November 11, 2011 admin

ਓਬਾਮਾ ਨਾਲੋਂ ਅਮਰੀਕੀਆਂ ਦਾ ਮੋਹ ਭੰਗ ਹੋਣ ਲੱਗਾ

–ਡਾ. ਚਰਨਜੀਤ ਸਿੰਘ ਗੁਮਟਾਲਾ
ਬੁਸ਼ ਦੇ 8 ਸਾਲਾਂ ਦੇ ਮਾੜੇ ਪ੍ਰਸ਼ਾਸ਼ਨ ਤੋਂ ਦੁਖ਼ੀ ਅਮਰੀਕੀਆਂ ਨੇ ਬਰਾਕ ਓਬਾਮਾ ਨੂੰ ਜਿਤਾਇਆ। ਉਸ ਨੇ ਅਮਰੀਕੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਬੜੇ ਸਬਜ਼ਬਾਗ ਵਿਖਾਏ। ਉਸ ਨੇ ਅਮਰੀਕੀ ਆਰਥਕਤਾ ਨੂੰ ਮੁੜ ਲੀਹਾਂ ‘ਤੇ ਲਿਆਉਣ, ਬੇਰੁਜ਼ਗਾਰੀ ਨੂੰ ਠੱਲ ਪਾਉਣ, ਵਿਸ਼ਵ ਸ਼ਾਂਤੀ ਸਥਾਪਤ ਕਰਨ, ਸਭ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ, ਅਫ਼ਗਾਨਿਸਤਾਨ ਤੇ ਇਰਾਕ ਵਿਚੋਂ ਅਮਰੀਕੀ ਫੌਜਾਂ ਜਲਦੀ ਵਾਪਸ ਲਿਆਉਣ ਵਰਗੇ ਭਖਦੇ ਮਸਲਿਆਂ ਨੂੰ ਲਿਆ ਸੀ। ਉਸ ਨੇ ਗੱਦੀ ‘ਤੇ ਬੈਠਦਿਆਂ ਹੀ ਆਰਥਕਤਾ ਦੇ ਸੁਧਾਰ ਲਈ ਕੁਝ ਕਦਮ ਚੁੱਕੇ। ਵਿਸ਼ਵ-ਸ਼ਾਂਤੀ ਲਈ ਰੂਸ ਨਾਲ ਮਿਤਰਤਾ ਦਾ ਹੱਥ ਵਧਾਇਆ। ਗਰੀਬ ਲੋਕਾਂ ਨੂੰ ਇਲਾਜ ਮੁਹੱਈਆ ਕਰਾਉਣ ਲਈ ਨਵੀਆਂ ਸਕੀਮਾਂ ਲਿਆਂਦੀਆਂ। ਅਫ਼ਗਾਨਸਤਾਨ ਵਿੱਚ ਜਰਨੈਲ ਬਦਲੇ। ਉਸ ਦੀਆਂ ਵਿਸ਼ਵ-ਸ਼ਾਂਤੀ ਲਈ ਵਿਖਾਈਆਂ ਗਤੀਵਿਧੀਆਂ ਲਈ ਉਸ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਗਿਆ।
       ਉਸ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ਲੋਕਾਂ ਦੀਆਂ ਭਾਵਨਾਵਾਂ ਨੂੰ ਜਾਨਣ ਲਈ ਅਮਰੀਕਾ ਦੀ ਪ੍ਰਸਿੱਧ ਅਖਬਾਰ ਵਾਸ਼ਿੰਗਟਨ ਪੋਸਟ ਤੇ ਟੀ.ਵੀ. ਚੈਨਲ ਏ.ਬੀ.ਸੀ. ਵਲੋਂ ਸਾਂਝਾ ਸਰਵੇਖਣ ਕਰਵਾਇਆ ਗਿਆ। ਇਸ ਸਰਵੇਖਣ ਦੇ ਨਤੀਜੇ ਦਰਸਾਉਂਦੇ ਹਨ ਕਿ ਉਨ੍ਹਾਂ ਦੀ ਹਰਮਨ ਪਿਆਰਤਾ ਬਹੁਤ ਹੀ ਘੱਟ ਰਹੀ ਹੈ। ਚਹੁੰ ਮਹੀਨਿਆਂ ਨੂੰ ਨਵੰਬਰ ਵਿਚ ਮੱਧ ਕਾਲੀ ਚੋਣਾਂ ਹੋਣ ਜਾ ਰਹੀਆਂ ਹਨ ਤੇ ਉਸ ਸਮੇਂ ਉਨ੍ਹਾਂ ਦਾ ਅੱਧਾ ਸਮਾਂ ਬੀਤ ਜਾਵੇਗਾ।ਇਸ ਸਰਵੇਖਣ ਅਨੁਸਾਰ 60% ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰਾਸ਼ਟਰਪਤੀ ਤੋਂ ਸਹੀ ਫੈਸਲੇ ਲੈਣ ਪ੍ਰਤੀ ਵਿਸ਼ਵਾਸ਼ ਉਠ ਚੁੱਕਾ ਹੈ। ਬਹੁਤ ਵੱਡੇ ਬਹੁਮੱਤ ਦਾ ਮੰਨਣਾ ਹੈ ਕਿ ਉਹ ਜਿਸ ਢੰਗ ਨਾਲ ਅਰਥਚਾਰੇ ਨਾਲ ਨਜਿੱਠ ਰਿਹਾ ਹੈ, ਉਹ ੳੇੁਸ ਨਾਲ ਸਹਿਮਤ ਨਹੀਂ। ਦੋ ਤਿਹਾਈ ਦੇ ਕਰੀਬ ਵੋਟਰ ਫੈਡਰਲ ਸਰਕਾਰ ਦੇ ਕੰਮ ਕਰਨ ਦੀ ਵਿਧੀ ਨਾਲ ਸਹਿਮਤ ਨਹੀਂ ਜਾਂ ਨਾਰਾਜ਼ ਹਨ। ਕੇਵਲ 26 ਪ੍ਰਤੀਸ਼ਤ ਰਜਿਸਟਰਡ ਵੋਟਰਾਂ ਦਾ ਕਹਿਣਾ ਹੈ ਕਿ ਉਹ ਹਾਊਸ ਵਿੱਚ ਆਪਣੇ ਨੁਮਾਇੰਦਿਆਂ ਨੂੰ ਪਤਝੜ ਵਿੱਚ ਮੁੜ ਚੁਨਣਗੇ ਜਦ ਕਿ 62 ਪ੍ਰਤੀਸ਼ਤ ਦਾ ਕਹਿਣਾ ਹੈ ਕਿ ਉਹ ਨਵੇਂ ਨੁਮਾਇੰਦਿਆਂ ਦੀ ਭਾਲ ਕਰਨਗੇ। ਇਸ ਤਰ੍ਹਾਂ ਅਮਰੀਕਾ ਵਿੱਚ ਸਤਾ ਵਿਰੋਧੀ ਲਹਿਰ ਚੱਲ ਰਹੀ ਹੈ,ਜਿਵੇਂ ਕਿ ਇਸ ਸਰਵੇਖਣ ਤੋਂ ਸਪੱਸ਼ਟ ਹੈ।
