November 11, 2011 admin

ਰਾਜਸੱਤਾ ਲਈ ਧਾਰਮਕ ਸਿੱਖ ਸੰਸਥਾਵਾਂ ਦਾ ਘਾਣ ਹੋ ਰਿਹੈ

ਇਕ ਸੱਚਾਈ ਜੋ ਬਹੁਤ ਹੀ ਕੌੜੀ ਹੈ, ਉਹ ਇਹ ਹੈ ਕਿ ਸਤਿਗੁਰਾਂ ਦੀ ਵਰੋਸਾਈ ਧਰਤੀ, ਪੰਜਾਬ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਹੋਰ ਧਾਰਮਕ ਸੰਸਥਾਵਾਂ ਸਿੱਖੀ ਦਾ ਪ੍ਰਚਾਰ ਕਰਨ ਅਤੇ ਉਸ ਪੁਰ ਹਰ ਸਾਲ ਲੱਖਾਂ ਹੀ ਨਹੀਂ, ਸਗੋਂ ਕਰੋੜਾਂ ਰੁਪਏ ਖਰਚ ਕਰਨ ਦਾ ਦਾਅਵਾ ਕਰਦੀਆਂ ਚਲੀਆਂ ਆ ਰਹੀਆਂ ਹਨ, ਉਥੇ ਸਿੱਖੀ ਦੀ ਹਾਲਤ ਵੇਖ-ਸੁਣ ਕੇ ਖੂਨ ਦੇ ਅਥਰੂ ਵਹਾਣ ਨੂੰ ਜੀਅ ਕਰਦਾ ਹੈ। ਪਤੱਤਪੁਣਾ ਲਗਾਤਾਰ ਵਧਦਾ ਜਾ ਰਿਹਾ ਹੈ। ਸਿੱਖੀ ਵਿਰਸੇ ਨਾਲ ਜੁੜਨ ਜਾਂ ਜੁੜੇ ਰਹਿਣ ਦੀ ਭਾਵਨਾ ਕਿਧਰੇ ਵਿਖਾਈ ਨਹੀਂ ਦੇ ਰਹੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਗੁਰਦੁਆਰਿਆਂ ਦੀ ਆਮਦਨ ਵਿੱਚ ਵੀ ਅੰਤਾਂ ਦਾ ਵਾਧਾ ਹੋ ਰਿਹਾ ਹੈ, ਪਰ ਸਿੱਖੀ-ਸਰੂਪ ਲਗਾਤਾਰ ਘਟਦਾ ਜਾ ਰਿਹਾ ਹੈ। ਸਿੱਖੀ ਦੇ ਸ਼ੁਭ-ਚਿੰਤਕਾਂ ਦੇ ਸ਼ਬਦਾਂ ਵਿੱਚ ‘ਜਦੋਂ ਗੁਰਦੁਆਰਿਆਂ ਦੀਆਂ ਇਮਾਰਤਾਂ ਕਚੀਆਂ ਹੁੰਦੀਆਂ ਸਨ ਤਾਂ ਸਿੱਖੀ ਮਜ਼ਬੂਤ ਹੁੰਦੀ ਸੀ, ਪਰ ਅਜ ਉਨ੍ਹਾਂ (ਗੁਰਦੁਆਰਿਆਂ) ਦੀਆਂ ਇਮਾਰਤਾਂ ਜਿਤਨੀਆਂ ਪੱਕੀਆਂ ਹੁੰਦੀਆਂ ਜਾ ਰਹੀਆਂ ਹਨ, ਸਿੱਖੀ ਉਤਨੀ ਹੀ ਕੱਚੀ ਹੁੰਦੀ ਜਾ ਰਹੀ ਹੈ। ਗੁਰਦੁਆਰਿਆਂ ਦੇ ਗੁੰਬਦਾਂ ਤੇ ਸੋਨਾ ਚੜ੍ਹਦਾ ਜਾ ਰਿਹਾ ਹੈ, ਪਰ ਅੰਦਰੋਂ ਸਿੱਖੀ ਗ਼ਾਇਬ ਹੁੰਦੀ ਜਾ ਰਹੀ ਹੈ’।
