਆ। 


 

Translate »