ਜਦ ਅਸੀਂ ਇਸ ਪਿਛੋਕੜ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇਤਿਹਾਸਕ ਪਿਛੋਕੜ ‘ਤੇ ਝਾਤ ਪਾਉਂਦੇ ਹਨ ਤਾਂ ਪਤਾ ਲੱਗਦਾ ਹੈ ਕਿ ਬਨਾਰਸ ਹਿੰਦੂ ਕਾਲਜ ੧੮੭੩ ਵਿੱਚ ਹੋਂਦ ਵਿੱਚ ਆਇਆ ਸੀ, ਜਿਸ ਨੂੰ ੧੯੧੫ ਵਿੱਚ ਪਾਰਲੀਮੈਂਟ ਰਾਹੀਂ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ। ਇਸੇ ਤਰਾਂ ਮੁਹੰਮਦਨ ਐਂਗਲੋ ਓਰੀਐਂਟਲ ਕਾਲਜ, ਅਲੀਗੜ੍ਹ ੧੮੮੬ ਵਿੱਚ ਆਰੰਭ ਕੀਤਾ ਗਿਆ, ਜਿਸ ਨੂੰ ੧੯੨੦ ਵਿੱਚ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦੇ ਕੇ ਅਲੀਗੜ੍ਹ ਮੁਸਲਮ ਯੂਨੀਵਰਸਿਟੀ ਦਾ ਨਾਂ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਖਾਲਸਾ ਕਾਲਜ ਅੰਮ੍ਰਿਤਸਰ ਨੇ ਵੀ ਇਸੇ ਤਰ੍ਹਾਂ ਇਹਨਾਂ ਧਾਰਮਿਕ ਕਾਲਜਾਂ ਵਾਂਗ ਅੰਮ੍ਰਿਤਸਰ ਸਿੱਖ਼ ਯੂਨੀਵਰਸਿਟੀ ਵਿੱਚ ਪ੍ਰਵਰਤਿਤ ਹੋ ਜਾਣਾ ਸੀ, ਜੇ ਉਦੋਂ ੧੯੨੦ ਵਿੱਚ ਖ਼ਾਲਸਾ ਕਾਲਜ ਦੇ ਵਿਦਿਆਰਥੀ ਸਵਤੰਤਰਤਾ ਲਹਿਰ ਵਿੱਚ ਭਾਗ ਨਾ ਲੈ ਰਹੇ ਹੁੰਦੇ।
ਇਸ ਸਮੇਂ ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਕੇਂਦਰ ਵੱਲੋਂ ੧੦੦੦ ਕਰੋੜ ਰੁਪਏ ਦੇ ਕਰੀਬ ਵਾਰਸ਼ਕ ਗ੍ਰਾਂਟ ਮਿਲ ਰਹੀ ਹੈ। ਇਥੋਂ ਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਬਹੁਤ ਹੀ ਘੱਟ ਹਨ। ਬੀ.