ਜਿਨ੍ਹਾਂ ਸੰਸਥਾਵਾਂ ਨੇ ਸਿੱਖੀ ਪ੍ਰਚਾਰ ਦਾ ਬੀੜਾ ਚੁਕਿਆ ਹੋਇਆ ਹੈ, ਉਨ੍ਹਾਂ ਵਿਚੋਂ ਬਹੁਤੀਆਂ ਸੰਸਥਾਵਾਂ ਤਾਂ ਦੁਕਾਨਾਂ ਹੀ ਬਣਕੇ ਰਹਿ ਗਈਆਂ ਹੋਈਆਂ ਹਨ। ਕੁਝ ਸੰਸਥਾਵਾਂ ਨੇ ਤਾਂ ਧਰਮ ਪ੍ਰਚਾਰ ਨੂੰ ਲੋਕਾਂ ਪਾਸੋਂ ਪੈਸਾ ਬਟੋਰਨ ਦਾ ਧੰਦਾ ਬਣਾ ਲਿਆ ਹੈ ਤੇ ਕੁਝ ਵਲੋਂ ਪ੍ਰਚਾਰ ਦੇ ਨਾਂ ਤੇ ਅਜਿਹਾ ਸਾਹਿਤ ਪ੍ਰਚਾਰਤ ਕੀਤਾ ਜਾ ਰਿਹਾ ਹੈ, ਜੋ ਸਿੱਖੀ ਦਾ ਪ੍ਰਚਾਰ ਕਰਨ ਅਤੇ ਉਸ ਪ੍ਰਤੀ ਸ਼ਰਧਾ-ਪੂਰਣ ਵਿਸ਼ਵਾਸ ਦ੍ਰਿੜ੍ਹ ਕਰਵਾਉਣ ਦੀ ਬਜਾਏ, ਵਿਵਾਦ ਪੈਦਾ ਕਰ, ਵਧਾਉਣ ਵਿੱਚ ਹੀ ਮਦਦਗਾਰ ਸਾਬਤ ਹੋ ਰਿਹਾ ਹੈ।
ਆਪਣੇ-ਆਪ ਨੂੰ ਵੱਡੇ ਖੋਜੀ ਅਤੇ ਵਿਦਵਾਨ ਸਾਬਤ ਕਰਨ ਦੀ ਹੋੜ ਵਿੱਚ ਇਤਿਹਾਸ ਵਿੱਚ ਨਵੀਆਂ ਤੋਂ ਨਵੀਆਂ ਉਲਝਣਾ ਪਾਈਆਂ ਜਾ ਰਹੀਆਂ ਹਨ ਅਤੇ ਗਰਬਾਣੀ ਦੇ ਅਰਥਾਂ ਦੇ ਅਨਰਥ ਕਰ, ਉਨ੍ਹਾਂ ਦੇ ਆਧਾਰ ਤੇ ਹੀ ਵਿਆਖਿਆ ਕਰ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪੈਦਾ ਕਰ ਦਿਤੇ ਗਏ ਹਨ। ਇਨ੍ਹਾਂ ਭਰਮਾਂ-ਭੁਲੇਖਿਆਂ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਵਲੋਂ ਉਠਾਏ ਜਾਂਦੇ ਸੁਆਲਾਂ ਦੇ ਤਸਲੀਬਖ਼ਸ਼ ਜੁਆਬ ਦੇਣ ਦੀ ਬਜਾਏ, ਅਖੌਤੀ ਕਹਾਣੀਆਂ ਘੜ, ਉਨ੍ਹਾਂ ਪੁਰ ਵਿਸ਼ਵਾਸ ਕਰਨ ਲਈ, ਮਜਬੂਰ ਕੀਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਪੁਰ ਉਹ ਆਪਣੀ ਕਥਤ ਖੋਜ ਦਾ ਸਿੱਕਾ ਬਿਠਾ ਸਕਣ। ਪਰ ਨਤੀਜਾ ਇਹ ਹੋ ਰਿਹਾ ਹੈ, ਕਿ ਨੌਜਵਾਨ ਅਸੰਤੁਸ਼ਟ ਤੇ ਨਿਰਾਸ਼ ਹੋ, ਸਿੱਖੀ ਦੀਆਂ ਸਥਾਪਤ ਮਾਨਤਾਵਾਂ ਨਾਲੋਂ ਟੁੱਟਦਾ ਜਾ ਰਿਹਾ ਹੈ ਅਤੇ ਉਸ ਵਿੱਚ ਬਗ਼ਾਵਤੀ ਸੁਰ ਉਭਰਣ ਲਗੇ ਹਨ।
