November 11, 2011 admin

ਦਿੱਲੀ ਦੀ ਸਿੱਖ ਰਾਜਨੀਤੀ ਪੁਰ ਨਿਜੀ ਅਦਾਵਤ ਹਾਵੀ

-ਜਸਵੰਤ ਸਿੰਘ ‘ਅਜੀਤ’-
ਇਉਂ ਜਾਪਦਾ ਹੈ ਜਿਵੇਂ ਦਿੱਲੀ ਦੀ ਸਿੱਖ ਰਾਜਨੀਤੀ ਪੁਰ ਸਿਧਾਂਤ ਦੀ ਬਜਾਏ ਨਿਜੀ ਅਦਾਵਤ ਦੀ ਨੀਤੀ ਹਾਵੀ ਹੁੰਦੀ ਜਾ ਰਹੀ ਹੈ। ਸਿੱਖ-ਪੰਥ ਦੇ ਮੁੱਦਿਆਂ ਨੂੰ ਅਣਗੋਲਿਆਂ ਕਰਕੇ ਨਿਜੀ ਮੁੱਦਿਆਂ ਨੂੰ ਲੈ ਕੇ ਇਕ-ਦੂਜੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਣ ਲਗੀ ਹੈ। ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਇਕ ਪ੍ਰਤੀਨਿਧੀ-ਮੰਡਲ ਨੇ ਕਾਂਗ੍ਰਸ ਪ੍ਰਧਾਨ ਅਤੇ ਯੂਪੀਏ ਦੀ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਖ਼ਬਰਾਂ ਅਨੁਸਾਰ ਇਸ ਮੁਲਾਕਾਤ ਦੌਰਾਨ ਪ੍ਰਤੀਨਿਧੀ ਮੰਡਲ ਨੇ ਸ਼੍ਰੀਮਤੀ ਸੋਨੀਆ ਗਾਂਧੀ ਦੇ ਸਾਹਮਣੇ ਸਿੱਖਾਂ ਨਾਲ ਸਬੰਧਤ ਸੱਤ ਮੰਗਾਂ ਰਖੀਆਂ, ਜਿਨ੍ਹਾਂ ਵਿੱਚੋਂ ਮੁਖ, ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਅਨੰਦ ਮੈਰਿਜ ਐਕਟ ਬਣਾਉਣ ਅਤੇ ਅਫਗਾਨ ਤੋਂ ਪਲਾਇਨ ਕਰ ਆਏ ਸਿੱਖਾਂ-ਹਿੰਦੂਆਂ ਨੂੰ ਭਾਰਤੀ ਨਾਗਰਿਕਤਾ ਦਿਤੇ ਜਾਣ ਦੀਆਂ ਮੰਗਾਂ ਸਨ। ਇਨ੍ਹਾਂ ਮੰਗਾਂ ਬਾਰੇ ਗਲਬਾਤ ਕਰਦਿਆਂ ਉਨ੍ਹਾਂ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਦਸਿਆ ਕਿ ਉਨ੍ਹਾਂ ਵਲੋਂ ਇਨ੍ਹਾਂ ਮੰਗਾਂ ਬਾਰੇ ਪਹਿਲਾਂ ਵੀ ਉਨ੍ਹਾਂ ਨਾਲ ਗਲ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਸਲਾਹ ਤੇ ਸਬੰਧਤ ਕੇਂਦਰੀ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਦੇ ਤਕ ਵੀ ਪਹੁੰਚ ਕੀਤੀ ਗਈ ਪਰ ਅਜੇ ਤਕ ਇਨ੍ਹਾਂ ਦੇ ਸਬੰਧ ਵਿੱਚ ਕੋਈ ਅੰਤਿਮ ਫੈਸਲਾ ਨਹੀਂ ਹੋ ਸਕਿਆ। ਪ੍ਰਤੀਨਿਧੀ ਮੰਡਲ ਨੇ ਇਸ ਬੈਠਕ ਵਿੱਚ ਕੁਝ ਹੀ ਦਿਨ ਪਹਿਲਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਹੋਈ ਮੁਲਾਕਾਤ ਦੇ ਵੇਰਵੇ ਵੀ ਉਨ੍ਹਾਂ ਨਾਲ ਸਾਂਝੇ ਕੀਤੇ।
ਪ੍ਰਤੀਨਿਧੀ ਮੰਡਲ ਨੇ ਇਸ ਮੁਲਾਕਾਤ ਦੌਰਾਨ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਰਾਜ ਦੇ ਸਿੱਖਾਂ ਦਾ ਸਮਰਥਨ ਹਾਸਲ ਕਰਨ ਲਈ, ਕਾਂਗ੍ਰਸ ਵਲੋਂ ਉਨ੍ਹਾਂ ਨਾਲ ਆਪਣੇ ਚੋਣ-ਮਨੋਰਥ ਪਤ੍ਰ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਪਹਿਲ ਦੇ ਆਧਾਰ ਤੇ ਕਰਨ ਦੇ ਕੀਤੇ ਗਏ ਵਾਇਦੇ ਦੀ ਯਾਦ ਵੀ aਨ੍ਹਾਂ ਨੂੰ ਕਰਵਾਈ ਅਤੇ ਕਿਹਾ ਕਿ ਉਨ੍ਹਾਂ ਨੂੰ ਆਪ ਰਾਜਨੈਤਿਕ ਪੱਧਰ ਤੇ ਇਹ ਫੈਸਲਾ ਕਰਨਾ ਹੋਵੇਗਾ ਕਿ ਉਨ੍ਹਾਂ ਹਰਿਆਣੇ ਦੇ ਸਿੱਖਾਂ ਨੂੰ ਆਪਣੇ ਨਾਲ ਰਖਣਾ ਹੈ ਜਾਂ ਨਹੀਂ।
ਇਨ੍ਹਾਂ ਮੰਗਾਂ ਦੇ ਸਬੰਧ ਸ਼੍ਰੀਮਤੀ ਸੋਨੀਆ ਗਾਂਧੀ ਨੇ ਪ੍ਰਤੀਨਿਧੀ-ਮੰਡਲ ਨੂੰ ਜੋ ਭਰੋਸਾ ਦਿਤਾ, ਉਹ ਇਕ ਵਖਰੀ ਗਲ ਹੈ। ਪਰ ਇਥੇ ਸੁਆਲ ਇਹ ਹੈ ਕਿ ਕੀ ਇਹ ਮੰਗਾਂ ਸ. ਸਰਨਾ ਜਾਂ ਉਨ੍ਹਾਂ ਦੇ ਸਾਥੀਆਂ ਦੇ ਨਿਜੀ ਹਿਤਾਂ ਨਾਲ ਸਬੰਧਤ ਹਨ ਜਾਂ ਸਮੁਚੇ ਸਿੱਖ ਜਗਤ ਦੇ ਨਾਲ? ਸ਼੍ਰੋਮਣੀ ਅਕਾਲੀ ਦਲ. ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵਿਰੁਧ ਨਿਜੀ ਕਿੜ ਕਢਦੇ ਚਲੇ ਆ ਰਹੇ ‘ਸਿੱਖ’ ਆਗੂਆਂ ਨੂੰ ਸ਼ਾਇਦ ਉਨ੍ਹਾਂ ਦੀ ਇਹੀ ਮੰਗਾਂ ਲੈ ਕੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਅਤੇ ਉਸਤੋਂ ਬਾਅਦ ਸ਼੍ਰੀਮਤੀ ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ ਰਾਸ ਨਹੀਂ ਆਈ। ਉਨ੍ਹਾਂ ਇਸ ਮੁਲਾਕਾਤ ਵਿੱਚ ਉਠਾਏ ਗਏ ਮੁੱਦਿਆਂ ਬਾਰੇ ਕੋਈ ਟਿੱਪਣੀ ਕਰਨ ਦੀ ਬਜਾਏ, ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਕਿ ਸ. ਸਰਨਾ ਨੇ ਲਾਈਨ ਵਿੱਚ ਲਗ ਅਤੇ ਕਿਰਪਾਨ ਲਾਹ ਕੇ ਸ਼੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ, ਸਿੱਖ ਮਾਨਤਾਵਾਂ ਦਾ ਘਾਣ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਹਕ ਨਹੀਂ ਰਹਿ ਗਿਆ। ਉਨ੍ਹਾਂ ਵਲੋਂ ਦਿਤੇ ਗਏ ਇਸ ਬਿਆਨ ਵਿੱਚ ਕਿਤਨੀ ਸੱਚਾਈ ਹੈ? ਇਸਦਾ ਜਵਾਬ ਉਹੀ ਵਿਅਕਤੀ ਬਖੂਬੀ ਦੇ ਸਕਦੇ ਹਨ, ਜੋ ਸ. ਸਰਨਾ ਨਾਲ ਗਏ ਹਨ ਅਤੇ ਪਹਿਲਾਂ ਵੀ ਜਾਂਦੇ ਰਹੇ ਹਨ। ਕਿਉਂਕਿ ਸ. ਸਰਨਾ ਦੀ ਅਗਵਾਈ ਵਿੱਚ ਕੋਈ ਪ੍ਰਤੀਨਿਧੀ ਮੰਡਲ ਪਹਿਲੀ ਵਾਰ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਮਿਲਣ ਨਹੀਂ ਸੀ ਗਿਆ, ਪਹਿਲਾਂ ਵੀ ਕਈ ਵਾਰ ਜਾਂਦਾ ਰਿਹਾ ਹੈ। ਨਾ ਤਾਂ ਉਨ੍ਹਾਂ ਨਾਲ ਪ੍ਰਤੀਨਿਧੀ ਮੰਡਲ ਵਿੱਚ ਜਾਣ ਵਾਲਿਆਂ ਵਿਚੋਂ ਅਤੇ ਨਾ ਹੀ ਉਨ੍ਹਾਂ ਦੇ ਵਿਰੋਧੀਆਂ ਵਿਚੋਂ ਕਿਸੇ ਨੇ ਕਦੀ ਇਹ ਨਹੀਂ ਸੀ ਦਸਿਆ ਕਿ ਸ. ਸਰਨਾ ਨੂੰ ਕਿਰਪਾਨ ਲਾਹ ਕੇ ਮਿਲਣ ਜਾਣਾ ਪਿਆ। ਇਸ ਵਾਰ ਕੀ ਗਲ ਹੋ ਗਈ ਕਿ ਸ. ਸਰਨਾ ਦੇ ਵਿਰੋਧੀਆਂ ਨੂੰ ਇਹ ਕਹਿਣ ਦੀ ਲੋੜ ਪੈ ਗਈ।
ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਕੇਂਦ੍ਰੀ ਸਿੰਘ ਸਭਾ ਦੇ ਪ੍ਰਧਾਨ ਸ. ਤਰਵਿੰਦਰ ਸਿੰਘ ਮਰਵਾਹ ਨੇ ਪਤ੍ਰਕਾਰਾਂ ਨਾਲ ਹੋਈ ਇਕ ਮੁਲਾਕਾਤ ਦੌਰਾਨ ਸ. ਤੇਜਵੰਤ ਸਿੰਘ ਦਾ ਨਾਂ ਲੈ ਕੇ, ਜਿਸਤਰ੍ਹਾਂ ਸ. ਪਰਮਜੀਤ ਸਿੰਘ ਸਰਨਾ ਪੁਰ ਨਿਸ਼ਾਨਾ ਸਾਧਿਆ। ਉਸ ਤੋਂ ਵੀ ਇਹੀ ਜਾਪਦਾ ਹੈ ਕਿ ਉਨ੍ਹਾਂ ਸ. ਤੇਜਵੰਤ ਸਿੰਘ ਦਾ ਸਹਾਰਾ ਲੈ ਕੇ ਸ. ਸਰਨਾ ਵਿਰੁਧ ਕੋਈ ਕਿੜ ਕਢੀ। ਉਨ੍ਹਾਂ ਦਾ ਕਹਿਣਾ ਸੀ ਕਿ ਸ. ਸਰਨਾ ਨੇ ਇਕ ਅਜਿਹੇ ਵਿਅਕਤੀ ਨੂੰ ਮਾਤਾ ਸੁੰਦਰੀ ਕਾਲਜ ਆਫ ਵੁਮਨ ਦਾ ਚੇਅਰਮੈਨ ਬਣਾਇਆ ਹੈ, ਜਿਸ ਪੁਰ ਸੈਂਕੜੇ ਲੋਕਾਂ ਨਾਲ ਫਰਾਡ ਕਰਨ ਦਾ ਦੋਸ਼ ਹੈ ਅਤੇ ਇਸੇ ਗੁਨਾਹ ਕਾਰਣ ਉਹ ਅਤੇ ਉਸਦਾ ਸਾਰਾ ਪਰਿਵਾਰ ਲੰਮਾਂ ਸਮਾਂ ਜੇਲ੍ਹ ਵਿੱਚ ਰਿਹਾ ਹੈ। ਇਸੇ ਗਲ ਨੂੰ ਲੈ ਕੇ ਉਹ ਸ. ਸਰਨਾ ਨੂੰ ਲੰਮੇਂ ਹਥੀਂ ਲੈ ਰਹੇ ਹਨ। ਹੈਰਾਨੀ ਦੀ ਗਲ ਇਹ ਹੈ ਕਿ ਸ. ਤੇਜਵੰਤ ਸਿੰਘ ਕਾਫੀ ਸਮਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ‘ਫਾਈਨਾਂਸਰ’ ਰਹੇ, ਉਸ ਸਮੇਂ ਕਿਸੇ ਨੇ ਉਨ੍ਹਾਂ ਪੁਰ ਅਜਿਹਾ ਦੋਸ਼ ਨਹੀਂ ਸੀ ਲਾਇਆ। ਹੁਣ ਉਨ੍ਹਾਂ ਪੁਰ ਇਹ ਦੋਸ਼ ਕਿਉਂ ਲਾਇਆ ਗਿਆ? ਕੀ ਉਸ ਸਮੇਂ, ਜਦੋਂ ਉਹ ਬਾਦਲ ਦਲ ਦੇ ਨਾਲ ਰਹੇ ਤਦ ਤਕ ਉਹ ਦੁੱਧ ਧੋਤੇ ਰਹੇ ਅਤੇ ਉਸਦਾ ਸਾਥ ਛੱਡਦਿਆਂ ਹੀ ਦਾਗ਼ੀ ਹੋ ਗਏ?
ਭਾਜਪਾ ਬਨਾਮ ਸਿੱਖ : ਦਸਿਆ ਜਾਂਦਾ ਹੈ ਕਿ ਅਗਲੇ ਵਰ੍ਹੇ ਹੋਣ ਵਾਲੀਆਂ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੇ ਮੱਦੇ-ਨਜ਼ਰ ਭਾਜਪਾ ਨਾਲ ਸਿੱਧੇ ਜੁੜੇ ਚਲੇ ਆ ਰਹੇ ਸਿੱਖਾਂ ਨੇ ਇਸ ਵਾਰ ਪਾਰਟੀ ਲੀਡਰਸ਼ਿਪ ਨੂੰ ਤਿਖੇ ਤੇਵਰ ਵਿਖਾਣ ਦੀ ਰਣਨੀਤੀ ਬਣਾਉਣ ਦਾ ਨਿਰਣਾ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਉਹ ਭਾਜਪਾ ਨੂੰ ਸਿੱਖਾਂ ਵਿੱਚ ਸਥਾਪਤ ਕਰਨ ਲਈ ਦਿਨ-ਰਾਤ ਇਕ ਕਰਦੇ ਚਲੇ ਆ ਰਹੇ ਹਨ। ਪਰ ਜਦੋਂ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿਤਾ ਜਾਂਦਾ ਹੈ। ਸਿੱਖ ਕੋਟੇ ਦੀਆਂ ਟਿਕਟਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਝੋਲੀ ਵਿੱਚ ਪਾ ਦਿਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਪਾਰਟੀ ਨੂੰ ਜਿਤਾਣ ਦੇ ਮੋਰਚੇ ਪੁਰ ਤੈਨਾਤ ਕਰ ਦਿਤਾ ਜਾਂਦਾ ਹੈ। ਪਾਰਟੀ ਪ੍ਰਤੀ ਵਫਾਦਾਰੀ ਉਨ੍ਹਾਂ ਨੂੰ ਆਪਣੇ ਨਾਲ ਹੋਣ ਵਾਲੇ ਇਸ ਅਨਿਆਇ ਦੇ ਵਿਰੁਧ ਮੂੰਹ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੰਦੀ ਹੈ। ਪ੍ਰੰਤੂ ਇਸ ਵਾਰ ਉਹ ਸਮੇਂ ਤੋਂ ਪਹਿਲਾਂ ਹੀ ਆਪਣੀ ਆਵਾਜ਼ ਕੇਂਦਰੀ ਲੀਡਰਸ਼ਿਪ ਤਕ ਪਹੁੰਚਾ ਕੇ, ਉਸਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਜੇ ਇਸ ਵਾਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਉਨ੍ਹਾਂ ਨੂੰ ਪਾਰਟੀ ਦੀ ਜਿਤ ਲਈ ਕੰਮ ਕਰਨ ਦੀ ਬਜਾਏ, ਘਰ ਬੈਠਣ ਲਈ ਮਜਬੂਰ ਹੋ ਜਾਣਾ ਪਵੇਗਾ।