      ਨਵੰਬਰ ਦੀਆਂ ਮੱਧ ਕਾਲੀ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਡੈਮੋਕਰੇਟਿਕ ਆਪਣੀ ਸਥਿਤੀ ਬਚਾਉਣ ਵਿੱਚ ਲੱਗੇ ਹੋਏ ਹਨ। ਰਜਿਸਟਰਡ ਵੋਟਰਾਂ ਵਿਚੋਂ ਜਿੰਨ੍ਹਾਂ ਦਾ ਕਹਿਣਾ ਹੈ ਕਿ ਉਹ ਵੋਟ ਜ਼ਰੂਰ ਪਾਉਣਗੇ ਵਿਚੋਂ 45 ਪ੍ਰਤੀਸ਼ਤ ਹੀ ਓਬਾਮਾ ਦੀ ਡੈਮੋਕਰੇਟਿਕ ਪਾਰਟੀ ਨੂੰ ਵੋਟ ਪਾਉਣਗੇ, ਥੋੜੇ ਜਿਹੇ ਬਹੁਮਤ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦੀਆਂ ਨੀਤੀਆਂ ‘ਤੇ ਲਗ਼ਾਮ ਲਾਉਣ ਲਈ ਉਹ ਕਾਂਗਰਸ ਦਾ ਕੰਟਰੋਲ ਰੀਪਬਲਿਕਾਂ ਨੂੰ ਦਿਵਾਉਣ ਲਈ ਵੋਟ ਪਾਉਣਗੇ। ਜਿਥੋਂ ਤੀਕ ਆਰਥਕ ਵਿਵਸਥਾ ਦਾ ਸਬੰਧ ਹੈ ਕੇਵਲ 25 ਪ੍ਰਤੀਸ਼ਤ ਦਾ ਹੀ ਕਹਿਣਾ ਹੈ ਕਿ ਆਰਥਕ ਹਾਲਤ ਸੁਧਰ ਰਹੀ ਹੈ। ਤਕਰੀਬਨ ਸਾਰੇ ਅਮਰੀਕੀ ਆਰਥਕ ਅਵੱਸਥਾ ਨੂੰ ਨਕਾਰਾਤਮਕ ਮੰਨਦੇ ਹਨ।ਇਸ ਸਥਿਤੀ ਲਈ ਹਾਲੀਆ ਆਰਥਕ ਗਤੀਵਿਧੀਆਂ ਜਿਵੇਂ ਕਿ ਗਿਰਾਵਟ ਵੱਲ ਜਾ ਰਹੀ ਸਟਾਕ ਮਾਰਕੀਟ, ਹਾਊਸਿੰਗ ਉਦਯੋਗ ਦੀਆਂ ਸਮੱਸਿਆਵਾਂ ਤੇ ਬੇ-ਰੁਜ਼ਗਾਰੀ ਦੀ ਅਵਸਥਾ  ਜ਼ੁੰਮੇਵਾਰ ਹਨ।
      ਆਰਥਕ ਵਿਵਸਥਾ ਲਈ ਓਬਾਮਾ ਜੋ ਕਰ ਰਿਹਾ ਹੈ ਕੇਵਲ 43% ਹੀ ਉਸ ਨੂੰ ਠੀਕ ਮੰਨਦੇ ਹਨ ਜਦ ਕਿ 54% ਉਸ ਨੂੰ ਅਪ੍ਰਵਾਨ ਕਰਦੇ ਹਨ। ਇਥੋਂ ਤੀਕ ਉਸ ਦੀ ਆਪਣੀ ਪਾਰਟੀ ਦੇ  ਇਕ ਤਿਹਾਈ ਡੈਮੋਕਰੇਟ ਵੀ ਉਸ ਨੂੰ ਮਨਫੀ  ਅੰਕ ਦਿੰਦੇ ਹਨ। ਕੀ ਆਰਥਕਤਾ ਦੇ ਸੁਧਾਰ ਲਈ ਵਿਸ਼ੇਸ਼ ਪੈਕੇਜ਼ ਦਿੱਤਾ ਜਾਵੇ ਤਾਂ ਜੋ ਨੌਕਰੀਆਂ ਪੈਦਾ ਹੋ ਸਕਣ? 57% ਇਸ ਦੇ ਵਿਰੋਧ ਵਿੱਚ ਹਨ। ਜਿਥੋਂ ਤੀਕ ਪਾਰਟੀਆਂ ਦਾ ਸਬੰਧ ਹੈ 60% ਡੈਮੋਕਰੈਟ ਦਾ ਕਹਿਣਾ ਹੈ ਕਿ ਉਹ ਉਸ  ਉਮੀਦਵਾਰ ਨੂੰ ਵੋਟ ਪਾਉਣਗੇ ਜਿਹੜਾ ਸਰਕਾਰ ਨੂੰ ਹੋਰ ਖ਼ਰਚੇ ਵਧਾਉਣ ਲਈ ਕਹੇਗਾ ਜਦ ਕਿ 55% ਰੀਪਬਲਿਕਨ ਇਸ ਦੇ ਉਲਟ ਹਨ। ਆਜ਼ਾਦ ਵੋਟਰ ਵੰਡੇ ਹੋਏ ਹਨ। 41% ਇਸ ਦੇ ਹੱਕ ਵਿੱਚ ਹਨ ਜਦਕਿ 35% ਇਸ ਦੀ ਹਮਾਇਤ ਵਿੱਚ ਹਨ। ਪਰ ਇਕ ਮਸਲਾ ਜੋ  ਕਿ ਕਾਂਗਰਸ ਵਿੱਚ ਖਟੇ ਪਿਆ ਹੋਇਆ  ਹੈ ਤੇ ਜਿਸ ਬਾਰੇ ਬਹੁ ਸੰਮਤੀ ਸਹਿਮਤ ਹੈ, ਉਹ ਹੈ ਕਿ ਸਰਕਾਰ ਨੂੰ ਬੇ-ਰੁਜ਼ਗਾਰੀ ਲਾਭ ਵਧਾਉਣੇ ਚਾਹੀਦੇ ਹਨ। ਬਹੁਤੇ ਡੈਮੋਕਰੈਟ ਅਤੇ ਆਜ਼ਾਦ ਸਰਕਾਰ ਵਲੋਂ ਬੇ-ਰੁਜ਼ਗਾਰਾਂ ਦੇ ਕਲੇਮਾਂ ਦਾ ਸਮਾਂ ਵਧਾਉਣ ਦੇ ਹੱਕ ਵਿੱਚ ਹਨ ਪਰ  43% ਰੀਪਬਲਿਕਨ ਉਨ੍ਹਾਂ ਦੀ ਹਮਾਇਤ ਕਰਦੇ ਹਨ।
      ਜਿਥੋਂ ਤੀਕ ਓਬਾਮਾ ਦੀ ਲੀਡਰਸ਼ਿਪ ਦਾ ਸੁਆਲ ਹੈ, 42% ਰਜਿਸਟਰਡ ਵੋਟਰਾਂ ਦਾ ਕਹਿਣਾ ਹੈ ਕਿ ਉਹ ਉਸ ਵਿੱਚ ਭਰੋਸਾ ਪ੍ਰਗਟ ਕਰਦੇ ਹਨ ਕਿ ਉਹ ਦੇਸ਼ ਲਈ ਠੀਕ ਫੈਸਲੇ ਲਵੇਗਾ ਜਦ ਕਿ 58% ਇਸ ਦੇ ਉਲਟ ਹਨ। ਜਦ ਓਬਾਮਾ ਨੇ ਰਾਸ਼ਟਰਪਤੀ ਦਾ ਪੱਦ ਸੰਭਾਲਿਆ ਸੀ ਤਾਂ ਉਸ ਸਮੇਂ ਇਹ ਅੰਕੜਾ 60% ਸੀ। ਰਾਸ਼ਟਰਪਤੀ ਦਾ ਪੱਦ ਸੰਭਾਲਣ ਪਿਛੋਂ ਇਹ ਪਹਿਲੀ ਵੇਰ ਹੈ ਕਿ ਓਬਾਮਾ ਜਿਹੜਾ ਕੰਮ ਕਰ ਰਿਹਾ ਉਸ ਨੂੰ ਪ੍ਰਵਾਨ ਕਰਨ ਵਾਲਿਆਂ ਦੀ ਗਿਣਤੀ ਨਾਲੋਂ ਅਪ੍ਰਵਾਨ ਕਰਨ ਵਾਲਿਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ। ਭਾਵੇਂ ਕਿ ਸਮੁੱਚੇ ਰੂਪ ਵਿੱਚ 50% ਉਸ ਦੀ ਹਮਾਇਤ ਵਿੱਚ ਹਨ। ਪਰ ਜਿਹੜੇ ਵੋਟਰਾਂ ਨੇ ਕਿਹਾ ਹੈ ਕਿ ਉਹ ਜਰੂਰ ਨਵੰਬਰ ਵਿੱਚ ਵੋਟਾਂ ਪਾਉਣਗੇ, ਉਨ੍ਹਾਂ ਵਿੱਚ 53% ਦਾ ਕਹਿਣਾ ਹੈ ਕਿ ਉਹ ਜਿਸ ਢੰਗ ਨਾਲ ਜੁੰਮੇਵਾਰੀਆਂ ਸੰਭਾਲ ਰਿਹਾ ਹੈ ਉਹ ਉਸ ਨੂੰ ਨਾ ਮੰਨਜ਼ੂਰ ਕਰਦੇ ਹਨ। ਗੋਰਿਆਂ ਵਿੱਚ ਉਸ ਦੀ ਹਰਮਨ ਪਿਆਰਤਾ ਘੱਟ ਕੇ 40% ਰਹਿ ਗਈ ਹੈ। ਜਦ ਕਿ ਕਾਲਜ ਪੜ੍ਹੀਆਂ ਗੋਰੀਆਂ ਕੁੜੀਆਂ ਦੀ ਗਿਣਤੀ ਘੱਟ ਕੇ 50% ਹੋ ਗਈ ਹੈ।
      ਸਭ ਤੋਂ ਮਾੜੀ ਕਾਰਗੁਜ਼ਾਰੀ ਜੋ ਇਸ ਸਰਵੇ ਵਿੱਚ ਸਾਹਮਣੇ ਆਈ ਹੈ ਉਹ ਹੈ ਕਿ  ਓਬਾਮਾ ਦੁਆਰਾ ਫੈਡਰਲ ਬਜ਼ਟ ਘਾਟੇ ਨੂੰ ਪੂਰਾ ਕਰਨਾ। 56% ਇਸ ਨੂੰ ਅਪ੍ਰਵਾਨ ਕਰਦੇ ਹਨ ਤੇ ਕੇਵਲ 40% ਉਸ ਦੀ ਹਮਾਇਤ ਕਰਦੇ ਹਨ। ਸਿਹਤ ਸੰਭਾਲ (ਹੈਲਥ ਕੇਅਰ) ਸੁਧਾਰਾਂ ਅਤੇ ਵਿਤੀ ਉਦਯੋਗ ਦੇ ਰੈਗੂਲੇਸ਼ਨ ਸੰਬੰਧੀ ਉਸ ਦੇ ਹਮਾਇਤੀਆਂ ਦੀ ਗਿਣਤੀ ਵੱਧੀ ਹੈ ਜੋ ਕਿ ਕ੍ਰਮਵਾਰ 45% ਅਤੇ 44% ਹੈ।ਉਸ ਨੇ  ਸਭ ਤੋਂ ਵੱਧ ਅੰਕ ਕਮਾਂਡਰ ਇਨ ਚੀਫ਼ ਦੀ ਜੁੰਮੇਵਾਰੀ ਨਿਭਾਉਣ ਦੇ ਪ੍ਰਾਪਤ ਕੀਤੇ ਹਨ ਜੋ ਕਿ 55% ਹਨ।
      ਜੇ ਇਸ ਸਰਵੇ ਦੇ ਨਤੀਜਿਆਂ ਦੇ ਮੱਦੇਨੱਜ਼ਰ ਪਿਛਲੇ ਇਤਿਹਾਸ ‘ਤੇ ਝਾਤ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਸਮੁੱਚੇ ਰੂਪ ਵਿੱਚ ਓਬਾਮਾ ਉਥੇ ਪਹੁੰਚ ਗਿਆ ਹੈ ਜਿਥੇ ਰਿਪਬਲਿਕਨਾਂ ਵਲੋਂ ਹਾਊਸ ਤੇ ਸੈਨੇਟ ਦੀਆਂ ਚੋਣਾਂ ਵਿੱਚ ਭਾਰੀ ਮੱਲਾਂ ਮਾਰਨ ਦੇ ਕੁਝ ਮਹੀਨੇ ਬਾਦ 1994 ਦੀਆਂ ਗਰਮੀਆਂ ਵਿੱਚ ਰਾਸ਼ਟਰਪਤੀ ਬਿਲ ਕਲਿੰਗਟਨ ਸੀ। ਰਾਸ਼ਟਰਪਤੀ ਰੀਗਨ ਜਿਸ ਨੂੰ ਕਿ ਸ਼ੁਰੂ ਵਿੱਚ ਮੰਦਵਾੜੇ ਦਾ ਸਾਹਮਣਾ ਕਰਨਾ ਪਿਆ ਸੀ 1982 ਵਿੱਚ ਮੁਲੰਕਣ  ਵਿੱਚ ਇਸ ਨਾਲੋਂ ਥੋੜਾ ਕੁ ਹੇਠਾਂ ਸੀ, ਸਿੱਟੇ ਵਜੋਂ ਰੀਪਬਲਿਕਨਾਂ ਨੂੰ ਉਸ ਪਤਝੜ  ਵਿੱਚ ਹਾਊਸ ਵਿੱਚ ਦੋ ਦਰਜਨ ਦੇ ਕਰੀਬ ਸੀਟਾਂ ਗੁਆਉਂਣੀਆਂ ਪਈਆਂ ਸਨ।
ਭਾਂਵੇ ਕਿ ਰੀਗਨ ਤੇ ਕਲਿੰਗਟਨ ਆਸਾਨੀ ਨਾਲ ਮੁੜ ਚੋਣ ਜਿੱਤ ਗਏ ਸਨ। ਓਬਾਮਾ ਦੇ ਸਲਾਹਾਕਾਰਾਂ ਨੂੰ ਵੀ ਇਸ ਤੋਂ ਆਸ ਹੈ ਕਿ ਇਤਿਹਾਸ ਮੁੜ ਦੁਹਰਾਏਗਾ।
      ਇਸ ਤਰ੍ਹਾਂ ਇਹ ਸਰਵੇਖਣ ਡੈਮੋਕਰੇਟ ਪਾਰਟੀ ਲਈ ਇਕ ਚਿਤਾਵਨੀ ਹੈ ਕਿ ਜੇ ਉਨ੍ਹਾਂ ਨੇ ਮੱਧਕਾਲੀ ਚੋਣਾਂ ਜੋ ਕਿ ਨਵੰਬਰ ਵਿੱਚ ਹੋਣ ਜਾ ਰਹੀਆਂ ਹਨ ਜਿਤਣੀਆਂ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਨੀਤੀਆਂ ‘ਤੇ ਗੰਭੀਰਤਾ ਨਾਲ ਸੋਚ ਵਿਚਾਰ ਕਰਨੀ ਚਾਹੀਦੀ ਹੈ। ਲੋਕ ਹਿੱਤਾਂ ਨੂੰ ਮੁੱਖ ਰੱਖ ਕੇ  ਆਪਣੀਆਂ ਨੀਤੀਆਂ ਵਿਚ ਢੁੱਕਵੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਉਸੇ ਤਰ੍ਹਾਂ ਜਨ-ਸਮਰਥਨ ਮਿਲ ਸਕੇ ਜਿਵੇਂ ਕਿ ਪਿਛਲੀਆਂ ਚੋਣਾਂ ਵਿੱਚ ਮਿਲਿਆ ਸੀ।

Translate »