ਗੁਰਧਾਮ, ਜੋ ਕਿਸੇ ਸਮੇਂ ਸਿੱਖੀ ਪ੍ਰਚਾਰ ਦੇ ਸੋਮੇ ਸਵੀਕਾਰੇ ਜਾਂਦੇ ਸਨ। ਅਜ ਉਨ੍ਹਾਂ ਵਿਚਲੇ ਪ੍ਰਚਾਰ ਦੇ ਸੋਮੇਂ ਸੁਕਦੇ ਜਾ ਰਹੇ ਹਨ। ਇਥੋਂ ਤਕ ਕਿ ਸਿੱਖੀ ਦੇ ਸਰਵੁਚ ਧਾਰਮਕ ਅਸਥਾਨਾਂ ਦੇ ਸਨਮਾਨਤ ਅਹੁਦਿਆਂ ਪੁਰ ਬਿਰਾਜਮਾਨ ਸ਼ਖਸੀਅਤਾਂ ਵੀ ਆਪਣੇ ਅਹੁਦੇ ਦੇ ਸਨਮਾਨ, ਸਤਿਕਾਰ ਅਤੇ ਵਕਾਰ ਨੂੰ ਬਣਾਈ ਰੱਖਣ ਅਤੇ ਆਪਣੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਈਮਾਨਦਾਰੀ ਨਾਲ ਨਿਭਾਉਣ ਪ੍ਰਤੀ ਸਮਰਪਤ ਹੋਣ ਦੀ ਬਜਾਏ, ਉਸ ਨਾਲ ਚਿਮੜੇ ਰਹਿਣ ਲਈ ਜਾਂ ਤਾਂ ਆਪ ਰਾਜਨੀਤੀ ਕਰਨ ਲਗ ਪਈਆਂ ਹਨ, ਜਾਂ ਫਿਰ ਰਾਜਸੀ ਵਿਅਕਤੀਆਂ ਦੀ ਕਠਪੁਤਲੀ ਬਣ, ਉਨ੍ਹਾਂ ਦੇ ਇਸ਼ਾਰਿਆਂ ਤੇ ਨੱਚਣ ਲਗੀਆਂ ਹਨ।
ਅਜ ਜੋ ਸਥਿਤੀ ਬਣ ਗਈ ਹੋਈ ਹੈ, ਉਸਦੇ ਲਈ ਕਿਸੇ ਇਕ ਵਿਅਕਤੀ ਨੂੰ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ, ਅਸਲ ਵਿੱਚ ਵਿਗੜਿਆ ਹੋਇਆ ਸਾਰਾ ਸਿਸਟਮ ਹੀ ਇਸਦੇ ਲਈ ਜ਼ਿਮੇਂਦਾਰ ਹੈ। ਅਜ ਹਾਲਾਤ ਅਜਿਹੇ ਬਣ ਗਏ ਹੋਏ ਹਨ ਜਾਂ ਬਣਾ ਦਿਤੇ ਗਏ ਹਨ, ਜਿਨ੍ਹਾਂ ਨੇ ਧਰਮ ਅਤੇ ਰਾਜਨੀਤੀ ਨੂੰ ਆਪੋ ਵਿੱਚ ਇਉਂ ਰਲਗੱਡ ਕਰ ਦਿਤਾ ਹੈ, ਕਿ ਇਨ੍ਹਾਂ ਨੂੰ ਇਕ-ਦੂਜੇ ਤੋਂ ਵੱਖ ਕਰਨਾ ਜੇ ਨਾਮੁਮਕਿਨ ਨਹੀਂ ਤਾਂ ਮੁਸ਼ਕਲ ਜ਼ਰੂਰ ਹੋ ਗਿਆ ਹੋਇਆ ਹੈ। ਜੇ ਕੋਈ ਇਸ ਮੁਸ਼ਕਲ ਨੂੰ ਹਲ ਕਰਨ ਲਈ ਆਵਾਜ਼ ਉਠਾਂਦਾ ਹੈ, ਜਾਂ ਹੰਭਲਾ ਮਾਰਦਾ ਹੈ ਤਾਂ ਧਰਮ ਤੇ ਰਾਜਨੀਤੀ ਪੁਰ ਕੁੰਡਲ ਮਾਰੀ ਬੈਠੇ ਕੌਮ ਦੇ ਠੇਕੇਦਾਰ ਉਸਦਾ ਜੀਣਾ ਹਰਾਮ ਕਰ ਦਿੰਦੇ ਹਨ। ਉਸਦੇ ਵਿਰੁਧ ਫਤਵਾ ਜਾਰੀ ਕਰ ਦਿਤਾ ਜਾਂਦਾ ਹੈ ਕਿ ਉਹ ਗੁਰੂ ਸਾਹਿਬਾਨ ਵਲੋਂ ਸਥਾਪਤ ਕੀਤੀਆਂ ਗਈਆਂ ਹੋਈਆਂ ਸਿੱਖੀ ਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਪੁਰ ਕੁਹਾੜਾ ਮਾਰ ਰਿਹਾ ਹੈ।