ਏ. ਕਲਾਸ ਦੀ ਫੀਸ ਕੇਵਲ ੨੫੦੦ ਰੁਪਏ ਸਲਾਨਾ ਦੇ ਕਰੀਬ ਹੈ। ਇਸੇ ਤਰਾਂ ਅਲੀਗੜ੍ਹ ਯੂਨੀਵਰਸਿਟੀ ਨੂੰ ਕੇਂਦਰ ਵੱਲੋਂ ਏਨੀ ਹੀ ਸਲਾਨਾ ਗ੍ਰਾਂਟ ਮਿਲਦੀ ਹੈ ਅਤੇ ਫ਼ੀਸਾਂ ਵੀ ਬਨਾਰਸ ਯੂਨੀਵਰਸਿਟੀ ਵਾਂਗ ਮਾਮੂਲੀ ਹਨ। ਬਨਾਰਸ ਯੂਨੀਵਰਸਿਟੀ ਵਿੱਚ ੧੫੦੦੦ ਦੇ ਕਰੀਬ ਵਿਦਿਆਰਥੀ, ੧੭੦੦ ਅਧਿਆਪਕ, ੮੦੦੦ ਨੌਨ-ਟੀਚਿੰਗ ਸਟਾਫ ਹੈ। ਅਮਰੀਕਾ, ਯੂਰਪ, ਏਸ਼ੀਆ, ਮੱਧ-ਪੂਰਬ ਅਫ਼ਰੀਕਾ ਆਦਿ ਤੋਂ ਵੱਡੀ ਗਿਣਤੀ ਵਿਦਿਆਰਥੀ ਇਥੇ ਪੜ੍ਹਦੇ ਹਨ। ਇਹ ਯੂਨੀਵਰਸਿਟੀ ਹਿੰਦੂਸਤਾਨ ਦੀਆਂ ਚੋਣਵੀਆਂ ਯੂਨੀਵਰਸਿਟੀਆਂ ਵਿਚੋਂ ਇਕ ਹੈ। ਅੱਜ ਕਲ੍ਹ ਇਸ ਦੇ ਦੋ ਕੈਂਮਪੱਸ ਹਨ। ਬਨਾਰਸ ਵਾਲੇ ਕੈਮਪੱਸ ਦਾ ਖ਼ੇਤਰ ੧੩੦੦ ਏਕੜ ਅਤੇ ਮਿਰਜ਼ਾਪੁਰ ਜਿਲ੍ਹੇ ਵਾਲੇ ਬਰਕਾਸ਼ਾ ਕੈਮਪੱਸ ਦਾ ਖ਼ੇਤਰ ੨੭੦੦ ਏਕੜ ਹੈ। ਏਥੇ ੧੪ ਫੈਕਲਟੀਆਂ ਅਤੇ ੧੨੪ ਵਿਭਾਗਾਂ ਤੋਂ ਇਲਾਵਾ ੯੨੭ ਬਿਸਤ੍ਰਿਆਂ ਵਾਲਾ ਆਧੁਨਿਕ ਯੰਤਰਾਂ ਨਾਲ ਲੈਸ ਆਪਣਾ ਹਸਪਤਾਲ ਤਾਂ ਕੀ ਇਕ ਆਪਣਾ ਫੁਲਾਇੰਗ ਕਲੱਬ ਵੀ ਹੈ।
ਤੀਹ ਹਜ਼ਾਰ ਵਿਦਿਆਰਥੀਆਂ ਵਾਲੀ ੧੧੬੦ ਏਕੜ ਵਿੱਚ ਫੈਲੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ ੧੨ ਫੈਕਲਟੀਆਂ ਦੇ ੯੫ ਵਿਭਾਗ, ੫ ਇੰਸਟੀਚਿਊਟ ਅਤੇ ੧੩ ਸੈਂਟਰ ਹਨ। ਇਹ ਯੂਨੀਵਰਸਿਟੀ ਹਿੰਦੂਸਤਾਨ ਵਿੱਚੋਂ ੭ਵੇਂ ਨੰਬਰ ‘ਤੇ ਆਉਣ ਵਾਲੀ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਦੇ ਪਿਛੇ ਜੋ ਉਦੇਸ਼ ਰੱਖੇ ਗਏ ਸਨ, ਉਹਨਾਂ ਅਨੁਸਾਰ ਇਸ ਨੇ ਖੋਜ਼ ਅਤੇ ਹੋਰ ਕਾਰਜਾਂ ਤੋਂ ਇਲਾਵਾ ਇਸਲਾਮ ਵਿਚਾਰਧਾਰਾ ਅਤੇ ਇਸਲਾਮੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਨਾਲੋ-ਨਾਲ ਭਾਰਤ ਦੇ ਧਰਮਾਂ, ਸੱਭਿਅਤਾ ਅਤੇ ਸੱਭਿਆਚਾਰ ਦੀ ਪੜ੍ਹਾਈ ਨੂੰ ਅੱਗੇ ਖੜ੍ਹਨਾ ਹੈ, ਖ਼ਾਸ ਕਰਕੇ ਭਾਰਤ ਵਿੱਚ ਰਹਿ ਰਹੇ ਮੁਸਲਮਾਨਾਂ ਦੇ ਵਿਦਿਅਕ ਅਤੇ ਸੱਭਿਆਚਾਰਕ ਪੱਖ ਨੂੰ ਪ੍ਰਫ਼ੁੱਲਤ ਕਰਨਾ ਹੈ। ਏਸੇ ਤਰਜ਼ ‘ਤੇ ਬਨਾਰਸ ਯੂਨੀਵਰਸਿਟੀ ਦਾ ਮਕਸਦ ਵੀ ਵੇਦਕ, ਹਿੰਦੂ, ਬੋਧੀ, ਜੈਨੀ, ਇਸਲਾਮੀ ਸਿੱਖ, ਈਸਾਈ, ਪਾਰਸੀ ਅਤੇ ਹੋਰਨਾਂ ਸਭਿਆਤਾਵਾਂ, ਸਭਿਆਚਾਰਾਂ ਅਤੇ ਧਰਮਾਂ, ਸਾਹਿਤ, ਇਤਿਹਾਸ, ਵਿਗਿਆਨ ਅਤੇ ਹੁਨਰਾਂ ਦੀ ਘੋਖ ਕਰਨ ਨੂੰ ਪ੍ਰੋਤਸਾਹਤ ਕਰਨਾ ਹੈ।
ਇਨ੍ਹਾਂ ਯੂਨੀਵਰਸਿਟੀਆਂ ਵਾਂਗ ਸਿੱਖ ਆਗੂਆਂ ਵੱਲੋਂ ਅੰਮ੍ਰਿਤਸਰ ਵਿਖ਼ੇ ਹੀ ਅਜਿਹੀ ਯੂਨੀਵਰਸਿਟੀ ਸਥਾਪਿਤ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ। ਜਿਸ ਦੀ ਪ੍ਰੋੜ੍ਹਤਾ ਮੌਜੂਦਾ ਖ਼ਾਲਸਾ ਕਾਲਜ ਯੂਨੀਵਰਸਿਟੀ ਦੇ ਆਗੂਆਂ ਦੇ ਬਿਆਨ ਤੋਂ ਵੀ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੀ ਪੰਜਵੀਂ ਸ਼ਤਾਬਦੀ ਸਮੇਂ ਇਹ ਆਸ ਦੀ ਕਿਰਨ ਜਾਗੀ ਸੀ ਕਿ ਉਪਰੋਕਤ ਯੂਨੀਵਰਸਿਟੀਆਂ ਵਾਂਗ ਅੰਮ੍ਰਿਤਸਰ ਸਿੱਖ਼ ਯੂਨੀਵਰਸਿਟੀ ਵੀ ਸਥਾਪਿਤ ਹੋਵੇਗੀ, ਪ੍ਰੰਤੂ ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਿਤ ਕਰਨ ਦਾ ਐਲਾਨ ਕਰ ਦਿੱਤਾ, ਜਿਸ ਨੂੰ ਖ਼ਾਲਸਾ ਕਾਲਜ ਦੇ ਉਸ ਵੇਲੇ ਦੀ ਪ੍ਰਬੰਧਕੀ ਨੇ ਸਹਿਮਤੀ ਪਰਗਟ ਕਰਦੇ ਹੋਏ, ਆਪਣੀ ਵਿਸ਼ਾਲ ਕੈਮਪੱਸ ਦੀ ਬੇਸ਼ਕੀਮਤੀ ੩੦੦ ਏਕੜ ਜ਼ਮੀਨ ਕੌਡੀਆਂ ਦੇ ਭਾਅ ਵੇਚ ਦਿੱਤੀ।