ਭਾਜਪਾ ਦੇ ਇਕ ਸਿੱਖ ਮੁੱਖੀ ਨੇ ਨਿਜੀ ਗਲਬਾਤ ਵਿੱਚ ਦਸਿਆ ਕਿ ਭਾਜਪਾ ਨਾਲ ਸਿਧੇ ਜੁੜੇ ਚਲੇ ਆ ਰਹੇ ਸਿੱਖ, ਗਠਜੋੜ ਦੀਆਂ ਮਾਨਤਾਵਾਂ ਦਾ ਪਾਲਨ ਕਰਦਿਆਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਉਸਦਾ ਬਣਦਾ ਹਿੱਸਾ ਦਿਤੇ ਜਾਣ ਦੇ ਵਿਰੁਧ ਨਹੀਂ ਹਨ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਗਠਜੋੜ ਦੀ ਕੀਮਤ ਤੇ ਉਨ੍ਹਾਂ ਨੂੰ ਅਣਗੋਲਿਆਂ ਨਹੀਂ ਕੀਤਾ ਜਾਣਾ ਚਾਹੀਦਾ। ਉਧਰ ਇਹ ਵੀ ਦਸਿਆ ਗਿਆ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਇਸਦੀ ਭਿਣਕ ਪੈ ਗਈ ਹੈ ਅਤੇ ਉਸਨੇ ਸਮੇਂ ਤੋਂ ਪਹਿਲਾਂ ਹੀ ਸਥਿਤੀ ਨੂੰ ਸੰਭਾਲਣ ਦੀ ਕਵਾਇਦ ਸ਼ੁਰੂ ਕਰ ਦਿਤੀ ਹੈ। ਉਸਨੇ ਇਕ ਪਾਸੇ ਮੰਡਲ ਅਤੇ ਜ਼ਿਲਾ ਇਕਾਈਆਂ ਵਿੱਚ ਸਿੱਖਾਂ ਲਈ ਇਕ-ਇਕ ਅਹੁਦਾ ਰਾਖਵਾਂ ਕਰਨ ਦੀ ਹਿਦਾਇਤ ਜਾਰੀ ਕਰ ਦਿਤੀ ਹੈ, ਅਤੇ ਦੂਜੇ ਪਾਸੇ ਉਨ੍ਹਾਂ ਹਲਕਿਆਂ, ਜਿਨ੍ਹਾਂ ਵਿੱਚ ਪਾਰਟੀ ਦੇ ਸਿੱਖ ਉਮੀਦਵਾਰਾਂ ਦੀ ਜਿਤ ਯਕੀਨੀ ਹੋ ਸਕਦੀ ਹੈ, ਦੀ ਨਿਸ਼ਾਨਦੇਹੀ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰਵਾ ਦਿਤੀ ਹੈ।
ਅਕਾਲ ਤਖ਼ਤ ਦੇ ਜਥੇਦਾਰ ਬਨਾਮ ਸ. ਸਰਨਾ : ਪਿਛਲੇ ਦਿਨੀਂ ਤਿਲਕ ਨਗਰ ਸਥਿਤ ਪਸ਼ੋਰੀਆਂ ਦੇ ਗੁਰਦੁਆਰੇ ਹੋਏ ਇਕ ਗੁਰਮਤਿ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਇਕੋ ਹੀ ਸਟੇਜ ਤੇ ਇਕਠੇ ਹੋ ਗਏ। ਇਸ ਮੌਕੇ ਤੇ ਦੋਹਾਂ ਨੇ ਇਕ-ਦੂਜੇ ਨੂੰ ਸਿਰੋਪਾ ਦੇ ਕੇ ਸਨਮਾਨਤ ਵੀ ਕੀਤਾ।(ਫੋਟੋ ਨੱਥੀ ਹੈ) ਸ. ਸਰਨਾ ਨੇ ਇਸ ਮੌਕੇ ਤੇ ਦਿਤੇ ਆਪਣੇ ਭਾਸ਼ਣ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਕਾਲੀ ਬਾਬਾ ਫੂਲਾ ਸਿੰਘ ਜਿਹੀ ਦ੍ਰਿੜ੍ਹ ਸੋਚ ਅਪਨਾਉਣ ਦੀ ਸਲਾਹ ਦਿਤੀ, ਜਿਸ ਨਾਲ ਕੋਈ ਉਨ੍ਹਾਂ ਅਤੇ ਸ੍ਰੀ ਅਕਾਲ ਤਖ਼ਤ ਨੂੰ ਆਪਣੇ ਨਿਜੀ ਸੁਆਰਥ ਲਈ ਇਸਤੇਮਾਲ ਨਾ ਕਰ ਸਕੇ ਅਤੇ ਉਹ ਆਪ ਸਿੱਖ ਧਰਮ ਦੀ ਮਰਿਆਦਾਵਾਂ ਅਤੇ ਮਾਨਤਾਵਾਂ ਦੀ ਰਖਿਆ ਕਰਨ ਵਿੱਚ ਸਫਲ ਹੋ ਸਕਣ। ਸ. ਸਰਨਾ ਨੇ ਇਸ ਮੌਕੇ ਤੇ ਇਹ ਵੀ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸਦਾ ਹੀ ਅਕਾਲ ਤਖ਼ਤ ਪ੍ਰਤੀ ਸਮਰਪਤ ਰਹੇ ਹਨ, ਹੁਣ ਵੀ ਹਨ ਅਤੇ ਸਦਾ ਰਹਿਣਗੇ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਕ ਸਮਰਪਤ ਸਿੱਖ ਹੋਣ ਕਾਰਣ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਜਦ-ਕਦੀ ਵੀ ਅਤੇ ਜਿਥੇ-ਕਿਥੇ ਵੀ ਸਿੱਖ ਮਾਨਤਾਵਾਂ ਅਤੇ ਮਰਿਆਦਾਵਾਂ ਦਾ ਘਾਣ ਹੋਣ ਦੀ ਗਲ ਸਾਹਮਣੇ ਆਏ ਤਾਂ ਉਹ ਉਸਦੇ ਵਿਰੁਧ ਆਵਾਜ਼ ਉਠਾ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਾਵਧਾਨ ਕਰਨ। ਦਸਿਆ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ. ਸਰਨਾ ਦੀ ਕਿਸੇ ਵੀ ਗਲ ਤੇ ਕੋਈ ਟਿੱਪਣੀ ਨਾ ਕਰ, ਪੰਥ ਵਿੱਚ ਏਕਤਾ ਕੀਤੇ ਜਾਣ ਤੇ ਜ਼ੋਰ ਦਿਤਾ। 
ਸ਼੍ਰੋਮਣੀ ਅਕਾਲੀ ਦਲ (ਬਾਦਲ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਬਣ ਰਹੀ ਸੰਭਾਵਨਾ ਨੂੰ ਵੇਖਦਿਆਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਵਿੱਚ ਤਾਂ ਨਹੀਂ, ਪ੍ਰੰਂਤੂ ਦਲ ਦੇ ਵਰਕਰਾਂ ਵਿੱਚ ਜ਼ਰੂਰ ਬੇਚੈਨੀ ਵੇਖਣ ਨੂੰ ਮਿਲ ਰਹੀ ਹੈ। ਇਸਦਾ ਕਾਰਣ ਇਹ ਹੈ ਕਿ ਅਜੇ ਤਕ ਉਨ੍ਹਾਂ ਦਾ ਮਾਰਗ-ਦਰਸ਼ਨ ਕਰਨ ਕੋਈ ਵੀ ਉਨ੍ਹਾਂ ਤਕ ਨਹੀਂ ਪੁਜਾ। ਸ. ਜਸਬੀਰ ਸਿੰਘ ਕਾਕਾ ਨੂੰ ਅਜੇ ਤਕ ਇਹ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਸ ਵਾਰ ਦਲ ਦੇ ਮੁੱਖੀ ਉਨ੍ਹਾਂ ਨਾਲ ਇਨਸਾਫ ਕਰਨਗੇ ਜਾਂ ਫਿਰ ਪਹਿਲਾਂ ਵਾਂਗ ਹੀ ਉਨ੍ਹਾਂ ਦੀ ਪਿਠ ਵਿੱਚ ਛੁਰਾ ਘੋਂਪ ਦੇਣਗੇ? ਜਦਕਿ ਸ. ਕੁਲਦੀਪ ਸਿੰਘ ਸਾਹਨੀ ਸਰੋਜਨੀ ਨਗਰ ਦਾ ਕਹਿਣਾ ਹੈ ਕਿ ਅਜੇ ਤਕ ਮਤਦਾਤਾ ਬਨਾਉਣ ਵਿੱਚ ਉਨ੍ਹਾਂ ਦਾ ਮਾਰਗ-ਦਰਸ਼ਨ ਕਰਨ ਕੋਈ ਨਹੀਂ ਪੁਜਾ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਨੂੰ ਮਤਦਾਤਾ ਬਨਾਉਣ ਵਿੱਚ ਅਮਲੀ ਭੂਮਿਕਾ ਨਿਭਾਉਣੀ ਚਾਹੀਦੀ ਵੀ ਹੈ ਜਾਂ ਨਹੀਂ। ਕਿਧਰੇ ਅਜਿਹਾ ਤਾਂ ਨਹੀਂ ਹੋਵੇਗਾ ਕਿ ਉਹ ਮਤਦਾਤਾ ਬਣਾਂਦੇ ਰਹਿ ਜਾਣ ਤੇ ਪਾਰਟੀ ਟਿਕਟ ਕੋਈ ਹੋਰ ਲੈ ਜਾਏ। ਇਸੇ ਤਰ੍ਹਾਂ ਦਲ ਕੇ ਕਈ ਹੋਰ ਵਰਕਰਾਂ ਵਿੱਚ ਵੀ ਭਰਮ ਦੀ ਸਥਿਤੀ ਬਣੀ ਚਲੀ ਆ ਰਹੀ ਹੈ।
…ਅਤੇ ਅੰਤ ਵਿੱਚ : ਕੁਝ ਇਕ ਲੋਕੀ ਇਹ ਮੰਨ ਕੇ ਨਕਾਰ-ਆਤਮਕ ਬਿਆਨਬਾਜ਼ੀ ਕਰਦੇ ਹਨ ਕਿ ਜਿਸਦੇ ਵਿਰੁਧ ਉਹ ਬਿਆਨਬਾਜ਼ੀ ਕਰ ਰਹੇ ਹਨ, ਉਸ ਵਲੋਂ ਉਨ੍ਹਾਂ ਦੇ ਬਿਆਨ ਦਾ ਨੋਟਸ ਲਏ ਜਾਣ ਤੇ ਉਨ੍ਹਾਂ ਦੇ ਇਕ ਵੱਡੇ ਨੇਤਾ ਵਜੋਂ ਸਥਾਪਤ ਹੋਣ ਦਾ ਵਾਤਾਵਰਣ ਬਣਨ ਲਗੇਗਾ, ਪ੍ਰੰਤੂ ਜਦੋਂ ਉਨ੍ਹਾਂ ਦੇ ਬਿਆਨ ਦਾ ਕੋਈ ਨੋਟਸ ਨਹੀਂ ਲੈਂਦਾ ਤਾਂ ਉਹ ਪ੍ਰੇਸ਼ਾਨ ਹੋ ਉਠਦੇ ਹਨ ਅਤੇ ਉਸ ਪ੍ਰੇਸ਼ਾਨੀ ਵਿਚੋਂ ਉਭਰਨ ਲਈ ਉਹ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਉਨ੍ਹਾਂ ਦੇ ਇਕੋ ਬਿਆਨ ਨੇ ਵਿਰੋਧੀ ਦੀ ਬੋਲਤੀ ਬੰਦ ਕਰ ਦਿਤੀ ਹੈ। ਜਦਕਿ ਜ. ਸੰਤੋਖ ਸਿੰਘ ਦੇ ਸ਼ਬਦਾਂ ਵਿੱਚ ਅਸਲੀ ਗਲ ਇਹ ਹੁੰਦੀ ਹੈ ਕਿ ਵਿਰੋਧੀ ਤਾਂ ਉਨ੍ਹਾਂ ਵਿਰੁਧ ਬਿਆਨਬਾਜ਼ੀ ਕਰ, ਉਨ੍ਹਾਂ ਦੀ ਚੜ੍ਹਤ ਤੋਂ ਪ੍ਰੇਸ਼ਾਨ ਹੋਣ ਅਤੇ ਉਨ੍ਹਾਂ ਤੋਂ ਡਰਨ ਦਾ ਅਹਿਸਾਸ ਦੇ ਰਹੇ ਹਨ, ਪਰ ਉਹ ਕਿਉਂ ਉਨ੍ਹਾਂ ਦੇ ਵਿਰੁਧ ਬਿਆਨ ਦੇ ਕੇ ਅਜਿਹਾ ਹੀ ਪ੍ਰਭਾਵ ਦੇਣ ਦੇ ਭਾਗੀ ਬਣਨ?
Mobile : + 919868917731                                            
E-mail : jaswantsinghajit@gmail.com


 

Translate »