ਅਜ ਹਾਲਤ ਇਹ ਹੋ ਗਈ ਹੋਈ ਹੈ ਕਿ ਜੇ ਰਾਜਸੱਤਾ ਚਾਹੀਦੀ ਹੈ ਤਾਂ ਉਸ ਪੁਰ ਪੁਜਣ ਲਈ ਕੌਮ ਦੀਆਂ ਧਾਰਮਕ ਭਾਵਨਾਵਾਂ ਦਾ ਸ਼ੌਸ਼ਣ ਕਰਨਾ ਸ਼ੁਰੂ ਕਰ ਦਿਉ! ਜਦੋ ਧਾਰਮਕ ਸੰਸਥਾਵਾਂ ਨੂੰ ਆਪਣੇ ਰਾਜਸੀ ਸੁਆਰਥ ਲਈ ਵਰਤਣ ਦੀ ਲੋੜ ਹੋਵੇ ਤਾਂ ਉਨ੍ਹਾਂ ਪੁਰ ਕਬਜ਼ਾ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਹਥਕੰਡੇ ਵਰਤਣ ਤੋਂ ਨਾ ਤਾਂ ਕੋਈ ਸੰਕੋਚ ਕਰੋ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸ਼ਰਮ ਮਹਿਸੂਸ ਕਰੋ, ਮਤਲਬ ਇਹ ਕਿ ਹਰ ਤਰ੍ਹਾਂ ਦਾ ਜਾਇਜ਼-ਨਾਜਾਇਜ਼ ਹਥਕੰਡਾ ਵਰਤ ਲਉ। ਫਿਰ ਆਪਣੇ ਸੁਆਰਥ ਨੂੰ ਪੁਰਿਆਂ ਕਰਨ ਦੇ ਉਦੇਸ਼ ਨਾਲ ਉਨ੍ਹਾਂ ਦੀ ਵਰਤੋਂ ਕਰਨ ਲਈ, ਉਨ੍ਹਾਂ ਵਿੱਚ ਪ੍ਰਚਲਤ ਅਤੇ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਵੀ ਘਾਣ ਕਰਨਾ ਸ਼ੁਰੂ ਕਰ ਦਿਉ ਅਤੇ ਇਸ ਬਦਲਾਉ ਨੂੰ ਠੀਕ ਸਾਬਤ ਕਰਨ ਲਈ, ਉਨ੍ਹਾਂ ਦੀ ਪ੍ਰੀਭਾਸ਼ਾ ਨੂੰ ਵੀ ਆਪਣੀ ਇੱਛਾ ਅਨੁਸਾਰ ਢਾਲ ਲਉ। 
ਮਤਲਬ ਇਹ ਕਿ ਵਰਤਮਾਨ ਸਮੇਂ ਵਿੱਚ ਰਾਜਸੱਤਾ ਲਈ ਧਰਮ ਅਤੇ ਧਾਰਮਕ ਸੰਸਥਾਵਾਂ ਦੀ ਵਰਤੋਂ ਕਰਨ ਅਤੇ ਧਾਰਮਕ ਖੇਤ੍ਰ ਵਿੱਚ ਆਪਣੇ ਪ੍ਰਭਾਵ ਨੂੰ ਸਥਾਪਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡਿਆਂ ਦੀ ਵਰਤੋਂ ਕਰਨਾ ਆਮ ਗਲ ਹੋ ਗਈ ਹੋਈ ਹੈ। ਫਲਸਰੂਪ ਅਜ ਨਾ ਤਾਂ ਧਰਮ ਨੂੰ ਧਰਮ ਅਤੇ ਨਾ ਹੀ ਰਾਜਨੀਤੀ ਨੂੰ ਰਾਜਨੀਤੀ ਰਹਿਣ ਦਿਤਾ ਗਿਆ ਹੈ।