ਇਸ ਸਮੇਂ ਖ਼ਾਲਸਾ ਕਾਲਜ ਕੈਮਪੱਸ ੨੦੦ ਏਕੜ ਜ਼ਮੀਨ ਵਿੱਚ ਹੈ ਅਤੇ ਇਥੇ ਕੇਵਲ ੨੫੦੦ ਵਿਦਿਆਰਥੀ ਪੜ੍ਹਦੇ ਹਨ। ਕੇਵਲ ੪ ਫੈਕਲਟੀਆਂ ਦੇ ੨੦ ਵਿਭਾਗਾਂ ਦੇ ੧੫੦ ਅਧਿਆਪਕ, ੨੦੦ ਨੌਨ-ਟੀਚਿੰਗ ਕਰਮਚਾਰੀ ਕੰਮ ਕਰ ਰਹੇ ਹਨ। ਬਨਾਰਸ ਯੂਨੀਵਰਸਿਟੀ ਦੇ ੬੦ ਹੋਸਟਲ, ਅਲੀਗੜ੍ਹ ਦੇ ੭੩ ਹੋਸਟਲਾਂ ਦੇ ਮੁਕਾਬਲੇ ਖ਼ਾਲਸਾ ਕਾਲਜ ਦੇ ਕੇਵਲ ੬ ਹੋਸਟਲ ਹਨ। ਇਸ ਕਾਲਜ ਨੂੰ ੧੦੦੦ ਕਰੋੜ ਦੇ ਮੁਕਾਬਲੇ ‘ਤੇ ਕੇਵਲ ੧੨ ਕਰੋੜ ਰੁ. ਸਲਾਨਾ ਗ੍ਰਾਂਟ ਮਿਲਦੀ ਹੈ ਜੋ ਕਿ ਹਰ ਸਾਲ ਲਗਾਤਾਰ ਘੱਟਦੀ ਜਾ ਰਹੀ ਹੈ। ਉਪਰੋਕਤ ਕੇਂਦਰੀ ਯੂਨੀਵਰਸਿਟੀਆਂ ਦੀ ਆਮ ਵਿਦਿਆਰਥੀਆਂ ਲਈ ਫੀਸ ੨੫੦੦ ਰੁਪਏ ਸਾਲਾਨਾ ਦੇ ਮੁਕਾਬਲੇ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਆਮ ਫੀਸ ਇਸ ਤੋਂ ਦਸ ਗੁਣਾ ਆਰਥਾਤ ੨੫੦੦੦ ਰੁਪਏ ਵਾਰਸ਼ਕ ਹੈ ਅਤੇ ਨਵੇਂ ਵਿਦਿਅਕ ਸੈਸ਼ਨ ਤੋਂ ਬਣਨ ਜਾ ਰਹੀ ਖ਼ਾਲਸਾ ਯੂਨੀਵਰਸਿਟੀ ਦੀਆਂ ਫੀਸਾਂ ਵਧਣ ਦੀ ਸੰਭਾਵਨਾਂ ਹੈ।ਜੇ ਇਨ੍ਹਾਂ ਦੋਵਾਂ ਯੂਨੀਵਰਸਿਟੀਆਂ ਵਾਂਗ ਅੰਮ੍ਰਿਤਸਰ ਸਿੱਖ਼ ਯੂਨੀਵਰਸਿਟੀ ਵੀ ਉਸ ਸਮੇਂ ਬਣ ਗਈ ਹੁੰਦੀ ਤਾਂ ਇਸ ਨਾਲ ਅੰਮ੍ਰਿਤਸਰ ਦਾ ਵਿਦਿਅਕ ਨਕਸ਼ਾ ਹੋਰ ਹੀ ਹੋਣਾ ਸੀ।
ਅਸੀਂ ਸਮਝਦੇ ਹਾਂ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਾਂਗ ਅੰਮ੍ਰਿਤਸਰ ਸਿੱਖ ਯੂਨੀਵਰਸਿਟੀ ਵੀ ਬਣਨੀ ਚਾਹੀਦੀ ਹੈ ਜਿਸ ਦਾ ਆਪਣਾ ਵਖਰਾ ਵਿਸ਼ਾਲ ਕੈੱਪਮਸ ਹੋਵੇ ।