ਫਿਰ ਹਨੇਰ ਸਾਈਂ ਦਾ, ਜਿਹੜੇ ਲੋਕੀ ਅਜਿਹਾ ਕਰ ਰਹੇ ਹਨ ਅਤੇ ਜਿਨ੍ਹਾਂ ਨੇ ਅਜਿਹਾ ਕੀਤਾ ਹੈ, ਉਹ ਆਪਣੇ ਗੁਨਾਹ ਨੂੰ ਸਵੀਕਾਰ ਕਰਨ ਦੀ ਬਜਾਏ, ਆਪਣੇ ਆਪਨੂੰ ਬੇਗੁਨਾਹ ਸਾਬਤ ਕਰਨ ਲਈ, ਗੁਰੂ ਸਾਹਿਬ ਦੇ ਨਾਂ ਦੀ ਵਰਤੋਂ ਕਰਦਿਆਂ, ਇਹ ਆਖਣਾ ਸ਼ੁਰੂ ਕਰ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਹੀ ਤਾਂ ਧਰਮ ਅਤੇ ਰਾਜਨੀਤੀ ਨੂੰ ਇਕਠਿਆਂ ਕੀਤਾ ਹੈ। ਉਹ ਇਹ ਸਵੀਕਾਰ ਕਰਨ ਲਈ ਤਿਆਰ ਹੀ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੇ ਧਰਮ ਤੇ ਰਾਜਨੀਤੀ ਨੂੰ ਇਕਠਿਆਂ ਨਹੀਂ ਕੀਤਾ, ਸਗੋਂ ਭਗਤੀ ਅਤੇ ਸ਼ਕਤੀ ਨੂੰ ਇਕ-ਦੂਜੇ ਦੇ ਪੂਰਕ ਵਜੋਂ ਸਥਾਪਤ ਕੀਤਾ ਹੈ। ਇਸਦੀ ਪ੍ਰਤੱਖ ਉਦਾਹਰਣ ਖ਼ਾਲਸੇ ਦੀ ਸਿਰਜਨਾ ਹੈ, ਜੋ ਰਾਜੇ ਜਾਂ ਮਹਾਰਾਜੇ ਦਾ ਸਰੂਪ ਨਹੀਂ, ਸਗੋਂ ਸੰਤ-ਸਿਪਾਹੀ ਦਾ ਸਰੂਪ ਹੈ।
ਗੁਰੂ ਸਾਹਿਬ ਦਾ ਸਿਰਜਿਆ ਸੰਤ-ਸਿਪਾਹੀ ਖਾਲਸਾ, ਸੱਤਾਧਾਰੀ ਜਾਂ ਨਿਰੰਕੁਸ਼ ਮਹਾਰਾਜਾ ਜਾਂ ਬਾਦਸ਼ਾਹ ਨਹੀਂ, ਸਗੋਂ ਅਕਾਲ ਪੁਰਖ ਦੀ ਫੌਜ (ਸੰਤ-ਸਿਪਾਹੀ) ਹੈ, ਜਿਸਦੀ ਜ਼ਿਮੇਂਦਾਰੀ ਨਾਮ-ਸਿਮਰਨ ਕਰਦਿਆਂ, ਅਨਿਆਇ ਤੇ ਅਤਿਆਚਾਰ ਵਿਰੁਧ ਜੂਝਣਾ ਅਤੇ ਇਨਸਾਫ ਤੇ ਗਰੀਬ-ਮਜ਼ਲੂਮ ਦੀ ਰਖਿਆ ਕਰਨਾ ਹੈ। ਆਪਣੇ ਆਪਨੂੰ, ਆਪਣੇ ਬਾਦਸ਼ਾਹ (ਅਕਾਲ ਪੁਰਖ) ਵਲੋਂ ਨਿਸ਼ਚਿਤ ਨਿਯਮਾਂ ਅਤੇ ਕਾਨੂੰਨਾਂ ਦੇ ਪਾਲਣ ਪ੍ਰਤੀ ਸਮਰਪਿਤ ਰਖਣਾ ਹੈ। ਪ੍ਰੰਤੂ ਅਜ ਦੇ ਕਹਿੰਦੇ-ਕਹਾਉਂਦੇ ਆਗੂਆਂ ਨੇ ਗੁਰੂ ਸਾਹਿਬ ਵਲੋਂ ਸਿਰਜੇ ‘ਸੰਤ-ਸਿਪਾਹੀ’ ਨੂੰ, ਖਾਲਸੇ ਦੀ ਪ੍ਰੀਭਾਸ਼ਾ ਦੇ ਬਿਲਕੁਲ ਹੀ ਉਲਟ, ਮਹਾਰਾਜੇ ਤੇ ਨਿਰੰਕੁਸ਼ ਸੱਤਾਧਾਰੀ ਦੇ ਰੂਪ ਵਿੱਚ ਪ੍ਰੀਭਾਸ਼ਤ ਕਰਨਾ ਸ਼ੁਰੂ ਕਰ ਦਿਤਾ ਹੈ।