ਖ਼ਾਲਸਾ ਕਾਲਜ ਹੋਰਨਾਂ ਕਾਲਜਾਂ ਵਾਂਗ ਇਸ ਯੂਨੀਵਰਸਿਟੀ ਦਾ ਅਫਿਲੀਏਟਿਡ ਕਾਲਜ ਹੋਵੇ । ਜੇ ਇਹ ਯੂਨੀਵਰਸਿਟੀ ਸਥਾਪਤ ਹੋ ਜਾਂਦੀ ਹੈ ਤਾਂ ਇਸ ਯੂਨੀਵਰਸਿਟੀ ਦਾ ਉਦੇਸ਼ ਖੋਜ ਅਤੇ ਹੋਰ ਕਾਰਜਾਂ ਤੋਂ ਇਲਾਵਾ ਸਿੱਖ ਵਿਚਾਰਧਾਰਾ ਅਤੇ ਸਿੱਖ ਧਰਮ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੋਵਗੇ ਅਤੇ ਨਾਲੋ-ਨਾਲ ਭਾਰਤ ਦੇ ਧਰਮਾਂ, ਸੱਭਿਅਤਾ ਅਤੇ ਸੱਭਿਆਚਾਰ ਦੀ ਪੜ੍ਹਾਈ ਨੂੰ ਅੱਗੇ ਖੜ੍ਹਨਾ ਤੇ ਖ਼ਾਸ ਕਰਕੇ ਭਾਰਤ ਵਿੱਚ ਰਹਿ ਰਹੇ ਸਿੱਖਾਂ ਦੇ ਵਿਦਿਅਕ ਅਤੇ ਸੱਭਿਆਚਾਰਕ ਪੱਖ ਨੂੰ ਪ੍ਰਫ਼ੁੱਲਤ ਕਰਨਾ ਹੋਵੇਗਾ।
ਇਸ ਤਰ੍ਹਾਂ ਸਰਹੱਦੀ ਜਿਲ੍ਹੇ ਵਿੱਚ ਸਥਾਪਤ ਇਸ ਯੂਨੀਵਰਸਿਟੀ ਨੂੰ ਵੱਡੀ ਪੱਧਰ ‘ਤੇ ਕੇਂਦਰੀ ਸਹਾਇਤਾ ਮਿਲਣ ਨਾਲ ਜਿਥੇ ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਆਰਥਿਕ ਲਾਭ ਹੋਏਗਾ ਉੱਥੇ ਸਿੱਖ ਧਰਮ, ਸਭਿਆਚਾਰ, ਭਾਸ਼ਾ ਦੇ ਪ੍ਰਫ਼ੁੱਲਤ ਹੋਣ ਲਈ ਨਵੇਂ ਦਿਸਹੱਦੇ ਖੁਲ੍ਹਣਗੇ। ਮਾਮੂਲੀ ਫੀਸ ਹੋਣ ਕਰਕੇ ਸਰਹੱਦੀ ਜਿਲ੍ਹਿਆਂ ਦੇ ਬਹੁਤ ਹੀ ਗ਼ਰੀਬ ਵਿਦਿਆਰਥੀਆਂ ਨੂੰ ਵੀ ਉੱਚ ਕੋਈ ਦੀ ਸਿਖਿਆ ਪ੍ਰਾਪਤ ਕਰਨ ਦਾ ਅਵਸਰ ਮਿਲੇਗਾ।
ਇਸ ਸਮੇਂ ਅੰਮ੍ਰਿਤਸਰ ਦੇ ਸਪੂਤ ਡਾ. ਮਨਮੋਹਨ ਸਿੰਘ, ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਕਰਕੇ ਇਸ ਤਜ਼ਵੀਜ ਨੂੰ ਅਮਲੀ ਰੂਪ ਧਾਰਨ ਕਰਨ ਵਿੱਚ ਮੁਸ਼ਕਿਲ ਵੀ ਨਹੀਂ ਆਵੇਗੀ। ਲੋੜ ਹੈ ਕਿ ਖ਼ਾਲਸਾ ਕਾਲਜ ਚੈਰਿਟੇਬਲ ਸੁਸਾਇਟੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਰਾਹੀਂ ਕੇਂਦਰ ਸਰਕਾਰ ਪਾਸ ਇਸ ਤਜਵੀਜ਼ ਨੂੰ ਲੈ ਕੇ ਪਹੁੰਚ ਕਰੇ। ਇਸ ਨਾਲ ਮੌਜੂਦਾ ਤਣਾਅ ਖਤਮ ਹੋਵੇਗਾ ਅਤੇ ਸੁਸਾਇਟੀ ਦਾ ਪਰਚਮ ਹੋਰ ਉੱਚਾ ਲਹਿਰਾਏਗਾ।