ਧਾਰਮਕ ਸਮਾਗਮਾਂ ਦਾ ਰਾਜਸੀਕਰਣ: ਅਜਕਲ ਜਿਸਤਰ੍ਹਾਂ ਧਾਰਮਕ ਸਮਾਗਮਾਂ ਦੀ ਵਰਤੋਂ ਰਾਜਸੀ ਸੁਆਰਥ ਅਤੇ ਉਦੇਸ਼ਾਂ ਲਈ ਕੀਤੀ ਜਾਣੀ ਸ਼ੁਰੂ ਕਰ ਦਿਤੀ ਗਈ ਹੈ, ਉਸਦਾ ਵੀ ਸਿੱਖੀ ਪੁਰ ਮਾਰੂ ਅਸਰ ਪੈ ਰਿਹਾ ਹੈ। ਜਿਥੇ ਇਕ ਅਕਾਲੀ ਦਲ ਦੇ ਆਗੂ ਇਨ੍ਹਾਂ ਸਮਾਗਮਾਂ ਵਿੱਚ ‘ਰਾਜ ਬਿਨਾ ਨਹਿੰ ਧਰਮ ਚਲੈ ਹੈਂ, ਧਰਮ ਬਿਨਾਂ ਸਭ ਦਲੈ ਮਲੈ ਹੈਂ’ ਦੀ ਗਲ ਬਾਰ-ਬਾਰ ਦੁਹਰਾ ਕੇ ਆਪਣੇ ਲਈ ਸੱਤਾ ਦੀ ਮੰਗ ਕਰਦੇ ਰਹਿੰਦੇ ਹਨ, ਉਥੇ ਹੀ ਦੂਸਰੇ ਅਕਾਲੀ ਦਲ ਦੇ ਆਗੂ ਆਪਣੇ ਕਟੱੜਵਾਦੀ ਵਿਚਾਰਾਂ ਦਾ ਪ੍ਰਗਟਾਅ ਕਰ ਲੋਕਾਂ ਨੂੰ ਆਪਣੇ ਵਲ ਖਿਚਣ ਦਾ ਜਤਨ ਕਰਦੇ ਰਹਿੰਦੇ ਹਨ। ਫਰਕ ਸਿਰਫ ਇਤਨਾ ਹੈ ਕਿ ਇਕ ਖਾਲਿਸਤਾਨ ਦੇ ਨਾਂ ਤੇ ਆਪਣੇ ਲਈ ਸੱਤਾ ਚਾਹੁੰਦੇ ਹਨ ਅਤੇ ਦੂਜਾ ਧਰਮ ਦੇ ਨਾਂ ਤੇ ਸੱਤਾ ਪੁਰ ਕਾਬਜ਼ ਹੋਣਾ ਅਤੇ ਉਸ ਪੁਰ ਬਣੇ ਰਹਿਣਾ ਚਾਹੁੰਦਾ ਹੈ। ਇਹ ਗਲ ਕੋਈ ਸਮਝਣ ਲਈ ਤਿਆਰ ਨਹੀਂ ਕਿ ਸੱਤਾ ਧਰਮ ਨੂੰ ਚਲਾਉਣ ਵਿੱਚ ਨਾ ਤਾਂ ਕਦੀ ਸਫਲ ਹੋਈ ਹੈ ਅਤੇ ਨਾ ਹੀ ਮਦਦਗਾਰ।
ਪੰਜਾਬੀ ਸੂਬਾ ਬਣਨ ਪਿਛੋਂ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਪੁਰ ਕਾਬਜ਼ ਹੋਇਆ, ਹੁਣ ਵੀ ਬੀਤੇ ਚਾਰ ਵਰ੍ਹਿਆਂ ਤੋਂ ਵੱਧ ਸਮੇਂ ਤੋਂ ਉਹ ਪੰਜਾਬ ਦੀ ਸੱਤਾ ਪੁਰ ਕਾਬਜ਼ ਚਲਿਆ ਆ ਰਿਹਾ ਹੈ। ਇਸ ਸਮੇਂ ਦੌਰਾਨ ਸਿੱਖੀ ਕਿਤਨੀ ਵੱਧੀ-ਫੁਲੀ? ਕੀ ਇਸਦਾ ਕਦੀ ਮੁਲਾਂਕਣ ਕੀਤਾ ਗਿਆ ਹੈ? ਸ਼ਾਇਦ ਅਜਿਹਾ ਮੁਲਾਂਕਣ ਨਾ ਤਾਂ ਕਦੀ ਕੀਤਾ ਗਿਆ ਹੈ ਅਤੇ ਨਾ ਹੀ ਕਦੀ ਕੀਤਾ ਜਾਇਗਾ। ਕਿਉਂਕਿ ਹਰ ਕੋਈ ਜਾਣਦਾ ਹੈ ਕਿ ਇਸਦਾ ਮੁਲਾਂਕਣ ਕਰਨ ਤੇ ਨਿਰਾਸ਼ਾ ਹੀ ਹੱਥ ਲਗੇਗੀ।
ਸ਼੍ਰੋਮਣੀ ਅਕਾਲੀ ਦਲ ਦੀ ਪਰੰਪਰਾ: ਸ਼੍ਰੋਮਣੀ ਅਕਾਲੀ ਦਲ, ਆਪਣੀ ਸਥਾਪਨਾ ਤੋਂ ਲੈ ਕੇ ਸੱਦਾ ਹੀ ਸਿੱਖੀ ਦੀਆਂ ਮਾਨਤਾਵਾਂ, ਪਰੰਪਰਾਵਾਂ, ਮਰਿਆਦਾਵਾਂ ਅਤੇ ਗੁਰਧਾਮਾਂ ਦੀ ਪਵਿਤ੍ਰਤਾ ਦੀ ਰਖਿਆ ਲਈ ਜੂਝਦਾ ਆਇਆ ਹੈ। ਇਸ ਵਲੋਂ ਲਾਏ ਗਏ ਹਰ ਮੋਰਚੇ ਦੇ ਨਾਲ ਇਹ ਆਦਰਸ਼ ਵੀ ਜੁੜਿਆ ਰਹਿੰਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਦਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਸ਼ਕਤੀ ਸੋਮਾ ਰਹੀ, ਇਹ ਨਾ ਕੇਵਲ ਉਸਦੀ ਸਹਾਇਕ ਹੀ ਰਹੀ, ਸਗੋਂ ਉਸਦੀ ਮੂਲ ਸ਼ਕਤੀ ਵੀ ਬਣੀ ਰਹੀ ਹੈ।
ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਨਹੀਂ ਹੁੰਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਉਸਦੀ ਰੂਹ ਬਣ ਉਸਨੂੰ ਜ਼ਿੰਦਾ ਰਖਦੀ ਹੈ। ਅਕਾਲੀ ਦਲ ਦਾ ਹਰ ਮੋਰਚਾ ਮੰਜੀ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਤੋਂ ਲਗਾ। ਇਨ੍ਹਾਂ ਮੋਰਚਿਆਂ ਦੀ ਸਫਲਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੇ ਹੀ ਨਿਰਭਰ ਹੁੰਦੀ ਸੀ। ਹੁਣ ਮੰਨਿਆ ਜਾਂਦਾ ਹੈ ਕਿ ਰਾਜਸੱਤਾ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ ਅਕਾਲੀ ਆਗੂਆਂ ਨੇ ਹੀ ਇਸ ਸ਼ਕਤੀ ਸੋਮੇ ਤੇ ਸੱਟ ਮਾਰ ਕੇ ਦਲ ਨੂੰ ਕਮਜ਼ੋਰ ਕਰਨ ਦਾ ਰਾਹ ਤਿਆਰ ਕਰ ਦਿਤਾ ਹੈ। ਅਜ ਭਾਵੇਂ ਇਹ ਗਲ ਸਵੀਕਾਰ ਨਾ ਕੀਤੀ ਜਾਏ ਪਰ ਨੇੜ ਭਵਿਖ ਵਿੱਚ ਇਸਨੂੰ ਸਵੀਕਾਰ ਕਰਨਾ ਹੀ ਹੋਵੇਗਾ।
ਸ਼੍ਰੋਮਣੀ ਕਮੇਟੀ ਦੀ ਭੂਮਿਕਾ:  ਰਾਜਸੱਤਾ ਦੀ ਗਲ ਛੱਡ ਦਈਏ ਤਾਂ ਵੀ ਇਹ ਗਲ ਤਾਂ ਚਿੱਟੇ ਦਿਨ ਵਾਂਗ ਸਾਫ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖਾਂ ਦੀ ਮਿਨੀ ਪਾਰਲੀਮੈਂਟ ਵਜੋਂ ਸਵੀਕਾਰੀ ਜਾਂਦੀ ਹੈ, ਜਦੋਂ ਦੀ ਹੋਂਦ ਵਿੱਚ ਆਈ ਹੈ, ਉਸ ਪੁਰ ਅਕਾਲੀਆਂ ਦੀ ਹੀ ਸੱਤਾ ਚਲੀ ਆ ਰਹੀ ਹੈ। ਜੇ ਬਹੁਤਾ ਦੂਰ ਨਾ ਜਾਈਏ ਤੇ ਕੇਵਲ ਬੀਤੇ ਪੰਜੀ-ਤੀਹ ਵਰ੍ਹਿਆਂ ਵਲ ਹੀ ਝਾਤ ਮਾਰ, ਇਸ ਗਲ ਦਾ ਮੁਲਾਂਕਣ ਕੀਤਾ ਜਾਏ ਕਿ ਇਸ ਸਮੇਂ ਦੌਰਾਨ ਉਸਦਾ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਿੱਚ ਕੀ ਯੋਗਦਾਨ ਰਿਹਾ ਹੈ? ਤਾਂ ਨਤੀਜਾ ਸਿਫਰ ਹੀ ਆਇਗਾ।  
…ਅਤੇ ਅੰਤ ਵਿੱਚ: ਜਸਟਿਸ ਗੁਰਨਾਮ ਸਿੰਘ, ਜੋ ਕਿਸੇ ਸਮੇਂ ਪੰਜਾਬ ਦੀ ਅਕਾਲੀ ਸਰਕਾਰ ਦੇ ਮੁੱਖੀ ਸਨ, ਨੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਗੁਰੂ ਸਾਹਿਬ ਨੇ ਰਾਜਨੀਤੀ ਨੂੰ ਸੁਚੱਜੀ ਸੇਧ ਦੇਣ ਲਈ ਉਸ ਪੁਰ ਧਰਮ ਦਾ ਕੁੰਡਾ ਲਾਇਆ ਸੀ, ਪਰ ਹੁਣ ਸੁਆਰਥ ਅਧੀਨ ਧਰਮ ਦੀ ਵਰਤੋਂ ਕਰਨ ਲਈ ਉਸ ਪੁਰ ਰਾਜਨੀਤੀ ਦਾ ਕੁੰਡਾ ਜੜ ਦਿਤਾ ਗਿਆ ਹੈ। ਇਸ ਕਰਕੇ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਲਈ ਇਸ ਸਬੰਧ ਵਿੱਚ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ।
ਇਹ ਗਲ ਕਈ ਵਰ੍ਹੇ ਪਹਿਲਾਂ ਕਹੀ ਗਈ ਸੀ, ਜੇ ਇਸਨੂੰ ਉਸ ਸਮੇਂ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਸੰਭਵ ਸੀ ਕਿ ਅਜ ਜਿਨ੍ਹਾਂ ਹਾਲਾਤ ਦਾ ਕੌਮ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਨਾ ਕਰਨਾ ਪੈਂਦਾ। 
Mobile : + 91 98 68 91 77 31       
E-mail : jaswantsinghajit@gmail.com
Address : Jaswant Singh ‘Ajit’,  64-C, U&V/B, Shalimar Bagh, DELHI-110088


 

Translate »